ਹਿੰਦੀ ਪੱਤਰਕਾਰੀ : ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ

Saturday, May 30, 2026 - 04:28 PM (IST)

ਹਿੰਦੀ ਪੱਤਰਕਾਰੀ : ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ

ਹਿੰਦੀ ਪੱਤਰਕਾਰੀ, ਜੋ ਕਦੇ ਇਕ ‘ਮਿਸ਼ਨ’ ਸੀ, ਹੁਣ ਬਾਜ਼ਾਰ ਦੇ ਆਤੰਕ ਅਤੇ ਡਰ ਦੇ ਵਿਚਾਲੇ ਪਿਸ ਰਹੀ ਹੈ। 30 ਮਈ ਨੂੰ ਜਦੋਂ ਦੇਸ਼ ‘ਹਿੰਦੀ ਪੱਤਰਕਾਰੀ ਦਿਵਸ’ ਮਨਾਉਂਦਾ ਹੈ, ਤਾਂ ਇਹ ਉਸ ਯਾਤਰਾ ਦੀ ਯਾਦ ਦਿਵਾਉਂਦਾ ਹੈ ਜਿਸਦੀ ਸ਼ੁਰੂਆਤ 1826 ’ਚ ‘ਉਦੰਤ ਮਾਰਤੰਡ’ ਤੋਂ ਹੋਈ ਸੀ ਅਤੇ ਜੋ ਅੱਜ ਮੋਬਾਈਲ ਸਕ੍ਰੀਨ, ਯੂਟਿਊਬ ਚੈਨਲਾਂ ਅਤੇ ਡਿਜੀਟਲ ਸਟੂਡੀਓਜ਼ ਤੱਕ ਪਹੁੰਚ ਚੁੱਕੀ ਹੈ।

ਤਕਨੀਕ ਦਾ ਨਹੀਂ, ਵਿਸ਼ਵਾਸ ਦਾ ਸੰਕਟ : ਇਕ ਵੱਡਾ ਸਵਾਲ ਹੈ-ਕੀ ਹਿੰਦੀ ਪੱਤਰਕਾਰੀ ਅੱਜ ਵੀ ਓਨੀ ਹੀ ਸੁਤੰਤਰ, ਨਿਡਰ ਅਤੇ ਜਨ-ਪੱਖੀ ਹੈ, ਜਿੰਨੀ ਉਹ ਆਪਣੇ ਸ਼ੁਰੂਆਤੀ ਦੌਰ ’ਚ ਸੀ? ਉਦੋਂ ਲੇਖ ਅਤੇ ਖ਼ਬਰਾਂ ਸੱਚ ਦੀ ਨੀਂਹ ’ਤੇ ਖੜ੍ਹੇ ਹੋ ਕੇ ਸੱਤਾ ਨਾਲ ਟਕਰਾਉਂਦੇ ਸਨ ਅਤੇ ਉਨ੍ਹਾਂ ਦੇ ਨਤੀਜੇ ਸੱਚ ਦਾ ਸ਼ੀਸ਼ਾ ਹੁੰਦੇ ਸਨ। ਜੇਕਰ ਕੋਈ ਸੱਤਾ ਦਾ ਭੁੱਖਾ ਨੰਗਾ ਨਾਚ ਕਰ ਰਿਹਾ ਹੁੰਦਾ, ਤਾਂ ਉਹ ਚਾਹੇ ਜਿੰਨੇ ਮਰਜ਼ੀ ਗਹਿਣੇ ਅਤੇ ਕੀਮਤੀ ਕੱਪੜੇ ਪਾ ਲਵੇ, ਉਸਦਾ ਨੰਗੇਜ ਸਾਹਮਣੇ ਆ ਹੀ ਜਾਂਦਾ ਸੀ। ਪੱਤਰਕਾਰ ਦਾ ਲਿਖਿਆ ਹੋਇਆ ਪਾਠਕਾਂ ਦੇ ਦਿਲ ਨੂੰ ਛੂਹ ਜਾਣ ਕਾਰਨ ਇਕ ਅੰਗਾਰੇ ਵਾਂਗ ਧੁੱਖਦਾ ਰਹਿੰਦਾ ਸੀ ਅਤੇ ਜਦੋਂ ਵੀ ਹਵਾ ਚੱਲਦੀ, ਉਹ ਲਾਟ ਅਤੇ ਅੱਗ ਦਾ ਰੂਪ ਧਾਰਨ ਕਰਕੇ ਸੱਚਾਈ ਨੂੰ ਸਾਹਮਣੇ ਲੈ ਹੀ ਆਉਂਦਾ।

