ਭ੍ਰਿਸ਼ਟਾਚਾਰ ’ਤੇ ਰੋਕ ਕਿਵੇਂ ਲੱਗੇ

07/04/2021 2:40:25 AM

ਡਾ. ਵੇਦਪ੍ਰਤਾਪ ਵੈਦਿਕ
ਅੱਜ ਦੀਆਂ ਅਖਬਾਰਾਂ ’ਚ ਭ੍ਰਿਸ਼ਟਾਚਾਰ ਦੀਆਂ ਖਬਰਾਂ ਭਰੀਆਂ ਪਈਆਂ ਹਨ। ਠੱਗੀ, ਧੋਖਾਦੇਹੀ ਅਤੇ ਸਮੱਗਲਿੰਗ ਵਰਗੇ ਅਪਰਾਧਾਂ ਦੀਆਂ ਖਬਰਾਂ ਤਾਂ ਅਸੀਂ ਆਏ ਦਿਨ ਸੁਣਦੇ ਹੀ ਰਹਿੰਦੇ ਹਾਂ ਪਰ ਸਰਕਾਰੀ ਅਫਸਰਾਂ ਦੇ ਭ੍ਰਿਸ਼ਟਾਚਾਰ ਦੀਆਂ ਖਬਰਾਂ ਕਈ ਸੂਬਿਆਂ ਤੋਂ ਇਕੱਠੀਆਂ ਫੁੱਟ ਰਹੀਆਂ ਹਨ। ਇਨ੍ਹਾਂ ਅਫਸਰਾਂ ’ਤੇ ਭ੍ਰਿਸ਼ਟਾਚਾਰ ਦੇ ਕਾਗਜ਼ੀ ਦੋਸ਼ਾਂ ਦੀ ਜਾਂਚ ਤਾਂ ਚੱਲ ਰਹੀ ਹੈ ਪਰ ਉਨ੍ਹਾਂ ਦੇ ਘਰਾਂ ’ਚ ਜੋ ਛਾਪੇ ਪਏ ਹਨ, ਉਹ ਹੈਰਾਨ ਕਰਨ ਵਾਲੇ ਹਨ।

ਇਕ-ਇਕ ਅਫਸਰ, ਜਿਸ ਦੀ ਆਮਦਨੀ ਕੁਝ ਹਜ਼ਾਰ ਰੁਪਏ ਮਹੀਨਾ ਹੈ, ਉਸ ਦੇ ਇੱਥੇ ਕਰੋੜਾਂ ਰੁਪਇਆਂ ਦੇ ਗਹਿਣੇ, ਲੱਖਾਂ ਰੁਪਇਆਂ ਦੀ ਨਕਦੀ, ਕਰੋੜਾਂ ਰੁਪਇਆਂ ਦੇ ਦਰਜਨਾਂ ਬੈਂਕ ਖਾਤੇ, ਕਈ ਮਕਾਨ ਅਤੇ ਫਾਰਮ ਹਾਊਸ ਫੜੇ ਗਏ ਹਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਬੈਂਕ ਖਾਤਿਆਂ ’ਚ ਕਰੋੜਾਂ ਦੀ ਰਾਸ਼ੀ ਪਾਈ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਦੇਸ਼ੀ ਬੈਂਕਾਂ ’ਚ ਵੀ ਉਨ੍ਹਾਂ ਨੇ ਮੋਟੀਆਂ ਰਕਮਾਂ ਲੁਕਾ ਕੇ ਰੱਖੀਆਂ ਹਨ।

