ਦੇਸ਼ ਨੂੰ ਇੰਦੌਰ ਦਿਖਾਵੇ ਰਸਤਾ
Friday, Feb 12, 2021 - 02:31 AM (IST)

ਡਾ. ਵੇਦਪ੍ਰਤਾਪ ਵੈਦਿਕ
ਇੰਦੌਰ ਦੇ ਕੁਝ ਪ੍ਰਮੁੱਖ ਵਪਾਰੀਆਂ ਨੇ ਕੱਲ ਇਕ ਅਜਿਹਾ ਕੰਮ ਕਰ ਦਿਖਾਇਆ ਹੈ, ਜਿਸ ਦੀ ਨਕਲ ਦੇਸ਼ ਦੇ ਸਾਰੇ ਵਪਾਰੀਆਂ ਨੂੰ ਕਰਨੀ ਚਾਹੀਦੀ ਹੈ। ਇੰਦੌਰ ਦੇ ਨਮਕੀਨ ਅਤੇ ਮਠਿਆਈ ਦੇ ਵਪਾਰੀਆਂ ਨੇ ਸਹੁੰ ਖਾਧੀ ਹੈ ਕਿ ਉਹ ਆਪਣੇ ਬਣਾਏ ਨਮਕੀਨਾਂ ਅਤੇ ਮਠਿਆਈਆਂ ’ਚ ਕਿਸੇ ਕਿਸਮ ਦੀ ਮਿਲਾਵਟ ਨਹੀਂ ਕਰਨਗੇ। ਉਹ ਇਨ੍ਹਾਂ ’ਚ ਕੋਈ ਅਜਿਹੇ ਤੇਲ, ਘਿਓ ਅਤੇ ਮਸਾਲੇ ਦੀ ਵਰਤੋਂ ਨਹੀਂ ਕਰਨਗੇ ਜੋ ਸਿਹਤ ਲਈ ਨੁਕਸਾਨਦੇਹ ਹੋਣ।
ਇਹ ਸਹੁੰ ਮੂੰਹ-ਜ਼ੁਬਾਨੀ ਨਹੀਂ ਹੈ। 400 ਵਪਾਰੀ ਇਹ ਸਹੁੰ ਬਾਕਾਇਦਾ 50 ਰੁਪਏ ਦੇ ਅਸ਼ਟਾਮ ਪੇਪਰ ’ਤੇ ਨੋਟਰੀ ਕਰਵਾ ਕੇ ਲੈ ਰਹੇ ਹਨ। ਇਨ੍ਹਾਂ ਵਪਾਰੀਆਂ ਦੇ ਸੰਗਠਨਾਂ ਨੇ ਐਲਾਨ ਕੀਤਾ ਹੈ ਕਿ ਜੋ ਵੀ ਵਪਾਰੀ ਮਿਲਾਵਟ ਕਰਦਾ ਪਾਇਆ ਗਿਆ, ਉਸ ਦੀ ਮੈਂਬਰਸ਼ਿਪ ਹੀ ਖਤਮ ਨਹੀਂ ਹੋਵੇਗੀ, ਉਸ ਦੇ ਵਿਰੁੱਧ ਤੇਜ਼ ਕਾਨੂੰਨੀ ਕਾਰਵਾਈ ਵੀ ਹੋਵੇਗੀ। ਵਪਾਰੀਆਂ ’ਤੇ ਨਜ਼ਰ ਰੱਖਣ ਲਈ ਇਨ੍ਹਾਂ ਸੰਗਠਨਾਂ ਨੇ ਜਾਂਚ ਟੀਮ ਵੀ ਬਣਾ ਲਈ ਹੈ ਪਰ ਮੱਧ ਪ੍ਰਦੇਸ਼ ਦੀ ਹਾਈ ਕੋਰਟ ਨੇ ਜ਼ਿਲਾ ਪ੍ਰਸ਼ਾਸਨ ਨੂੰ ਹੁਕਮ ਦਿੱਤਾ ਹੈ ਿਕ ਕਿਸੇ ਵਪਾਰੀ ਵਿਰੁੱਧ ਥਾਣੇ ’ਚ ਰਪਟ ਲਿਖਵਾਉਣ ਤੋਂ ਪਹਿਲਾਂ ਉਸ ਦੇ ਮਾਲ ’ਤੇ ਪ੍ਰਯੋਗਸ਼ਾਲਾ ਦੀ ਰਿਪੋਰਟ ਨੂੰ ਆਉਣ ਦਿੱਤਾ ਜਾਵੇ। 1-2 ਵਪਾਰੀਆਂ ਨੂੰ ਜਲਦਬਾਜ਼ੀ ’ਚ ਫੜ ਕੇ ਜੇਲ ’ਚ ਸੁੱਟ ਦਿੱਤਾ ਗਿਆ ਸੀ।
