ਭਾਰਤੀ ਖੇਤੀਬਾੜੀ ਦਾ ਅੰਮ੍ਰਿਤਕਾਲ

Wednesday, Aug 21, 2024 - 10:18 AM (IST)

ਭਾਰਤੀ ਖੇਤੀਬਾੜੀ ਦਾ ਅੰਮ੍ਰਿਤਕਾਲ

ਖੇਤੀਬਾੜੀ ਵਿਕਾਸ ਅਤੇ ਕਿਸਾਨ ਭਲਾਈ ਸਾਡੀ ਸਰਬਉੱਚ ਪਹਿਲ ਹੈ। ਅੰਨ ਦੇ ਜ਼ਰੀਏ ਸਾਡੇ ਜੀਵਨ ਸੰਚਾਲਨ ਦੇ ਸੂਤਰਧਾਰ ਅੰਨਦਾਤਾ ਦੇ ਜੀਵਨ ਵਿਚ ਖੁਸ਼ਹਾਲੀ ਲਿਆਉਣਾ ਸਾਡਾ ਸੰਕਲਪ ਹੈ। ਇਸ ਸੰਕਲਪ ਦੀ ਪੂਰਤੀ ਲਈ ਅਸੀਂ ਹਰ ਸੰਭਵ ਯਤਨ ਕਰਾਂਗੇ। ਕਿਸਾਨ ਦੀ ਆਮਦਨ ਵਧਾਉਣ ਲਈ ਅਸੀਂ 6 ਸੂਤਰੀ ਰਣਨੀਤੀ ਬਣਾਈ ਹੈ। ਉਤਪਾਦਨ ਵਧਾਉਣਾ, ਖੇਤੀ ਦੀ ਲਾਗਤ ਘਟਾਉਣਾ, ਉਤਪਾਦਨ ਦੀ ਠੀਕ ਕੀਮਤ ਦਿਵਾਉਣਾ, ਕੁਦਰਤੀ ਆਫ਼ਤ ਵਿਚ ਰਾਹਤ ਦੀ ਉਚਿਤ ਰਕਮ ਦਿਵਾਉਣਾ, ਖੇਤੀਬਾੜੀ ਵਿਭਿੰਨਤਾ ਅਤੇ ਕੁਦਰਤੀ ਖੇਤੀ ਨੂੰ ਹੁਲਾਰਾ ਦੇਣਾ, ਇਸ ਦੇ ਅਹਿਮ ਪਹਿਲੂ ਹਨ। ਉਤਪਾਦਨ ਵਧਾਉਣ ਅਤੇ ਲਾਗਤ ਘਟਾਉਣ ਲਈ ਸਭ ਤੋਂ ਜ਼ਰੂਰੀ ਹੈ ਚੰਗੇ ਬੀਜ, ਜੋ ਘੱਟ ਪਾਣੀ ਅਤੇ ਉਲਟ ਮੌਸਮ ਵਿਚ ਵੀ ਬਿਹਤਰ ਉਤਪਾਦਨ ਵਿਚ ਸਮਰੱਥ ਹੋ ਸਕਣ। ਅਜਿਹੇ ਬੀਜਾਂ ਦੀਆਂ 109 ਨਵੀਆਂ ਕਿਸਮਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਰਾਸ਼ਟਰ ਅਤੇ ਕਿਸਾਨਾਂ ਨੂੰ ਸਮਰਪਿਤ ਕੀਤਾ ਹੈ।

