ਕਾਂਗਰਸ ਵਿਚ ਕਸਤੂਰੀ ਲਾਲ ਮਿੰਟੂ ਨੂੰ ਮਿਲੀ ਇਕ ਹੋਰ ਅਹਿਮ ਤੇ ਵੱਡੀ ਜ਼ਿੰਮੇਵਾਰੀ
Tuesday, Jul 08, 2025 - 06:12 PM (IST)

ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਮਾਛੀਵਾੜਾ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਜ਼ਿਲਾ ਉਪ ਪ੍ਰਧਾਨ ਕਸਤੂਰੀ ਲਾਲ ਮਿੰਟੂ ਨੂੰ ਪਾਰਟੀ ਦੀ ਮਜ਼ਬੂਤੀ ਲਈ ਇਕ ਹੋਰ ਵੱਡੀ ਅਤੇ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਪ੍ਰਧਾਨ ਰਾਜਾ ਵੜਿੰਗ ਵਲੋਂ ਕੁਝ ਦਿਨ ਪਹਿਲਾਂ ਹੀ ਵਿਧਾਨ ਸਭਾ ਹਲਕਾ ਬੱਸੀ ਪਠਾਣਾ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਸੀ ਅਤੇ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨੂੰ ਦੇਖਦਿਆਂ ਹੁਣ 2 ਵਿਧਾਨ ਸਭਾ ਹਲਕੇ ਸਾਹਨੇਵਾਲ ਅਤੇ ਲੁਧਿਆਣਾ ਈਸਟ ਦਾ ਆਬਜ਼ਰਵਰ ਨਿਯੁਕਤ ਕੀਤਾ ਹੈ। ਇਹ ਵੱਡਾ ਮਾਣ ਵਾਲਾ ਅਹੁਦਾ ਮਿਲਣ ’ਤੇ ਕਸਤੂਰੀ ਲਾਲ ਮਿੰਟੂ ਨੇ ਕਿਹਾ ਕਿ ਪ੍ਰਧਾਨ ਰਾਜਾ ਵੜਿੰਗ ਵਲੋਂ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਜਾਂਦੀ ਹੈ ਉਸ ਨੂੰ ਉਹ ਪੂਰੀ ਤਨਦੇਹੀ ਅਤੇ ਈਮਾਨਦਾਰੀ ਨਾਲ ਨਿਭਾਉਂਦੇ ਹਨ।
ਉਨ੍ਹਾਂ ਕਿਹਾ ਕਿ ਬੱਸੀ ਪਠਾਣਾ ਹਲਕੇ ਦਾ ਕੋਆਰਡੀਨੇਟਰ ਨਿਯੁਕਤ ਹੋਣ ’ਤੇ ਉਨ੍ਹਾਂ ਵਲੋਂ ਹਲਕੇ ਅੰਦਰ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਰਾਬਤਾ ਕਾਇਮ ਕਰ ਜਿੱਥੇ ਪਾਰਟੀ ਦੀ ਮਜ਼ਬੂਤੀ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉੱਥੇ ਕਾਂਗਰਸ ਦੀਆਂ ਨੀਤੀਆਂ ਦਾ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਰਾਜਾ ਵੜਿੰਗ ਦੇ ਨਿਰਦੇਸ਼ ਹਨ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਾਵੇ ਅਤੇ ਉਹ ਇਨ੍ਹਾਂ ਦੋਵੇਂ ਹਲਕਿਆਂ ਵਿਚ ਆਬਜ਼ਰਵਰ ਵਜੋਂ ਡਿਊਟੀ ਨਿਭਾਉਣਗੇ ਅਤੇ ਹਲਕੇ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕਰ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋ ਕੇ ਕਾਂਗਰਸ ਹਾਈਕਮਾਂਡ ਤੱਕ ਪਹੁੰਚਾਉਣਗੇ।
ਕਸਤੂਰੀ ਲਾਲ ਮਿੰਟੂ ਨੇ ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਇੰਚਾਰਜ਼ ਰੁਪਿੰਦਰ ਸਿੰਘ ਰਾਜਾ ਗਿੱਲ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਜ਼ਿਲਾ ਪ੍ਰਧਾਨ ਲਖਵੀਰ ਸਿੰਘ ਲੱਖਾ ਅਤੇ ਹਾਈਕਮਾਂਡ ਦਾ ਧੰਨਵਾਦ ਪ੍ਰਗਟਾਇਆ ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਜਿੰਮੇਵਾਰੀ ਸੌਂਪ ਕੇ ਵੱਡਾ ਮਾਣ ਬਖਸ਼ਿਆ ਹੈ। ਇਸ ਤੋਂ ਇਲਾਵਾ ਇਲਾਕੇ ਦੇ ਕਾਂਗਰਸੀ ਆਗੂ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ, ਡਾ. ਸੁਨੀਲ ਦੱਤ, ਜੇ.ਪੀ. ਮੱਕੜ, ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਸ਼ਹਿਰੀ ਪ੍ਰਧਾਨ ਕਪਿਲ ਆਨੰਦ, ਰਮੇਸ਼ ਖੁੱਲਰ, ਜਗਜੀਤ ਸਿੰਘ ਪ੍ਰਿਥੀਪੁਰ, ਕ੍ਰਿਸ਼ਨ ਲਾਲ ਕਾਲੜਾ, ਹੁਸਨ ਲਾਲ ਮੜਕਨ, ਜਸਪ੍ਰੀਤ ਸਿੰਘ ਸਹਿਜੋ ਮਾਜਰਾ, ਅੰਮ੍ਰਿਤਪਾਲ ਸਿੰਘ, ਵਿਨੀਤ ਕੁਮਾਰ ਝੜੌਦੀ, ਚੇਤਨ ਕੁਮਾਰ ਨੇ ਵੀ ਕਾਂਗਰਸ ਹਾਈਕਮਾਂਡ ਵਲੋਂ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਨੇ ਹਮੇਸ਼ਾ ਮਿਹਨਤੀ ਵਰਕਰ ਨੂੰ ਮਾਣ ਦਿੱਤਾ ਹੈ।