ਗਣੇਸ਼ ਸ਼ੰਕਰ ਵਿਦਿਆਰਥੀ, ਮਾਖਨਲਾਲ ਚਤੁਰਵੇਦੀ ਅਤੇ ਬਾਬੂਰਾਓ ਵਿਸ਼ਨੂੰ ਪਰਾੜਕਰ ਵਰਗੇ ਨਾਂ ਉਸ ਦੌਰ ਦੀ ਯਾਦ ਦਿਵਾਉਂਦੇ ਹਨ, ਜਦੋਂ ਪੱਤਰਕਾਰੀ ਨੌਕਰੀ ਨਹੀਂ, ਸਗੋਂ ਰਾਸ਼ਟਰੀ ਚੇਤਨਾ ਦੀ ਇਕ ਮੁਹਿੰਮ ਸੀ। ਪੱਤਰਕਾਰ ਜੇਲ ਜਾਂਦੇ ਸਨ, ਅਖ਼ਬਾਰ ਬੰਦ ਹੁੰਦੇ ਸਨ, ਪਰ ਕਲਮ ਨਹੀਂ ਰੁਕਦੀ ਸੀ।

ਹਿੰਦੀ ਦੀ ਪਹੁੰਚ ਆਮ ਲੋਕਾਂ ਤੱਕ ਸੀ ਅਤੇ ਅੱਜ ਵੀ ਹੈ। ਅੰਗਰੇਜ਼ੀ ’ਚ ਲਿਖਣ ਵਾਲੇ ਲੇਖਕ ਵੀ ਹਿੰਦੀ ’ਚ ਅਨੁਵਾਦ ਜਾਂ ਰੂਪਾਂਤਰਨ ਦੇ ਜ਼ਰੀਏ ਹਿੰਦੀ ਦੇ ਵਿਸ਼ਾਲ ਪਾਠਕ ਵਰਗ ਤੱਕ ਪਹੁੰਚਣ ਲਈ ਉਤਾਵਲੇ ਰਹਿੰਦੇ ਸਨ। ਖੁਸ਼ਵੰਤ ਸਿੰਘ ਅਤੇ ਕੁਲਦੀਪ ਨਈਅਰ ਵਰਗੇ ਪੱਤਰਕਾਰ ਵੀ ਅੰਗਰੇਜ਼ੀ ਦੀ ਬਜਾਏ ਹਿੰਦੀ ’ਚ ਛਪਣ ਕਾਰਨ ਆਮ ਪਾਠਕਾਂ ’ਚ ਪ੍ਰਸਿੱਧ ਹੋਏ। ਲਾਲਾ ਜਗਤ ਨਾਰਾਇਣ ਦੀ ਤਿੱਖੀ ਲੇਖਣੀ ਅਤੇ ਉਨ੍ਹਾਂ ਦੀ ਕੁਰਬਾਨੀ, ਪ੍ਰਭਾਸ਼ ਜੋਸ਼ੀ ਦੀ ਤਿੱਖੀ ਆਲੋਚਨਾ, ਰਾਜੇਂਦਰ ਮਾਥੁਰ ਦੀ ਡੂੰਘਾਈ ਤੱਕ ਜਾਣ ਦੀ ਪ੍ਰਤਿਭਾ ਅਤੇ ਵੇਦ ਪ੍ਰਤਾਪ ਵੈਦਿਕ ਦੀ ਸੰਤੁਲਿਤ ਸ਼ੈਲੀ ਨੇ ਵਿਸ਼ਲੇਸ਼ਣਾਤਮਕ ਲੇਖਣੀ ਨੂੰ ਇਕ ਨਵੀਂ ਉਚਾਈ ਦਿੱਤੀ।

ਇਸੇ ਦੌਰ ’ਚ ਪੱਤਰਕਾਰੀ ਹੌਲੀ-ਹੌਲੀ ਮਿਸ਼ਨਰੀ ਸੰਸਥਾਵਾਂ ’ਚੋਂ ਨਿਕਲ ਕੇ ਨਿੱਜ ਆਧਾਰਿਤ ਹੁੰਦੀ ਗਈ। ਪੱਤਰਕਾਰ ਘਰਾਣਿਆਂ ਨੂੰ ਉਦਯੋਗਪਤੀਆਂ ਵੱਲੋਂ ਆਪਣੇ ਵਿਸ਼ਾਲ ਉਦਯੋਗਿਕ ਸਾਮਰਾਜ ’ਚ ਸ਼ਾਮਲ ਕਰ ਲਿਆ ਗਿਆ। ਸੰਪਾਦਕ ਦੀ ਅਹਿਮੀਅਤ ਘੱਟ ਹੁੰਦੀ ਗਈ ਅਤੇ ਸੰਪਾਦਕੀ ਦਫ਼ਤਰ ਵਪਾਰ ਦੀ ਹੀ ਇਕ ਹੋਰ ਗਤੀਵਿਧੀ ਬਣ ਕੇ ਰਹਿ ਗਿਆ।

ਅਖ਼ਬਾਰੀ ਸਮੂਹ, ਜਿਨ੍ਹਾਂ ਲਈ ਅੰਗਰੇਜ਼ੀ ’ਚ ਪੱਤਰ-ਪੱਤ੍ਰਿਕਾਵਾਂ ਕੱਢਣਾ ਸੱਤਾ ’ਚ ਪੈਠ ਬਣਾਉਣ ਦਾ ਮਕਸਦ ਹੁੰਦਾ ਸੀ, ਉਨ੍ਹਾਂ ਲਈ ਹਿੰਦੀ ’ਚ ਅਖ਼ਬਾਰ ਕੱਢਣਾ ਆਮ ਲੋਕਾਂ ਤੱਕ ਪਹੁੰਚਣ ਦਾ ਰਸਤਾ ਸੀ। ਹਿੰਦੀ ਦੀ ਕਦੇ ਵੀ ਦੂਜੀਆਂ ਭਾਰਤੀ ਭਾਸ਼ਾਵਾਂ ਨਾਲ ਕੋਈ ਦੁਸ਼ਮਣੀ ਜਾਂ ਮੁਕਾਬਲਾ ਨਹੀਂ ਸੀ, ਪਰ ਅੰਗਰੇਜ਼ੀ ਅਕਸਰ ਦੋ ਬਿੱਲੀਆਂ ਦੀ ਲੜਾਈ ’ਚ ਬਾਂਦਰ ਦੀ ਭੂਮਿਕਾ ਨਿਭਾਉਣ ’ਚ ਸਫ਼ਲ ਹੋ ਜਾਂਦੀ ਸੀ।

ਇਸਦਾ ਨਤੀਜਾ ਇਹ ਹੋਇਆ ਕਿ ਜਿੱਥੇ ਅੰਗਰੇਜ਼ੀ ਦੇ ਅਖ਼ਬਾਰ 24, 28 ਜਾਂ 40 ਪੰਨਿਆਂ ਤੱਕ ਦੇ ਹੋਣ ਲੱਗੇ, ਉੱਥੇ ਹਿੰਦੀ ਦੇ ਅਖ਼ਬਾਰ 4, 8 ਜਾਂ 12 ਪੰਨਿਆਂ ਤੱਕ ਸਿਮਟ ਗਏ। ਇਸ ਗੱਲ ਦੇ ਸਬੂਤ ਹਨ ਕਿ ਕਈ ਹਿੰਦੀ ਅਖ਼ਬਾਰ ਇੰਨੇ ਸਮਰੱਥ ਸਨ ਕਿ ਉਹ ਆਪਣੇ ਮੀਡੀਆ ਗਰੁੱਪ ਦੇ ਅੰਗਰੇਜ਼ੀ ਪ੍ਰਕਾਸ਼ਨਾਂ ਦਾ ਖ਼ਰਚਾ ਚਲਾਉਂਦੇ ਸਨ। ਤ੍ਰਾਸਦੀ ਇਹ ਰਹੀ ਕਿ ਇਸ ਸਥਿਤੀ ਦੇ ਬਾਵਜੂਦ ਸਭ ਤੋਂ ਪਹਿਲਾਂ ਹਿੰਦੀ ਦੀਆਂ ਪੱਤਰ-ਪੱਤ੍ਰਿਕਾਵਾਂ ਨੂੰ ਹੀ ਬੰਦ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਵੱਡੇ ਸਮੂਹਾਂ ਨੇ ਸੰਪਾਦਕ ਦੀ ਲੋੜ ਨੂੰ ਘੱਟ ਕਰਦੇ ਹੋਏ ਅਜਿਹਾ ਮਾਡਲ ਅਪਣਾਇਆ, ਜਿਸ ’ਚ ਬਾਜ਼ਾਰ ਦਾ ਦਬਦਬਾ ਹੋਵੇ ਅਤੇ ਬਾਜ਼ਾਰ ਦੇ ਮਾਹਿਰ ਇਹ ਦੱਸਣ ਕਿ ਸੰਪਾਦਕ ਨੂੰ ਆਪਣੀ ਸੰਪਾਦਕੀ ਲਿਖਦੇ ਹੋਏ ਅਤੇ ਹੋਰ ਸਮੱਗਰੀ ਦੀ ਚੋਣ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ। ਇਸ ਕਾਰਨ ਜੁਝਾਰੂ ਪੱਤਰਕਾਰਾਂ ਅਤੇ ਮਿਹਨਤੀ ਸੰਪਾਦਕਾਂ ਦੀ ਭੂਮਿਕਾ ਸਿਰਫ਼ ਆਪਣਾ ਨਾਂ ਛਪਵਾਉਣ ਤੱਕ ਹੀ ਰਹਿ ਗਈ।

