ਬਾਲੜੀਆਂ ਨੂੰ ਸਸ਼ਕਤ ਕਰਨਾ - ਇਕ ਮਜ਼ਬੂਤ ਸਾਇੰਸ ਲੀਡਰਸ਼ਿਪ ਦਾ ਨਿਰਮਾਣ ਕਰਨਾ ਹੈ

01/26/2021 2:48:07 AM

ਡਾ. ਰੇਣੂ ਸਵਰੂਪ, ਸਕੱਤਰ, ਬਾਇਓ-ਟੈਕਨੋਲੋਜੀ ਵਿਭਾਗ, ਭਾਰਤ ਸਰਕਾਰ

ਇਸ ਵਰ੍ਹੇ ਅਸੀਂ ਰਾਸ਼ਟਰੀ ਬਾਲੜੀ ਦਿਵਸ ਨੂੰ ਬਿਲਕੁਲ ਹੀ ਵੱਖਰੇ ਮਾਹੌਲ ’ਚ ਮਨਾਇਆ। ਮਹਾਮਾਰੀ ਨੇ ਲੋਕਾਂ ਦੀ ਜ਼ਿੰਦਗੀ ਵਿਚ, ਮੁੱਢਲੀਆਂ ਸੇਵਾਵਾਂ ਤੱਕ ਪਹੁੰਚ ਦੇ ਨਵੇਂ ਤੌਰ-ਤਰੀਕਿਆਂ ਤੋਂ ਲੈ ਕੇ ਸਿੱਖਿਆ ਦੇ ਨਵੇਂ ਮਾਡਲਾਂ ਤੱਕ, ਲਾਮਿਸਾਲ ਤਬਦੀਲੀ ਲਿਆਂਦੀ ਹੈ। ਹੁਣ ਜਦੋਂ ਕਿ ਸਾਡੇ ਬੱਚੇ ਹੌਲੀ-ਹੌਲੀ ਸਕੂਲ ਪਰਤ ਰਹੇ ਹਨ ਅਤੇ ਵੈਕਸੀਨ ਦੇ ਵਿਕਾਸ ਵਿਚ ਸਾਡੀ ਸਫ਼ਲਤਾ ਰਾਸ਼ਟਰੀ ਵਿਸ਼ਵਾਸ ਦਾ ਨਿਰਮਾਣ ਕਰ ਰਹੀ ਹੈ, ਸਾਨੂੰ ਇਸ ਮੌਕੇ ਦਾ ਲਾਭ ਵੀ ਉਠਾਉਣਾ ਚਾਹੀਦਾ ਹੈ ਕਿਉਂਕਿ ਅਸੀਂ ਬਿਹਤਰ ਸਮਰੱਥਾ ਨਾਲ ਅੱਗੇ ਵਧੇ ਹਾਂ।

ਹੁਣ ਸਾਡਾ ਫੋਕਸ ਸਸ਼ਕਤੀਕਰਣ, ਵਿਸ਼ੇਸ਼ ਕਰਕੇ ਵਿਗਿਆਨ ਅਤੇ ਟੈਕਨੋਲੋਜੀ ਖੇਤਰ ਵਿਚ ਬਾਲੜੀ ਦੇ ਸਸ਼ਕਤੀਕਰਨ ਲਈ ਸਾਡੇ ਯਤਨਾਂ ਨੂੰ ਮਜ਼ਬੂਤ ਕਰਨ ਉੱਤੇ ਹੋਣਾ ਚਾਹੀਦਾ ਹੈ। ਇਹ ਇਕ ਅਜਿਹਾ ਖੇਤਰ ਹੈ ਜਿਸ ਨੇ ਸਾਰੀ ਮਨੁੱਖਤਾ ਲਈ ਇਕ ਵਧੇਰੇ ਸੁਰੱਖਿਅਤ ਸੰਸਾਰ ਨੂੰ ਆਕਾਰ ਦੇਣ ਵਿਚ ਇਸ ਦੇ ਚੁਣੌਤੀ ਰਹਿਤ ਮਹੱਤਵ ਨੂੰ ਦਰਸਾਇਆ ਹੈ।

