ਬੁਰੀ ਤਰ੍ਹਾਂ ਨਾਲ ਨਜ਼ਰਅੰਦਾਜ਼ ਹਨ ਭਾਰਤ ਦੇ ਪ੍ਰਾਚੀਨ ਪੁਰਾਤੱਤਵ ਮਹੱਤਵ ਦੇ ਵਿਰਾਸਤੀ ਸਥਾਨ

05/16/2022 2:33:05 AM

ਬੀਤੇ ਹਫਤੇ ਤਾਮਿਲਨਾਡੂ ਸਰਕਾਰ ਨੇ ਦੱਸਿਆ ਕਿ ਸੂਬੇ ਦੇ ਕ੍ਰਿਸ਼ਣਾਗਿਰੀ ਜ਼ਿਲੇ ਦੇ ਮਲਿਆਡੂੰਪਰਾਈ ਨਾਂ ਦੇ ਇਕ ਛੋਟੇ ਜਿਹੇ ਪਿੰਡ ’ਚ ਹੋਈ ਪੁਰਾਤੱਤਵ ਖੋਦਾਈ ’ਚ ਮਿਲੀਆਂ ਵਸਤੂਆਂ ਦੀ ਰੇਡੀਓਕਾਰਬਨ ਡੇਟਿੰਗ ਤੋਂ ਪੁਸ਼ਟੀ ਹੋਈ ਹੈ ਕਿ 2172 ਈਸਾ ਪੂਰਵ ਜਾਂ 4200 ਸਾਲ ਪਹਿਲਾਂ ਤਾਮਿਲਨਾਡੂ ’ਚ ਲੋਹੇ ਦੀ ਵਰਤੋਂ ਕੀਤੀ ਗਈ ਸੀ ਅਤੇ ਇਸ ਤਰ੍ਹਾਂ ਇਹ ਵਰਤਮਾਨ ’ਚ ਭਾਰਤ ’ਚ ਪਾਇਆ ਜਾਣ ਵਾਲਾ ਸਭ ਤੋਂ ਪੁਰਾਣਾ ਲੋਹ ਯੁੱਗੀ ਸਥਾਨ ਬਣ ਗਿਆ ਹੈ। ਇਸ ਤੋਂ ਪਹਿਲਾਂ ਦੇਸ਼ ’ਚ ਲੋਹੇ ਦੀ ਵਰਤੋਂ ਨਾਲ ਜੁੜੇ ਜੋ ਪ੍ਰਮਾਣ ਮਿਲੇ ਸਨ ਉਹ ਈਸਾ ਪੂਰਵ 1900 ਤੋਂ 2000 ਤੱਕ ਅਤੇ ਤਾਮਿਲਨਾਡੂ ਦੇ ਲਈ 1500 ਈਸਾ ਪੂਰਵ ਦੇ ਸਨ।
ਇਸ ਤੋਂ ਪਹਿਲਾਂ ਦੱਖਣੀ ਤਾਮਿਲਨਾਡੂ ’ਚ ਆਦਿਚਨੱਲੂਰ ਦੇ ਲੋਹ ਯੁੱਗ ਨਾਲ ਜੁੜੇ ਇਕ ਸਥਾਨ ਦੀ ਖੋਦਾਈ ਨਾਲ ਲੋਹੇ ਦੇ ਔਜ਼ਾਰਾਂ ਦਾ ਇਕ ਸੰਗ੍ਰਹਿ ਮਿਲਿਆ ਸੀ ਜਿਸ ਨੂੰ ਵਰਤਮਾਨ ’ਚ ਚੇਨਈ ਤੇ ਏਗਮੋਰ ਮਿਊਜ਼ੀਅਮ ’ਚ ਰੱਖਿਆ ਗਿਆ ਹੈ। ਇਹ 1000 ਈਸਾ ਪੂਰਵ ਅਤੇ 600 ਈਸਾ ਪੂਰਵ ਦੇ ਦਰਮਿਆਨ ਦੇ ਹਨ। ਦੂਜੇ ਪਾਸੇ ਹਰਿਆਣਾ ਦੇ ਹਿਸਾਰ ਜ਼ਿਲੇ ’ਚ ਸਥਿਤ ਪੁਰਾਤੱਤਵ ਮਹੱਤਵ ਦੇ ਸਥਾਨ ਰਾਖੀਗੜ੍ਹੀ ’ਚ ਹਾਲ ਹੀ ’ਚ ਹੋਈ ਖੋਜ ਤੋਂ ਪਤਾ ਲੱਗਾ ਹੈ ਕਿ ਮਨੁੱਖੀ ਸੱਭਿਅਤਾ ਦੀ ਸ਼ੁਰੂਆਤ ’ਚ ਹੀ ਸੋਨੇ ਅਤੇ ਗਹਿਣਿਆਂ ਦੀ ਵਰਤੋਂ ਦਾ ਰਿਵਾਜ ਸੀ। ਉੱਥੇ ਹੋਈ ਖੋਦਾਈ ’ਚ ਗਹਿਣੇ ਮਿਲਣ ਨੂੰ ਵੱਡੀ ਪ੍ਰਾਪਤੀ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਹਾਲਾਂਕਿ ਸੋਨਾ ਕਾਫੀ ਘੱਟ ਮਾਤਰਾ ’ਚ ਪਾਇਆ ਗਿਆ ਹੈ। ਇਸ ਦੇ ਇਲਾਵਾ ਉਸ ’ਤੇ ਉਸ ਸਮੇਂ ਦੀ ਲਿਪੀ ਵੀ ਲਿਖੀ ਹੋਈ ਹੈ ਜਿਸ ਨੂੰ ਪੜ੍ਹਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਵਰਨਣਯੋਗ ਹੈ ਕਿ ਹੜੱਪਾ ਕਾਲੀਨ ਸੱਭਿਅਤਾ ਨੂੰ ਲੈ ਕੇ ਰਾਖੀਗੜ੍ਹੀ ਪੂਰੇ ਵਿਸ਼ਵ ’ਚ ਪ੍ਰਸਿੱਧ ਹੈ ਪਰ ਇਟਲੀ ਦੇ ਪੋਂਪਈ ਦੇ ਹੀ ਵਾਂਗ ਇਸ ਦੇ ਵੀ ਵੱਡੇ ਹਿੱਸੇ ਦੀ ਖੋਜ ਹੋਣੀ ਅਜੇ ਬਾਕੀ ਹੈ। ਇਸ ਲਈ ਇੱਥੇ ਕਈ ਦੌਰ ਦੀ ਖੋਦਾਈ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਭਾਰਤੀ ਪੁਰਾਤੱਤਵ ਸਰਵੇਖਣ (ਏ. ਐੱਸ. ਆਈ.) ਨੇ 1998 ਤੋਂ 2001 ਤੱਕ ਅਤੇ ਫਿਰ ਪੁਣੇ ਦੇ ਦੱਕਨ ਕਾਲਜ ਨੇ 2013 ਤੋਂ 2016 ਤੱਕ ਇੱਥੇ ਖੋਦਾਈ ਕੀਤੀ ਸੀ।
5,000 ਸਾਲ ਪੁਰਾਣੇ ਇਸ ਹੜੱਪਾ ਸਥਾਨ ’ਤੇ ਹਾਲ ਹੀ ’ਚ 3 ਮਹੀਨੇ ਦੀ ਲੰਬੀ ਖੋਦਾਈ ਨੇ ਇਸ ਆਕਰਸ਼ਕ ਬਸਤੀ ਦੇ ਬਾਰੇ ’ਚ ਕੁਝ ਨਵੇਂ ਖੁਲਾਸੇ ਕੀਤੇ ਹਨ। ਰਾਖੀਗੜ੍ਹੀ ’ਚ ਹੁਣ ਤੱਕ 7 ਟਿੱਲੇ ਖੋਦੇ ਜਾ ਚੁੱਕੇ ਹਨ ਜਿਨ੍ਹਾਂ ’ਚੋਂ ਹਰੇਕ ’ਚ ਕਈ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਮਿਲੀਆਂ ਹਨ। ਇਸ ਵਾਰ ਇੱਥੇ ਗਹਿਣੇ ਬਣਾਉਣ ਵਾਲਾ ਕਾਰਖਾਨਾ ਹੈ। ਇਸ ਦੇ ਇਲਾਵਾ ਕਈ ਪੱਧਰਾਂ ਵਾਲੇ ਘਰ, ਇਕ ਰਸੋਈ ਕੰਪਲੈਕਸ, ਗਲੀਆਂ, ਇਕ ਜਲ ਨਿਕਾਸੀ ਵਿਵਸਥਾ, ਕਬਰਿਸਤਾਨ, ਮਿੱਟੀ ਦੇ ਹਜ਼ਾਰਾਂ ਬਰਤਨ ਅਤੇ ਮੋਹਰਾਂ, ਟੈਰਾਕੋਟਾ ਦੇ ਖਿਡੌਣੇ, ਮੂਰਤੀਆਂ ਦੇ ਨਾਲ ਹੀ ਤਾਂਬਾ, ਸੋਨਾ, ਸੁਲੇਮਾਨੀ ਅਤੇ ਹੋਰ ਅਰਧ-ਕੀਮਤੀ ਪੱਥਰਾਂ ਦੇ ਗਹਿਣੇ ਵੀ ਪਾਏ ਗਏ ਹਨ।
ਸਿੰਧੂ ਘਾਟੀ ਸੱਭਿਅਤਾ ਦੇ 1400 ਤੋਂ ਵੱਧ ਸਥਾਨਾਂ ਦੀ ਖੋਜ ਕੀਤੀ ਗਈ ਹੈ ਜਿਨ੍ਹਾਂ ’ਚੋਂ 925 ਸਥਾਨ ਭਾਰਤ ਅਤੇ 475 ਸਥਾਨ ਪਾਕਿਸਤਾਨ ’ਚ ਹਨ ਜਦਕਿ ਅਫਗਾਨਿਸਤਾਨ ’ਚ ਕੁਝ ਥਾਵਾਂ ਨੂੰ ਵਪਾਰਕ ਉਪਨਿਵੇਸ਼ ਮੰਨਿਆ ਜਾਂਦਾ ਹੈ। ਬ੍ਰਿਟਿਸ਼ ਭਾਰਤ ’ਚ ਪੁਰਾਤੱਤਵ ਮਾਹਿਰਾਂ ਵੱਲੋਂ ਪੂਰਵ ਵੰਡ ਯੁੱਗ ’ਚ ਸਿੰਧੂ ਘਾਟੀ ’ਤੇ ਸਿਰਫ 40 ਥਾਵਾਂ ਦੀ ਖੋਜ ਕੀਤੀ ਗਈ ਸੀ। ਲਗਭਗ 1100 (80 ਫੀਸਦੀ) ਸਥਾਨ ਗੰਗਾ ਅਤੇ ਸਿੰਧੂ ਨਦੀਆਂ ਦਰਮਿਆਨ ਦੇ ਮੈਦਾਨਾਂ ’ਤੇ ਸਥਿਤ ਹਨ। ਰਾਖੀਗੜ੍ਹੀ, ਜਿਸ ਨੂੰ ਹੁਣ ਸਭ ਤੋਂ ਵੱਡਾ ਹੜੱਪਾ ਸਥਾਨ ਮੰਨਿਆ ਜਾਂਦਾ ਹੈ, ਦਾ ਜ਼ਿਕਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਭਾਸ਼ਣ ’ਚ ਵੀ ਸੁਣਨ ਨੂੰ ਮਿਲਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਪੁਰਾਤੱਤਵ ਮਹੱਤਵ ਦੇ 5 ਪ੍ਰਮੁੱਖ ਸਥਾਨਾਂ ’ਤੇ ਮਿਊਜ਼ੀਅਮਾਂ ਦਾ ਨਿਰਮਾਣ ਕਰ ਕੇ ਵਿਕਸਿਤ ਕੀਤਾ ਜਾਵੇਗਾ।
ਬੇਸ਼ੱਕ ਇਹ ਯੋਜਨਾ ਚੰਗੀ ਹੈ ਪਰ ਭਾਰਤ ’ਚ ਵਧੇਰੇ ਪੁਰਾਤੱਤਵ, ਸੱਭਿਆਚਾਰਕ ਜਾਂ ਇਤਿਹਾਸਕ ਧਰੋਹਰਾਂ ਦੀ ਵਿਰਾਸਤ ਸੰਜੋਣ ’ਚ ਕਿਤੇ ਨਾ ਕਿਤੇ ਕੋਤਾਹੀ ਹੋ ਰਹੀ ਹੈ। ਇਸ ਦੇ ਉਲਟ ਜੇਕਰ ਅਸੀਂ ਪੱਛਮੀ ਦੇਸ਼ਾਂ ਦੀ ਗੱਲ ਕਰੀਏ ਤਾਂ ਉਹ ਅਜਿਹੇ ਸਥਾਨਾਂ ਨੂੰ ਜਲਦੀ ਤੋਂ ਜਲਦੀ ਇਸ ਤਰ੍ਹਾਂ ਵਿਕਸਿਤ ਕਰਦੇ ਹਨ ਕਿ ਉਹ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਜਾਂਦੇ ਹਨ। ਸਾਨੂੰ ਆਪਣੇ ਦੇਸ਼ ਦੇ ਅਜਿਹੇ ਇਤਿਹਾਸਕ ਸਥਾਨਾਂ ਦੀ ਸੰਭਾਲ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਭਾਰਤ ਦੀ ਪ੍ਰਾਚੀਨ ਵਿਰਾਸਤ ਨੂੰ ਦੇਖ ਅਤੇ ਇਸ ’ਤੇ ਮਾਣ ਕਰ ਸਕਣ।


Gurdeep Singh

Content Editor

Related News