ਦਿਲ ਦੇ ਦੌਰੇ ਤੇ ਐਂਜਾਇਨਾ ਦੇ ਵਧਦੇ ਮਾਮਲੇ

12/24/2023 4:21:28 PM

ਭਾਰਤ ’ਚ ਹਰੇਕ ਸਾਲ ਡੇਢ ਕਰੋੜ ਤੋਂ ਵੱਧ ਲੋਕਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ। ਜਦੋਂ ਬੱਚਿਆਂ, ਨੌਜਵਾਨਾਂ ਨੂੰ ਗ੍ਰਾਊਂਡ ’ਚ ਭੱਜਦੇ ਹੋਏ, ਭਾਰੀ ਕੰਮ ਕਰਦੇ ਹੋਏ, ਨੱਚਦੇ-ਗਾਉਂਦੇ ਹੋਏ ਅਤੇ ਜ਼ੋਰ ਲਾਉਂਦੇ ਹੋਏ ਦਿਲ ਦਾ ਦੌਰਾ ਪੈਂਦਾ ਹੈ ਤਾਂ ਉਸ ਨੂੰ ਐਂਜਾਇਨਾ ਹਾਰਟ ਅਟੈਕ ਕਹਿੰਦੇ ਹਨ। ਦਿਲ ਦੇ ਦੌਰੇ ਅਤੇ ਐਂਜਾਇਨਾ ਦੇ ਪੀੜਤਾਂ ’ਚ 60 ਤੋਂ 70 ਫੀਸਦੀ ਪੀੜਤਾਂ ਨੂੰ ਕੁਝ ਮਿੰਟਾਂ ’ਚ (2 ਤੋਂ 10 ਮਿੰਟਾਂ ’ਚ) ਕਾਰਡੀਅਕ ਅਰੈਸਟ ਭਾਵ ਰੋਗੀ ਦੇ ਦਿਲ-ਦਿਮਾਗ ਨੂੰ ਆਕਸੀਜਨ ਗਲੂਕੋਜ਼ ਦੀ ਕਮੀ ਹੋਣ ਕਾਰਨ ਦਿਲ-ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਜਿਸ ਨੂੰ ਕਾਰਡੀਅਕ ਅਰੈਸਟ ਕਹਿੰਦੇ ਹਨ, ਜਿਸ ਨੂੰ ਮੈਡੀਕਲ ਮਾਹਿਰਾਂ ਅਨੁਸਾਰ ਇਨਸਾਨ ਦੀ ਮੌਤ ਸਮਝਿਆ ਜਾਂਦਾ ਹੈ ਅਤੇ ਡਾਕਟਰਾਂ ਵੱਲੋਂ ਮਰੀਜ਼ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ।

ਇਸੇ ਕਾਰਨ ਅਕਸਰ ਮਰੀਜ਼ ਦੀ ਨਬਜ਼, ਦਿਲ ਦੀ ਧੜਕਣ, ਸਾਹ ਕਿਰਿਆ ਅਤੇ ਅੱਖਾਂ ਦਾ ਹਿਲਣਾ-ਜੁਲਣਾ ਬੰਦ ਦੇਖ ਕੇ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। 40-50 ਸਾਲ ਪਹਿਲਾਂ ਦਿਲ ਦੇ ਦੌਰੇ ਸਿਰਫ ਬਜ਼ੁਰਗਾਂ, ਵੱਧ ਨਸ਼ੇ ਕਰਨ ਵਾਲੇ, ਤਣਾਅ ’ਚ ਰਹਿਣ ਵਾਲੇ ਲੋਕਾਂ ਨੂੰ ਪੈਂਦੇ ਸਨ ਪਰ ਸਾਲ 2000 ਪਿੱਛੋਂ ਅਤੇ ਹੁਣ 8 ਤੋਂ 10 ਸਾਲਾਂ ਦੇ ਬੱਚਿਆਂ ਤੋਂ ਲੈ ਕੇ 25-30 ਸਾਲਾਂ ਦੇ ਨੌਜਵਾਨਾਂ ਅਤੇ ਵੱਡੀ ਉਮਰ ਦੇ ਲੋਕਾਂ ਨੂੰ ਅਚਾਨਕ ਦਿਲ ਦਾ ਦੌਰਾ ਪੈਂਦਾ ਹੈ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ 60 ਤੋਂ 70 ਫੀਸਦੀ ਪੀੜਤਾਂ ਦੀਆਂ ਮੌਤਾਂ ਹੋ ਰਹੀਆਂ ਹਨ।