ਬੀਤੇ 10 ਵਰ੍ਹਿਆਂ ਵਿਚ ਐਗਰੀਕਲਚਰ ਲੈਂਡਸਕੇਪ ਤੇਜ਼ੀ ਨਾਲ ਬਦਲਿਆ ਹੈ। ਗਲੋਬਲ ਵਾਰਮਿੰਗ ਅਤੇ ਵਾਤਾਵਰਣ ਅਸੰਤੁਲਨ ਜਿਹੀਆਂ ਸਮੱਸਿਆਵਾਂ ਦਰਮਿਆਨ ਉਤਪਾਦਕਤਾ ਵਧਾਉਣ ਦੀ ਚੁਣੌਤੀ ਖੜ੍ਹੀ ਹੋ ਗਈ ਹੈ। ਇਸ ਚੁਣੌਤੀ ਨਾਲ ਨਜਿੱਠਣ ਲਈ ਅਗਲੇ 5 ਵਰ੍ਹਿਆਂ ਵਿਚ ਸਾਡਾ ਟੀਚਾ ਜਲਵਾਯੂ ਅਨੁਕੂਲ ਫ਼ਸਲਾਂ ਦੀਆਂ 1500 ਨਵੀਆਂ ਕਿਸਮਾਂ ਤਿਆਰ ਕਰਨ ਦਾ ਹੈ। ਮੌਜੂਦਾ ਸਮੇਂ ਵਿਗਿਆਨ ਨਾਲ ਹੀ ਕਿਸਾਨਾਂ ਦੀ ਭਲਾਈ ਸੰਭਵ ਹੈ। ਮੈਨੂੰ ਆਪਣੇ ਖੇਤੀਬਾੜੀ ਵਿਗਿਆਨੀਆਂ ’ਤੇ ਮਾਣ ਹੈ, ਜੋ ਜਲਵਾਯੂ ਅਨੁਕੂਲ ਕਿਸਮਾਂ ਤਿਆਰ ਕਰ ਰਹੇ ਹਨ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਖੇਤੀਬਾੜੀ ਵਿਚ ਕੀਤੇ ਜਾ ਰਹੇ ਇਨੋਵੇਸ਼ਨ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਸੁਨਿਸ਼ਚਿਤ ਹੋਵੇਗੀ।

ਕਿਸਾਨ ਹੋਣ ਦੇ ਨਾਤੇ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਵਧੀਆ ਉਤਪਾਦਨ ਲਈ ਚੰਗੇ ਬੀਜ ਕਿੰਨੇ ਜ਼ਰੂਰੀ ਹਨ। ਜੇਕਰ ਬੀਜ ਉੱਨਤ ਅਤੇ ਮਿੱਟੀ ਤੇ ਮੌਸਮ ਦੀ ਪ੍ਰਕਿਰਤੀ ਦੇ ਅਨੁਕੂਲ ਹੋਣਗੇ ਤਾਂ ਉਤਪਾਦਨ ਵਿਚ ਬੇਮਿਸਾਲ ਵਾਧਾ ਹੋਵੇਗਾ। ਮੋਦੀ ਜੀ ਨੇ ਇਹ ਸਮਝਿਆ ਅਤੇ ਵਿਆਪਕ ਵਿਜ਼ਨ ਦੇ ਨਾਲ ਇਸ ਦਿਸ਼ਾ ਵਿਚ ਕਾਰਜ ਕਰਨ ਲਈ ਮਾਰਗਦਰਸ਼ਨ ਕੀਤਾ। ਵਿਭਿੰਨਤਾ ਭਾਰਤੀ ਖੇਤੀਬਾੜੀ ਦੀ ਵਿਸ਼ੇਸ਼ਤਾ ਹੈ। ਇੱਥੇ ਕੁਝ ਦੂਰੀ ਦੇ ਫ਼ਰਕ ’ਤੇ ਹੀ ਖੇਤੀ ਦਾ ਮਿਜਾਜ਼ ਬਦਲ ਜਾਂਦਾ ਹੈ। ਜਿਵੇਂ ਮੈਦਾਨੀ ਖੇਤੀ ਵੱਖਰੀ ਹੈ ਅਤੇ ਪਹਾੜਾਂ ਦੀ ਖੇਤੀ ਵੱਖਰੀ। ਇਨ੍ਹਾਂ ਸਾਰੀਆਂ ਭਿੰਨਤਾਵਾਂ ਅਤੇ ਵਿਭਿੰਨਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਫ਼ਸਲਾਂ ਦੀਆਂ 109 ਨਵੀਆਂ ਕਿਸਮਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਖੇਤੀ ਦੀਆਂ 69 ਕਿਸਮਾਂ ਅਤੇ ਬਾਗ਼ਬਾਨੀ ਦੀਆਂ 40 ਕਿਸਮਾਂ ਰਾਸ਼ਟਰ ਨੂੰ ਸਮਰਪਿਤ ਕਰ ਦਿੱਤੀਆਂ ਗਈਆਂ ਹਨ। ਭਾਰਤ ਨੂੰ ਗਲੋਬਲ ਨਿਊਟ੍ਰੀਸ਼ੀਅਨ ਹੱਬ ਬਣਾਉਣ ਅਤੇ ਸ਼੍ਰੀਅੰਨ ਨੂੰ ਹੁਲਾਰਾ ਦੇਣ ਲਈ ਮੋਦੀ ਸਰਕਾਰ ਪੂਰੀ ਤਰ੍ਹਾਂ ਸੰਕਲਪਬੱਧ ਹੈ।

