ਹੜ੍ਹਾਂ ਦੀ ਲਪੇਟ ’ਚ ! ‘ਪੰਜਾਬ, ਹਿਮਾਚਲ, ਜੰਮੂ-ਕਸ਼ਮੀਰ’ ‘ਸਰਕਾਰੀ ਤੰਤਰ ਦੀ ਨਾਕਾਮੀ ਨਾਲ ਮੁਸੀਬਤ ਵਿਚ ਫਸੇ ਲੋਕ’
Tuesday, Sep 02, 2025 - 08:38 AM (IST)

ਉੱਤਰ ਭਾਰਤ ਵਿਚ ਭਾਰੀ ਵਰਖਾ ਨਾਲ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਤੇ ਬੱਦਲ ਫਟਣ ਦੀਆਂ ਘਟਨਾਵਾਂ ਨਾਲ ਜਾਨ-ਮਾਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਆਦਿ ਵਿਚ ਹੜ੍ਹਾਂ ਦਾ ਭਿਆਨਕ ਰੂਪ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਬੰਨ੍ਹ ਟੁੱਟਣ ਅਤੇ ਕੁਝ ਡੈਮਾਂ ਤੋਂ ਲਗਾਤਾਰ ਪਾਣੀ ਛੱਡੇ ਜਾਣ ਦੇ ਕਾਰਨ ਸਥਿਤੀ ਹੋਰ ਵਿਗੜ ਗਈ ਹੈ ਅਤੇ ਸਰਕਾਰੀ ਤੰਤਰ ਦੀ ਨਾਕਾਮੀ ਦੇ ਕਾਰਨ ਇਨ੍ਹਾਂ ਸੂਬਿਆਂ ਵਿਚ ਲੱਖਾਂ ਲੋਕ ਮੁਸੀਬਤ ਵਿਚ ਫਸ ਗਏ ਹਨ।
ਪੰਜਾਬ ਦੇ 23 ਜ਼ਿਲਿਆਂ ਵਿਚੋਂ 12 ਜ਼ਿਲਿਆਂ ਅੰਮ੍ਰਿਤਸਰ, ਬਰਨਾਲਾ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ , ਮਾਨਸਾ, ਮੋਗਾ, ਪਠਾਨਕੋਟ, ਐੱਸ. ਏ. ਐੱਸ. ਨਗਰ ਦੇ 1044 ਪਿੰਡਾਂ ਦੇ 2 ਲੱਖ 56 ਹਜ਼ਾਰ ਲੋਕਾਂ ਨੂੰ ਹੜ੍ਹਾਂ ਨਾਲ ਨੁਕਸਾਨ ਪਹੁੰਚਿਆ ਹੈ ਅਤੇ ਹੁਣ ਤਕ 29 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹਿਮਾਚਲ ਪ੍ਰਦੇਸ਼ ਦੇ ਸੂਬਾਈ ਹੰਗਾਮੀ ਸੰਚਾਲਨ ਕੇਂਦਰ ਦੇ ਅੰਕੜਿਆਂ ਅਨੁਸਾਰ ਹਿਮਾਚਲ ਪ੍ਰਦੇਸ਼ ਵਿਚ 30 ਅਗਸਤ ਤਕ ਅਚਾਨਕ ਹੜ੍ਹ ਆਉਣ ਦੀਆਂ 91, ਬੱਦਲ ਫਟਣ ਦੀਆਂ 45 ਅਤੇ ਅਚਾਨਕ ਜ਼ਮੀਨ ਖਿਸਕਣ ਦੀਆਂ 93 ਘਟਨਾਵਾਂ ਹੋਈਆਂ ਹਨ। ਇਸ ਕਾਰਨ 822 ਸੜਕਾਂ, 1236 ਬਿਜਲੀ ਟਰਾਂਸਫਾਰਮ ਅਤੇ 424 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। 441 ਘਰ ਪੂਰੀ ਤਰ੍ਹਾਂ ਜਾਂ ਅੰਸ਼ਿਕ ਤੌਰ ’ਤੇ ਨੁਕਸਾਨੇ ਗਏ ਹਨ। ਹੜ੍ਹ ਦੇ ਕਾਰਨ ਹਿਮਾਚਲ ਪ੍ਰਦੇਸ਼ ਵਿਚ ਹੁਣ ਤਕ ਕਰੀਬ 3,040 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।
ਹਰਿਆਣਾ ਦੇ ਸਿਰਸਾ ਜ਼ਿਲੇ ਵਿਚ ਲੱਗਭਗ 2630 ਏਕੜ ਵਿਚ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਘੱਗਰ ਅਤੇ ਯਮੁਨਾ ਵਰਗੀਆਂ ਨਦੀਆਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ,ਜਿਸ ਕਾਰਨ ਕਈ ਪਿੰਡਾਂ ਵਿਚ ਹੜ੍ਹ ਵਰਗੇ ਹਾਲਾਤ ਹਨ। ਅੰਬਾਲਾ ਵਿਚ ਟਾਂਗਰੀ ਨਦੀ ਵੀ ਪੂਰੀ ਸ਼ੂਕ ਰਹੀ ਹੈ, ਜਿਸ ਕਾਰਨ ਕਈ ਇਲਾਕਿਆਂ ਵਿਚ ਹੜ੍ਹ੍ ਦਾ ਖਤਰਾ ਹੈ।
ਜੰਮੂ-ਕਸ਼ਮੀਰ ਦੇ ਜੰਮੂ ਡਵੀਜ਼ਨ ਵਿਚ ਮੀਂਹ ਨਾਲ ਸਬੰਧਤ ਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ 122 ਤਕ ਪਹੁੰਚ ਗਈ ਹੈ। ਵੈਸ਼ਨੋ ਦੇਵੀ ਮੰਦਰ ਮਾਰਗ ’ਤੇ ਜ਼ਮੀਨ ਖਿਸਕਣ ਨਾਲ 34 ਤੀਰਥ ਯਾਤਰੀਆਂ ਦੀ, ਜਦਕਿ ਡੋਡਾ ਜ਼ਿਲੇ ਵਿਚ 4 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕਿਸ਼ਤਵਾੜ ਵਿਚ ਬੱਦਲ ਫਟਣ ਨਾਲ 65 ਲੋਕਾਂ ਦੀ ਜਾਨ ਚਲੀ ਗਈ। ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਦੇ ਕਾਰਨ ਫਲਾਂ ਨਾਲ ਲੱਦੇ 1000 ਤੋਂ ਵੱਧ ਟਰੱਕ ਫਸੇ ਹੋਏ ਹਨ। ਅਨੁਮਾਨ ਹੈ ਕਿ ਸਿਰਫ ਇਸੇ ਨਾਲ ਹੀ 100 ਕਰੋੜ ਤੋਂ ਵੱਧ ਦਾ ਨੁਕਸਾਨ ਹੋ ਸਕਦਾ ਹੈ।
ਪੰਜਾਬ ਦੇ ਹੜ੍ਹ ਪ੍ਰਭਾਵਿਤ ਜ਼ਿਲਿਆਂ ਵਿਚ ਕੁੱਲ 129 ਰਾਹਤ ਕੈਂਪ ਖੋਲ੍ਹੇ ਗਏ ਹਨ,ਜਿਨ੍ਹਾਂ ਵਿਚ 7144 ਲੋਕਾਂ ਨੂੰ ਲਿਆਂਦਾ ਗਿਆ ਹੈ। ਹੁਣ ਤਕ 15688 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਜਾ ਚੁੱਕਾ ਹੈ। ਪੰਜਾਬ ਵਿਚ ਹੀ ਕੁੱਲ 94061 ਹੈਕਟੇਅਰ ਰਕਬੇ ਵਿਚ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਐੱਨ. ਡੀ. ਆਰ. ਐੱਫ. ਦੀਆਂ 20 ਟੀਮਾਂ ਤੋਂ ਇਲਾਵਾ ਭਾਰਤੀ ਏਅਰਫੋਰਸ ਅਤੇ ਫੌਜ ਦੇ 30 ਤੋਂ 35 ਹੈਲੀਕਾਪਟਰ ਅਤੇ ਰਾਜ ਸਰਕਾਰ ਦਾ ਇਕ ਹੈਲੀਕਾਪਟਰ ਲੋਕਾਂ ਨੂੰ ਹੜ੍ਹ-ਗ੍ਰਸਤ ਇਲਾਕਿਆਂ ਵਿਚੋਂ ਕੱਢਣ ਦੇ ਕੰਮ ਵਿਚ ਲੱਗਾ ਹੋਇਆ ਹੈ ਅਤੇ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਹਰਿਆਣਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਵੀ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਇਸ ਹੜ੍ਹ ਦੇ ਲਈ ਕੁਦਰਤੀ ਕਰੋਪੀ ਦੇ ਨਾਲ-ਨਾਲ ਕਿਤੇ ਨਾ ਕਿਤੇ ਸਰਕਾਰੀ ਲਾਪ੍ਰਵਾਹੀ ਵੀ ਨਜ਼ਰ ਆ ਰਹੀ ਹੈ ਕਿਉਂਕਿ ਸਤਲੁਜ ਅਤੇ ਬਿਆਸ ਨਦੀਆਂ ਵਿਚ ਜੇਕਰ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਜਾਰੀ ਰੱਖੀ ਜਾਂਦੀ ਤਾਂ ਇਕਦਮ ਇੰਨੀ ਵੱਡੀ ਮਾਤਰਾ ਵਿਚ ਪਾਣੀ ਛੱਡਣ ਦੀ ਨੌਬਤ ਨਾ ਆਉਂਦੀ। ਸਰਕਾਰ ਦਾ ਮੌਸਮ ਵਿਭਾਗ ਰੋਜ਼ਾਨਾ ਉੱਤਰ ਭਾਰਤ ਦੇ ਰਾਜਾਂ ਵਿਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕਰ ਰਿਹਾ ਸੀ ਪਰ ਇਸ ਚਿਤਾਵਨੀ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਡੈਮਾਂ ਤੋਂ ਪਾਣੀ ਛੱਡਣ ਦਾ ਪ੍ਰਬੰਧ ਸਹੀ ਤਰੀਕੇ ਨਾਲ ਨਹੀਂ ਕੀਤਾ ਗਿਆ।
ਇਸ ਨਾਲ ਸਥਿਤੀ ਜ਼ਿਆਦਾ ਵਿਗੜੀ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਮਾਨਸੂਨ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੜ੍ਹਾਂ ਦੀ ਰਾਹਤ ਲਈ ਉਚਿਤ ਤਿਆਰੀਆਂ ਨਹੀਂ ਕੀਤੀਆਂ।
ਕਈ ਜ਼ਿਲਿਆਂ ਵਿਚ ਤਾਂ ਪ੍ਰਸ਼ਾਸਨ ਦੇ ਕੋਲ ਹੜ੍ਹਾਂ ਵਿਚ ਫਸੇ ਲੋਕਾਂ ਨੂੰ ਕੱਢਣ ਲਈ ਕਿਸ਼ਤੀਆਂ ਵੀ ਨਹੀਂ ਸਨ,ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋਈ। ਸ਼ਹਿਰਾਂ ਤੋਂ ਪਾਣੀ ਦੀ ਹੰਗਾਮੀ ਨਿਕਾਸੀ ਲਈ ਵੀ ਸੀਵਰੇਜ ਸਿਸਟਮ ਨੂੰ ਦਰੁੱਸਤ-ਸਾਫ ਕੀਤਾ ਜਾਣਾ ਜ਼ਰੂਰੀ ਸੀ, ਜੋ ਕਿ ਨਹੀਂ ਕੀਤਾ ਗਿਆ।
ਨਿਸ਼ਚਿਤ ਤੌਰ ’ਤੇ ਇਸ ਦੀ ਜਾਂਚ ਕਰ ਕੇ ਜ਼ਿੰਮੇਵਾਰ ਅਫਸਰਾਂ ਵਿਰੁੱਧ ਕਾਰਵਾਈ ਵੀ ਕੀਤੇ ਜਾਣ ਅਤੇ ਸਬਕ ਲੈਣ ਦੀ ਲੋੜ ਹੈ ਤਾਂ ਕਿ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਇਸਦੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਇਸ ਪਾਸੇ ਧਿਆਨ ਦੇ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ।
-ਵਿਜੇ ਕੁਮਾਰ