ਗੁਰਦਾਸਪੁਰ ’ਚ ਇਕ 12 ਸਾਲਾ ਬੱਚੇ ਨੂੰ ਘਰ ਦੇ ਅੰਦਰ ਬੈੱਡ ’ਤੇ ਬੈਠੇ ਹੋਏ ਮੋਬਾਇਲ ਦੇਖਦੇ-ਦੇਖਦੇ ਬੇਹੋਸ਼ੀ ਹੋ ਗਈ। ਹਸਪਤਾਲ ਪਹੁੰਚਣ ’ਤੇ ਪਤਾ ਲੱਗਾ ਕਿ ਦਿਲ ਦੇ ਦੌਰੇ ਕਾਰਨ ਬੱਚੇ ਦੇ ਦਿਮਾਗ ਨੂੰ ਆਕਸੀਜਨ ਅਤੇ ਗਲੂਕੋਜ਼ ਦੀ ਸਪਲਾਈ ਬੰਦ ਹੋ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਵਧੇਰੇ ਮਾਪਿਆਂ, ਰਿਸ਼ਤੇਦਾਰਾਂ, ਗੁਆਂਢੀਆਂ ਨੂੰ ਫਸਟ ਏਡ ਦੀ ਏ. ਬੀ. ਸੀ., ਰਿਕਵਰੀ ਪੁਜ਼ੀਸ਼ਨ, ਵੈਂਟੀਲੇਟਰ ਬਣਾਉਟੀ ਸਾਹ ਦੇਣ ਦੀ ਕਿਰਿਆ ਅਤੇ ਸੀ. ਪੀ. ਆਰ. ਬਾਰੇ ਜਾਣਕਾਰੀ ਹੀ ਨਹੀਂ ਹੁੰਦੀ। ਇਕ ਨੌਜਵਾਨ ਨੂੰ ਜਗਰਾਤੇ ’ਚ ਨੱਚਦੇ ਹੋਏ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ।

ਅੱਜਕੱਲ ਬੱਚੇ, ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਫਾਸਟਫੂਡ ਅਤੇ ਜੰਕ ਫੂਡ ਦੇ ਨਾਲ-ਨਾਲ ਕੋਲਡਡ੍ਰਿੰਕ ਦੀ ਜ਼ਿਆਦਾ ਵਰਤੋਂ ਕਰਦੇ ਹਨ। ਘਰ ਦੇ ਮੈਂਬਰ ਕਦੀ ਵੀ ਕਸਰਤ ਜਾਂ ਫਿਰ ਯੋਗਾ ਨਹੀਂ ਕਰਦੇ। ਨਾ ਹੀ ਉਨ੍ਹਾਂ ਨੂੰ ਸਾਈਕਲਿੰਗ, ਸਵਿਮਿੰਗ, ਦੌੜਦੇ ਜਾਂ ਧੁੱਪ ’ਚ ਬੈਠਿਆਂ ਦੇਖਿਆ ਜਾਂਦਾ ਹੈ। ਸਰੀਰ ’ਚ ਪਸੀਨਾ ਨਹੀਂ ਆਉਂਦਾ ਅਤੇ ਲੋਕ ਅਕਸਰ ਬੰਦ ਕਮਰਿਆਂ ’ਚ ਬਿਸਤਰ ਅਤੇ ਸੋਫਿਆਂ ’ਤੇ ਬੈਠੇ ਦਿਖਾਈ ਦਿੰਦੇ ਹਨ ਅਤੇ ਘਰ ਦੇ ਅੰਦਰ ਸ਼ੁੱਧ ਆਕਸੀਜਨ ਦੀ ਕਮੀ ਬਣੀ ਰਹਿੰਦੀ ਹੈ। ਗੈਸ, ਕਬਜ਼ ਅਤੇ ਫਾਸਟਫੂਡ ਜਾਂ ਜੰਕ ਫੂਡ ਕਾਰਨ ਲੀਵਰ ਅਤੇ ਖੂਨ ’ਚ ਗੰਦਗੀ ਪੈਂਦੀ ਰਹਿੰਦੀ ਹੈ। ਲੋਕ ਪਾਣੀ ਵੀ ਘੱਟ ਪੀਂਦੇ ਹਨ। ਤਾਜ਼ੇ ਫਲਾਂ, ਸਬਜ਼ੀਆਂ ਦੀ ਵਰਤੋਂ ਬਹੁਤ ਹੀ ਘੱਟ ਕੀਤੀ ਜਾਂਦੀ ਹੈ। ਕਮਰ, ਪੇਟ, ਛਾਤੀ ਅਤੇ ਲੱਤਾਂ ਦੇ ਕੱਪੜੇ ਜ਼ਿਆਦਾ ਤੰਗ ਹੋਣ ਕਾਰਨ ਆਂਤੜੀਆਂ ’ਚ ਖੂਨ ਦਾ ਸੰਚਾਰ ਘੱਟ ਹੁੰਦਾ ਹੈ।

