‘ਭਾਰਤ-ਲਗਾਤਾਰ ਹੋ ਰਹੀਆਂ ਸੜਕ ਦੁਰਘਟਨਾਵਾਂ’ ਹਾਦਸਿਆਂ ’ਚ ਉਜੜ ਰਹੇ ਪਰਿਵਾਰ!
Wednesday, Jul 09, 2025 - 06:27 AM (IST)

ਭਾਰਤ ’ਚ ਰੋਜ਼ਾਨਾ ਔਸਤ 1264 ਸੜਕ ਹਾਦਸਿਆਂ ’ਚ 474 ਵਿਅਕਤੀਆਂ ਦੀਆ ਮੌਤਾਂ ਅਤੇ ਵੱਡੀ ਗਿਣਤੀ ’ਚ ਲੋਕ ਜ਼ਖਮੀ ਹੋ ਰਹੇ ਹਨ। ਸਥਿਤੀ ਦੀ ਗੰਭੀਰਤਾ ਦਾ ਅਨੁਮਾਨ ਪਿਛਲੇ 8 ਦਿਨਾਂ ’ਚ ਹੋਏ ਹੇਠ ਲਿਖੇ ਹਾਦਸਿਆਂ ਤੋਂ ਲਾਇਆ ਜਾ ਸਕਦਾ ਹੈ :
* 1 ਜੁਲਾਈ, 2025 ਨੂੰ ‘ਰਾਏਪੁਰ’ (ਛੱਤੀਸਗੜ੍ਹ) ’ਚ ਟਰੱਕ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ’ਚ ਇਕ ਪ੍ਰਾਈਵੇਟ ਬੱਸ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਬੱਸ ’ਚ ਸਵਾਰ ਇਕ ਔਰਤ ਅਤੇ 2 ਮਰਦਾਂ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ।
* 3 ਜੁਲਾਈ ਨੂੰ ‘ਰਾਈ’ (ਹਰਿਆਣਾ) ਵਿਖੇ ਐੱਨ. ਐੱਚ. 44 ਸਥਿਤ ਸੈਕਟਰ 7 ਦੇ ਸਾਹਮਣੇ ਇਕ ਟਰਾਲੇ ਦੀ ਟੱਕਰ ਨਾਲ ਕਾਰ ’ਚ ਅੱਗ ਲੱਗ ਜਾਣ ਕਾਰਨ 3 ਦੋਸਤਾਂ ਦੀ ਮੌਤ ਹੋ ਗਈ।
* 3 ਜੁਲਾਈ ਨੂੰ ਹੀ ‘ਲੁਧਿਆਣਾ’ ਵਿਖੇ ‘ਗਿੱਲ’ ਪਿੰਡ ਨੇੜੇ ਸੜਕ ਪਾਰ ਕਰ ਰਹੇ ਇਕ ਨੌਜਵਾਨ ਨੂੰ ਤੇਜ਼ ਰਫਤਾਰ ਬੱਸ ਨੇ ਕੁਚਲ ਕੇ ਮਾਰ ਦਿੱਤਾ।
* 6 ਜੁਲਾਈ ਨੂੰ ‘ਮਾਹਿਲਪੁਰ’ (ਪੰਜਾਬ) ’ਚ ਜੰਮੂ ਤੋਂ ਦਿੱਲੀ ਜਾ ਰਹੀ ਇਕ ਟੂਰਿਸਟ ਬੱਸ ਅਤੇ ਟਰੱਕ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ ਅਤੇ 2 ਹੋਰ ਜ਼ਖਮੀ ਹੋ ਗਏ।
* 6 ਜੁਲਾਈ ਨੂੰ ਹੀ ‘ਬਾਰਾਂ’ (ਰਾਜਸਥਾਨ) ਜ਼ਿਲੇ ’ਚ ਇਕ ਕਾਰ ਦੇ ਸੜਕ ’ਤੇ ਖੜ੍ਹੀ ਪਿਕਅਪ ਵੈਨ ਨਾਲ ਟਕਰਾਅ ਜਾਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ।