ਸਾਡਾ ਸੰਕਲਪ ਹੈ ਕਿ ਕਿਸਾਨ ਦੀ ਮਿਹਨਤ ਦਾ ਉਚਿਤ ਮੁਲਾਂਕਣ ਹੋਵੇ ਅਤੇ ਉਨ੍ਹਾਂ ਨੂੰ ਫ਼ਸਲਾਂ ਦੀ ਉਚਿਤ ਕੀਮਤ ਮਿਲੇ, ਇਸ ਲਈ ਅਸੀਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਕਰ ਰਹੇ ਹਾਂ। ਕਿਸਾਨਾਂ ਦੀ ਆਮਦਨ ਵਧਾਉਣਾ ਸਾਡੀ ਪਹਿਲ ਵਿਚ ਹੈ ਅਤੇ ਉਤਪਾਦਨ ਵਧਾਉਣ ਦੇ ਨਾਲ-ਨਾਲ ਭਾਰਤ ਦੀ ਚਿੰਤਾ ਵੀ ਰਹੀ ਹੈ ਕਿ ਮਨੁੱਖੀ ਸਰੀਰ ਅਤੇ ਮਿੱਟੀ ਦੀ ਸਿਹਤ ਲਈ ਸੁਰੱਖਿਅਤ ਉਤਪਾਦਨ ਹੋਵੇ। ਅੱਜ ਭਾਰਤ ਨਵੀਂ ਹਰੀ ਕ੍ਰਾਂਤੀ ਦਾ ਗਵਾਹ ਬਣ ਰਿਹਾ ਹੈ। ਸਾਡੇ ਅੰਨਦਾਤਾ ਊਰਜਾਦਾਤਾ ਅਤੇ ਈਂਧਨਦਾਤਾ ਵੀ ਬਣ ਰਹੇ ਹਨ। ਮੋਦੀ ਜੀ ਦੇ ਯਤਨਾਂ ਨਾਲ ਖੇਤੀ ਦੇ ਨਾਲ ਹੀ ਪਸ਼ੂ ਪਾਲਣ, ਮਧੂਮੱਖੀ ਪਾਲਣ, ਔਸ਼ਧੀ ਦੀ ਖੇਤੀ, ਫੁੱਲਾਂ-ਫ਼ਲਾਂ ਦੀ ਖੇਤੀ ਸਮੇਤ ਹੋਰ ਸਬੰਧਤ ਖੇਤਰਾਂ ਨੂੰ ਮਜ਼ਬੂਤ ਬਣਾਇਆ ਜਾ ਰਿਹਾ ਹੈ।

