ਗੰਦੀ ਫਿਲਮ ਬਣਾ ਕੇ ਗੰਦੀਆਂ ਗੱਲਾਂ ਦਾ ਪ੍ਰਚਾਰ, ਏਕਤਾ ਅਤੇ ਸ਼ੋਭਾ ਕਪੂਰ ਵਿਰੁੱਧ ਸ਼ਿਕਾਇਤ
Tuesday, Oct 22, 2024 - 02:59 AM (IST)
23 ਸਤੰਬਰ, 2024 ਨੂੰ ਸੁਪਰੀਮ ਕੋਰਟ ਨੇ ਚਾਈਲਡ ਪੋਰਨੋਗ੍ਰਾਫੀ ਸਬੰਧੀ ਇਕ ਕੇਸ ਵਿਚ ਫੈਸਲਾ ਸੁਣਾਉਂਦੇ ਹੋਏ ਕਿਹਾ, ‘‘ਅਜਿਹੀਆਂ ਫਿਲਮਾਂ ਵਿਅਕਤੀਗਤ ਮਨੋਰੰਜਨ ਦਾ ਹਿੱਸਾ ਨਹੀਂ ਹੋ ਸਕਦੀਆਂ ਕਿਉਂਕਿ ਅਜਿਹੇ ਘਿਨੌਣੇ ਕਾਰੇ ਨੂੰ ਮਨੋਰੰਜਨ ਦਾ ਮਾਧਿਅਮ ਨਹੀਂ ਬਣਾਇਆ ਜਾ ਸਕਦਾ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਇਹ ਕਿਸੇ ਵੀ ਸਮਾਜ ਦਾ ਸਭ ਤੋਂ ਹੇਠਲਾ ਪਤਨ ਹੋਵੇਗਾ।’’
ਬਾਲੀਵੁੱਡ ਫਿਲਮਾਂ ਅਤੇ ਟੀ.ਵੀ. ਸੀਰੀਅਲ ਨਿਰਮਾਤਾਵਾਂ ਏਕਤਾ ਕਪੂਰ ਅਤੇ ਉਨ੍ਹਾਂ ਦੀ ਮਾਂ ਸ਼ੋਭਾ ਕਪੂਰ ਵਿਰੁੱਧ ਮੁੰਬਈ ਪੁਲਸ ਕੋਲ ਇਕ ਵਿਅਕਤੀ ਨੇ ‘ਸੈਕਸ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ’ (ਪੋਕਸੋ ਐਕਟ) ਦੇ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਇਸ ਐਕਟ ਦੇ ਤਹਿਤ ਬੱਚਿਆਂ ਨਾਲ ਸਬੰਧਤ ਅਸ਼ਲੀਲ ਫਿਲਮਾਂ ਰੱਖਣੀਆਂ ਜਾਂ ਕਿਸੇ ਨਾਲ ਸਾਂਝੀਆਂ ਕਰਨੀਆਂ ਅਪਰਾਧਿਕ ਕਾਰਾ ਕਰਾਰ ਦਿੱਤਾ ਗਿਆ ਹੈ।
ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਫਰਵਰੀ, 2021 ਤੋਂ ਅਪ੍ਰੈਲ, 2021 ਦਰਮਿਆਨ ‘ਆਲਟ ਬਾਲਾਜੀ’ ’ਤੇ ਸਟ੍ਰੀਮ ਹੋਈ ਸੀਰੀਜ਼ ‘ਗੰਦੀ ਬਾਤ’ ਵਿਚ ਨਾਬਾਲਗ ਲੜਕੀਆਂ ਦੇ ਇਤਰਾਜ਼ਯੋਗ,ਅਸ਼ਲੀਲ ਅਤੇ ਗੈਰ-ਵਾਜਿਬ ਦ੍ਰਿਸ਼ ਫਿਲਮਾਏ ਗਏ ਹਨ। ਇਸ ਪੂਰੇ ਮਾਮਲੇ ਵਿਚ ਏਕਤਾ ਕਪੂਰ ਅਤੇ ਸ਼ੋਭਾ ਕਪੂਰ ਵੱਲੋਂ ਕੋਈ ਅਧਿਕਾਰਤ ਜਵਾਬ ਨਹੀਂ ਆਇਆ ਹੈ।
ਸਾਰੇ ਜਾਣਦੇ ਹਨ ਕਿ ਫਿਲਮਾਂ ਅਤੇ ਟੀ.ਵੀ. ਪ੍ਰੋਗਰਾਮਾਂ ਦਾ ਦਰਸ਼ਕਾਂ ’ਤੇ ਵੱਡੇ ਪੱਧਰ ’ਤੇ ਪ੍ਰਭਾਵ ਪੈਂਦਾ ਹੈ। ਅਜਿਹੀਆਂ ਕਿੰਨੀਆਂ ਹੀ ਉਦਾਹਰਣਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿਚ ਫਿਲਮਾਂ ਤੋਂ ਪ੍ਰੇਰਿਤ ਹੋ ਕੇ ਲੋਕਾਂ ਨੇ ਅਪਰਾਧ ਕੀਤੇ।
ਅਜੇ ਬੀਤੀ 24 ਜੁਲਾਈ, 2024 ਨੂੰ ਹੀ ਮੱਧ ਪ੍ਰਦੇਸ਼ ਦੇ ‘ਰੀਵਾ’ ਵਿਚ ਇਕ 14 ਸਾਲਾ ਨਾਬਾਲਗ ਨੇ ਮੋਬਾਈਲ ’ਤੇ ਪੋਰਨ ਫਿਲਮ ਦੇਖ ਕੇ ਆਪਣੀ 9 ਸਾਲਾ ਭੈਣ ਨਾਲ ਜਬਰ-ਜ਼ਨਾਹ ਕਰਨ ਪਿੱਛੋਂ ਉਸਦੀ ਹੱਤਿਆ ਕਰ ਦਿੱਤੀ।
ਇਸ ਲਈ ਫਿਲਮਾਂ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਦੇ ਨਿਰਮਾਤਾਵਾਂ ਨੂੰ ਆਪਣੇ ਪ੍ਰੋਗਰਾਮਾਂ ਦੀ ਕਹਾਣੀ ਚੁਣਨ ਸਮੇਂ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ ਤਾਂ ਕਿ ਅਜਿਹੇ ਵਿਵਾਦ ਪੈਦਾ ਨਾ ਹੋਣ।
-ਵਿਜੇ ਕੁਮਾਰ