* 7 ਜੁਲਾਈ ਨੂੰ ‘ਦਸੂਹਾ’ (ਹੁਸ਼ਿਆਰਪੁਰ) ਵਿਖੇ ਹਾਜੀਪੁਰ-ਦਸੂਹਾ ਰੋਡ ’ਤੇ ਪਿੰਡ ‘ਸੱਗਰਾਂ’ ਨੇੜੇ ‘ਤਲਵਾੜਾ’ ਤੋਂ ‘ਦਸੂਹਾ’ ਜਾ ਰਹੀ ਨਿੱਜੀ ਕੰਪਨੀ ਦੀ ਤੇਜ਼ ਰਫਤਾਰ ਅਤੇ ਓਵਰਲੋਡ ਮਿੰਨੀ ਬੱਸ ਬੇਕਾਬੂ ਹੋ ਕੇ ਪਲਟੀਆਂ ਖਾਣ ਪਿੱਛੋਂ ਸੜਕ ਕੰਢੇ ਖੜ੍ਹੀ ਇਕ ਕਾਰ ਨਾਲ ਜਾ ਟਕਰਾਈ। ਇਸ ਦੇ ਸਿੱਟੇ ਵਜੋਂ ਉਸ ’ਚ ਸਵਾਰ ਇਕ ਮਾਂ-ਬੇਟੀ ਸਮੇਤ 10 ਵਿਅਕਤੀਆਂ ਦੀ ਮੌਤ ਅਤੇ 33 ਹੋਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ। 32 ਸੀਟਾਂ ਵਾਲੀ ਬੱਸ ’ਚ 45 ਸਵਾਰੀਆਂ ਸਨ।
* 7 ਜੁਲਾਈ ਨੂੰ ਹੀ ‘ਗਜਰੌਲਾ’ (ਉੱਤਰ ਪ੍ਰਦੇਸ਼) ਵਿਖੇ ਇਕ ਕਾਰ ਸੜਕ ’ਤੇ ਖੜ੍ਹੇ ਟਰੱਕ ’ਚ ਜਾ ਵੜੀ ਜਿਸ ਕਾਰਨ ਪੁਲਸ ਸਪੈਸ਼ਲ ਬ੍ਰਾਂਚ ’ਚ ਕੰਮ ਕਰਦੇ ਹੈੱਡ ਕਾਂਸਟੇਬਲ ਅਤੇ ਉਨ੍ਹਾਂ ਦੀ ਪਤਨੀ ਦੀ ਮੌਤ ਅਤੇ ਦੋਨੋਂ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
* 7 ਜੁਲਾਈ ਨੂੰ ਹੀ ‘ਸ਼ਹਡੋਲ’ (ਮੱਧ ਪ੍ਰਦੇਸ਼) ਵਿਖੇ ‘ਜੋਰਾ’ ਪਿੰਡ ਨੇੜੇ ਡਰਾਈਵਰ ਨੂੰ ਨੀਂਦ ਆ ਜਾਣ ਕਾਰਨ ਇਕ ਮਲਟੀ ਯੂਟਿਲਿਟੀ ਵਾਹਨ (ਐੱਮ. ਯੂ. ਵੀ.) ਦੇ ਇਕ ਦਰੱਖਤ ਨਾਲ ਟਕਰਾਅ ਜਾਣ ਕਾਰਨ 3 ਔਰਤਾਂ ਦੀ ਮੌਤ ਹੋ ਗਈ।
* 7 ਜੁਲਾਈ ਨੂੰ ਹੀ ‘ਸੰਭਲ’ (ਉੱਤਰ ਪ੍ਰਦੇਸ਼) ਦੇ ‘ਹਰਗੋਬਿੰਦਪੁਰ’ ਪਿੰਡ ’ਚ ਇਕ ਕਾਰ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਦੇ ਸਿੱਟੇ ਵਜੋਂ ਉਸ ’ਚ ਸਵਾਰ ਵਿਆਹ ਕਰਵਾਉਣ ਜਾ ਰਹੇ ਲਾੜੇ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ। ਇਹ ਕਾਰ ਮ੍ਰਿਤਕ ਨੌਜਵਾਨ ਦੇ ਦੋਸਤ ਨੇ ਤਿੰਨ ਮਹੀਨੇ ਪਹਿਲਾਂ ਹੀ ਖਰੀਦੀ ਸੀ ਅਤੇ ਕਿਹਾ ਸੀ ‘ਮੇਰੀ ਕਾਰ ’ਚ ਲਾੜਾ ਬਣ ਕੇ ਜਾਏਂਗਾ ਤੂੰ’।
* 8 ਜੁਲਾਈ ਨੂੰ ‘ਕਡਲੂਰ’ (ਤਾਮਿਲਨਾਡੂ) ਜ਼ਿਲੇ ’ਚ ਇਕ ਸਕੂਲ ਵੈਨ ਅਤੇ ਟਰੇਨ ਦੀ ਟੱਕਰ ’ਚ 3 ਮਾਸੂਮ ਬੱਚਿਆਂ ਦੀ ਮੌਤ ਹੋ ਗਈ।