ਜਿਸ ਚੀਜ਼ ਦੀ ਲੋੜ ਹੈ ਉਹ ਹੈ ਔਰਤ-ਮਰਦ ਨੂੰ ਸਮਾਨ ਸਮਝਣ ਦੀ ਮਾਨਸਿਕਤਾ ਪ੍ਰਤੀ ਸਾਡੀ ਲਗਾਤਾਰ ਤਰੱਕੀ ਜੋ ਕਿ ਸਮਾਜ ਦੇ ਹਰ ਪੱਧਰ ’ਤੇ ਹੋਣੀ ਲਾਜ਼ਮੀ ਹੈ। ਭਾਰਤ ਨੇ ਪਿਛਲੇ ਕੁਝ ਸਾਲਾਂ ਤੋਂ ਇਸ ਸਬੰਧ ਵਿਚ ਨਿਸ਼ਚਿਤ ਤੌਰ ’ਤੇ ਇਕ ਲੰਬਾ ਪੈਂਡਾ ਤੈਅ ਕੀਤਾ ਹੈ। ਸਾਡੀਆਂ ਮੁਟਿਆਰਾਂ ਕੋਲ ਪਹਿਲੀ ਮਹਿਲਾ ਬੋਟੈਨਿਸਟ ਜਾਨਕੀ ਅੰਮਲ ਤੋਂ ਲੈ ਕੇ ਸਾਡੀ ਪਹਿਲੀ ਮਹਿਲਾ ਡਾਕਟਰ ਆਨੰਦੀਬਾਈ ਜੋਸ਼ੀ ਤੱਕ ਦੀਆਂ ਬਹੁਤ ਸਾਰੀਆਂ ਰੋਲ ਮਾਡਲ ਹਨ। ਸਾਡੇ ਕੋਲ ਹਾਲ ਹੀ ਦੇ ਸਾਲਾਂ ਵਿਚ, ਮੰਗਲਯਾਨ ਮਿਸ਼ਨ ਦੀ ਅਗਵਾਈ ਕਰਨ ਵਾਲੀਆਂ ਔਰਤਾਂ ਦੀਆਂ ਵੀ ਮਿਸਾਲਾਂ ਹਨ। ਫਲਾਈਟ ਲੈਫਟੀਨੈਂਟ ਭਾਵਨਾ ਕਾਂਤ 26 ਜਨਵਰੀ ਨੂੰ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਫਾਈਟਰ ਪਾਇਲਟ ਹੋਵੇਗੀ। ਸਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਉਦਾਹਰਣਾਂ ਹਨ।

ਭਾਰਤ ਸਰਕਾਰ ਨੇ ਬਾਲੜੀ ਸਸ਼ਕਤੀਕਰਣ ਲਈ, ਵਿਸ਼ੇਸ਼ ਕਰਕੇ ਸਾਇੰਸ ਅਤੇ ਟੈਕਨੋਲੋਜੀ ਮੰਤਰਾਲੇ ਦੇ ਬਾਇਓਟੈਕਨੋਲੋਜੀ ਵਿਭਾਗ, ਸਾਇੰਸ ਅਤੇ ਟੈਕਨੋਲੋਜੀ ਵਿਭਾਗ, ਵਿਗਿਆਨਕ ਅਤੇ ਉਦਯੋਗਿਕ ਖੋਜ ਪਰੀਸ਼ਦ ਦੇ ਵਿਗਿਆਨ ਸਿੱਖਿਆ ਉਪਰਾਲਿਆਂ ਨੂੰ ਅਪਣਾਉਣ ’ਚ ਬਾਲੜੀਆਂ ਦੀ ਸਹਾਇਤਾ ਕਰਨ ਲਈ ਇਕ ਰੋਡਮੈਪ ਤਿਆਰ ਕੀਤਾ ਹੈ। ਬਾਇਓਕੇਅਰ (ਬਾਇਓਟੈਕਨੋਲੋਜੀ ਕਰੀਅਰ ਅਡਵਾਂਸਮੈਂਟ ਰੀ-ਓਰੀਐਂਟੇਸ਼ਨ ਪ੍ਰੋਗਰਾਮ) ਵਿਗਿਆਨ ਜਯੋਤੀ, ਵਿਗਿਆਨ ਪ੍ਰਤਿਭਾ, ਜੀ.ਏ.ਟੀ.ਆਈ. (ਜੈਂਡਰ ਅਡਵਾਂਸਮੈਂਟ ਫਾਰ ਟਰਾਂਸਫਾਰਮਿੰਗ ਇੰਸਟੀਟਿਊਸ਼ਨਸ) ਆਦਿ ਭਾਰਤ ਵਿਚ ਇਕ ਮਜ਼ਬੂਤ ਵਿਗਿਆਨ ਸਿੱਖਿਆ ਅਤੇ ਰਿਸਰਚ ਈਕੋ-ਸਿਸਟਮ ਦੇ ਮਹੱਤਵਪੂਰਨ ਬਿਲਡਿੰਗ ਬਲੌਕਸ ਹਨ, ਪਰ ਅਜੇ ਬਹੁਤ ਕੁਝ ਕੀਤਾ ਜਾ ਸਕਦਾ ਹੈ।