ਨਮਕੀਨ ਅਤੇ ਮਠਿਆਈ ਦਾ ਕਾਰੋਬਾਰ ਇੰਦੌਰ ’ਚ ਘੱਟੋ-ਘੱਟ 800 ਕਰੋੜ ਰੁਪਏ ਸਾਲਾਨਾ ਦਾ ਹੈ। ਇੰਦੌਰ ਦੀਆਂ ਇਹ ਦੋਵੇਂ ਚੀਜ਼ਾਂ ਸਾਰੇ ਭਾਰਤ ’ਚ ਹੀ ਨਹੀਂ, ਵਿਦੇਸ਼ਾਂ ’ਚ ਵੀ ਪ੍ਰਸਿੱਧ ਹਨ। ਇਨ੍ਹਾਂ ’ਚ ਮਿਲਾਵਟ ਦੇ ਮਾਮਲੇ ਸਾਹਮਣੇ ਤਾਂ ਆਉਂਦੇ ਹਨ ਪਰ ਉਨ੍ਹਾਂ ਦੀ ਗਿਣਤੀ ਕਾਫੀ ਘੱਟ ਹੈ। ਮਹੀਨੇ ’ਚ ਮੁਸ਼ਕਲ ਨਾਲ 8-10! ਪਰ ਇਨ੍ਹਾਂ ਸੰਗਠਨਾਂ ਦਾ ਸੰਕਲਪ ਹੈ ਕਿ ਦੇਸ਼ ’ਚ ਇੰਦੌਰ ਜਿਵੇਂ ਸਾਫ-ਸਫਾਈ ਦਾ ਪ੍ਰਤੀਕ ਬਣ ਗਿਆ ਹੈ, ਉਵੇਂ ਹੀ ਇਹ ਖਾਣ-ਪੀਣ ਦੀ ਸ਼ੁੱਧਤਾ ਦਾ ਪ੍ਰਤੀਕ ਬਣ ਜਾਵੇ।
ਇੰਦੌਰ ਦੇ ਵਪਾਰੀ ਲਗਭਗ 50 ਟਨ ਤੇਲ ਰੋਜ਼ ਵਰਤਦੇ ਹਨ। ਇਨ੍ਹਾਂ ’ਚੋਂ 40 ਵਪਾਰੀ ਆਪਣੇ ਤੇਲ ਨੂੰ ਸਿਰਫ ਇਕ ਵਾਰ ਹੀ ਵਰਤਦੇ ਹਨ। ਵਰਤੇ ਹੋਏ ਤੇਲ ਨੂੰ ਉਹ ਬਾਇਓ-ਡੀਜ਼ਲ ਬਣਾਉਣ ਲਈ ਵੇਚ ਦਿੰਦੇ ਹਨ। ਜੇਕਰ ਸਾਰੇ ਦੇਸ਼ ਦੇ ਵਪਾਰੀ ਇੰਦੌਰੀਆਂ ਤੋਂ ਸਿੱਖਣ ਤਾਂ ਦੇਸ਼ ਦਾ ਨਕਸ਼ਾ ਹੀ ਬਦਲ ਜਾਵੇ। ਇੰਦੌਰ ਦੇ
ਵਪਾਰੀਆਂ ਨੇ ਅਜੇ ਸਿਰਫ ਖਾਣ-ਪੀਣ ਦੀ ਸ਼ੁੱਧਤਾ ਦਾ ਰਸਤਾ ਖੋਲ੍ਹਿਆ ਹੈ, ਇਹ ਰਸਤਾ ਭਾਰਤ ’ਚੋਂ ਮਿਲਾਵਟ, ਭ੍ਰਿਸ਼ਟਾਚਾਰ ਅਤੇ ਸਾਰੇ ਜੁਰਮਾਂ ਨੂੰ ਲਗਭਗ ਜ਼ੀਰੋ ਕਰ ਸਕਦਾ ਹੈ।
ਇਸ ਨੇ ਸਿੱਧ ਕੀਤਾ ਹੈ ਕਿ ਕਾਨੂੰਨ ਤੋਂ ਵੀ ਵੱਡੀ ਕੋਈ ਚੀਜ਼ ਹੈ ਤਾਂ ਉਹ ਹੈ ਆਤਮ-ਸੰਕਲਪ! ਦੇਸ਼ ਦੇ ਕਰੋੜਾਂ ਲੋਕ ਸ਼ਰਾਬ ਨਹੀਂ ਪੀਂਦੇ, ਮਾਸ ਨਹੀਂ ਖਾਂਦੇ, ਵਿਭਚਾਰ ਨਹੀਂ ਕਰਦੇ ਤਾਂ ਕੀ ਇਹ ਸਭ ਉਹ ਕਾਨੂੰਨ ਦੇ ਡਰੋਂ ਨਹੀਂ ਕਰਦੇ? ਨਹੀਂ। ਅਜਿਹਾ ਉਹ ਆਪਣੇ ਸੰਸਕਾਰ, ਆਪਣੇ ਸੰਕਲਪ, ਆਪਣੀ ਪਰਿਵਾਰਕ ਰਵਾਇਤ ਦੇ ਕਾਰਨ ਕਰਦੇ ਹਨ। ਜੇਕਰ ਦੇਸ਼ ਦੇ ਨੇਤਾ ਅਤੇ ਨੌਕਰਸ਼ਾਹ ਵੀ ਸਾਫ-ਸਫਾਈ ਦੀ ਅਜਿਹੀ ਕੋਈ ਸਹੁੰ ਖਾ ਲੈਣ ਤਾਂ ਇਸ ਦੇਸ਼ ਦੀ ਗਰੀਬੀ ਜਲਦੀ ਹੀ ਦੂਰ ਹੋ ਜਾਵੇਗੀ,ਭ੍ਰਿਸ਼ਟਾਚਾਰ ਦੀਆਂ ਜੜ੍ਹਾਂ ’ਚ ਲੱਸੀ ਪੈ ਜਾਵੇਗੀ ਅਤੇ ਭਾਰਤ ਮਹਾਸ਼ਕਤੀ ਬਣ ਜਾਵੇਗਾ।