ਦੇਸ਼ ’ਚ ਥਾਂ-ਥਾਂ ਫੜੇ ਜਾ ਰਹੇ ਨਾਜਾਇਜ਼ ਹਥਿਆਰ ਬਣਾਉਣ ਦੇ ਕਾਰਖਾਨੇ
Wednesday, Oct 16, 2024 - 03:52 AM (IST)
ਅੱਜ ਇਕ ਪਾਸੇ ਪਾਕਿਸਤਾਨ ਵਲੋਂ ਭਾਰਤ ’ਚ ਹਥਿਆਰ ਅਤੇ ਨਸ਼ੇ ਭਿਜਵਾਏ ਜਾ ਰਹੇ ਹਨ ਤਾਂ ਦੂਜੇ ਪਾਸੇ ਰਾਸ਼ਟਰ ਵਿਰੋਧੀ ਤੱਤਾਂ ਨੇ ਭਾਰਤ ’ਚ ਹੀ ਨਾਜਾਇਜ਼ ਹਥਿਆਰਾਂ ਦਾ ਨਿਰਮਾਣ ਅਤੇ ਸਮੱਗਲਿੰਗ ਸ਼ੁਰੂ ਕੀਤੀ ਹੋਈ ਹੈ ਜੋ ਹੇਠ ਲਿਖੀਆਂ ਕੁਝ ਉਦਾਹਰਣਾਂ ਤੋਂ ਸਪੱਸ਼ਟ ਹੈ :
* 28 ਅਗਸਤ ਨੂੰ ਬੁਰਹਾਨਪੁਰ (ਮੱਧ ਪ੍ਰਦੇਸ਼) ਦੀ ‘ਖਕਨਾਰ’ ਪੁਲਸ ਨੇ ਨਾਜਾਇਜ਼ ਹਥਿਆਰ ਸਪਲਾਈ ਕਰਨ ਵਾਲੇ ਲਖਨ ਨਾਂ ਦੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ 5 ਪਿਸਤੌਲ ਬਰਾਮਦ ਕਰਨ ਤੋਂ ਬਾਅਦ ਉਸ ਦੀ ਸੂਚਨਾ ’ਤੇ ਪਚੌਰੀ ’ਚ ਨਾਜਾਇਜ਼ ਹਥਿਆਰ ਬਣਾਉਣ ਦੀ ਫੈਕਟਰੀ ’ਤੇ ਛਾਪਾ ਮਾਰ ਕੇ 10 ਪਿਸਤੌਲ ਅਤੇ ਨਾਜਾਇਜ਼ ਹਥਿਆਰ ਬਣਾਉਣ ’ਚ ਵਰਤੀ ਜਾਣ ਵਾਲੀ ਸਮੱਗਰੀ ਜ਼ਬਤ ਕੀਤੀ।
* 9 ਸਤੰਬਰ ਨੂੰ ਮੁਰਾਦਾਬਾਦ (ਉੱਤਰ ਪ੍ਰਦੇਸ਼) ਪੁਲਸ ਨੇ ‘ਲੱਕੜੀ ਫਜਲਪੁਰ’ ਪਿੰਡ ’ਚ ਨਾਜਾਇਜ਼ ਹਥਿਆਰਾਂ ਦੀ ਇਕ ਫੈਕਟਰੀ ’ਤੇ ਛਾਪਾ ਮਾਰ ਕੇ 20 ਤਮੰਚੇ, 30 ਅਧਬਣੇ ਤਮੰਚਿਆਂ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।
* 6 ਅਕਤੂਬਰ ਨੂੰ ਦਿੱਲੀ ਪੁਲਸ ਨੇ ਇਕਰਾਮ ਅਤੇ ਮਾਸ਼ੂਕ ਅਲੀ ਨਾਂ ਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਇਕ ਨਾਜਾਇਜ਼ ਬੰਦੂਕ ਨਿਰਮਾਣ ਫੈਕਟਰੀ ਦਾ ਪਰਦਾਫਾਸ਼ ਕਰਕੇ ਮੇਰਠ ਦੇ ਇਕ ਫਲੈਟ ਤੋਂ 16 ਦੇਸੀ ਪਿਸਤੌਲ, 6 ਕਾਰਤੂਸ, ਦੇਸੀ ਪਿਸਤੌਲ ਦੇ 41 ਬੈਰਲ ਅਤੇ ਨਾਜਾਇਜ਼ ਹਥਿਆਰ ਬਣਾਉਣ ’ਚ ਵਰਤੇ ਜਾਣ ਵਾਲੇ 6 ਯੰਤਰ ਜ਼ਬਤ ਕੀਤੇ।
* 6 ਅਕਤੂਬਰ ਨੂੰ ਹੀ ਨਵਾਦਾ (ਬਿਹਾਰ) ਦੇ ‘ਖਲਸਾ ਢਿਬਰੀ’ ਪਿੰਡ ’ਚ ਇਕ ਮਿੰਨੀ ਗੰਨ ਫੈਕਟਰੀ ’ਚੋਂ 3 ਦੇਸੀ ਬੰਦੂਕਾਂ, 3 ਦੇਸੀ ਪਿਸਤੌਲ ਅਤੇ ਹਥਿਆਰ ਬਣਾਉਣ ਦੇ ਔਜ਼ਾਰਾਂ ਸਮੇਤ 2 ਮੁਲਜ਼ਮਾਂ ‘ਕਾਰੋ ਮਿਸਤਰੀ’ ਅਤੇ ‘ਗੋਰੂ ਮੀਆਂ’ ਨੂੰ ਗ੍ਰਿਫਤਾਰ ਕੀਤਾ।
ਆਮ ਤੌਰ ’ਤੇ ਅਸੀਂ ਪਾਕਿਸਤਾਨ ’ਤੇ ਭਾਰਤ ’ਚ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਕਰਵਾਉਣ ਦੇ ਦੋਸ਼ ਲਗਾਉਂਦੇ ਰਹਿੰਦੇ ਹਾਂ ਪਰ ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਇਥੇ ਤਾਂ ਆਪਣੇ ਹੀ ਦੇਸ਼ ’ਚ ਥਾਂ-ਥਾਂ ਨਾਜਾਇਜ਼ ਹਥਿਆਰ ਬਣਾਉਣ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਹਨ।
ਇਸ ਲਈ ਇਨ੍ਹਾਂ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰ ਕੇ ਇਨ੍ਹਾਂ ਗਿਰੋਹਾਂ ਦੀ ਜੜ੍ਹ ਤੱਕ ਪਹੁੰਚਣਾ ਅਤੇ ਉਨ੍ਹਾਂ ਨੂੰ ਮੁੱਢੋਂ ਨਸ਼ਟ ਕਰਨ ਲਈ ਸਰਕਾਰ ਨੂੰ ਤਤਕਾਲ ਸਖਤ ਤੋਂ ਸਖਤ ਕਦਮ ਚੁੱਕਣ ਦੀ ਲੋੜ ਹੈ।
–ਵਿਜੇ ਕੁਮਾਰ