ਬੇਸ਼ੱਕ ਦਿਲ ਦੇ ਦੌਰੇ ਦੇ ਕਈ ਕਾਰਨ ਹਨ ਪਰ ਮੁੱਖ ਕਾਰਨ ਖੂਨ ਧਮਣੀਆਂ, ਫੇਫੜਿਆਂ, ਦਿਲ ਤੇ ਦਿਮਾਗ ’ਚ ਆਕਸੀਜਨ ਅਤੇ ਗਲੂਕੋਜ਼ ਦੀ ਕਮੀ ਹੈ। ਫਾਸਟਫੂਡ, ਜੰਕ ਫੂਡ ਅਤੇ ਕੋਲਡਡ੍ਰਿੰਕ ਦੀ ਵੱਧ ਵਰਤੋਂ ਕਾਰਨ ਬੱਚਿਆਂ ਅਤੇ ਨੌਜਵਾਨਾਂ ਦੀਆਂ ਨਾੜੀਆਂ ’ਚ ਚਰਬੀ ਦੀ ਮਾਤਰਾ ਵਧਦੀ ਜਾਂਦੀ ਹੈ।

ਕੋਲਡਡ੍ਰਿੰਕਸ, ਫਾਸਟਫੂਡ, ਜੰਕ ਫੂਡ, ਬਾਸੀ ਭੋਜਨ ਅਤੇ ਮੈਦਾ ਨਾੜੀਆਂ ’ਚ ਚਰਬੀ ਦੀ ਮਾਤਰਾ ਨੂੰ ਵਧਾਉਂਦੇ ਹਨ ਜਿਸ ਕਾਰਨ 29 ਫੀਸਦੀ ਬੱਚੇ ਮੋਟਾਪੇ ਦਾ ਸ਼ਿਕਾਰ ਹਨ। ਖੂਨ ਨੂੰ ਸਾਫ ਕਰਨ ਲਈ ਪਾਣੀ, ਖੱਟੇ ਫ਼ਲ਼, ਦਹੀਂ, ਲੱਸੀ ਸਭ ਤੋਂ ਵੱਧ ਲਾਭਦਾਇਕ ਹੁੰਦੇ ਹਨ। ਪਾਣੀ ਦੀ ਕਮੀ ਕਾਰਨ ਖੂਨ ਗਾੜ੍ਹਾ ਹੋਣ ਲੱਗ ਜਾਂਦਾ ਹੈ। ਗਾੜ੍ਹਾ ਖੂਨ ਭਾਵ ਕੋਲੈਸਟ੍ਰਾਲ, ਖੂਨ ’ਚ ਚਰਬੀ ਅਤੇ ਖੰਡ ਅਤੇ ਨਮਕ ਦੇ ਵਧਣ ਕਾਰਨ ਦਿਲ ਦਾ ਦੌਰਾ ਪੈਂਦਾ ਹੈ।

ਵਿਦੇਸ਼ਾਂ ’ਚ ਗਏ ਸਾਡੇ ਆਰਾਮਪ੍ਰਸਤ ਮਾਂ-ਬਾਪ ਦੇ ਲਾਡਲੇ ਬੇਟਿਆਂ ਨੂੰ ਖਾਣ ਨੂੰ ਸਿਰਫ ਫਾਸਟਫੂਡ, ਜੰਕ ਫੂਡ ਅਤੇ ਪੀਣ ਲਈ ਕੋਲਡਡ੍ਰਿੰਕਸ ਹੀ ਮਿਲਦੀਆਂ ਹਨ। ਥਕਾਵਟ, ਕਮਜ਼ੋਰੀ, ਬੇਚੈਨੀ ਅਤੇ ਬੇਆਰਾਮੀ ਨੂੰ ਦੂਰ ਕਰਨ ਲਈ ਘਟੀਆ ਕਿਸਮ ਦੇ ਨਸ਼ਿਆਂ ਦੀ ਵਰਤੋਂ ਕਾਰਨ ਦਿਲ ਦੇ ਦੌਰੇ ਪੈਂਦੇ ਹਨ।

90 ਫੀਸਦੀ ਲੋਕ ਜਿਨ੍ਹਾਂ ’ਚ ਵਿਦਿਆਰਥੀ, ਅਧਿਆਪਕ, ਨਾਗਰਿਕ, ਪੁਲਸ, ਫੈਕਟਰੀ ਮਜ਼ਦੂਰ, ਘਰੇਲੂ ਔਰਤਾਂ ਅਤੇ ਬਜ਼ੁਰਗਾਂ ਨੂੰ ਇਹ ਟ੍ਰੇਨਿੰਗ ਹੀ ਨਹੀਂ ਕਿ ਦਿਲ ਦੇ ਦੌਰੇ ਦੀਆਂ ਨਿਸ਼ਾਨੀਆਂ ਕੀ ਹਨ? ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਫਸਟ ਏਡ, ਸੀ. ਪੀ. ਆਰ. ਰਿਕਵਰੀ ਪੁਜ਼ੀਸ਼ਨ ਅਤੇ ਬਣਾਉਟੀ ਸਾਹ ਕਿਰਿਆ ਕਿਵੇਂ ਕਰਨੀ ਚਾਹੀਦੀ ਹੈ।

ਹਾਦਸਾਗ੍ਰਸਤ ਜਾਂ ਜ਼ਖਮੀ ਹਾਲਤ ’ਚ ਬੇਹੋਸ਼ ਬੱਚੇ, ਨੌਜਵਾਨ ਅਤੇ ਲੋਕਾਂ ਦੀ ਮਦਦ ਕਰਨ ਵਾਲੇ ਲੋਕ ਤੁਰੰਤ ਹੀ ਉਨ੍ਹਾਂ ਨੂੰ ਪਾਣੀ ਪਿਆਉਂਦੇ ਹਨ। ਪਾਣੀ ਬੇਹੋਸ਼ ਇਨਸਾਨ ਦੀ ਸਾਹ ਨਲੀ ’ਚ ਜਾ ਕੇ ਸਾਹ ਬੰਦ ਕਰ ਦਿੰਦਾ ਹੈ ਅਤੇ ਸਾਹ ਬੰਦ ਹੋਣ ਕਾਰਨ ਇਨਸਾਨ ਦੀ 2 ਜਾਂ 3 ਮਿੰਟਾਂ ’ਚ ਹੀ ਮੌਤ ਹੋ ਸਕਦੀ ਹੈ। ਦਿਮਾਗ ਨੂੰ 2-3 ਮਿੰਟ ਆਕਸੀਜਨ, ਗਲੂਕੋਜ਼ ਦੀ ਸਪਲਾਈ ਬੰਦ ਹੋ ਜਾਵੇ ਤਾਂ ਦਿਮਾਗ ਮਰਨਾ ਸ਼ੁਰੂ ਕਰ ਦਿੰਦਾ ਹੈ।

