ਟਰੇਨ ਹੇਠ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
Thursday, Apr 10, 2025 - 03:28 AM (IST)

ਨਕੋਦਰ (ਪਾਲੀ) - ਨਕੋਦਰ ਤੋਂ ਜਲੰਧਰ ਜਾ ਰਹੀ ਟਰੇਨ ਦੇ ਹੇਠ ਆਉਣ ਨਾਲ ਬੀਤੀ ਰਾਤ ਅਣਪਛਾਤੇ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਜੀ.ਆਰ.ਪੀ. ਦੇ ਇੰਚਾਰਜ ਏ.ਐੱਸ.ਆਈ. ਸੋਹਣ ਸਿੰਘ ਨੇ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਸੋਹਣ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਟਰੇਨ ਨੰਬਰ 79947 ਅਪ ਨਕੋਦਰ ਤੋਂ ਜਲੰਧਰ ਜਾ ਰਹੀ ਸੀ, ਜਦੋਂ ਟਰੇਨ ਸ਼ੰਕਰ ਤੋਂ ਥਾਬਲਕਾ ਨੇੜੇ ਪਹੁੰਚੀ ਤਾਂ ਇਕ ਵਿਅਕਤੀ ਟਰੇਨ ਹੇਠ ਆ ਕੇ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਗੇਟਮੈਨ ਰੋਹਿਤ ਨੇ ਤੁਰੰਤ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸ਼ੰਕਰ ਵਿਖੇ ਦਾਖਲ ਕਰਵਾਇਆ। ਉਥੇ ਉਕਤ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ।
ਏ.ਐੱਸ.ਆਈ. ਸੋਹਣ ਸਿੰਘ ਨੇ ਦੱਸਿਆ ਕਿ ਉਕਤ ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ, ਜਿਸ ਦੀ ਸ਼ਨਾਖਤ ਲਈ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਰੱਖਿਆ ਗਿਆ ਹੈ।