ਅਸੀਂ ਅਜੇ ਵੀ ਇਕ ਮਹੱਤਵਪੂਰਨ ਫਾਸਲਾ ਤੈਅ ਕਰਨਾ ਹੈ। ਸਾਇੰਸ ਸਿੱਖਿਆ ’ਚ ਆਪਣੀਆਂ ਲੜਕੀਆਂ ਦੀ ਸਮਰੱਥਾ ਨੂੰ ਜਾਣਨ ਵਾਸਤੇ ਸਾਨੂੰ ਇਕ ਮਜ਼ਬੂਤ ਅਧਾਰ ਤਿਆਰ ਕਰਨ ਦੀ ਜ਼ਰੂਰਤ ਹੈ ਅਤੇ ਇਸ ਲਈ ਕਈ ਕਿਸਮ ਦੇ ਹਿਤਧਾਰਕਾਂ ਜਿਨ੍ਹਾਂ ਵਿਚ ਕਿ ਪਰਿਵਾਰ, ਸਕੂਲ ਸਿਸਟਮ, ਕਾਰਪੋਰੇਟ ਸੈਕਟਰ ਅਤੇ ਬਿਨਾ ਸ਼ੱਕ ਅੌਰਤਾਂ ਖੁਦ ਵੀ ਸ਼ਾਮਲ ਹਨ, ਦੇ ਲਗਤਾਰ ਅਤੇ ਸਾਂਝੇ ਯਤਨ ਦੀ ਲੋੜ ਹੈ। ਲੜਕੀਆਂ ਲਈ ਸਾਇੰਸ ਸਿੱਖਿਆ ਦੀ ਸੌਖੀ ਪਹੁੰਚ ਇਕ ਹੋਰ ਖੇਤਰ ਹੈ ਜਿਸ ਨੂੰ ਵਿਸ਼ੇਸ਼ ਕਰਕੇ ਸਥਾਨਕ ਪੱਧਰ ਉੱਤੇ ਮਜ਼ਬੂਤ ਕਰਨ ਦੀ ਜ਼ਰੂਰਤ ਹੋਵੇਗੀ। ਅਵਸਰ ਅਤੇ ਸੁਲੱਭਤਾ, ਉਨ੍ਹਾਂ ਪ੍ਰਤਿਭਾਸ਼ਾਲੀ ਲੜਕੀਆਂ ਦੇ ਇਸ ਅਧਾਰ ਨੂੰ ਬਣਾਉਣ ਵਿਚ ਫੈਸਲਾਕੁੰਨ ਫੈਕਟਰ ਹੋਣਗੇ ਜੋ ਵਿਗਿਆਨਕ ਅਤੇ ਟੈਕਨੋਲੋਜੀਕਲ ਉੱਨਤੀ ਦਾ ਅਧਾਰ ਤਿਆਰ ਕਰ ਸਕਦੀਆਂ ਹਨ।