ਲੋਕਾਂ, ਅਧਿਆਪਕਾਂ, ਪੁਲਸ ਅਤੇ ਫੈਕਟਰੀ ਮੁਲਾਜ਼ਮਾਂ ਨੂੰ ਕਦੀ ਵੀ ਕਿਸੇ ਪੀੜਤ ਨੂੰ ਮਰਿਆ ਹੋਇਆ ਨਹੀਂ ਸਮਝਣਾ ਚਾਹੀਦਾ। ਮੌਤ ਦੀ ਪੁਸ਼ਟੀ ਸਿਰਫ ਸੀਨੀਅਰ ਡਾਕਟਰ ਹੀ ਕਰ ਸਕਦੇ ਹਨ। ਬੇਹੋਸ਼ੀ ਦੇ ਸਮੇਂ ਰੋਗੀ ਨੂੰ ਰਿਕਵਰੀ ਪੁਜ਼ੀਸ਼ਨ ਜਾਂ ਵੈਂਟੀਲੇਟਰ ਪੁਜ਼ੀਸ਼ਨ ’ਚ ਲਿਟਾ ਕੇ ਉਸ ਨੂੰ ਹਵਾ ਦਿੱਤੀ ਜਾਵੇ, ਇਸ ਤਰ੍ਹਾਂ ਕਰਨ ਨਾਲ ਪੀੜਤ ਦੇ ਫੇਫੜਿਆਂ ਅਤੇ ਦਿਲ-ਦਿਮਾਗ ਨੂੰ ਵੱਧ ਆਕਸੀਜਨ ਅਤੇ ਗਲੂਕੋਜ਼ ਪਹੁੰਚਦਾ ਹੈ ਪਰ ਪਾਣੀ ਨਹੀਂ ਪਿਆਉਣਾ ਚਾਹੀਦਾ। ਨਾ ਹੀ ਹੱਥਾਂ-ਪੈਰਾਂ ਦੀ ਮਾਲਿਸ਼ ਕੀਤੀ ਜਾਣੀ ਚਾਹੀਦੀ ਹੈ ਅਤੇ ਨਾ ਹੀ ਪਾਣੀ ਦੇ ਛਿੱਟੇ ਮਾਰਨੇ ਚਾਹੀਦੇ ਹਨ। ਸਹੀ ਢੰਗ ਨਾਲ ਦਿੱਤੀ ਗਈ ਫਸਟ ਏਡ 60 ਫੀਸਦੀ ਕੀਮਤੀ ਜਾਨਾਂ ਬਚਾਉਣ ’ਚ ਮਦਦਗਾਰ ਸਾਬਤ ਹੋ ਸਕਦੀ ਹੈ। ਸਾਡੇ ਵੱਲੋਂ ਫਸਟ ਏਡ, ਸੀ. ਪੀ. ਆਰ. ਰਿਕਵਰੀ ਪੁਜ਼ੀਸ਼ਨ, ਵੈਂਟੀਲੇਟਰ ਬਣਾਉਟੀ ਸਾਹ ਕਿਰਿਆ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਇਸ ਲਈ ਅਸੀਂ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਅਤੇ ਸਿਹਤ ਮੰਤਰੀ, ਸਿੱਖਿਆ ਵਿਭਾਗ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਸਿੱਖਿਆ ਅਧਿਕਾਰੀ ਨੂੰ ਕਈ ਵਾਰ ਪੱਤਰ ਭੇਜ ਕੇ ਉਨ੍ਹਾਂ ਦੀ ਮਨਜ਼ੂਰੀ ਅਤੇ ਸਹਿਯੋਗ ਮੰਗਿਆ ਹੈ ਤਾਂ ਕਿ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਂ-ਬਾਪ ਤਕ ਇਹ ਟ੍ਰੇਨਿੰਗ ਘਰ-ਘਰ ਪਹੁੰਚਾਈ ਜਾਵੇ ਪਰ ਸਰਕਾਰ ਅਤੇ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਵੀ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਜਦਕਿ ਇਹ ਟ੍ਰੇਨਿੰਗ ਅਸੀਂ ਮੁਫਤ ’ਚ ਦੇਣ ਲਈ ਤਿਆਰ ਹਾਂ।

ਕਾਕਾ ਰਾਮ ਵਰਮਾ (ਲੇਖਕ ਭਾਰਤ ਸਰਕਾਰ ਦੇ ਆਫਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਸੀ. ਪੀ. ਆਰ. ਟ੍ਰੇਨਰ ਹਨ)

 


Rakesh

Content Editor

Related News