ਰਿਸ਼ਵਤ ’ਚ ਬਟੋਰੇ ਗਏ ਪੈਸੇ ਨੂੰ ਲੁਕਾਉਣ ਦੀ ਕਲਾ ਕੋਈ ਸਿੱਖਣੀ ਚਾਹੇ ਤਾਂ ਆਪਣੇ ਇਨ੍ਹਾਂ ਭ੍ਰਿਸ਼ਟ ਅਫਸਰਾਂ ਤੋਂ ਸਿੱਖੇ। ਭ੍ਰਿਸ਼ਟਾਚਾਰ ਦੇ ਕਿੱਸਿਆਂ ਦੀ ਇਹ ਭਰਮਾਰ ਦੇਖ ਕੇ ਦੋ ਸਵਾਲ ਉੱਠਦੇ ਹਨ। ਪਹਿਲਾ, ਇਹ ਕਿ ਸਾਡੀ ਨੌਕਰਸ਼ਾਹੀ ਇੰਨੀ ਭ੍ਰਿਸ਼ਟ ਕਿਉਂ ਹੈ? ਇਸ ਦੇ ਕਾਰਨ ਕੀ ਹਨ? ਅਤੇ ਦੂਸਰਾ, ਇਹ ਕਿ ਇਸ ਦਾ ਇਲਾਜ ਕੀ ਹੈ?

ਸਾਡੀ ਨੌਕਰਸ਼ਾਹੀ ਆਪਣੇ ਨੇਤਾਵਾਂ ਦੀ ਅੰਧ-ਭਗਤ ਹੈ। ਸਾਡੇ ਅਫਸਰ ਨੇਤਾਵਾਂ ਨੂੰ ਲੱਖਾਂ-ਕਰੋੜਾਂ ਰੁਪਏ ਡਕਾਰਦੇ ਹੋਏ ਅਤੇ ਗਲਤ ਨੂੰ ਵੀ ਸਹੀ ਐਲਾਨ ਕਰਦੇ ਹੋਏ ਰੋਜ਼ ਦੇਖਦੇ ਹਨ। ਉਨ੍ਹਾਂ ਨੂੰ ਨੇਤਾਵਾਂ ਦੇ ਭ੍ਰਿਸ਼ਟਾਚਾਰ ਦੀ ਸੂਖਮ ਤੇ ਖੁਫੀਆ ਜਾਣਕਾਰੀ ਹੁੰਦੀ ਹੈ ਤਾਂ ਉਹ ਵੀ ਲੋਭ ਨੂੰ ਛੱਡਦੇ ਨਹੀਂ। ਉਹ ਨੇਤਾਵਾਂ ਨਾਲੋਂ ਵੀ ਜ਼ਿਆਦਾ ਤਿੱਖੀਆਂ ਤਰਕੀਬਾਂ ਕੱਢ ਕੇ ਭ੍ਰਿਸ਼ਟਾਚਾਰ ਨੂੰ ਆਪਣਾ ਰੋਜ਼ਾਨਾ ਦਾ ਧੰਦਾ ਹੀ ਬਣਾ ਲੈਂਦੇ ਹਨ। ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਉਨ੍ਹਾਂ ਦੇ ਨੇਤਾ ਨੂੰ ਪਤਾ ਲੱਗ ਵੀ ਗਿਆ ਤਾਂ ਵੀ ਉਹ ਉਨ੍ਹਾਂ ਵਿਰੁੱਧ ਕੁਝ ਵੀ ਨਹੀਂ ਕਰ ਸਕਦਾ।

ਇਸ ਦਾ ਇਲਾਜ ਤਾਂ ਇਹੀ ਹੈ ਕਿ ਨੇਤਾ ਲੋਕ ਪੈਸਾ ਖਾਣਾ ਬੰਦ ਕਰਨ। ਉਹ ਕਿਵੇਂ ਕਰਨਗੇ? ਉਨ੍ਹਾਂ ਨੂੰ ਚੋਣਾਂ ’ਚ ਅਤੇ ਉਸ ਤੋਂ ਪਹਿਲਾਂ ਵੀ ਠਾਠ-ਬਾਠ ਨਾਲ ਰਹਿਣ ਲਈ ਮੋਟੇ ਪੈਸੇ ਦੀ ਲੋੜ ਹੁੰਦੀ ਹੈ। ਨਾ ਤਾਂ ਉਹ ਕੋਈ ਨੌਕਰੀ ਕਰਦੇ ਹਨ, ਨਾ ਹੀ ਖੇਤੀਬਾੜੀ ਅਤੇ ਅਤੇ ਨਾ ਹੀ ਕੋਈ ਕਾਰੋਬਾਰ। ਉਨ੍ਹਾਂ ਦੀ ਮਜਬੂਰੀ ਹੈ ਕਿ ਉਹ ਲੋਕਾਂ ਤੋਂ ਜਿਵੇਂ-ਕਿਵੇਂ ਪੈਸਾ ਬਟੋਰਨ।

