ਭਾਰਤ ਨੇ ਅਮਰੀਕਾ ਤੋਂ ਵੱਧ ਤੇਲ ਖਰੀਦਣ ਦਾ ਵਾਅਦਾ ਕਿਉਂ ਕੀਤਾ

Wednesday, Mar 12, 2025 - 05:22 PM (IST)

ਭਾਰਤ ਨੇ ਅਮਰੀਕਾ ਤੋਂ ਵੱਧ ਤੇਲ ਖਰੀਦਣ ਦਾ ਵਾਅਦਾ ਕਿਉਂ ਕੀਤਾ

ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਵਰੀ ਵਿਚ ਵਾਸ਼ਿੰਗਟਨ ਵਿਚ ਟੈਰਿਫ ਧਮਕੀਆਂ ਦੇ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ ਸੀ ਤਾਂ ਭਾਰਤ ਨੇ ਅਮਰੀਕਾ ਤੋਂ ਹੋਰ ਤੇਲ ਅਤੇ ਕੁਦਰਤੀ ਗੈਸ ਖਰੀਦਣ ਦੀ ਵਚਨਬੱਧਤਾ ਪ੍ਰਗਟਾਈ ਸੀ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਦੀ ਅਮਰੀਕਾ ਤੋਂ ਊਰਜਾ ਖਰੀਦ ਪਿਛਲੇ ਸਾਲ ਦੇ 15 ਬਿਲੀਅਨ ਡਾਲਰ ਤੋਂ ਵਧ ਕੇ ਨੇੜਲੇ ਭਵਿੱਖ ਵਿਚ 25 ਬਿਲੀਅਨ ਡਾਲਰ ਹੋ ਸਕਦੀ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਅਤੇ ਖਪਤਕਾਰ ਹੈ। ਇਕ ਅਜਿਹੇ ਦੇਸ਼ ਲਈ ਜੋ ਆਪਣੀਆਂ ਕੱਚੇ ਤੇਲ ਦੀਆਂ ਜ਼ਰੂਰਤਾਂ ਦੇ 85 ਫੀਸਦੀ ਤੋਂ ਵੱਧ ਲਈ ਦਰਾਮਦ ’ਤੇ ਨਿਰਭਰ ਕਰਦਾ ਹੈ, ਹਾਈਡ੍ਰੋਕਾਰਬਨ ਸਪਲਾਈ ਨੂੰ ਸੁਰੱਖਿਅਤ ਕਰਨ ਲਈ ਕੋਈ ਵੀ ਕਦਮ ਬਹੁਤ ਮਹੱਤਵਪੂਰਨ ਹੈ। ਦੇਸ਼ ਨੇ ਅਮਰੀਕਾ ਤੋਂ ਤੇਲ ਅਤੇ ਗੈਸ ਦੀ ਖਰੀਦ ਵਧਾਉਣ ਦਾ ਵਾਅਦਾ ਕੀਤਾ ਹੈ, ਜਿਸ ਨਾਲ ਊਰਜਾ ਸਬੰਧ ਮਜ਼ਬੂਤ ​​ਹੋਣਗੇ ਅਤੇ ਅਗਲੇ ਪੰਜ ਸਾਲਾਂ ਵਿਚ ਦੁਵੱਲੇ ਵਪਾਰ ਨੂੰ ਦੁੱਗਣਾ ਕਰ ਕੇ 500 ਬਿਲੀਅਨ ਡਾਲਰ ਤੱਕ ਪੁੱਜਣ ’ਚ ਵੀ ਕੁਝ ਹੱਦ ਤੱਕ ਮਦਦ ਹੋਵੇਗੀ। ਇਸ ਵੇਲੇ ਦੁਵੱਲਾ ਵਪਾਰ ਭਾਰਤ ਦੇ ਹੱਕ ਵਿਚ ਹੈ। ਸੰਯੁਕਤ ਰਾਜ ਅਮਰੀਕਾ ਦੇ ਵਪਾਰ ਪ੍ਰਤੀਨਿਧੀ ਦਫ਼ਤਰ ਦੇ ਅੰਕੜੇ ਦਰਸਾਉਂਦੇ ਹਨ ਕਿ 2024 ਵਿਚ ਭਾਰਤ ਨਾਲ ਵਸਤੂਆਂ ਦਾ ਵਪਾਰ ਘਾਟਾ 45.7 ਬਿਲੀਅਨ ਡਾਲਰ ਸੀ, ਜੋ ਕਿ 2023 ਤੋਂ 5.4 ਫੀਸਦੀ ਵਧਿਆ ਹੈ।