ਪਹਿਲਾਂ ਦੀਆਂ ਸਰਕਾਰਾਂ ਦੀ ਪਹਿਲ ਵਿਚ ਖੇਤੀਬਾੜੀ ਅਤੇ ਕਿਸਾਨ ਰਹੇ ਹੀ ਨਹੀਂ, ਜਦਕਿ ਮੋਦੀ ਜੀ ਦੀ ਅਗਵਾਈ ਵਿਚ ਖੇਤੀਬਾੜੀ ਖੇਤਰ ਵਿਚ ਬੇਮਿਸਾਲ ਤਰੱਕੀ ਹੋਈ ਹੈ। ਸਾਲ 2013-14 ਵਿਚ ਖੇਤੀਬਾੜੀ ਮੰਤਰਾਲੇ ਦਾ ਬਜਟ 27 ਹਜ਼ਾਰ 663 ਕਰੋੜ ਰੁਪਏ ਸੀ ਜੋ ਕਿ 2024-25 ਵਿਚ ਵਧ ਕੇ 1 ਲੱਖ 32 ਹਜ਼ਾਰ 470 ਕਰੋੜ ਰੁਪਏ ਹੋ ਗਿਆ ਹੈ। ਇਹ ਬਜਟ ਸਿਰਫ ਖੇਤੀਬਾੜੀ ਵਿਭਾਗ ਦਾ ਹੈ। ਖੇਤੀ ਨਾਲ ਸਬੰਧਤ ਖੇਤਰਾਂ ਅਤੇ ਫਰਟੀਲਾਈਜ਼ਰ ਸਬਸਿਡੀ ਲਈ ਵੱਖਰਾ ਬਜਟ ਹੈ। ਮੋਦੀ ਸਰਕਾਰ ਕਿਸਾਨਾਂ ਨੂੰ ਯੂਰੀਆ ਅਤੇ ਡੀ. ਏ. ਪੀ. ਸਸਤੀਆਂ ਦਰਾਂ ’ਤੇ ਉਪਲਬਧ ਕਰਵਾ ਰਹੀ ਹੈ। ਯੂਰੀਆ ’ਤੇ ਸਰਕਾਰ ਕਿਸਾਨਾਂ ਨੂੰ ਕਰੀਬ 2100 ਰੁਪਏ ਸਬਸਿਡੀ ਜਦਕਿ ਡੀ. ਏ. ਪੀ. ਦੇ ਇਕ ਬੈਗ ’ਤੇ 1083 ਰੁਪਏ ਦੀ ਸਬਸਿਡੀ ਦੇ ਰਹੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਨਾਲ ਕਿਸਾਨ ਆਤਮਨਿਰਭਰ ਅਤੇ ਮਜ਼ਬੂਤ ਹੋਇਆ ਹੈ। ਫ਼ਸਲਾਂ ਦੇ ਨੁਕਸਾਨ ’ਤੇ ਵੀ ਫ਼ਸਲ ਬੀਮਾ ਯੋਜਨਾ ਕਿਸਾਨਾਂ ਲਈ ਇਕ ਸੁਰੱਖਿਆ ਕਵਚ ਹੈ।

ਮੋਦੀ ਸਰਕਾਰ ਵਿਚ ਕਿਸਾਨ ਨੂੰ ਮਜ਼ਬੂਤ ਬਣਾਉਣ ਲਈ ਬੀਜ ਤੋਂ ਲੈ ਕੇ ਬਾਜ਼ਾਰ ਤੱਕ ਹਰ ਉਹ ਫੈਸਲਾ ਲਿਆ, ਜੋ ਕਿ ਕਿਸਾਨਾਂ ਲਈ ਖੇਤੀ ਨੂੰ ਹੋਰ ਸੌਖਾ ਬਣਾਏ। ਉਨ੍ਹਾਂ ਦੀਆਂ ਮੁਸ਼ਕਲਾਂ ਘੱਟ ਕਰੇ ਅਤੇ ਮੁਨਾਫਾ ਵਧਾਏ। ਇਸੇ ਲੜੀ ਵਿਚ ਇਕ ਲੱਖ ਕਰੋੜ ਰੁਪਏ ਦੇ ਐਗਰੀ ਇਨਫ੍ਰਾ ਫੰਡ ਜ਼ਰੀਏ ਖੇਤੀਬਾੜੀ ਨਾਲ ਜੁੜਿਆ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾ ਰਿਹਾ ਹੈ। ਪੂਰੇ ਦੇਸ਼ ਵਿਚ 700 ਤੋਂ ਵੱਧ ਕ੍ਰਿਸ਼ੀ ਵਿਗਿਆਨ ਕੇਂਦਰ ਕਿਸਾਨ ਅਤੇ ਵਿਗਿਆਨ ਨੂੰ ਜੋੜ ਰਹੇ ਹਨ। ਨਮੋ ਡ੍ਰੋਨ ਦੀਦੀ ਯੋਜਨਾ ਜ਼ਰੀਏ ਟੈਕਨਾਲੋਜੀ ਨਾਲ ਦੂਰ-ਦੁਰਾਡੇ ਦੀਆਂ ਸਾਡੀਆਂ ਮਾਤਾਵਾਂ-ਭੈਣਾਂ ਨੂੰ ਵੀ ਜੋੜਿਆ ਜਾ ਰਿਹਾ ਹੈ। ਕ੍ਰਿਸ਼ੀ ਸਖ਼ੀਆਂ ਨੂੰ ਸਿਖਲਾਈ ਦੇਣ ਦੇ ਪਹਿਲੇ ਪੜਾਅ ਵਿਚ ਹੁਣ ਤੱਕ 35 ਹਜ਼ਾਰ ਕ੍ਰਿਸ਼ੀ ਸਖ਼ੀਆਂ ਨੂੰ ਸਿੱਖਿਅਤ ਕੀਤਾ ਜਾ ਚੁੱਕਾ ਹੈ।