* 8 ਜੁਲਾਈ ਨੂੰ ‘ਤੰਜਾਵੁਰ’ (ਤਾਮਿਲਨਾਡੂ) ਵਿਖੇ ਇਕ ਕਾਰ ਅਤੇ ਮਿੰਨੀ ਟਰੱਕ ਦੀ ਟੱਕਰ ’ਚ ਇਕ ਹੀ ਪਰਿਵਾਰ ਦੇ 4 ਵਿਅਕਤੀਆਂ ਦੀ ਜਾਨ ਚਲੀ ਗਈ।
* 8 ਜੁਲਾਈ ਨੂੰ ਹੀ ‘ਫਿਲੌਰ’ (ਪੰਜਾਬ) ਦੇ ਨੈਸ਼ਨਲ ਹਾਈਵੇ ’ਤੇ ਟਾਈਲਾਂ ਨਾਲ ਭਰਿਆ ਵਾਹਨ ਬੇਕਾਬੂ ਹੋ ਕੇ ਪਲਟ ਗਿਆ ਜਿਸ ਕਾਰਨ ਉਸ ’ਚ ਸਵਾਰ 6 ’ਚੋਂ 3 ਮਜ਼ਦੂਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂ ਕਿ 3 ਹੋਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ।
ਸਾਡੇ ਦੇਸ਼ ’ਚ ਵਾਹਨਾਂ ਦੀ ਰਫਤਾਰ ’ਚ ਵਾਧੇ ਨਾਲ ਹਾਦਸਿਆਂ ’ਚ ਵੀ ਵਾਧਾ ਹੋ ਰਿਹਾ ਹੈ, ਜਿਸ ਕਾਰਨ ਪਰਿਵਾਰ ਉਜੜ ਰਹੇ ਹਨ। ਇਸ ਦੇ ਵੱਡੇ ਕਾਰਨਾਂ ’ਚ ਸੜਕ ਬਣਾਉਣ ’ਚ ਨੁਕਸ, ਬੱਸਾਂ ’ਚ ਨਿਰਧਾਰਿਤ ਨਾਲੋਂ ਵੱਧ ਗਿਣਤੀ ’ਚ ਸਵਾਰੀਆਂ ਨੂੰ ਬਿਠਾਉਣਾ, ਵਾਹਨ ਚਾਲਕਾਂ ਵਲੋਂ ਸ਼ਰਾਬ ਪੀ ਕੇ, ਮੋਬਾਈਲ ’ਤੇ ਗੱਲਬਾਤ ਕਰਦੇ ਹੋਏ ਅਤੇ ਬਿਨਾਂ ਆਰਾਮ ਕੀਤੇ ਲੰਬੇ ਸਮੇਂ ਤੱਕ ਵਾਹਨ ਚਲਾਉਣਾ ਆਦਿ ਪ੍ਰਮੁੱਖ ਹਨ।
ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਲੋਂ ਆਪਣੀ ਜ਼ਿੰਮੇਵਾਰੀ ਨੂੰ ਸਹੀ ਢੰਗ ਨਾਲ ਨਾ ਨਿਭਾਉਣ ਕਾਰਨ ਵੀ ਵਾਹਨ ਚਾਲਕ ਲਾਪ੍ਰਵਾਹੀ ਵਰਤਦੇ ਹਨ। ਲੋਕਾਂ ’ਚ ਵਧ ਰਹੀ ਤੇਜ਼ ਰਫਤਾਰ ਦੀ ਚਾਹਤ ਵੀ ਸੜਕ ਹਾਦਸਿਆਂ ਦਾ ਕਾਰਨ ਬਣ ਰਹੀ ਹੈ।
ਅਖੀਰ ਲੋੜ ਇਸ ਗੱਲ ਦੀ ਵੀ ਹੈ ਕਿ ਆਵਾਜਾਈ ਦੇ ਕੰਟਰੋਲ ਲਈ ਨਿਯੁਕਤ ਸਟਾਫ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਉਸ ਨੂੰ ਜ਼ਿੰਮੇਵਾਰੀ ਪ੍ਰਤੀ ਜਵਾਬਦੇਹ ਬਣਾਇਆ ਜਾਵੇ। ਇਸ ਦੇ ਨਾਲ ਹੀ ਸੜਕਾਂ ਦੇ ਟੋਏ ਅਤੇ ਟੁੱਟ-ਭੱਜ ਨੂੰ ਦੂਰ ਕਰਨ ਦੀ ਵੀ ਲੋੜ ਹੈ ਤਾਂ ਜੋ ਹਾਦਸਿਅਾਂ ਦਾ ਖਤਰਾ ਘੱਟ ਹੋ ਸਕੇ।
–ਵਿਜੇ ਕੁਮਾਰ