ਸਰਕਾਰ ਦੀ ਅਗਵਾਈ ਵਾਲੇ ਉਪਰਾਲਿਆਂ ਦੇ ਨਾਲ-ਨਾਲ ਉਨ੍ਹਾਂ ਕਾਇਆ-ਪਲਟੂ ਬਦਲਾਵਾਂ ਵੱਲ ਧਿਆਨ ਦੇਣਾ ਵੀ ਮਹੱਤਵਪੂਰਨ ਹੈ ਜੋ ਸਾਇੰਸ ਸਿੱਖਿਆ ਦੇ ਜ਼ਰੀਏ ਲੜਕੀਆਂ ਨੂੰ ਸਸ਼ਕਤ ਬਣਾਉਣ ਲਈ ਅਤੇ ਉਨ੍ਹਾਂ ਦੀ ਪ੍ਰਗਤੀ ਲਈ ਜ਼ਰੂਰੀ ਹਨ। ਇਸ ਦੇ ਲਈ ਸਭ ਤੋਂ ਜ਼ਰੂਰੀ ਹੈ ਇਕ ਮਜ਼ਬੂਤ ਬੁਨਿਆਦ ਦਾ ਨਿਰਮਾਣ ਕਰਨਾ ਜੋ ਕਿ ਸਮਾਜ ਦੀ ਮਾਨਸਿਕਤਾ ’ਚ ਬਦਲਾਅ ਲਿਆਉਣ ਨਾਲ ਹੀ ਸੰਭਵ ਹੈ। ਬਦਕਿਸਮਤੀ ਨਾਲ, ਦੇਸ਼ ਦੇ ਕਈ ਹਿੱਸਿਆਂ ’ਚ ਹਾਲੀ ਵੀ ਬਾਲੜੀਆਂ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਸਕੂਲ ਤੱਕ ਆਉਣ-ਜਾਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੀਆਂ ਲੜਕੀਆਂ ਨੂੰ ਆਪਣਾ ਕਰੀਅਰ ਖੁਦ ਨਾ ਚੁਣ ਸਕਣ ਦੀ ਚੁਣੌਤੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪਰਿਵਾਰਾਂ ਨੂੰ, ਲੜਕੀਆਂ ਨੂੰ ਉੱਚ ਸਿੱਖਿਆ ਅਤੇ ਕਰੀਅਰ ਦੀ ਚੋਣ ਬਾਰੇ ਖੁਦ ਫੈਸਲਾ ਲੈਣ ਦੇ ਯੋਗ ਬਣਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਦਾ ਸਮਰਥਨ ਵੀ ਕਰਨਾ ਚਾਹੀਦਾ ਹੈ ਅਤੇ ਸਿਸਟਮ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪ੍ਰਯੋਗਸ਼ਾਲਾਵਾਂ ਅਤੇ ਸਾਇੰਸ ਸਿੱਖਿਆ ਮੁਹੱਈਅਾ ਕਰਨ ਵਾਲੇ ਸੰਸਥਾਨ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਹੋਣ ਅਤੇ ਉਨ੍ਹਾਂ ਤੱਕ ਲੜਕੀਆਂ ਅਸਾਨੀ ਨਾਲ ਪਹੁੰਚ ਸਕਣ।