ਇਸ ਦੌਰ ’ਚ ਵੀ ਕੁਝ ਹਿੰਦੀ ਅਖ਼ਬਾਰਾਂ ਦੇ ਮਾਲਕ ਪੱਤਰਕਾਰਾਂ ਦੀ ਲੇਖਣੀ ਦੇ ਪੱਖ ’ਚ ਖੜ੍ਹੇ ਰਹੇ ਅਤੇ ਸੁਤੰਤਰ ਤੇ ਤੱਥਾਂ ’ਤੇ ਆਧਾਰਿਤ ਪੱਤਰਕਾਰੀ ਜਿਊਂਦੀ ਰਹੀ। ਅੱਜ ਹਿੰਦੀ ’ਚ ਸਭ ਤੋਂ ਵੱਧ ਪੱਤਰ-ਪੱਤ੍ਰਿਕਾਵਾਂ ਹਨ, ਜੋ ਜ਼ਿਆਦਾਤਰ ਪਿੰਡਾਂ-ਦਿਹਾਤਾਂ ਅਤੇ ਛੋਟੇ ਜ਼ਿਲਿਆਂ ਜਾਂ ਸ਼ਹਿਰਾਂ ’ਚੋਂ ਇਕ ਹੀ ਵਿਅਕਤੀ ਵੱਲੋਂ ਕੱਢੀਆਂ ਜਾਂਦੀਆਂ ਹਨ। ਉੱਥੇ ਸੰਪਾਦਕ, ਪ੍ਰਿੰਟਰ, ਪ੍ਰਕਾਸ਼ਕ ਅਤੇ ਇਸ਼ਤਿਹਾਰ ਇਕੱਠੇ ਕਰਨ ਵਾਲਾ ਉਹ ਖ਼ੁਦ ਹੀ ਹੁੰਦਾ ਹੈ। ਫਿਰ ਵੀ ਇਹ ਹਿੰਦੀ ਪੱਤਰਕਾਰ ਹੀ ਹਨ ਜੋ ਆਪਣੀ ਜਾਨ ਜੋਖ਼ਮ ’ਚ ਪਾ ਕੇ ਭ੍ਰਿਸ਼ਟਾਚਾਰ, ਗੈਰ-ਕਾਨੂੰਨੀ ਮਾਈਨਿੰਗ ਤੋਂ ਲੈ ਕੇ ਮਾਫ਼ੀਆ ਨੈੱਟਵਰਕ ਤੱਕ ਦੀ ਪੋਲ ਖੋਲ੍ਹਦੇ ਹਨ।

ਮੀਡੀਆ ਦੀ ਮੌਨ ਵੰਡ : ਅੰਗਰੇਜ਼ੀ ਪੱਤਰਕਾਰੀ ਨੂੰ ਸੱਤਾ, ਕਾਰਪੋਰੇਟ ਅਤੇ ਅੰਤਰਰਾਸ਼ਟਰੀ ਮੰਚਾਂ ਤੱਕ ਆਸਾਨ ਪਹੁੰਚ ਮਿਲਦੀ ਰਹੀ ਹੈ, ਜਦੋਂ ਕਿ ਹਿੰਦੀ ਅਤੇ ਖੇਤਰੀ ਪੱਤਰਕਾਰੀ ਨੇ ਜ਼ਮੀਨ ਦੀ ਧੂੜ, ਪਿੰਡਾਂ ਦੀਆਂ ਸਮੱਸਿਆਵਾਂ ਅਤੇ ਸਥਾਨਕ ਭ੍ਰਿਸ਼ਟਾਚਾਰ ਦਾ ਸਿੱਧਾ ਸਾਹਮਣਾ ਕੀਤਾ ਹੈ। ਇਹੀ ਸਥਿਤੀ ਹੁਣ ਡਿਜੀਟਲ ਯੁੱਗ ’ਚ ਚੈਨਲਾਂ ਦੀ ਹੈ। ਹਿੰਦੀ ਰਿਪੋਰਟਰ ਦੀ ਜਾਨ ਖ਼ਤਰੇ ’ਚ ਰਹਿੰਦੀ ਹੈ, ਪਰ ਸੁਰੱਖਿਆ ਅਤੇ ਸਹੂਲਤਾਂ ਦੇ ਮਾਮਲੇ ’ਚ ਅੰਗਰੇਜ਼ੀ ਮੀਡੀਆ ਬਾਜ਼ੀ ਮਾਰ ਲੈਂਦਾ ਹੈ। ਇਹ ਕੋਈ ਆਲੋਚਨਾ ਨਹੀਂ, ਸਗੋਂ ਇਕ ਸੱਚਾਈ ਹੈ, ਜਿਸ ਵੱਲ ਨਾ ਤਾਂ ਮਾਲਕਾਂ ਦਾ ਅਤੇ ਨਾ ਹੀ ਸਰਕਾਰ ਦਾ ਧਿਆਨ ਜਾਂਦਾ ਹੈ।

ਇਹੀ ਕਾਰਨ ਹੈ ਕਿ ਭਾਰਤ ’ਚ ਸਭ ਤੋਂ ਵੱਧ ਖ਼ਤਰਾ ਅਕਸਰ ਉਨ੍ਹਾਂ ਪੱਤਰਕਾਰਾਂ ਨੂੰ ਹੁੰਦਾ ਹੈ, ਜੋ ਛੋਟੇ ਸ਼ਹਿਰਾਂ ਅਤੇ ਕਸਬਿਆਂ ’ਚ ਕੰਮ ਕਰਦੇ ਹਨ। ਅੱਜ ਮੋਬਾਈਲ ਫ਼ੋਨ ਨੇ ਹਰ ਵਿਅਕਤੀ ਨੂੰ ਇਕ ਸੰਭਾਵਿਤ ਪੱਤਰਕਾਰ ਬਣਾ ਦਿੱਤਾ ਹੈ। ਯੂਟਿਊਬ ਅਤੇ ਸੋਸ਼ਲ ਮੀਡੀਆ ਨੇ ਪੱਤਰਕਾਰੀ ਨੂੰ ਲੋਕਤੰਤਰਿਕ ਤਾਂ ਬਣਾਇਆ ਹੈ, ਪਰ ਜਦੋਂ ਇਸ ’ਚ ਨਿੱਜੀ ਸੁਆਰਥ ਸ਼ਾਮਲ ਹੋ ਜਾਂਦਾ ਹੈ ਤਾਂ ਇਹ ਕਲੰਕਿਤ ਹੋ ਜਾਂਦੀ ਹੈ। ਵੱਡੇ ਮੀਡੀਆ ਅਦਾਰਿਆਂ ਤੋਂ ਬਾਹਰ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਆਵਾਜ਼ਾਂ ਉੱਭਰ ਰਹੀਆਂ ਹਨ ਅਤੇ ਉਨ੍ਹਾਂ ਦੀ ਪਹੁੰਚ ਵਧ ਰਹੀ ਹੈ।