ਜਦੋਂ ਤੱਕ ਦੇਸ਼ ’ਚ ਲੋਕਤੰਤਰ ਹੈ, ਚੋਣਾਂ ਹੋਣਗੀਆਂ, ਉਨ੍ਹਾਂ ’ਚ ਪੈਸਾ ਰੁੜ੍ਹੇਗਾ ਤਾਂ ਉਹ ਆਵੇਗਾ ਕਿੱਥੋਂ? ਇਸ ਲਈ ਸਾਡੀ ਚੋਣ-ਪ੍ਰਣਾਲੀ ’ਚ ਲੋੜੀਂਦੇ ਸੁਧਾਰ ਦੀ ਲੋੜ ਹੈ ਤਾਂ ਕਿ ਉਹ ਘੱਟ ਤੋਂ ਘੱਟ ਖਰਚੀਲੀਆਂ ਬਣਨ। ਦੂਸਰਾ, ਨੇਤਾਵਾਂ ਅਤੇ ਅਫਸਰਾਂ ਦੀਆਂ ਮੁਫਤ ਸਰਕਾਰੀ ਸਹੂਲਤਾਂ ’ਚ ਵੱਧ ਤੋਂ ਵੱਧ ਕਟੌਤੀ ਕੀਤੀ ਜਾਵੇ।

ਤੀਸਰਾ, ਭ੍ਰਿਸ਼ਟਾਚਾਰ ਕਰਦੇ ਹੋਏ ਜੋ ਵੀ ਨੇਤਾ ਅਤੇ ਅਫਸਰ ਫੜਿਆ ਜਾਵੇ, ਉਸ ਨੂੰ ਅਹੁਦੇ ਤੋਂ ਹਟਾਇਆ ਜਾਵੇ, ਉਸ ਨੂੰ ਜੇਲ ਤਾਂ ਭੇਜਿਆ ਹੀ ਜਾਵੇ, ਉਸ ਦੀ ਸਾਰੀ ਚੱਲ-ਅਚੱਲ ਜਾਇਦਾਦ ਵੀ ਜ਼ਬਤ ਕੀਤੀ ਜਾਵੇ। ਉਨ੍ਹਾਂ ਨੂੰ ਜਿਹੜੇ ਰਿਸ਼ਤੇਦਾਰਾਂ, ਮਿੱਤਰਾਂ ਅਤੇ ਚੇਲਿਆਂ ’ਤੇ ਸ਼ੱਕ ਹੋਵੇ, ਉਨ੍ਹਾਂ ’ਤੇ ਸਖਤ ਕਾਰਵਾਈ ਕੀਤੀ ਜਾਵੇ। ਦੇਸ਼ ਦੇ ਵੱਡੇ-ਵੱਡੇ ਨੇਤਾ (ਅਤੇ ਸਾਧੂ-ਸੰਤ ਵੀ) ਆਪਣੀ ਨਿੱਜੀ ਜ਼ਿੰਦਗੀ ਸਾਦਗੀ ਅਤੇ ਸ਼ੁੱਧਤਾ ਦੀ ਮਿਸਾਲ ਬਣਾ ਕੇ ਦੇਸ਼ਵਾਸੀਆਂ ਦੇ ਪ੍ਰੇਰਣਾਸਰੋਤ ਬਣਨ।


Bharat Thapa

Content Editor

Related News