ਇਹ ਕਾਇਆ-ਪਲਟੂ ਬਦਲਾਅ ਲਿਆਉਣ ਵਾਸਤੇ ਲੜਕੀਆਂ ਲਈ ਵਧੇਰੇ ਰੋਲ ਮਾਡਲ ਤਿਆਰ ਕਰਨੇ ਹੋਣਗੇ, ਵਿਗਿਆਨ ਦੇ ਖੇਤਰ ਵਿਚ ਔਰਤਾਂ ਦੀਆਂ ਪ੍ਰਾਪਤੀਆਂ ਦਾ ਪ੍ਰਦਰਸ਼ਨ ਕਰਨਾ ਹੋਵੇਗਾ, ਅਤੇ ਇਨ੍ਹਾਂ ਰੋਲ ਮਾਡਲਾਂ ਨੇ ਨਾ ਸਿਰਫ ਰਾਸ਼ਟਰੀ ਨਾਇਕਾਂ ਵਜੋਂ ਸਗੋਂ ਕਮਿਊਨਿਟੀ ਪੱਧਰ 'ਤੇ ਵੀ ਲੜਕੀਆਂ ਨੂੰ ਪ੍ਰੇਰਿਤ ਕਰਨਾ ਹੋਵੇਗਾ। ਇਹ ਅਜਿਹੀਆਂ ਔਰਤਾਂ ਦੀ ਅਗਵਾਈ ਵਾਲੀਆਂ ਇਨੋਵੇਸ਼ਨਾਂ ਨਾਲ ਸੰਭਵ ਹੋ ਸਕਦਾ ਹੈ, ਜਿਨ੍ਹਾਂ ਨੂੰ ਸੁਤੰਤਰ ਰੂਪ ਵਿੱਚ ਖੋਜ ਅਤੇ ਵਿਕਾਸ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਦਾ ਮੌਕਾ ਮਿਲਦਾ ਹੈ। ਬਾਇਓਟੈਕਨੋਲੋਜੀ ਵਿਭਾਗ ਦਾ ਬਾਇਓਟੈਕਨੋਲੋਜੀ ਕਰੀਅਰ ਅਡਵਾਂਸਮੈਂਟ ਐਂਡ ਰੀ-ਓਰੀਐਂਟੇਸ਼ਨ ਪ੍ਰੋਗਰਾਮ (ਬਾਇਓਕੇਅਰ) ਯੂਨੀਵਰਸਿਟੀਆਂ ਅਤੇ ਛੋਟੀਆਂ ਖੋਜ ਪ੍ਰਯੋਗਸ਼ਾਲਾਵਾਂ ’ਚ ਪੂਰਾ ਸਮਾਂ ਕੰਮ ਕਰਨ ਵਾਲੀਆਂ ਔਰਤਾਂ ਵਿਗਿਆਨੀਆਂ ਜਾਂ ਬੇਰੋਜ਼ਗਾਰ ਮਹਿਲਾ ਵਿਗਿਆਨੀਆਂ ਲਈ ਅਜਿਹੇ ਹੀ ਮੌਕੇ ਮੁਹੱਈਆਂ ਕਰਾਉਂਦਾ ਹੈ। ਇਹ ਪ੍ਰੋਗਰਾਮ ਹੁਣ ਤੱਕ 400 ਤੋਂ ਵੱਧ ਅੌਰਤ ਵਿਗਿਆਨੀਆਂ ਦੀ ਸਹਾਇਤਾ ਕਰ ਚੁੱਕਾ ਹੈ। ਉੱਤਰ- ਪੂਰਬੀ ਭਾਰਤ ’ਚ ਬਾਇਓਟੈਕਨੋਲੋਜੀ ਲਾਈਫ ਸਾਇੰਸ ਸੈਕੰਡਰੀ ਸਕੂਲ ਅਤੇ ਡੀ.ਬੀ.ਟੀ ਕੁਦਰਤੀ ਸ੍ਰੋਤ ਜਾਗਰੂਕਤਾ ਕਲੱਬਾਂ ਨੇ ਵੀ ਸਾਇੰਸ ਸਿੱਖਿਆ ਨੂੰ ਵਿਦਿਆਰਥਣਾਂ ਤੱਕ ਲਿਜਾਣ ਲਈ ਇਕ ਅਜਿਹੇ ਈਕੋ-ਸਿਸਟਮ ਦਾ ਵਿਕਾਸ ਕੀਤਾ ਹੈ ਜੋ ਨਾ ਕੇਵਲ ਉਨ੍ਹਾਂ ਦੀ ਜਿਗਿਆਸਾ ਨੂੰ ਵਧਾਉਂਦਾ ਹੈ ਸਗੋਂ ਉਨ੍ਹਾਂ ਨੂੰ, ਵਿਗਿਆਨ ਨੂੰ ਕਰੀਅਰ ਵਜੋਂ ਅਪਣਾਉਣ ਲਈ ਵੀ ਉਤਸ਼ਾਹਿਤ ਕਰਦਾ ਹੈ।