ਡਿਜੀਟਲ ਯੁੱਗ ਆਪਣੇ ਨਾਲ ਨਵੀਆਂ ਸਮੱਸਿਆਵਾਂ ਵੀ ਲੈ ਕੇ ਆਇਆ ਹੈ, ਜਿਨ੍ਹਾਂ ’ਚ ਫੇਕ ਨਿਊਜ਼, ਟ੍ਰੋਲ ਸੰਸਕ੍ਰਿਤੀ, ਐਲਗੋਰਿਦਮ ’ਤੇ ਆਧਾਰਿਤ ਸਨਸਨੀ, ਵਿਚਾਰਧਾਰਕ ਧਰੁਵੀਕਰਨ ਅਤੇ ‘ਵਾਇਰਲ ਹੋਣ’ ਦੀ ਦੌੜ ਸ਼ਾਮਲ ਹੈ। ਅੱਜ ਖ਼ਬਰ ਪਹਿਲਾਂ ਵਾਇਰਲ ਹੁੰਦੀ ਹੈ, ਉਸਦੀ ਤਸਦੀਕ ਬਾਅਦ ’ਚ ਹੁੰਦੀ ਹੈ।

ਮੀਡੀਆ ਹੁਣ ਇਕ ‘ਸੂਚਨਾ ਉਦਯੋਗ’ ਬਣ ਚੁੱਕਾ ਹੈ। ਪਹਿਲਾਂ ਸਮਾਚਾਰ ਜਨਤਾ ਤੱਕ ਪਹੁੰਚਦੇ ਸੀ, ਹੁਣ ਜਨਤਾ ਦਾ ਵਿਵਹਾਰ ਸਮਾਚਾਰ ਉਦਯੋਗ ਤੱਕ ਪਹੁੰਚਦਾ ਹੈ। ਡਿਜੀਟਲ ਪਲੇਟਫਾਰਮ ਇਹ ਤੈਅ ਕਰ ਰਹੇ ਹਨ ਕਿ ਕਿਹੜੀ ਖ਼ਬਰ ਦਿਖਾਈ ਜਾਵੇਗੀ, ਕਿੰਨੀ ਦੇਰ ਦਿਖਾਈ ਜਾਵੇਗੀ ਅਤੇ ਕਿਸ ਤਰ੍ਹਾਂ ਪੇਸ਼ ਕੀਤੀ ਜਾਵੇਗੀ। ਇਹ ਹੁਣ ਸਿਰਫ ਸੰਪਾਦਕ ਦਾ ਫੈਸਲਾ ਨਹੀਂ ਰਿਹਾ।

ਡਾਟਾ ਅਤੇ ਇਸ਼ਤਿਹਾਰ ਹੁਣ ਨਵੇਂ ‘ਅਦ੍ਰਿਸ਼ ਸੰਪਾਦਕ’ ਬਣ ਚੁੱਕੇ ਹਨ। ਇਹ ਆਧੁਨਿਕ ਪੱਤਰਕਾਰੀ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਘੱਟ ਚਰਚਾ ’ਚ ਆਉਣ ਵਾਲਾ ਸੱਚ ਹੈ। ਕੀ ਅੱਜ ਵੀ ਕੋਈ ਪੱਤਰਕਾਰ ਸੱਚਮੁੱਚ ਕਹਿ ਸਕਦਾ ਹੈ—“ਨਾ ਕਾਹੂ ਸੇ ਦੋਸਤੀ, ਨਾ ਕਾਹੂ ਸੇ ਬੈਰ”? ਸ਼ਾਇਦ ਇਹ ਪੂਰਨ ਹਕੀਕਤ ਨਹੀਂ ਹੈ, ਪਰ ਪੱਤਰਕਾਰੀ ਦਾ ਆਦਰਸ਼ ਜ਼ਰੂਰ ਹੈ ਅਤੇ ਜਦੋਂ ਤੱਕ ਇਹ ਆਦਰਸ਼ ਹੈ, ਉਦੋਂ ਤੱਕ ਲੋਕਤੰਤਰ ’ਚ ਵਿਸ਼ਵਾਸ ਵੀ ਜਿਊਂਦਾ ਰਹੇਗਾ। ਅਖੀਰ ’ਚ, ਪੱਤਰਕਾਰੀ ਦਾ ਉਦੇਸ਼ ਸੱਤਾ ਦੇ ਨਾਲ ਖੜ੍ਹੇ ਹੋਣਾ ਨਹੀਂ, ਸਗੋਂ ਸਮਾਜ ਨੂੰ ਸੱਚ ਦੇ ਨਾਲ ਖੜ੍ਹੇ ਕਰਨਾ ਹੈ।

ਪੂਰਨ ਚੰਦ ਸਰੀਨ


author

Rakesh

Content Editor

Related News