ਮੋਦੀ ਜੀ ਦਾ ਵਿਜ਼ਨ ਹੈ ਕਿ ਭਾਰਤ ਖੇਤੀਬਾੜੀ ਵਿਚ ਆਤਮਨਿਰਭਰ ਬਣੇ। ਇਸ ਦਿਸ਼ਾ ਵਿਚ ਵੀ ਰਣਨੀਤੀ ਬਣਾ ਕੇ ਕਾਰਜ ਕੀਤਾ ਜਾ ਰਿਹਾ ਹੈ। ਅਗਲੇ 5 ਵਰ੍ਹਿਆਂ ਵਿਚ ਅਸੀਂ 18,000 ਕਰੋੜ ਰੁਪਏ ਦੀ ਲਾਗਤ ਨਾਲ 100 ਨਿਰਯਾਤ ਕੇਂਦ੍ਰਿਤ ਬਾਗ਼ਬਾਨੀ ਕਲੱਸਟਰ ਬਣਾਵਾਂਗੇ। ਕਿਸਾਨਾਂ ਲਈ ਮੰਡੀ ਤੱਕ ਪਹੁੰਚ ਬਿਹਤਰ ਬਣਾਉਣ ਲਈ 1500 ਤੋਂ ਵੱਧ ਮੰਡੀਆਂ ਦਾ ਏਕੀਕਰਨ ਕੀਤਾ ਜਾਵੇਗਾ। ਨਾਲ ਹੀ 6800 ਕਰੋੜ ਰੁਪਏ ਦੀ ਲਾਗਤ ਨਾਲ ਤਿਲਹਨ ਮਿਸ਼ਨ ਦੀ ਸ਼ੁਰੂਆਤ ਕਰ ਰਹੇ ਹਾਂ। ਸਬਜ਼ੀ ਉਤਪਾਦਨ ਕਲੱਸਟਰ ਬਣਾਉਣ ਦੀ ਵੀ ਤਿਆਰੀ ਹੈ। ਇਸ ਨਾਲ ਛੋਟੇ ਕਿਸਾਨਾਂ ਨੂੰ ਸਬਜ਼ੀਆਂ-ਫ਼ਲ ਅਤੇ ਹੋਰ ਉਪਜ ਲਈ ਨਵੇਂ ਬਾਜ਼ਾਰ ਮਿਲਣਗੇ ਅਤੇ ਬਿਹਤਰ ਕੀਮਤਾਂ ਮਿਲਣਗੀਆਂ। ਸਰਕਾਰ ਨੇ ਇਹ ਸੰਕਲਪ ਵੀ ਲਿਆ ਹੈ ਕਿ ਦਲਹਨ ਫ਼ਸਲਾਂ ਵਿਚ ਅਰਹਰ, ਮਾਂਹ ਅਤੇ ਮਸੂਰ ਦਾਲ ਦੀ ਪੂਰੀ ਖ਼ਰੀਦ ਐੱਮ. ਐੱਸ. ਪੀ. ’ਤੇ ਕੀਤੀ ਜਾਵੇਗੀ।