ਇਸ ਖੇਤਰ ’ਚ ਸਫ਼ਲਤਾ ਦੀ ਕੁੰਜੀ ਦੀਆਂ ਤਿੰਨ ਸ਼ਾਖਾਵਾਂ ਹਨ: ਸਾਡੀਆਂ ਲੜਕੀਆਂ ਲਈ ਵਿਗਿਆਨ ਦੀ ਸਿੱਖਿਆ ਤੱਕ ਪਹੁੰਚ ਨੂੰ ਦ੍ਰਿੜ੍ਹ ਬਣਾਉਣਾ, ਉਨ੍ਹਾਂ ਨੂੰ ਵਿੱਤੀ ਅਤੇ ਸਮਾਜਿਕ ਤੌਰ 'ਤੇ ਸਸ਼ਕਤ ਬਣਾਉਣਾ ਅਤੇ ਇਕ ਅਜਿਹੀ ਵਿਵਸਥਾ ਦਾ ਨਿਰਮਾਣ ਕਰਨਾ ਜੋ ਮਹਿਲਾ ਵਿਗਿਆਨੀਆਂ ਅਤੇ ਬਾਲੜੀਆਂ ਨੂੰ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਮੈਥੇਮੈਟਿਕਸ (STEM) ਦੀ ਪੜ੍ਹਾਈ ਕਰਨ ਲਈ ਉਤਸ਼ਾਹਿਤ ਕਰੇ, ਨਿਰੰਤਰ ਆਪਣੀ ਕੁਸ਼ਲਤਾ ਨੂੰ ਵਧਾਉਣ ਅਤੇ ਸਾਇੰਸ ਇਨੋਵੇਟਰਾਂ ਵਜੋਂ ਉੱਭਰਨ ਲਈ ਪ੍ਰੇਰਿਤ ਕਰੇ। ‘ਬੇਟੀ ਬਚਾਓ ਬੇਟੀ ਪੜ੍ਹਾਓ’ ਜਿਹੇ ਪ੍ਰੋਗਰਾਮਾਂ ਦੁਆਰਾ ਪ੍ਰਾਪਤ ਕੀਤੀ ਤਰੱਕੀ ਇਸ ਗੱਲ ਦਾ ਸਬੂਤ ਹੈ ਕਿ ਜਾਗਰੂਕਤਾ, ਪ੍ਰਤੀਬੱਧਤਾ ਅਤੇ ਸਪਸ਼ਟ ਰੋਡਮੈਪ ਬਣਾਉਣ ਦੇ ਨਾਲ, ਭਾਰਤ ਸਿੱਖਿਆ, ਖੇਡਾਂ, ਕਾਰੋਬਾਰ, ਉੱਦਮ, ਅਤੇ ਹੋਰਨਾਂ ਖੇਤਰਾਂ ਵਿਚ ਉਪਲੱਬਧੀ ਹਾਸਲ ਕਰਨ ਵਾਲੀਆਂ ਮਹਿਲਾਵਾਂ ਦੀ ਇਕ ਨਵੀਂ ਪੀੜ੍ਹੀ ਤਿਆਰ ਕਰ ਸਕਦਾ ਹੈ।

ਔਰਤਾਂ ’ਚ ਇਕ ਅੰਦਰੂਨੀ ਸ਼ਕਤੀ ਹੁੰਦੀ ਹੈ। ਸਾਨੂੰ ਮਜ਼ਬੂਤ ਲੀਡਰਸ਼ਿਪ ਵਿਕਾਸ ਉਪਰਾਲੇ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਦੇ ਜ਼ਰੀਏ ਵਿਦਿਆਰਥਣਾਂ ਆਪਣੇ ਕਰੀਅਰ ਵਿਚ ਅੱਗੇ ਵਧ ਕੇ ਵਧੇਰੇ ਉਚਾਈਆਂ ਨੂੰ ਛੂਹ ਸਕਣ।

ਮੇਰਾ ਵਿਸ਼ਵਾਸ ਹੈ ਕਿ ਸਾਡੇ ਅੱਗੇ ਇੱਕ ਹੀ ਰਸਤਾ ਹੈ: ਇੱਕ ਮਜ਼ਬੂਤ ਜੈਂਡਰ ਦ੍ਰਿਸ਼ਟੀ ਨਾਲ, ਸਮਾਨ ਵਿਗਿਆਨਕ ਅਧਾਰ ਤਿਆਰ ਕਰਨ ਲਈ ਸਕੂਲ ਪੱਧਰ 'ਤੇ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਮੈਥੇਮੈਟਿਕਸ (STEM) ਦੀ ਸਿੱਖਿਆ ਪ੍ਰਦਾਨ ਕਰਕੇ, ਬਾਲੜੀਆਂ ਦੀ ਭਾਗੀਦਾਰੀ ਨੂੰ ਵਧਾਉਣਾ।


Bharat Thapa

Content Editor

Related News