ਸਿੱਧਰਮਈਆ ਨੂੰ ਅਹੁਦਾ ਛੱਡਣਾ ਪਿਆ ਤਾਂ ਉਨ੍ਹਾਂ ਦੀ ਥਾਂ ਕੌਣ ਲਵੇਗਾ
Saturday, Jan 11, 2025 - 05:41 PM (IST)
ਕਾਂਗਰਸ ਦੇ ਖਿਲਾਫ ‘ਇੰਡੀਆ’ ਗੱਠਜੋੜ ਵਿਚ ਤ੍ਰਿਣਮੂਲ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ‘ਆਪ’ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ, ਊਧਵ ਠਾਕਰੇ ਦੀ ਸ਼ਿਵ ਸੈਨਾ (ਯੂ. ਬੀ. ਟੀ.) ਨੇ ਵੀ ‘ਆਪ’ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ ਅਤੇ ਅਗਲੇ ਕੁਝ ਦਿਨਾਂ ਵਿਚ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੀ ਹਮਾਇਤ ਵਿਚ ਪ੍ਰਚਾਰ ਕਰਨ ਦੀ ਯੋਜਨਾ ਬਣਾ ਰਹੀ ਹੈ।
ਕੇਜਰੀਵਾਲ ਲਗਾਤਾਰ ਊਧਵ ਠਾਕਰੇ ਦੇ ਸੰਪਰਕ ਵਿਚ ਹਨ। ਨਾ ਤਾਂ ਤ੍ਰਿਣਮੂਲ ਅਤੇ ਨਾ ਹੀ ਸਪਾ ਦੀ ਰਾਸ਼ਟਰੀ ਰਾਜਧਾਨੀ ਵਿਚ ਕੋਈ ਵੱਡੀ ਮੌਜੂਦਗੀ ਹੈ, ਪਰ ਰਾਸ਼ਟਰੀ ਪੱਧਰ ’ਤੇ ਕਾਂਗਰਸ ਲਈ ਸਥਿਤੀ ਮਾੜੀ ਹੈ ਕਿਉਂਕਿ ‘ਇੰਡੀਆ’ ਗੱਠਜੋੜ ਵਿਚ ਵੱਧ ਤੋਂ ਵੱਧ ਪਾਰਟੀਆਂ ਹਰਿਆਣਾ ਅਤੇ ਮਹਾਰਾਸ਼ਟਰ ’ਚ ਹਾਰ ਤੋਂ ਬਾਅਦ ਵੱਡੀ ਪੁਰਾਣੀ ਪਾਰਟੀ ਨੂੰ ਨਿਸ਼ਾਨਾ ਬਣਾ ਰਹੀਆਂ ਹਨ।
ਜਿੱਥੇ ਦਿੱਲੀ ਕਾਂਗਰਸ ਦੇ ਆਗੂ ‘ਆਪ’ ਦਾ ਸਖ਼ਤ ਵਿਰੋਧ ਕਰ ਰਹੇ ਹਨ, ਉੱਥੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਰਾਸ਼ਟਰੀ ਰਾਜਨੀਤਿਕ ਦ੍ਰਿਸ਼ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਵਿਚਕਾਰਲਾ ਰਸਤਾ ਅਪਣਾ ਰਹੀ ਹੈ। ਇਸ ਦੌਰਾਨ, ਮਮਤਾ ਬੈਨਰਜੀ ਨੇ ਗੱਠਜੋੜ ਦੀ ਅਗਵਾਈ ਕਰਨ ਦੀ ਆਪਣੀ ਇੱਛਾ ਜ਼ਾਹਿਰ ਕੀਤੀ ਹੈ, ਇਕ ਅਜਿਹਾ ਕਦਮ ਜਿਸ ਨੇ ਕਥਿਤ ਤੌਰ ’ਤੇ ਕਾਂਗਰਸ ਪਾਰਟੀ ’ਤੇ ਦਬਾਅ ਪਾਇਆ ਹੈ, ਜਿਸ ਨੂੰ ਬਹੁਤ ਸਾਰੇ ਲੋਕ ਲੀਡਰਸ਼ਿਪ ਸੰਕਟ ਦਾ ਸਾਹਮਣਾ ਕਰਦੇ ਹੋਏ ਦੇਖ ਰਹੇ ਹਨ। ਸਪਾ ਅਤੇ ਟੀ. ਐੱਮ. ਸੀ. ਦੋਵਾਂ ਤੋਂ ਪ੍ਰਾਪਤ ਹਮਾਇਤ ਕਾਂਗਰਸ ਦੀ ਸਥਿਤੀ ਲਈ ਸਿੱਧੀ ਚੁਣੌਤੀ ਜਾਪਦੀ ਹੈ ਜਦੋਂ ਕਿ ਐੱਨ. ਸੀ. ਪੀ. ਦੇ ਸ਼ਰਦ ਪਵਾਰ ਅਤੇ ਆਰ. ਜੇ. ਡੀ. ਦੇ ਲਾਲੂ ਪ੍ਰਸਾਦ ਯਾਦਵ ਨੇ ਵੀ ਜਨਤਕ ਤੌਰ ’ਤੇ ਬੈਨਰਜੀ ਦੀਆਂ ਲੀਡਰਸ਼ਿਪ ਦੀਆਂ ਇੱਛਾਵਾਂ ਦੀ ਹਮਾਇਤ ਕੀਤੀ ਹੈ, ਜਿਸ ਨਾਲ ਕਾਂਗਰਸ ’ਤੇ ਦਬਾਅ ਹੋਰ ਵਧਿਆ ਹੈ।
ਦੂਜੇ ਪਾਸੇ, ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵੀਰਵਾਰ ਨੂੰ ਵਿਰੋਧੀ ਗੱਠਜੋੜ ਬਾਰੇ ਸਪੱਸ਼ਟਤਾ ਦੀ ਮੰਗ ਕੀਤੀ। ਅਬਦੁੱਲਾ ਨੇ ਕਿਹਾ ਕਿ ਜੇਕਰ ਗੱਠਜੋੜ ਸਿਰਫ਼ ਲੋਕ ਸਭਾ ਚੋਣਾਂ ਲਈ ਹੈ, ਤਾਂ ਇਸ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਅਤੇ ਵਿਰੋਧੀ ਪਾਰਟੀਆਂ ਨੂੰ ਵੱਖਰੇ ਤੌਰ ’ਤੇ ਕੰਮ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਕ ਵਾਰ ਫਿਰ ਲੀਡਰਸ਼ਿਪ ਦੀ ਬਹਿਸ ਸ਼ੁਰੂ ਹੋ ਗਈ ਹੈ ਅਤੇ ਗੈਰ-ਕਾਂਗਰਸੀ ਪਾਰਟੀਆਂ ਤੋਂ ਮਿਲ ਰਹੀ ਹਮਾਇਤ ਭਾਜਪਾ ਨੂੰ ਇਕ ਸਖਤ ਚੁਣੌਤੀ ਦੇਣ ਲਈ ਵਿਰੋਧੀ ਧਿਰ ਦੇ ਅੰਦਰ ਏਕਤਾ ਦੀ ਲੋੜ ਨੂੰ ਉਜਾਗਰ ਕਰਦੀ ਹੈ।
ਸਿੱਧਰਮਈਆ ਨੂੰ ਅਹੁਦਾ ਛੱਡਣਾ ਪਿਆ, ਤਾਂ ਉਨ੍ਹਾਂ ਦੀ ਜਗ੍ਹਾ ਕੌਣ ਲਵੇਗਾ : ਕਾਂਗਰਸ ਦੇ ਐੱਸ. ਸੀ./ਐੱਸ. ਟੀ. ਆਗੂਆਂ ਦੇ ਰਾਤ ਦੇ ਖਾਣੇ ਨੂੰ ਮੁਲਤਵੀ ਕਰਨ ਨੂੰ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਦੀ ਇਕ ਹੋਰ ਚੁੱਪ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ, ਜੋ ਉਨ੍ਹਾਂ ਚਾਲਾਂ ਨੂੰ ਰੋਕਣ ਵਿਚ ਸਫਲ ਰਹੇ ਹਨ ਜੋ ਸੰਭਾਵੀ ਤੌਰ ’ਤੇ ਉਨ੍ਹਾਂ ਦੀਆਂ ਰਾਜਨੀਤਿਕ ਸੰਭਾਵਨਾਵਾਂ ਨੂੰ ਰੋਕ ਸਕਦੀਆਂ ਸਨ। ਇਸ ਦੇ ਨਾਲ ਹੀ ਇਹ ਚਰਚਾ ਵੀ ਚੱਲ ਰਹੀ ਹੈ ਕਿ ਜੇਕਰ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੂੰ ਅਹੁਦਾ ਛੱਡਣਾ ਪੈਂਦਾ ਹੈ ਤਾਂ ਉਨ੍ਹਾਂ ਦੀ ਜਗ੍ਹਾ ਕੌਣ ਲਵੇਗਾ। ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਸਭ ਨੂੰ ਪਤਾ ਹੈ।
ਐੱਸ. ਸੀ./ਐੱਸ. ਟੀ. ਆਗੂਆਂ ਦੀ ਰਾਤ ਦੇ ਖਾਣੇ ਦੀ ਮੀਟਿੰਗ ਅਤੇ ਇਕ ਵੱਡੀ ਕਾਨਫਰੰਸ ਦੀ ਉਨ੍ਹਾਂ ਦੀ ਯੋਜਨਾ ਦਲਿਤ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦੀ ਮੰਗ ਨੂੰ ਮੁੜ ਸੁਰਜੀਤ ਕਰ ਸਕਦੀ ਹੈ, ਜਿਸ ਨਾਲ ਸ਼ਿਵਕੁਮਾਰ ਦੀਆਂ ਸੰਭਾਵਨਾਵਾਂ ਖਤਮ ਹੋ ਸਕਦੀਆਂ ਸਨ। ਕਾਂਗਰਸ ਹਾਈਕਮਾਨ ਨੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੂੰ ਰਾਤ ਦੇ ਖਾਣੇ ਦੀ ਮੀਟਿੰਗ ਟਾਲਣ ਲਈ ਕਿਹਾ, ਜੋ ਕਿ ਸ਼ਿਵਕੁਮਾਰ ਦੇ ਏ. ਆਈ. ਸੀ. ਸੀ. ਦੇ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨਾਲ ਮੀਟਿੰਗ ਦੇ ਥੋੜ੍ਹੀ ਦੇਰ ਬਾਅਦ ਹੋਈ ਸੀ।
ਕਾਂਗਰਸ ਸੂਤਰਾਂ ਅਨੁਸਾਰ, ਸਿੱਧਰਮਈਆ ਐੱਚ. ਸੀ. ਮਹਾਦੇਵੱਪਾ ਜਾਂ ਸਤੀਸ਼ ਜਰਕੀਹੋਲੀ ਨੂੰ ਆਪਣੀ ਹਮਾਇਤ ਦੇ ਸਕਦੇ ਹਨ। ਮਹਾਦੇਵੱਪਾ ਦਲਿਤ ਹਨ, ਜਦੋਂ ਕਿ ਜਰਕੀਹੋਲੀ ਅਨੁਸੂਚਿਤ ਜਨਜਾਤੀ (ਐੱਸ. ਟੀ.) ਭਾਈਚਾਰੇ ਨਾਲ ਸਬੰਧਤ ਹਨ ਪਰ ਕਿਹਾ ਜਾਂਦਾ ਹੈ ਕਿ ਸਤੀਸ਼ ਜਰਕੀਹੋਲੀ ਅਤੇ ਐੱਚ. ਸੀ. ਮਹਾਦੇਵੱਪਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ, ਸ਼ਾਇਦ ਜੇ. ਡੀ. (ਐੱਸ) ਨਾਲ ਉਨ੍ਹਾਂ ਦੇ ਇਤਿਹਾਸ ਕਾਰਨ।
ਦੂਜੇ ਪਾਸੇ, ਕਾਂਗਰਸ ਹਾਈਕਮਾਨ ਕਰਨਾਟਕ ਦੇ ਗ੍ਰਹਿ ਮੰਤਰੀ ਅਤੇ ਦਲਿਤ ਭਾਈਚਾਰੇ ਦੇ ਪ੍ਰਮੁੱਖ ਨੇਤਾ ਜੀ. ਪਰਮੇਸ਼ਵਰ ਦੇ ਹੱਕ ਵਿਚ ਹੈ। ਸੱਤਾਧਾਰੀ ਕਾਂਗਰਸ ਅੰਦਰ ਮਾਰਚ ਤੋਂ ਬਾਅਦ ਸੂਬੇ ਵਿਚ ਮੁੱਖ ਮੰਤਰੀ ਦੀ ਸੰਭਾਵਿਤ ਤਬਦੀਲੀ ਬਾਰੇ ਅਟਕਲਾਂ ਜ਼ੋਰਾਂ ’ਤੇ ਹਨ, ਜਿਸ ਵਿਚ ਰੋਟੇਸ਼ਨਲ ਮੁੱਖ ਮੰਤਰੀ ਜਾਂ ਸੱਤਾ-ਵੰਡ ਫਾਰਮੂਲਾ ਸ਼ਾਮਲ ਹੈ।
ਐੱਨ. ਸੀ. ਪੀ. ਦੇ ਦੋ ਧੜਿਆਂ ਵਿਚਾਲੇ ਸਬੰਧ ਫਿਰ ਵਿਗੜ ਗਏ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਦੋਵਾਂ ਧੜਿਆਂ ਵਿਚਕਾਰ ਸਬੰਧ ਇਕ ਵਾਰ ਫਿਰ ਵਿਗੜ ਗਏ ਹਨ। ਰਿਪੋਰਟਾਂ ਆ ਰਹੀਆਂ ਹਨ ਕਿ ਅਜੀਤ ਪਵਾਰ ਦੀ ਅਗਵਾਈ ਵਾਲੇ ਧੜੇ ਨੇ ਸ਼ਰਦ ਪਵਾਰ ਦੀ ਅਗਵਾਈ ਵਾਲੇ ਕੈਂਪ ਦੇ ਸੰਸਦ ਮੈਂਬਰਾਂ ਨੂੰ ਆਪਣੇ ਪਾਸੇ ਿਲਆਉਣ ਦੀ ਕੋਸ਼ਿਸ਼ ਕੀਤੀ ਹੈ।
ਸੂਤਰਾਂ ਅਨੁਸਾਰ, ਅਜੀਤ ਪਵਾਰ ਦੀ ਅਗਵਾਈ ਵਾਲੇ ਧੜੇ ਦੇ ਆਗੂਆਂ ਨੇ ਆਪਣੇ 8 ਵਿਚੋਂ 7 ਸੰਸਦ ਮੈਂਬਰਾਂ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਛੱਡ ਕੇ ਆਪਣੇ ਕੈਂਪ ਵਿਚ ਸ਼ਾਮਲ ਹੋਣ ਦਾ ਪ੍ਰਸਤਾਵ ਦਿੱਤਾ ਹੈ ਪਰ ਐੱਨ. ਸੀ. ਪੀ. ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਅਜਿਹਾ ਕੋਈ ਪ੍ਰਸਤਾਵ ਸੀ।
ਸ਼ਿਵ ਸੈਨਾ (ਯੂ. ਬੀ. ਟੀ.) ਦੇ ਨੇਤਾ ਸੰਜੇ ਰਾਊਤ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਭਾਜਪਾ ਨੇ ਅਜੀਤ ਪਵਾਰ ਅਤੇ ਉਨ੍ਹਾਂ ਦੇ ਧੜੇ ਨੂੰ ਕੇਂਦਰ ਸਰਕਾਰ ਵਿਚ ਕੈਬਨਿਟ ਅਹੁਦੇ ਦੇ ਬਦਲੇ ਸ਼ਰਦ ਪਵਾਰ ਦੇ 8 ਲੋਕ ਸਭਾ ਸੰਸਦ ਮੈਂਬਰਾਂ ਨੂੰ ਆਪਣੇ ਪੱਖ ਵਿਚ ਲਿਆਉਣ ਦਾ ਕੰਮ ਸੌਂਪਿਆ ਸੀ। ਦੂਜੇ ਪਾਸੇ, ਸ਼ਰਦ ਪਵਾਰ ਨੇ ਆਪਣੀ ਪਾਰਟੀ ਦੇ ਨੇਤਾਵਾਂ ਨਾਲ ਇਕ ਮੀਟਿੰਗ ਕੀਤੀ ਜਿੱਥੇ ਉਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਰਲੇਵੇਂ ਬਾਰੇ ਐੱਨ. ਸੀ. ਪੀ. ਦੇ ਦੋਵਾਂ ਧੜਿਆਂ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ ਹੈ।
