ਥਾਲੀ ’ਚ ਖਾਣਾ ਨਾ ਛੱਡੋ
Tuesday, Dec 24, 2024 - 12:48 PM (IST)
–ਸ਼ਮਾ ਸ਼ਰਮਾ
ਇਨ੍ਹੀਂ ਦਿਨੀਂ ਵਿਆਹਾਂ ਦਾ ਸੀਜ਼ਨ ਹੈ। ਦੇਖਿਆ ਜਾਂਦਾ ਹੈ ਕਿ ਉੱਤਰੀ ਭਾਰਤ ਦੇ ਵਿਆਹਾਂ ਅਤੇ ਖ਼ਾਸ ਕਰ ਕੇ ਹਿੰਦੂ ਭਾਈਚਾਰੇ ਦੇ ਵਿਆਹਾਂ ਵਿਚ ਜਿੰਨਾ ਦਿਖਾਵਾ ਦਿਖਾਈ ਦਿੰਦਾ ਹੈ, ਉਹ ਸ਼ਾਇਦ ਹੋਰ ਕਿਧਰੇ ਨਹੀਂ। ਇਸਾਈਆਂ, ਮੁਸਲਮਾਨਾਂ ਅਤੇ ਸਿੱਖਾਂ ਦੇ ਵਿਆਹ ਬਹੁਤ ਸਾਦੇ ਹੁੰਦੇ ਹਨ। ਇਹ ਸ਼ਲਾਘਾਯੋਗ ਹੈ। ਇਕ ਪਾਸੇ ਦਾਜ ਮੁਕਤ ਭਾਰਤ ਦੇ ਸੁਪਨੇ ਵੇਖੇ ਜਾ ਰਹੇ ਹਨ ਅਤੇ ਦੂਜੇ ਪਾਸੇ ਵਿਆਹਾਂ ਵਿਚ ਦਿਖਾਵਾ ਇੰਨਾ ਵਧ ਗਿਆ ਹੈ ਕਿ ਨੌਜਵਾਨ ਨੌਕਰੀ ਦੀ ਸ਼ੁਰੂਆਤ ਵਿਚ ਹੀ ਇੰਨਾ ਵੱਡਾ ਕਰਜ਼ਾ ਲੈ ਲੈਂਦੇ ਹਨ ਕਿ ਉਨ੍ਹਾਂ ਨੂੰ ਇਸ ਦੀ ਅਦਾਇਗੀ ਦਹਾਕਿਆਂ ਤੱਕ ਕਰਨੀ ਪੈਂਦੀ ਹੈ।
ਇਹ ਵੀ ਪੜ੍ਹੋ - ਵਿਦਿਆਰਥੀਆਂ ਦੀਆਂ ਮੌਜਾਂ : 25 ਦਸੰਬਰ ਤੋਂ 1 ਫਰਵਰੀ ਤੱਕ ਸਕੂਲ ਹੋਏ ਬੰਦ
ਜਦੋਂ ਤੋਂ ਕਾਰਪੋਰੇਟਾਂ ਵੱਲੋਂ ਆਪਣੇ ਉਤਪਾਦਾਂ ਨੂੰ (ਹਰਮਨ-ਪਿਆਰਾ) ਬਣਾਉਣ ਦਾ ਸੰਕਲਪ ਫੈਲਾਇਆ ਗਿਆ ਹੈ, ਉਦੋਂ ਤੋਂ ਇਹ ਮੰਨਿਆ ਜਾਣ ਲੱਗਾ ਹੈ ਕਿ ਜੇਕਰ ਲਾੜਾ-ਲਾੜੀ ਕੋਲ ਢਿਮਕੇ ਬ੍ਰਾਂਡ ਦੇ ਕੱਪੜੇ, ਗਹਿਣੇ, ਡੈਸਟੀਨੇਸ਼ਨ ਵੈਡਿੰਗ ਨਹੀਂ, ਪ੍ਰੀ-ਵੈਡਿੰਗ ਸ਼ੂਟ, ਪੰਜ-ਸਤਾਰਾ ਹੋਟਲ ਜਾਂ ਫਾਰਮ ਹਾਊਸ ਨਹੀਂ ਉਦੋਂ ਤੱਕ ਵਿਆਹ ਹੋ ਹੀ ਨਹੀਂ ਸਕਦੇ। ਇਹ ਸਭ ਕਰ ਕੇ ਸੋਚਿਆ ਜਾਂਦਾ ਹੈ ਕਿ ਲੋਕ ਵਿਆਹ ਨੂੰ ਹਮੇਸ਼ਾ ਯਾਦ ਰੱਖਣਗੇ ਪਰ ਸੱਚ ਤਾਂ ਇਹ ਹੈ ਕਿ ਵਿਆਹ ਵਾਲੇ ਹਾਲ ਤੋਂ ਨਿਕਲਦਿਆਂ ਹੀ ਸਭ ਕੁਝ ਭੁਲਾ ਦਿੱਤਾ ਜਾਂਦਾ ਹੈ, ਹਮੇਸ਼ਾ ਲਈ ਯਾਦ ਰੱਖਣ ਦੀ ਗੱਲ ਤਾਂ ਦੂਰ ਹੈ। ਵੈਸੇ ਵੀ, ਉਨ੍ਹਾਂ ਦਿਨਾਂ ਜਦੋਂ ਵਿਆਹ ਵੱਡੇ ਪੱਧਰ ’ਤੇ ਟੁੱਟ ਰਹੇ ਹਨ ਤਾਂ ਉਨ੍ਹਾਂ ਦਿਨਾਂ ਦੀ ਇਕ ਦਾਅਵਤ ਨੂੰ ਕੌਣ ਯਾਦ ਰੱਖਦਾ ਹੈ।
ਭੋਜਨ ਦਾ ਵੀ ਇਹੀ ਹਾਲ ਹੈ। ਅੱਜਕੱਲ੍ਹ ਵਿਆਹਾਂ ਵਿਚ ਇੰਨੇ ਪ੍ਰਕਾਰ ਦੇ ਪਕਵਾਨ ਪਰੋਸੇ ਜਾਂਦੇ ਹਨ ਕਿ ਆਮ ਤੌਰ ’ਤੇ ਤੁਸੀਂ ਉਨ੍ਹਾਂ ਸਾਰਿਆਂ ਦਾ ਇਕ ਚਮਚ ਵੀ ਨਹੀਂ ਖਾ ਸਕਦੇ। ਅਜਿਹਾ ਵੀ ਹੁੰਦਾ ਹੈ ਕਿ ਲੋਕ ਪਲੇਟਾਂ ਵਿਚ ਬਹੁਤ ਸਾਰਾ ਭੋਜਨ ਪਰੋਸਦੇ ਹਨ ਅਤੇ ਅੱਧਾ ਖਾਂਦੇ ਹਨ ਅਤੇ ਅੱਧਾ ਛੱਡ ਦਿੰਦੇ ਹਨ। ਇਸ ਤਰ੍ਹਾਂ ਵੱਡੀ ਮਾਤਰਾ ’ਚ ਭੋਜਨ ਖ਼ਰਾਬ ਹੋ ਜਾਂਦਾ ਹੈ, ਜਦਕਿ ਸਾਡੇ ਆਪਣੇ ਦੇਸ਼ ’ਚ ਹੀ ਅਜਿਹੇ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੂੰ ਇਕ ਡੰਗ ਦੀ ਰੋਟੀ ਵੀ ਨਹੀਂ ਮਿਲਦੀ।
ਇਹ ਵੀ ਪੜ੍ਹੋ - ਬੁਰੀ ਖ਼ਬਰ! 1 ਜਨਵਰੀ ਤੋਂ ਇਨ੍ਹਾਂ Smartphones 'ਤੇ ਨਹੀਂ ਚਲੇਗਾ WhatsApp
ਕਿਹਾ ਜਾਂਦਾ ਹੈ ਕਿ ਇਕ ਵਾਰ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਭਾਰਤ ਵਿਚ ਹਰ ਸਾਲ ਚਾਲੀ ਫ਼ੀਸਦੀ ਭੋਜਨ ਬਰਬਾਦ ਹੁੰਦਾ ਹੈ। ਜੇਕਰ ਇਸ ਦੇ ਪੈਸੇ ਦਾ ਹਿਸਾਬ ਲਗਾਇਆ ਜਾਵੇ ਤਾਂ ਇਹ ਲਗਭਗ 80 ਹਜ਼ਾਰ ਕਰੋੜ ਰੁਪਏ ਬਣਦਾ ਹੈ। ਜੇ ਇਹ ਪੈਸਾ ਬਚ ਜਾਵੇ ਤਾਂ ਇਸ ਨੂੰ ਹੋਰ ਕਿੰਨੇ ਕੰਮਾਂ ਲਈ ਵਰਤਿਆ ਜਾ ਸਕਦਾ ਹੈ। ਚੰਗੀ ਗੱਲ ਇਹ ਹੈ ਕਿ ਪੰਜ ਸਾਲ ਪਹਿਲਾਂ ਰਾਜਸਥਾਨ ਦੇ ਜੋਧਪੁਰ ਸ਼ਹਿਰ ਵਿਚ ਥਾਲੀ ਵਿਚ ਖਾਣਾ ਨਾ ਛੱਡਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਹ ਸਮਦੜੀ ਦੇ ਕੁੰਜੂਨਾਥ ਜੈਨ ਮੰਦਰ ਤੋਂ ਸ਼ੁਰੂ ਹੋਈ। ਜੈਅੰਤੀ ਲਾਲ ਪਾਰੇਖ ਨੇ ਉੱਥੇ ਹੀ ਇਸ ਦੀ ਸ਼ੁਰੂਆਤ ਕੀਤੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਇਸ ਦੀ ਪ੍ਰੇਰਨਾ ਮਹਾਰਾਸ਼ਟਰ ਤੋਂ ਮਿਲੀ ਸੀ।
ਪਾਰੇਖ ਨੇ ਇਕ ਹਜ਼ਾਰ ਅਜਿਹੀਆਂ ਥਾਲੀਆਂ ਬਣਵਾਈਆਂ, ਜਿਨ੍ਹਾਂ ਵਿਚ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ ਕਿ ਥਾਲੀ ਵਿਚ ਜੂਠ ਨਾ ਛੱਡੋ। ਪਾਰੇਖ ਦਾ ਮੰਨਣਾ ਹੈ ਕਿ ਥਾਲੀਆਂ ’ਤੇ ਇਹ ਲਿਖਿਆ ਹੋਣ ਨਾਲ ਲੋਕਾਂ ’ਤੇ ਬਹੁਤ ਪ੍ਰਭਾਵ ਪੈਂਦਾ ਹੈ ਅਤੇ ਉਹ ਭੋਜਨ ਦਾ ਸੇਵਨ ਸੋਚ-ਸਮਝ ਕੇ ਕਰਦੇ ਹਨ। ਜਲਦੀ ਹੀ ਇਸ ਮੁਹਿੰਮ ਨੇ ਜ਼ੋਰ ਫੜ ਲਿਆ ਅਤੇ ਇਹ ਜੋਧਪੁਰ ਵਰਗੇ ਸ਼ਹਿਰ ਵਿਚ ਸ਼ੁਰੂ ਹੋ ਗਈ। ਇਹ ਪਹਿਲ ਜੈਨ, ਮਹੇਸ਼ਵਰੀ ਅਤੇ ਖਾਂਚੀ ਭਾਈਚਾਰਿਆਂ ਦੇ ਲੋਕਾਂ ਵੱਲੋਂ ਕੀਤੀ ਗਈ। ਇਸ ਨੂੰ ਵਿਆਹਾਂ ’ਤੇ ਕੰਮ ਕਰਨ ਵਾਲੇ ਲੋਕਾਂ ਅਤੇ ਕੈਟਰਰਜ਼ ਦੀ ਵੀ ਹਮਾਇਤ ਮਿਲੀ।
ਉੱਥੇ ਲੇਜ਼ਰ ਦੀ ਮਦਦ ਨਾਲ ਥਾਲੀਆਂ ’ਤੇ ਮੋਟੇ ਅੱਖਰਾਂ ’ਚ ਲਿਖਵਾਇਆ ਗਿਆ ਕਿ ਕਿਰਪਾ ਕਰ ਕੇ ਜੂਠ ਨਾ ਛੱਡੋ। ਵਿਆਹਾਂ ਜਾਂ ਕਿਸੇ ਵੀ ਤਿਉਹਾਰ ’ਤੇ ਕੁਝ ਲੋਕ ਆਉਣ ਵਾਲੇ ਮਹਿਮਾਨਾਂ ਨੂੰ ਬਹੁਤ ਨਿਮਰਤਾ ਨਾਲ ਇਹ ਪ੍ਰਾਰਥਨਾ ਵੀ ਕਰਦੇ ਹਨ। ਇਸ ਦਾ ਅਸਰ ਇਹ ਹੋਇਆ ਕਿ ਇਕ ਮਹੀਨੇ ਵਿਚ ਹੀ ਇਸ ਤਰ੍ਹਾਂ ਦੀਆਂ ਦਸ ਹਜ਼ਾਰ ਥਾਲੀਆਂ ਬਣਵਾਈਆਂ ਗਈਆਂ। ਸਟੀਲ ਦਾ ਕੰਮ ਕਰਨ ਵਾਲੇ ਵਪਾਰੀਆਂ ਨੇ ਅਜਿਹੀਆਂ ਥਾਲੀਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪਾਈਆਂ ਸਨ, ਜਿਸ ਤੋਂ ਬਾਅਦ ਲਗਾਤਾਰ ਅਜਿਹੀਆਂ ਥਾਲੀਆਂ ਬਣਾਉਣ ਦੇ ਆਰਡਰ ਆਉਂਦੇ ਰਹੇ ਅਤੇ ਮੁਹਿੰਮ ਦੀ ਸਫਲਤਾ ਵਧਦੀ ਗਈ। ਕਈ ਕੈਟਰਰਜ਼ ਅਤੇ ਦੂਜੇ ਸ਼ਹਿਰਾਂ ਦੇ ਲੋਕਾਂ ਨੇ ਵੀ ਅਜਿਹੀਆਂ ਥਾਲੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਕੇਂਦਰ ਨੇ ਬਦਲਿਆ ਸਿੱਖਿਆ ਦਾ ਨਿਯਮ, ਹੁਣ 5ਵੀਂ ਤੇ 8ਵੀਂ ਦੇ ਵਿਦਿਆਰਥੀ ਹੋਣਗੇ ਫੇਲ੍ਹ
ਵੱਡੇ-ਵੱਡੇ ਸਮਾਗਮਾਂ ਵਿਚ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਉਂਦੇ, ਜਿੱਥੇ ਉਨ੍ਹਾਂ ਨੂੰ ਅਜਿਹੀਆਂ ਥਾਲੀਆਂ ਵਿਚ ਖਾਣਾ ਪਰੋਸਿਆ ਜਾਂਦਾ। ਹਰੇਕ ਵਿਅਕਤੀ ਨੂੰ ਥਾਲੀ ਵਿਚ ਖਾਣਾ ਨਾ ਛੱਡਣ ਦੀ ਅਪੀਲ ਕੀਤੀ ਜਾਂਦੀ। ਕਈ ਵਾਰ ਜੋ ਲੋਕ ਥਾਲੀ ਵਿਚ ਖਾਣਾ ਛੱਡ ਦਿੰਦੇ ਉਨ੍ਹਾਂ ਦੇ ਸਾਹਮਣੇ ਹੀ ਦੂਜੇ ਲੋਕ ਉਸ ਨੂੰ ਖਾਣ ਲੱਗਦੇ, ਇਸ ਨਾਲ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ। ਇੰਨਾ ਹੀ ਨਹੀਂ ਜੇਕਰ ਕਈ ਲੋਕ ਫਿਰ ਵੀ ਨਾ ਮੰਨਣ ਤਾਂ ਸਟੇਜ ਤੋਂ ਉਨ੍ਹਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਂਦਾ।
ਪਰ ਦਿੱਲੀ ਜਾਂ ਹੋਰ ਮਹਾਨਗਰਾਂ ਵਿਚ ਅਜਿਹਾ ਕਦੋਂ ਹੋਵੇਗਾ? ਕੌਣ ਜਾਣਦਾ ਹੈ ਕਿ ਇੱਥੇ ਕਿੰਨਾ ਖਾਣਾ ਬਰਬਾਦ ਹੁੰਦਾ ਹੈ। ਕਈ ਵਾਰ ਅਜਿਹੀਆਂ ਖਬਰਾਂ ਆਉਂਦੀਆਂ ਹਨ ਕਿ ਨੌਜਵਾਨ ਇਸ ਪੈਸੇ ਨੂੰ ਆਪਣੇ ਵਿਆਹ ’ਤੇ ਖਰਚ ਕਰਨ ਦੀ ਬਜਾਏ ਕਿਸੇ ਸਮਾਜਿਕ ਕੰਮਾਂ ਲਈ ਵਰਤਦੇ ਹਨ, ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਦਿੱਲੀ ਵਿਚ ਕਈ ਸਵੈ-ਸੇਵੀ ਸੰਸਥਾਵਾਂ ਵਿਆਹਾਂ, ਤਿਉਹਾਰਾਂ ਅਤੇ ਹੋਟਲਾਂ ਤੋਂ ਬਚਿਆ ਹੋਇਆ ਭੋਜਨ ਇਕੱਠਾ ਕਰ ਕੇ ਲੋੜਵੰਦ ਲੋਕਾਂ ਤੱਕ ਪਹੁੰਚਾਉਂਦੀਆਂ ਹਨ ਪਰ ਪਲੇਟਾਂ ਦਾ ਬਚਿਆ ਭੋਜਨ ਤਾਂ ਕੂੜੇ ਵਿਚ ਹੀ ਜਾਂਦਾ ਹੈ।
ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੀ ਥਾਲੀ ਜਾਂ ਪਲੇਟ ਵਿਚ ਜਿੰਨਾ ਖਾਣਾ ਖਾ ਸਕਦੇ ਹੋ, ਓਨਾ ਹੀ ਲਓ। ਜੇ ਇਕ ਵਾਰ ਵਿਚ ਤੁਹਾਡਾ ਢਿੱਡ ਨਾ ਭਰੇ ਤਾਂ ਬਹੁਤ ਸਾਰਾ ਭੋਜਨ ਪਰੋਸ ਕੇ ਅਤੇ ਫਿਰ ਇਸ ਨੂੰ ਛੱਡਣ ਦੀ ਬਜਾਏ, ਤੁਸੀਂ ਇਸ ਨੂੰ ਦੁਬਾਰਾ ਲੈ ਸਕਦੇ ਹੋ। ਆਖ਼ਰਕਾਰ ਸਮਾਗਮ ਪ੍ਰਬੰਧਕਾਂ ਨੂੰ ਖਾਣੇ ’ਤੇ ਵੱਡੀ ਰਕਮ ਖਰਚ ਕਰਨੀ ਪੈਂਦੀ ਹੈ। ਫਿਰ ਭੋਜਨ ਬਰਬਾਦ ਕਰਨ ਦਾ ਕੀ ਫਾਇਦਾ? ਸਾਡੇ ਦੇਸ਼ ਵਿਚ ਵੈਸੇ ਵੀ ਭੋਜਨ ਦਾ ਅਪਮਾਨ ਕਰਨਾ ਬੁਰਾ ਮੰਨਿਆ ਜਾਂਦਾ ਹੈ। ਇਹ ਕਹਾਵਤ ਵੀ ਸ਼ਾਇਦ ਇਸੇ ਸੋਚ ਨਾਲ ਬਣਾਈ ਗਈ ਹੈ ਕਿ ਲੋਕਾਂ ਨੂੰ ਭੋਜਨ ਦੀ ਬਰਬਾਦੀ ਨਹੀਂ ਕਰਨੀ ਚਾਹੀਦੀ, ਉਸ ਦਾ ਸਨਮਾਨ ਕਰਨਾ ਚਾਹੀਦਾ ਹੈ। ਅਸੀਂ ਵੀ ਇਸ ਦੀ ਪਹਿਲ ਆਪਣੇ-ਆਪਣੇ ਤਰੀਕੇ ਨਾਲ ਕਰ ਸਕਦੇ ਹਾਂ। ਬੱਚਿਆਂ ਨੂੰ ਬਚਪਨ ਤੋਂ ਹੀ ਸਿਖਾਇਆ ਜਾ ਸਕਦਾ ਹੈ ਕਿ ਥਾਲੀ ਜਾਂ ਪਲੇਟ ਵਿਚ ਖਾਣਾ ਛੱਡਣਾ ਠੀਕ ਨਹੀਂ ਹੈ।
ਇਹ ਵੀ ਪੜ੍ਹੋ - ਖ਼ਾਸ ਖ਼ਬਰ: ਹੁਣ ਘਰ ਬੈਠੇ ਆਨਲਾਈਨ ਖਰੀਦ ਸਕਦੇ ਹੋ ਸਸਤੀਆਂ ਦਾਲਾਂ, ਜਾਣੋ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8