ਇਹ ਮੁਸਲਮਾਨ ਵਿਰੋਧੀ ਨਹੀਂ, ਉਨ੍ਹਾਂ ਦੇ ਭਲੇ ਦਾ ਵਿਵਹਾਰ ਹੈ

04/07/2020 2:15:53 AM

ਅਵਧੇਸ਼ ਕੁਮਾਰ 

ਜੇਕਰ ਕੋਈ ਇਸ ਗੱਲ ਤੋਂ ਅੱਖਾਂ ਬੰਦ ਕਰ ਲਵੇ ਕਿ ਨਿਜ਼ਾਮੂਦੀਨ ਸਥਿਤ ਤਬਲੀਗੀ ਜਮਾਤ ਮਰਕਜ਼ ’ਚ ਹੋਇਆ ਸੰਮੇਲਨ ਭਾਰਤ ’ਚ ਕੋਰੋਨਾ ਕੋਵਿਡ-19 ਇਨਫੈਕਸ਼ਨ ਦਾ ਇਕੱਲਾ ਸਭ ਤੋਂ ਵੱਡਾ ਕਾਰਕ ਸਾਬਿਤ ਹੋ ਰਿਹਾ ਹੈ ਤਾਂ ਉਸ ਨਾਲ ਸੱਚ ਨਹੀਂ ਬਦਲ ਜਾਂਦਾ। ਇਸ ਸੱਚ ਨੂੰ ਬੋਲਣਾ ਜਾਂ ਲਿਖਣਾ ਨਾ ਤਾਂ ਫਿਰਕੂ ਹੈ ਅਤੇ ਨਾ ਹੀ ਮੁਸਲਿਮ ਵਿਰੋਧੀ। ਜੇਕਰ ਤਬਲੀਗੀ ਜਮਾਤ ਦੀ ਜਗ੍ਹਾ ਕਿਸੇ ਹਿੰਦੂ ਧਾਰਮਿਕ ਸਮੂਹ ਨੇ ਇਸ ਤਰ੍ਹਾਂ ਕੋਰੋਨਾ ਮਹਾਮਾਰੀ ਦੇ ਖਤਰੇ ਦਰਮਿਆਨ ਲੋਕਾਂ ਦਾ ਹਜੂਮ ਇਕੱਠਾ ਕਰ ਕੇ ਉਨ੍ਹਾਂ ਨੂੰ ਇਕ ਥਾਂ ’ਤੇ ਰੱਖਿਆ ਹੁੰਦਾ ਤਾਂ ਉਸ ਦੀ ਵੀ ਇੰਨੀ ਨਿੰਦਾ ਹੁੰਦੀ, ਉਸ ਦੇ ਵਿਰੁੱਧ ਕਾਰਵਾਈ ਹੁੰਦੀ ਅਤੇ ਉਹ ਹਿੰਦੂ ਵਿਰੋਧੀ ਨਹੀਂ ਹੁੰਦਾ। ਸਾਡੇ ਦੇਸ਼ ਦੀ ਇਹ ਵੱਡੀ ਸਮੱਸਿਆ ਹੈ ਕਿ ਜੇਕਰ ਕੋਈ ਮੁਸਲਮਾਨ ਜਾਂ ਉਨ੍ਹਾਂ ਦਾ ਸਮੂਹ, ਉਨ੍ਹਾਂ ਦਾ ਧਾਰਮਿਕ ਜਾਂ ਹੋਰ ਸੰਗਠਨ ਗਲਤੀ ਕਰੇ ਤਾਂ ਉਸ ਦੀ ਚਰਚਾ ਜਾਂ ਵਿਰੋਧ ਨੂੰ ਫਿਰਕੂ ਜਾਂ ਮੁਸਲਿਮ ਵਿਰੋਧੀ ਕਰਾਰ ਦੇ ਕੇ ਰੌਲਾ ਪੈਣਾ ਸ਼ੁਰੂ ਹੋ ਜਾਂਦਾ। ਇਸ ਕਾਰਣ ਭਾਰਤ ’ਚ ਬਹੁਤ ਕੁਝ ਦੇਖਦੇ ਹੋਏ ਵੀ ਵੱਡਾ ਵਰਗ ਚੁੱਪ ਧਾਰ ਲੈਂਦਾ ਹੈ ਪਰ ਇਹ ਖੁਦ ਮੁਸਲਿਮ ਭਾਈਚਾਰੇ ਲਈ ਵੀ ਨੁਕਸਾਨਦੇਹ ਹੈ। ਜੇਕਰ ਕੋਈ ਸਾਡਾ ਦੋਸ਼ ਜਾਂ ਗਲਤੀ ਨਹੀਂ ਦੱਸੇਗਾ, ਸਾਡੀਆਂ ਗਲਤੀਆਂ ਨੂੰ ਸੁਧਾਰਨ ਦਾ ਰਾਹ ਨਹੀਂ ਦੱਸ ਸਕੇਗਾ ਤਾਂ ਇਸ ਨਾਲ ਸਾਡੀ ਹੀ ਸਮੱਸਿਆ ਵਧੇਗੀ। ਤਬਲੀਗੀ ਜਮਾਤ ਨੇ ਅਜਿਹੇ ਸਮੇਂ ਆਪਣਾ ਸੰਮੇਲਨ ਸੱਦਿਆ, ਜਦੋਂ ਦੇਸ਼ ’ਚ ਇਹ ਅੈਡਵਾਈਜ਼ਰੀ ਵਾਰ-ਵਾਰ ਜਾਰੀ ਹੋ ਰਹੀ ਸੀ ਕਿ ਸਮਾਜ ’ਚ ਦੂਰੀ ਬਣਾ ਕੇ ਰੱਖੋ, ਇਕ ਥਾਂ ’ਤੇ ਜ਼ਿਆਦਾ ਲੋਕ ਇਕੱਠੇ ਨਾ ਹੋਣ। ਬਹੁਤ ਹੀ ਜ਼ਰੂਰੀ ਹੋਣ ’ਤੇ ਸਫਰ ਕਰੋ। 12 ਮਾਰਚ ਨੂੰ ਤਾਂ ਦਿੱਲੀ ਸਰਕਾਰ ਨੇ ਸੂਬੇ ’ਚ ਕਿਸੇ ਵੀ 200 ਲੋਕਾਂ ਤੋਂ ਵੱਧ ਵਾਲੇ ਹਰ ਕਿਸਮ ਦੇ ਸਿਆਸੀ, ਸਮਾਜਿਕ, ਸੱਭਿਆਚਾਰਕ ਅਤੇ ਧਾਰਮਿਕ ਜਲਸਿਆਂ ’ਤੇ ਰੋਕ ਲਾ ਦਿੱਤੀ। ਉਸ ਤੋਂ ਬਾਅਦ ਇਸ ਦੀ ਗਿਣਤੀ 50 ਕਰ ਦਿੱਤੀ ਗਈ। ਅੱਜ ਉਸ ਸੰਮੇਲਨ ਕਾਰਣ ਦੇਸ਼ ਭਰ ਦੇ 22 ਸੂਬਿਆਂ ’ਚ ਜੋ ਸੰਕਟ ਪੈਦਾ ਹੋਇਆ ਹੈ, ਉਸ ਨੂੰ ਕੋਈ ਕਿਵੇਂ ਝੁਠਲਾ ਸਕਦਾ ਹੈ? ਜ਼ਰਾ ਸੋਚੋ, ਉਥੇ ਇਨਫੈਕਟਿਡ ਹੋਏ ਜੋ ਲੋਕ ਮਰ ਗਏ ਜਾਂ ਜਿਨ੍ਹਾਂ ਦੀ ਹਾਲਤ ਖਰਾਬ ਹੈ, ਉਸ ਦਾ ਕਾਰਣ ਤਾਂ ਇਹ ਸੰਮੇਲਨ ਹੀ ਬਣਿਆ। ਆਖਿਰ ਮਰਨ ਵਾਲੇ ਜਾਂ ਇਨਫੈਕਟਿਡ ਹੋਣ ਵਾਲੇ ਸਾਰੇ ਮੁਸਲਮਾਨ ਹੀ ਹਨ। ਜੇਕਰ ਇਸ ਗੱਲ ਦੀ ਚਰਚਾ ਨਾ ਕੀਤੀ ਜਾਵੇ ਤਾਂ ਭਵਿੱਖ ’ਚ ਕੋਈ ਸੁਚੇਤ ਕਿਵੇਂ ਹੋਵੇਗਾ, ਜਿਸ ਨਾਲ ਕਿ ਇਸ ਤਰ੍ਹਾਂ ਦਾ ਕੱਟੜਪੁਣਾ ਪ੍ਰਦਰਸ਼ਿਤ ਕਰ ਕੇ ਲੋਕਾਂ ਦੀ ਜਾਨ ਜੋਖਿਮ ’ਚ ਨਾ ਪਾਉਣ। ਅੱਜ ਹਰ ਸੂਬੇ ’ਚ ਮਰਕਜ਼ ਤੋਂ ਆਏ ਲੋਕਾਂ ਦੀ ਪਛਾਣ ਲਈ ਪ੍ਰਸ਼ਾਸਨ ਨੂੰ ਦਿਨ-ਰਾਤ ਇਕ ਕਰਨਾ ਪੈ ਰਿਹਾ ਹੈ। ਸਾਹਮਣੇ ਆਉਣ ਦੀ ਅਪੀਲ ਤੋਂ ਬਾਅਦ ਵਧੇਰੇ ਨਿਕਲਣ ਲਈ ਤਿਆਰ ਨਹੀਂ ਹਨ। ਮਦਰੱਸਿਆਂ ਅਤੇ ਮਸਜਿਦਾਂ ਤਕ ’ਚ ਛਾਪੇ ਮਾਰੇ ਜਾ ਰਹੇ ਹਨ। ਤੁਸੀਂ ਇਸ ਨੂੰ ਉਨ੍ਹਾਂ ਦੀ ਜਾਨ ਬਚਾਉਣ ਅਤੇ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਸੰਭਾਵਿਤ ਮਰੀਜ਼ਾਂ ਨੂੰ ਬਚਾਉਣ ਦੀ ਕਾਰਵਾਈ ਕਹੋਗੇ ਜਾਂ ਮੁਸਲਿਮ ਵਿਰੋਧੀ? ਉਨ੍ਹਾਂ ਨੂੰ ਉਥੇ ਇਨਫੈਕਸ਼ਨ ਹੋਣ ਦੇ ਖਤਰੇ ’ਚ ਛੱਡ ਦੇਣਾ ਉਨ੍ਹਾਂ ਦੇ ਹਿੱਤ ’ ਚ ਹੋਵੇਗਾ ਜਾਂ ਉਨ੍ਹਾਂ ਨੂੰ ਜਬਰੀ ਚੁੱਕ ਕੇ ਕੁਆਰੰਟਾਈਨ ਕਰਨਾ ਹੋਵੇਗਾ। ਲੱਛਣ ਦਿਸਣ ’ਤੇ ਟੈਸਟ ਕਰਨਾ? ਜਮਾਤ ਦੇ ਅਮੀਰ ਮੌਲਾਨਾ ਸਾਦ ਨੇ ਕੋਰੋਨਾ ਨੂੰ ਲੈ ਕੇ ਜਾਰੀ ਐਡਵਾਈਜ਼ਰੀਆਂ ਤੋਂ ਲੈ ਕੇ ਲਾਕਡਾਊਨ ਨੂੰ ਆਪਣੇ ਆਡੀਓ, ਵੀਡੀਓ ’ਚ ਸੋਸ਼ਲ ਡਿਸਟੈਂਸਿੰਗ ਨੂੰ ਜਾਣਬੁੱਝ ਕੇ ਮੁਸਲਮਾਨਾਂ ਨੂੰ ਵੱਖ ਕਰਨ ਦੀ ਸਾਜ਼ਿਸ਼ ਕਹਿ ਕੇ ਉਸ ਨੂੰ ਨਕਾਰਨ ਦਾ ਉਪਦੇਸ਼ ਦਿੱਤਾ ਹੈ। ਕਹਿ ਰਹੇ ਹਨ ਕਿ ਮਸਜਿਦ ਬੰਦ ਕਰਨ ਦੀ ਸਾਜ਼ਿਸ਼ ਹੈ। ਇਸ ਲਈ ਮਸਜਿਦ ’ਚ ਜਾਓ, ਜੇਕਰ ਉਥੇ ਤੁਹਾਡੀ ਮੌਤ ਹੋ ਜਾਵੇ ਤਾਂ ਉਸ ਤੋਂ ਚੰਗੀ ਮੌਤ ਹੋ ਹੀ ਨਹੀਂ ਸਕਦੀ। ਬਾਅਦ ’ਚ ਯੂ-ਟਿਊਬ ਤੋਂ ਉਨ੍ਹਾਂ ਦੇ ਸਾਰੇ ਭਾਸ਼ਣ ਹਟਾ ਦਿੱਤੇ ਗਏ ਪਰ ਉਨ੍ਹਾਂ ਨੂੰ ਹਜ਼ਾਰਾਂ ਲੋਕਾਂ ਨੇ ਸੁਣ ਲਿਆ ਹੈ। ਉਨ੍ਹਾਂ ਦੀ ਮਾਨਸਿਕਤਾ ’ਤੇ ਇਸ ਦਾ ਅਸਰ ਸਾਫ ਦੇਖਿਆ ਜਾ ਰਿਹਾ ਹੈ। ਹੁਣ ਮੌਲਾਨਾ ਸਾਦ ਦੇ ਬਚਾਅ ’ਚ ਉਹ ਸਾਰੇ ਮੁਸਲਿਮ ਨੇਤਾ ਉਤਰ ਗਏ ਹਨ, ਜੋ ਜਮਾਤ ਅਤੇ ਨਿੱਜੀ ਤੌਰ ’ਤੇ ਉਸ ਦੇ ਵਿਰੋਧੀ ਸਨ। ਬਰੇਲਵੀ ਭਾਈਚਾਰੇ ਦੀ ਆਰੰਭਿਕ ਪ੍ਰਤੀਕਿਰਿਆ ਸੀ ਕਿ ਸਾਡੇ ਇਥੇ ਜਮਾਤ, ਮਰਕਜ਼ ਨਹੀਂ ਹੁੰਦਾ। ਹੁਣ ਸਾਰੇ ਮੌਲਾਨਾ ਸਾਦ ਦੇ ਨਾਲ ਖੜ੍ਹੇ ਹਨ, ਵੱਡੇ-ਵੱਡੇ ਵਕੀਲ ਉਨ੍ਹਾਂ ਦੇ ਬਚਾਅ ’ਚ ਆ ਗਏ ਹਨ, ਉਨ੍ਹਾਂ ਤੋਂ ਹੁਣ ਬਿਆਨ ਜਾਰੀ ਕਰਵਾਇਆ ਗਿਆ ਹੈ ਕਿ ਲੋਕ ਹਕੂਮਤ ਦੇ ਹੁਕਮਾਂ ਦੀ ਪਾਲਣਾ ਕਰਨ, ਘਰਾਂ ’ਚ ਰਹਿਣ।

ਇਹ ਕਾਨੂੰਨੀ ਬਚਾਅ ਦੀ ਰਣਨੀਤੀ ਹੈ

ਉਨ੍ਹਾਂ ਨੇ ਜਿੰਨਾ ਨੁਕਸਾਨ ਪਹੁੰਚਾਉਣਾ ਸੀ, ਦੇਸ਼ ਦੇ ਕੋਰੋਨਾ ਨਾਲ ਸੰਘਰਸ਼ ਨੂੰ ਜਿੰਨਾ ਧੱਕਾ ਦੇ ਸਕਦੇ ਹਨ, ਦੇ ਚੁੱਕੇ ਹਨ। ਇਨ੍ਹਾਂ ਲੋਕਾਂ ਨੇ ਕਿਸ ਤਰ੍ਹਾਂ ਦਾ ਅੰਧ-ਵਿਸ਼ਵਾਸ ਪੈਦਾ ਕਰ ਦਿੱਤਾ ਹੈ, ਉਸ ਦਾ ਸਬੂਤ ਡਾਕਟਰਾਂ ਅਤੇ ਸਿਹਤ ਕਾਮਿਆਂ ਦੀਆਂ ਟੀਮਾਂ ’ਤੇ ਮਸਜਿਦਾਂ ਅਤੇ ਮਦਰੱਸਿਆਂ ਤੋਂ ਹੋ ਰਹੇ ਹਮਲੇ ਹਨ। ਕਈ ਥਾਵਾਂ ’ਤੇ ਜਮਾਤ ਦੇ ਲੋਕਾਂ ਦੀ ਭਾਲ ਅਤੇ ਲੱਛਣ ਮਿਲਣ ’ਤੇ ਉਨ੍ਹਾਂ ਨੂੰ ਹਸਪਤਾਲ ਤਕ ਲਿਆਉਣ ਗਈਆਂ ਟੀਮਾਂ ’ਤੇ ਪੱਥਰਾਂ ਨਾਲ ਹਮਲੇ ਹੋ ਰਹੇ ਹਨ। ਘਰਾਂ ’ਚ ਗਈਆਂ ਟੀਮਾਂ ’ਤੇ ਹਮਲੇ ਹੋ ਰਹੇ ਹਨ। ਟੀ. ਵੀ. ’ਤੇ ਜੈਪੁਰ ’ਚ ਇਕ ਭੱਦਰ ਪੁਰਸ਼ ਬਿਆਨ ਦੇ ਰਿਹਾ ਹੈ ਕਿ ਅਸੀਂ ਕਿਸੇ ਕੀਮਤ ’ਤੇ ਟੈਸਟ ਨਹੀਂ ਕਰਵਾਵਾਂਗੇ ਭਾਵੇਂ ਮੋਦੀ ਕੁਝ ਵੀ ਕਰ ਲਵੇ। ਇਸ ਤਰ੍ਹਾਂ ਦੀ ਸੋਚ ਕਿਸ ਨੇ ਪੈਦਾ ਕੀਤੀ? ਕਿੱਥੋਂ ਆ ਰਹੇ ਹਨ ਇਹ ਆਤਮਘਾਤੀ ਵਿਚਾਰ? ਕੀ ਇਸ ਮਾਨਸਿਕਤਾ ਅਤੇ ਵਤੀਰੇ ਦੀ ਆਲੋਚਨਾ ਜਾਂ ਵਿਰੋਧ ਨਹੀਂ ਹੋਣਾ ਚਾਹੀਦਾ? ਪ੍ਰਸ਼ਾਸਨ ਨੂੰ ਸਖਤੀ ਵਰਤ ਕੇ ਜਮਾਤ ਦੇ ਲੋਕਾਂ ਜਾਂ ਵਿਦੇਸ਼ੀਆਂ ਦੇ ਸੰਪਰਕ ’ਚ ਆਏ ਲੋਕਾਂ ਨੂੰ ਜਬਰੀ ਫੜ ਕੇ ਉਨ੍ਹਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਬੇਸ਼ੱਕ ਉਹ ਮਸਜਿਦ ’ਚ ਹੋਣ ਜਾਂ ਮਦਰੱਸੇ ’ਚ? ਅਜਿਹਾ ਕਰਨਾ ਕਿਸੇ ਵੀ ਤਰ੍ਹਾਂ ਮੁਸਲਿਮ ਵਿਰੋਧੀ ਨਹੀਂ ਹੋ ਸਕਦਾ। ਜੋ ਗਲਤ ਹੈ ਉਸ ਦਾ ਵਿਰੋਧ, ਗਲਤੀ ਦੀ ਸਜ਼ਾ ਅਤੇ ਕੱਟੜਪੁਣੇ ’ਚ ਆਪਣੀ ਅਤੇ ਸਮਾਜ ਦੀ ਜਾਨ ਜੋਖਿਮ ’ਚ ਪਾਉਣ ’ਤੇ ਤੁਲੇ ਲੋਕਾਂ ਨੂੰ ਫੜਨਾ ਹੀ ਮੁਸਲਿਮ ਹਿੱਤ ਮੰਨਿਆ ਜਾਵੇਗਾ। ਤੁਸੀਂ ਦੇਖੋ, ਉੱਤਰ ਰੇਲਵੇ ਦੇ ਬੁਲਾਰੇ ਦੀਪਕ ਕੁਮਾਰ ਨੇ ਬਿਆਨ ਦਿੱਤਾ ਹੈ ਕਿ ਜਮਾਤ ਦੇ ਉਨ੍ਹਾਂ ਦੇ ਹਸਪਤਾਲ ’ਚ ਦਾਖਲ ਕੀਤੇ ਗਏ ਲੋਕ ਬਿਲਕੁਲ ਅਨੁਸ਼ਾਸਨ ਨਹੀਂ ਮੰਨ ਰਹੇ, ਗਾਲ੍ਹਾਂ ਕੱਢ ਰਹੇ ਹਨ, ਥਾਂ-ਥਾਂ ਥੁੱਕਦੇ ਹਨ, ਮਨ੍ਹਾ ਕਰਨ ’ਤੇ ਮੰਨਦੇ ਨਹੀਂ, ਡਾਕਟਰਾਂ ’ਤੇ ਵੀ ਥੁੱਕਦੇ ਹਨ, ਜਬਰੀ ਟਹਿਲਣ ਲੱਗਦੇ ਹਨ....। ਇਸ ਨੂੰ ਕੀ ਕਿਹਾ ਜਾਵੇ? ਕੀ ਇਸ ਨੂੰ ਇਸਲਾਮੀ ਵਤੀਰਾ ਕਹਾਂਗੇ? ਇਸ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਕਿ ਨਹੀਂ?

ਲੋਕ ਆਸਾਨੀ ਨਾਲ ਸਿਹਤ ਕਰਮਚਾਰੀਆਂ ਨੂੰ ਸਹਿਯੋਗ ਨਹੀਂ ਦੇ ਰਹੇ

ਸੱਚ ਇਹ ਹੈ ਕਿ ਹਰ ਸੂਬੇ ’ਚੋਂ ਸੂਚਨਾਵਾਂ ਆ ਰਹੀਆਂ ਹਨ ਕਿ ਬਹੁਤ ਸਾਰੇ ਲੋਕਾਂ ਨੇ ਖੁਦ ਕੁਆਰੰਟਾਈਨ ’ਚ ਰਹਿਣ ਦਾ ਪਾਲਣ ਨਾ ਕਰ ਕੇ ਆਪਣਾ, ਆਪਣੇ ਪਰਿਵਾਰ ਅਤੇ ਜਿਸ ਨੂੰ ਮਿਲੇ ਹਨ, ਉਨ੍ਹਾਂ ਸਾਰਿਆਂ ਲਈ ਖਤਰਾ ਪੈਦਾ ਕਰ ਦਿੱਤਾ ਹੈ। ਮਹਾਰਾਸ਼ਟਰ ਦੇ ਸਾਂਗਲੀ ਜ਼ਿਲੇ ਨੂੰ ਇਸਲਾਮਪੁਰ ਦੇ ਸਥਾਨਕ ਅਖਬਾਰ ਵੁਹਾਨ ਕਹਿ ਰਹੇ ਹਨ ਕਿ ਮੱਕਾ ਤੋਂ ਪਰਤੇ ਇਕ ਪਰਿਵਾਰ ਦੇ ਮੈਂਬਰਾਂ ਨੇ ਪ੍ਰਸ਼ਾਸਨ ਵਲੋਂ ਸਮਝਾਉਣ ਅਤੇ ਹਦਾਇਤਾਂ ਦੇਣ ਦੇ ਬਾਵਜੂਦ ਆਪਣੇ ਆਪ ਨੂੰ ਕੁਆਰੰਟਾਈਨ ਨਹੀਂ ਕੀਤਾ। ਨਤੀਜਾ ਇਹ ਹੋਇਆ ਕਿ ਉਸੇ ਪਰਿਵਾਰ ਦੇ 24 ਵਿਅਕਤੀ ਕੋਰੋਨਾ ਇਨਫੈਕਟਿਡ ਹੋ ਗਏ। ਮਹਾਰਾਸ਼ਟਰ ਸਰਕਾਰ ਨੂੰ ਉਥੋਂ ਲਈ ਵਿਸ਼ੇਸ਼ ਪ੍ਰਬੰਧ ਕਰਨੇ ਪੈ ਰਹੇ ਹਨ। ਉਥੇ ਵੀ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਸਮੱਸਿਆਵਾਂ ਆ ਰਹੀਆਂ ਕਿਉਂਕਿ ਲੋਕ ਆਸਾਨੀ ਨਾਲ ਸਿਹਤ ਕਰਮਚਾਰੀਆਂ ਨੂੰ ਸਹਿਯੋਗ ਨਹੀਂ ਦੇ ਰਹੇ ਸਨ। ਇਹ ਕਿਹੋ ਜਿਹਾ ਵਤੀਰਾ ਹੈ। ਇਹ ਇਕ ਥਾਂ ਦੀ ਕਹਾਣੀ ਨਹੀਂ, ਦੇਸ਼ ਭਰ ’ਚ ਥਾਂ-ਥਾਂ ਅਜਿਹਾ ਹੋਇਆ ਹੈ ਅਤੇ ਉਹ ਖੁਦ, ਉਨ੍ਹਾਂ ਦੇ ਪਰਿਵਾਰ ਅਤੇ ਸੰਪਰਕ ’ਚ ਆਏ ਲੋਕ ਇਨਫੈਕਟਿਡ ਹੋਏ ਹਨ। ਇਸ ਤਰ੍ਹਾਂ ਦੀ ਅਪਰਾਧਿਕ ਗੈਰ-ਜ਼ਿੰਮੇਵਾਰੀ ਨੇ ਭਾਰਤ ’ਚ ਕੋਰੋਨਾ ਇਨਫੈਕਟਿਡਾਂ ਦੀ ਗਿਣਤੀ ਵਧਾਉਣ ’ਚ ਸਭ ਤੋਂ ਵੱਧ ਯੋਗਦਾਨ ਦਿੱਤਾ ਹੈ। ਜੇਕਰ ਤੁਸੀਂ ਹੁਣ ਤਕ ਇਨਫੈਕਟਿਡ ਹੋਏ ਲੋਕਾਂ ਦੀ ਸੂਚੀ ਅਤੇ ਉਨ੍ਹਾਂ ਦੀ ਕੇਸ ਹਿਸਟਰੀ ’ਤੇ ਝਾਤੀ ਮਾਰੋਗੇ ਤਾਂ ਤੁਹਾਡੇ ਸਾਹਮਣੇ ਪੂਰੀ ਤਸਵੀਰ ਸਪੱਸ਼ਟ ਹੋ ਜਾਵੇਗੀ। ਕੁਝ ਲੋਕਾਂ ਨੇ ਇੰਨਾ ਗੈਰ-ਜ਼ਿੰਮੇਵਾਰ ਸਲੂਕ ਕੀਤਾ ਕਿ ਵਿਦੇਸ਼ ਤੋਂ ਵਾਪਸ ਆਉਣ ਤੋਂ ਬਾਅਦ ਹੱਥਾਂ ’ਤੇ ਲੱਗੀ ਮੋਹਰ ਮਿਟਾ ਦਿੱਤੀ ਅਤੇ ਸਮਾਜ ’ਚ ਰਲ-ਮਿਲ ਗਏ। ਉਨ੍ਹਾਂ ਦੇ ਕਾਰਣ ਲੋਕ ਇਨਫੈਕਟਿਡ ਹੁੰਦੇ ਗਏ। ਇਸ ਨੂੰ ਸਾਹਮਣੇ ਨਾ ਲਿਆਉਣਾ ਤਾਂ ਮਨੁੱਖਤਾ ਪ੍ਰਤੀ ਜੁਰਮ ਮੰਨਿਆ ਜਾਵੇਗਾ। ਜਮਾਤ ਦੇ ਇਕ ਕੋਰੋਨਾ ਮਰੀਜ਼ ਨੇ ਹਸਪਤਾਲ ’ਚ ਦੱਸਿਆ ਕਿ ਉਹ ਸ਼ਾਹੀਨ ਬਾਗ ਧਰਨੇ ’ਚ ਸ਼ਾਮਲ ਹੋਇਆ ਸੀ। ਜ਼ਰਾ ਪ੍ਰਸ਼ਾਸਨ ਦੀ ਪ੍ਰੇਸ਼ਾਨੀ ਦੇਖੋ, ਉਹ ਜਿਹੜੀਆਂ ਤਰੀਕਾਂ ਨੂੰ ਉਥੇ ਗਿਆ ਸੀ, ਉਨ੍ਹਾਂ ਦਿਨਾਂ ਦੀਆਂ ਮੋਬਾਇਲ ਲੋਕੇਸ਼ਨਾਂ ਦੇ ਆਧਾਰ ’ਤੇ ਲੋਕਾਂ ਦੀ ਭਾਲ ਕਰਨ ਦਾ ਔਖਾ ਕੰਮ ਕਰਨਾ ਪੈ ਰਿਹਾ ਹੈ। ਜਮਾਤ ਦੇ ਲੋਕ ਜਿਹੜੀਆਂ ਰੇਲਾਂ ਰਾਹੀਂ ਜਿਥੇ-ਜਿਥੇ ਗਏ, ਉਨ੍ਹਾਂ ਦੇ ਮੁਸਾਫਿਰਾਂ ਦੀ ਸੂਚੀ ਦੇਖ ਕੇ ਉਨ੍ਹਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰਨੀ ਕਿੰਨੀ ਔਖੀ ਹੈ, ਇਹ ਕੋਈ ਵੀ ਸਮਝ ਸਕਦਾ ਹੈ। ਕਾਇਦੇ ਤੋਂ ਜ਼ਿੰਮੇਵਾਰੀ ਦਾ ਤਕਾਜ਼ਾ ਸੀ ਕਿ ਕੋਰੋਨਾ ਦਾ ਖਤਰਾ ਵਧਦੇ ਹੀ ਹਰ ਕਿਸਮ ਦਾ ਜਲਸਾ ਜਾਂ ਸੰਮੇਲਨ ਰੱਦ ਕਰ ਦੇਣਾ ਚਾਹੀਦਾ ਸੀ। ਧਰਮ ਪ੍ਰਚਾਰ ਕਰਨ ਵਾਲੀਆਂ ਸੰਸਥਾਵਾਂ ਤੋਂ ਜ਼ਿਆਦਾ ਸੰਜਮ ਅਤੇ ਅਨੁਸ਼ਾਸਨ ਦੀ ਉਮੀਦ ਰਹਿੰਦੀ ਹੈ। ਮਜ਼੍ਹਬ ਦੇ ਨਾਂ ’ਤੇ ਕੋਈ ਸਮੂਹ ਇਸ ਦੇ ਉਲਟ ਸਲੂਕ ਕਰੇ ਅਤੇ ਉਸ ਦੀ ਆਲੋਚਨਾ ਨਾ ਹੋਵੇ, ਉਸ ਦੇ ਖਿਲਾਫ ਕਾਰਵਾਈ ਨਾ ਹੋਵੇ ਸਿਰਫ ਇਸ ਲਈ ਕਿ ਉਹ ਇਕ ਵਿਸ਼ੇਸ਼ ਭਾਈਚਾਰਾ ਹੈ। ਇਹ ਸੋਚ ਦਾ ਵਿਗਾੜ ਹੈ। ਉਹ ਕਿਸੇ ਭਾਈਚਾਰੇ ਦਾ ਹੋਵੇ। ਗਲਤ ਨੂੰ ਗਲਤ ਕਹਿਣ ਅਤੇ ਉਸ ਦਾ ਵਿਰੋਧ ਕਰਨਾ ਹੀ ਗੈਰ-ਫਿਰਕੂਪੁਣਾ ਹੈ। ਮੋਦੀ ਵਿਰੋਧ ਵੱਖਰਾ ਵਿਸ਼ਾ ਹੈ, ਕੋਰੋਨਾ ਅਤੇ ਅਜਿਹੀ ਬੀਮਾਰੀ ਨਾਲ ਉਸ ਨੂੰ ਜੋੜ ਦੇਣਾ ਬਹੁਤ ਹੀ ਖਤਰਨਾਕ ਹੈ ਅਤੇ ਇਕ ਸਮੂਹ ਅਜਿਹਾ ਹੀ ਕਰ ਰਿਹਾ ਹੈ।


Bharat Thapa

Content Editor

Related News