ਦਿੱਲੀ ਵਿਧਾਨ ਸਭਾ ਚੋਣਾਂ ’ਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਹੀ ਹੈ ਕਾਂਗਰਸ : ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਪ੍ਰਮੁੱਖ ਚੋਣ ਹਾਰਾਂ ਦੇ ਮੱਦੇਨਜ਼ਰ, ਕਾਂਗਰਸ ਹੁਣ ਰਾਜ ਵਿਚ ਆਪਣੀ ਕਿਸਮਤ ਅਜ਼ਮਾਉਣ ਲਈ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਵੱਲ ਆਪਣਾ ਧਿਆਨ ਕੇਂਦ੍ਰਿਤ ਕਰ ਰਹੀ ਹੈ। ਕਾਂਗਰਸ ਆਪਣੇ ਆਪ ਨੂੰ ਸੰਭਾਵੀ ਵਾਪਸੀ ਲਈ ਤਿਆਰ ਕਰ ਰਹੀ ਹੈ, ਇਹ ਉਮੀਦ ਕਰਦੇ ਹੋਏ ਕਿ ‘ਆਪ’ ਸ਼ਾਸਨ ਨਾਲ ਅਸਹਿਮਤੀ ਅਤੇ ਨਾਖੁਸ਼ੀ ਇਸ ਨੂੰ ਦੁਬਾਰਾ ਉੱਠਣ ਦਾ ਮੌਕਾ ਦੇ ਸਕਦੀ ਹੈ। ਪਾਰਟੀ ਹਮਾਇਤ ਵਿਚ ਮਾਮੂਲੀ ਵਾਧਾ ਸਵੀਕਾਰ ਕਰ ਰਹੀ ਹੈ, ਖਾਸ ਕਰਕੇ ‘ਆਪ’ ਦੀਆਂ ਅਸਫਲਤਾਵਾਂ ਦੇ ਮੱਦੇਨਜ਼ਰ।
ਭਾਵੇਂ ਪਾਰਟੀ ਦਾ ਮੈਨੀਫੈਸਟੋ ਅਜੇ ਵੀ ਤਿਆਰ ਕੀਤਾ ਜਾ ਰਿਹਾ ਹੈ, ਪਰ ਕਾਂਗਰਸ ਪਹਿਲਾਂ ਹੀ ਆਪਣਾ ਪਹਿਲਾ ਵੱਡਾ ਵਾਅਦਾ ਪੇਸ਼ ਕਰ ਚੁੱਕੀ ਹੈ। ਕਾਂਗਰਸ ‘ਪਿਆਰੀ ਦੀਦੀ ਯੋਜਨਾ’, ਜੋ ਦਿੱਲੀ ਵਿਚ ਯੋਗ ਔਰਤਾਂ ਲਈ 2,500 ਰੁਪਏ ਪ੍ਰਤੀ ਮਹੀਨਾ ਦੀ ਗਾਰੰਟੀ ਦਿੰਦੀ ਹੈ ਅਤੇ ਰਾਜਧਾਨੀ ਦੇ ਨਿਵਾਸੀਆਂ ਨੂੰ 25 ਲੱਖ ਰੁਪਏ ਤੱਕ ਦਾ ਯੂਨੀਵਰਸਲ ਸਿਹਤ ਬੀਮਾ ਪ੍ਰਦਾਨ ਕਰਨ ਦੀ ਯੋਜਨਾ ਪੇਸ਼ ਕਰੇਗੀ।
ਕਾਂਗਰਸ ਨੂੰ ਉਮੀਦ ਹੈ ਕਿ ਉਸਦੀ ਗਾਰੰਟੀ ਮੁਹਿੰਮ ਚਰਚਾ ਦਾ ਵਿਸ਼ਾ ਬਣੇਗੀ ਅਤੇ ਇਸ ਦੀ ਹਮਾਇਤ ਦੇ ਆਧਾਰ ਨੂੰ ਮੁੜ ਤੋਂ ਮਜ਼ਬੂਤ ਕਰੇਗੀ। ਔਰਤਾਂ, ਨੌਜਵਾਨਾਂ, ਕਾਮਿਆਂ ਅਤੇ ਸ਼ਹਿਰੀ ਗਰੀਬਾਂ ਨੂੰ ਸੰਬੋਧਿਤ ਕਰਕੇ, ਪਾਰਟੀ ਦਾ ਉਦੇਸ਼ ਲੋਕ-ਹਿਤੈਸ਼ੀ ਬਦਲ ਵਜੋਂ ਆਪਣੇ ਅਕਸ ਨੂੰ ਫਿਰ ਤੋਂ ਮਜ਼ਬੂਤ ਕਰਨਾ ਅਤੇ ਪੁਨਰ ਨਿਰਮਾਣ ਕਰਨਾ ਹੈ।
ਰਾਹਿਲ ਨੋਰਾ ਚੋਪੜਾ