ਭਾਰਤ ਨੇ 2023-24 ਵਿਚ ਕੁੱਲ 234.26 ਮਿਲੀਅਨ ਟਨ ਕੱਚਾ ਤੇਲ ਦਰਾਮਦ ਕੀਤਾ। ਪਿਛਲੇ ਵਿੱਤੀ ਸਾਲ ਵਿਚ ਦਰਾਮਦ ਨਿਰਭਰਤਾ 87.4 ਫੀਸਦੀ ਦੇ ਮੁਕਾਬਲੇ ਵਧ ਕੇ 87.8 ਫੀਸਦੀ ਹੋ ਗਈ। ਘਰੇਲੂ ਉਤਪਾਦਨ ਲੋੜ ਦੇ 13 ਫੀਸਦੀ ਤੋਂ ਘੱਟ ਨੂੰ ਪੂਰਾ ਕਰਨ ਦੇ ਨਾਲ, ਘਰੇਲੂ ਕੱਚੇ ਤੇਲ ਦੇ ਉਤਪਾਦਨ ’ਚ ਪਿਛਲੇ ਵਿੱਤੀ ਸਾਲ (2023-24) ਵਿਚ 29.36 ਮਿਲੀਅਨ ਟਨ ’ਤੇ ਲਗਭਗ ਕੋਈ ਬਦਲਾਅ ਨਹੀਂ ਆਇਆ। ਮਾਤਰਾ ਦੇ ਮਾਮਲੇ ਵਿਚ ਦਰਾਮਦ ਲਗਭਗ ਸਥਿਰ ਸੀ ਪਰ 2023-24 ਵਿਚ ਦਰਾਮਦ ਬਿੱਲ ਸਾਲ-ਦਰ-ਸਾਲ ਘਟ ਕੇ 133.37 ਬਿਲੀਅਨ ਡਾਲਰ ਰਹਿ ਗਿਆ ਕਿਉਂਕਿ ਅੰਤਰਰਾਸ਼ਟਰੀ ਦਰਾਂ ਘੱਟ ਸਨ। 2022-23 ਵਿਚ ਤੇਲ ਦਰਾਮਦ ਬਿੱਲ 157.53 ਬਿਲੀਅਨ ਡਾਲਰ ਸੀ। ਇਸ ਤੋਂ ਇਲਾਵਾ, ਭਾਰਤ ਨੇ 48.69 ਮਿਲੀਅਨ ਟਨ ਪੈਟਰੋਲੀਅਮ ਉਤਪਾਦਾਂ ਜਿਵੇਂ ਕਿ ਐੱਲ. ਪੀ. ਜੀ., ਬਾਲਣ ਤੇਲ ਅਤੇ ਪੇਟਕੋਕ ਦੀ ਦਰਾਮਦ ’ਤੇ 22.93 ਬਿਲੀਅਨ ਡਾਲਰ ਖਰਚ ਕੀਤੇ। ਭਾਰਤ ਐੱਲ. ਐੱਨ. ਜੀ. ਵੀ ਦਰਾਮਦ ਕਰਦਾ ਹੈ। 2023-24 ਵਿਚ, ਦੇਸ਼ ਨੇ 13.405 ਬਿਲੀਅਨ ਡਾਲਰ ਵਿਚ 31.80 ਬਿਲੀਅਨ ਘਣ ਮੀਟਰ (ਬੀ. ਸੀ. ਐੱਮ.) ਦਰਾਮਦ ਕੀਤਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਇਕ ਰਿਪੋਰਟ ਵਿਚ ਕਿਹਾ ਕਿ ਪਿਛਲੇ ਵਿੱਤੀ ਸਾਲ ਵਿਚ ਗੈਸ ਦੀ ਦਰਾਮਦ 26.30 ਬਿਲੀਅਨ ਘਣ ਮੀਟਰ ਸੀ ਜੋ ਕਿ 17.11 ਬਿਲੀਅਨ ਡਾਲਰ ਸੀ। ਜਿਸ ਵਿਚ ਰੂਸ ਦੇ ਯੂਕ੍ਰੇਨ ਉੱਤੇ ਹਮਲੇ ਦੇ ਮੱਦੇਨਜ਼ਰ 2022-23 ਵਿਚ ਕੀਮਤਾਂ ਦੇ ਝਟਕੇ ਦਾ ਹਵਾਲਾ ਦਿੱਤਾ ਗਿਆ ਸੀ। ਹਾਲ ਹੀ ਦੇ ਸਾਲਾਂ ਵਿਚ ਅਮਰੀਕਾ ਭਾਰਤ ਨੂੰ ਐੱਲ. ਐੱਨ.ਜੀ. ਦੇ ਸਭ ਤੋਂ ਵੱਡੇ ਸਪਲਾਇਰਾਂ ਵਿਚੋਂ ਇਕ ਵਜੋਂ ਉਭਰਿਆ ਹੈ। ਜੇਕਰ ਰੂਸ ਵਿਰੁੱਧ ਜੰਗ ਨਾਲ ਸਬੰਧਤ ਪਾਬੰਦੀਆਂ ਹਟਾ ਦਿੱਤੀਆਂ ਜਾਂਦੀਆਂ ਹਨ ਤਾਂ ਯੂਰਪ ਰੂਸ ਤੋਂ ਕੁਦਰਤੀ ਗੈਸ ਦੁਬਾਰਾ ਪ੍ਰਾਪਤ ਕਰਨਾ ਸ਼ੁਰੂ ਕਰ ਸਕਦਾ ਹੈ, ਜਿਸ ਨਾਲ ਸੰਯੁਕਤ ਰਾਜ ਅਮਰੀਕਾ ਹੋਰ ਮੌਜੂਦਾ ਗਾਹਕਾਂ ਨੂੰ ਸਪਲਾਈ ਵਧਾਉਣ ਅਤੇ ਨਵੇਂ ਬਾਜ਼ਾਰਾਂ ਦੀ ਭਾਲ ਕਰਨ ਲਈ ਯਤਨ ਤੇਜ਼ ਕਰੇਗਾ।

ਤੇਲ ਸਪਲਾਈ ਵਿਚ ਵਾਧੇ ਨੇ ਵਿਸ਼ਵ ਬਾਜ਼ਾਰਾਂ ਵਿਚ ਅਨੁਕੂਲ ਹਾਲਾਤ ਪੈਦਾ ਕੀਤੇ ਹਨ। ਬ੍ਰਾਜ਼ੀਲ, ਅਰਜਨਟੀਨਾ, ਸੂਰੀਨਾਮ, ਕੈਨੇਡਾ, ਅਮਰੀਕਾ ਅਤੇ ਗੁਆਨਾ ਸਮੇਤ ਪੱਛਮੀ ਗੋਲਾ-ਅਰਧ ਤੋਂ ਨਵੇਂ ਤੇਲ ਸਰੋਤਾਂ ਦਾ ਉਭਾਰ ਭਾਰਤ ਵਰਗੇ ਪ੍ਰਮੁੱਖ ਖਪਤਕਾਰ ਦੇਸ਼ਾਂ ਲਈ ਲਾਭਦਾਇਕ ਸਾਬਤ ਹੋਣ ਜਾ ਰਿਹਾ ਹੈ। ਭਾਰਤ, ਜਿਸ ਨੂੰ ਰਵਾਇਤੀ ਤੌਰ ’ਤੇ ਪੱਛਮੀ ਏਸ਼ੀਆ ਤੋਂ ਤੇਲ ਮਿਲਦਾ ਰਿਹਾ ਹੈ, ਨੇ ਯੂਕ੍ਰੇਨ ’ਤੇ ਹਮਲੇ ਤੋਂ ਬਾਅਦ ਰੂਸ ਤੋਂ ਵੱਡੀ ਮਾਤਰਾ ਵਿਚ ਤੇਲ ਦਰਾਮਦ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਭਾਰਤ ਦੇ ਰੂਸੀ ਤੇਲ ਦਰਾਮਦ ਵਿਚ ਨਾਟਕੀ ਵਾਧਾ ਹੋਇਆ, ਜੋ ਥੋੜ੍ਹੇ ਸਮੇਂ ਵਿਚ ਇਸ ਦੇ ਕੁੱਲ ਕੱਚੇ ਤੇਲ ਦਰਾਮਦ ਦੇ 1 ਫੀਸਦੀ ਤੋਂ ਵਧ ਕੇ 40 ਫੀਸਦੀ ਹੋ ਗਿਆ। ਆਈ. ਈ. ਏ. ਨੇ ਆਪਣੀ ਇੰਡੀਆ ਗੈਸ ਮਾਰਕੀਟ ਰਿਪੋਰਟ ‘ਆਊਟਲੁੱਕ ਟੂ 2030’ ’ਚ ਕਿਹਾ ਹੈ ਕਿ ਦਹਾਕੇ ਦੇ ਅੰਤ ਤੱਕ ਦੇਸ਼ ਦੀ ਗੈਸ ਦੀ ਖਪਤ 103 ਬੀ. ਸੀ. ਐੱਮ. ਪ੍ਰਤੀ ਸਾਲ ਤੱਕ ਪਹੁੰਚ ਜਾਵੇਗੀ। ਇਕ ਦਹਾਕੇ ਦੀ ਹੌਲੀ ਵਿਕਾਸ ਦਰ ਅਤੇ ਸਮੇਂ-ਸਮੇਂ ’ਤੇ ਆਈ ਮੰਦੀ ਤੋਂ ਉੱਭਰਦੇ ਹੋਏ, ਦੇਸ਼ ਦੀ ਕੁਦਰਤੀ ਗੈਸ ਦੀ ਮੰਗ 2023 ਅਤੇ 2024 ਦੋਵਾਂ ਵਿਚ 10 ਫੀਸਦੀ ਤੋਂ ਵੱਧ ਵਧਣ ਦਾ ਅਨੁਮਾਨ ਹੈ, ਜੋ ਕਿ ਇਕ ਅਹਿਮ ਮੋੜ ਦਾ ਸੰਕੇਤ ਹੈ।

ਐੱਨ.ਰਵੀ ਕੁਮਾਰ


author

DIsha

Content Editor

Related News