ਯਜੁਰਵੇਦ ਵਿਚ ਇਸ ਦਾ ਜ਼ਿਕਰ ਹੈ ‘ਅੰਨਾਨਾਂ ਪਤਯੇ ਨਮ: ਕਸ਼ੇਤ੍ਰਾਨਾਂ ਪਤਯੇ ਨਮ:’ ਭਾਵ ਅੰਨ ਦੇ ਸਵਾਮੀ ਅਤੇ ਖੇਤਾਂ ਦੇ ਸਵਾਮੀ ਅੰਨਦਾਤਾਵਾਂ ਨੂੰ ਨਮਨ। ਕ੍ਰਿਸ਼ੀ ਪਰਾਸ਼ਰ ਵਿਚ ਵੀ ਜ਼ਿਕਰ ਹੈ-ਅੰਨ ਹੀ ਪ੍ਰਾਣ ਹੈ, ਅੰਨ ਹੀ ਬਲ ਹੈ ਅਤੇ ਅੰਨ ਹੀ ਸਮੁੱਚੇ ਉਦੇਸ਼ਾਂ ਦਾ ਸਾਧਨ ਹੈ। ਕਿਸਾਨਾਂ ਬਗ਼ੈਰ ਇਸ ਦੇਸ਼ ਦੀ ਹੋਂਦ ਹੀ ਅਧੂਰੀ ਹੈ। ਇਸ ਲਈ ਸਾਡੇ ਪ੍ਰਾਚੀਨ ਸ਼ਾਸਤਰਾਂ ਵਿਚ ਵੀ ਕਿਸਾਨਾਂ ਨੂੰ ਪ੍ਰਣਾਮ ਕੀਤਾ ਗਿਆ ਹੈ। ਖੇਤੀਬਾੜੀ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਹੈ ਅਤੇ ਕਿਸਾਨ ਉਸ ਦੀ ਆਤਮਾ। ਸਾਡੇ ਲਈ ਕਿਸਾਨ ਦੀ ਸੇਵਾ ਭਗਵਾਨ ਦੀ ਪੂਜਾ ਹੈ। ਅੱਜ ਪ੍ਰਧਾਨ ਮੰਤਰੀ ਮੋਦੀ ਜੀ ਦੇ ਦੀਰਘਕਾਲੀ ਵਿਜ਼ਨ ਅਤੇ ਸਰਬਪੱਖੀ, ਸਰਬਸਪਰਸ਼ੀ, ਸਮਾਵੇਸ਼ੀ ਅਤੇ ਸਮੁੱਚੇ ਵਿਕਾਸ ਵਾਲੀ ਸੋਚ ਦੇ ਨਾਲ ਭਾਰਤ ਅਤੇ ਭਾਰਤੀ ਖੇਤੀਬਾੜੀ ਨਿਰੰਤਰ ਅੱਗੇ ਵਧ ਰਹੀ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਕਿਸਾਨ ਭਰਾ-ਭੈਣਾਂ ਆਜ਼ਾਦੀ ਕੇ ਅੰਮ੍ਰਿਤਕਾਲ ਵਿਚ ਆਤਮਨਿਰਭਰ ਵੀ ਬਣਨਗੇ ਅਤੇ ਖੁਸ਼ਹਾਲ ਹੋਣ ਦੇ ਨਾਲ-ਨਾਲ ਦੇਸ਼ ਦੇ ਅਨਾਜ ਭੰਡਾਰ ਭਰਦੇ ਰਹਿਣਗੇ।

ਸ਼ਿਵਰਾਜ ਸਿੰਘ ਚੌਹਾਨ
 


author

Tanu

Content Editor

Related News