ਡਿਜੀਟਲ ਯੁੱਗ ’ਚ ਬੱਚੇ ਗੁੱਸੇ ਵਾਲੇ ਅਤੇ ਹਮਲਾਵਰ ਕਿਉਂ?

Monday, Apr 28, 2025 - 04:19 PM (IST)

ਡਿਜੀਟਲ ਯੁੱਗ ’ਚ ਬੱਚੇ ਗੁੱਸੇ ਵਾਲੇ ਅਤੇ ਹਮਲਾਵਰ ਕਿਉਂ?

ਅੱਜ ਦੇ ਡਿਜੀਟਲ ਯੁੱਗ ’ਚ ਬੱਚਿਆਂ ਦਾ ਵਤੀਰਾ ਅਤੇ ਮਨੋਵਿਗਿਆਨਿਕ ਸਿਹਤ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਮਾਤਾ-ਪਿਤਾ ਅਤੇ ਅਧਿਆਪਕ ਅਕਸਰ ਇਹ ਸ਼ਿਕਾਇਤ ਕਰਦੇ ਹਨ ਕਿ ਬੱਚੇ ਪਹਿਲਾਂ ਦੇ ਮੁਕਾਬਲੇ ਵਧੇਰੇ ਗੁੱਸੇ ਵਾਲੇ, ਚਿੜਚਿੜੇ ਸੁਭਾਅ ਵਾਲੇ ਅਤੇ ਹਮਲਾਵਰ ਹੋ ਗਏ। ਇਸ ਦਾ ਇਕ ਮੁੱਖ ਕਾਰਨ ਬੱਚਿਆਂ ਦਾ ਛੋਟੀ ਉਮਰ ’ਚ ਮੋਬਾਈਲ ਫੋਨ ਅਤੇ ਇੰਟਰਨੈੱਟ ਦੀ ਵਧੇਰੇ ਵਰਤੋਂ ਹੈ। ਮੁੱਢਲਾ ਸਕਰੀਨ ਟਾਈਮ ਅਤੇ ਡਿਜੀਟਲ ਦੁਨੀਆ ਬੱਚਿਆਂ ਦੇ ਮਾਨਸਿਕ ਅਤੇ ਭਾਵਨਾਤਮਕ ਵਿਕਾਸ ਨੂੰ ਨਾਂਹਪੱਖੀ ਪ੍ਰਭਾਵਿਤ ਕਰ ਰਹੀ ਹੈ ਜਿਸ ਦੇ ਸਿੱਟੇ ਵਜੋਂ ਉਨ੍ਹਾਂ ’ਚ ਗੁੱਸਾ ਅਤੇ ਹਮਲਾਵਰਤਾ ਵਧ ਰਹੀ ਹੈ।

ਅੱਜ ਦੇ ਬੱਚੇ ‘ਡਿਜੀਟਲ ਨੈਟਿਵਸ’ ਹਨ, ਭਾਵ ਉਹ ਉਸ ਦੁਨੀਆ ’ਚ ਪੈਦਾ ਹੋਏ ਹਨ ਜਿੱਥੇ ਸਮਾਰਟ ਫੋਨ ਅਤੇ ਟੈਬਲੇਟ ਅਤੇ ਇੰਟਰਨੈੱਟ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਹਨ। ਪਹਿਲਾਂ ਜਿੱਥੇ ਬੱਚੇ ਖੇਡ ਦੇ ਮੈਦਾਨ ’ਚ ਦੋਸਤਾਂ ਨਾਲ ਸਮਾਂ ਬਿਤਾਉਂਦੇ ਸਨ, ਉੱਥੇ ਹੁਣ ਉਹ ਮੋਬਾਈਲ ਸਕਰੀਨ ’ਤੇ ਗੇਮ ਖੇਡਣ, ਵੀਡੀਓ ਵੇਖਣ ਅਤੇ ਸੋਸ਼ਲ ਮੀਡੀਆ ’ਤੇ ਸਮਾਂ ਬਿਤਾਉਣ ’ਚ ਰੁੱਝੇ ਰਹਿੰਦੇ ਹਨ। ਇਕ ਅਧਿਐਨ ਅਨੁਸਾਰ ਭਾਰਤ ’ਚ 6-12 ਸਾਲ ਦੀ ਉਮਰ ਦੇ ਬੱਚੇ ਔਸਤ ਰੋਜ਼ਾਨਾ 2.4 ਘੰਟੇ ਸਕਰੀਨ ’ਤੇ ਬਿਤਾਉਂਦੇ ਹਨ। ਇਹ ਅੰਕੜਾ ਅੱਲ੍ਹੜ ਉਮਰ ਦੇ ਬੱਚਿਆਂ ’ਚ ਹੋਰ ਵੀ ਵੱਧ ਹੈ।

ਹਾਲਾਂਕਿ ਇਸ ਤਕਨੀਕ ਨੇ ਸਿੱਖਿਆ ਅਤੇ ਮਨੋਰੰਜਨ ਦੇ ਨਵੇਂ ਦਰਵਾਜ਼ੇ ਖੋਲ੍ਹੇ ਹਨ ਪਰ ਇਸ ਦੀ ਵਧੇਰੇ ਅਤੇ ਅੰਨ੍ਹੇਵਾਹ ਵਰਤੋਂ ਬੱਚਿਆਂ ਦੀ ਮਾਨਸਿਕ ਸਿਹਤ ’ਤੇ ਮਾੜਾ ਅਸਰ ਪਾ ਰਹੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਘੱਟ ਉਮਰ ’ਚ ਮੋਬਾਈਲ ਅਤੇ ਇੰਟਰਨੈੱਟ ਦੀ ਵਰਤੋਂ ਬੱਚਿਆਂ ਦੇ ਦਿਮਾਗ ਦੇ ਵਿਕਾਸ, ਭਾਵਨਾਤਮਕ ਕੰਟਰੋਲ ਅਤੇ ਸਮਾਜਿਕ ਹੁਨਰ ਨੂੰ ਪ੍ਰਭਾਵਿਤ ਕਰਦੀ ਹੈ। ਗੁੱਸਾ ਅਤੇ ਹਮਲਾਵਰ ਦਾ ਕਾਰਨ ਬੱਚਿਆਂ ਦੇ ਦਿਮਾਗ ਦੇ ਵਿਕਾਸ ਦੇ ਅਹਿਮ ਪੜਾਅ ’ਚ ਹੁੰਦਾ ਹੈ ਅਤੇ ਇਸ ਦੌਰਾਨ ਸਕਰੀਨ ਟਾਈਮ ਦੀ ਵਧੇਰੇ ਵਰਤੋਂ ਉਨ੍ਹਾਂ ਦੇ ਦਿਮਾਗ ਦੇ ‘ਪ੍ਰੀਫਰੰਟਲ ਕਾਰਟੇਕ’ ਨੂੰ ਪ੍ਰਭਾਵਿਤ ਕਰਦੀ ਹੈ ਜੋ ਭਾਵਨਾਵਾਂ ਨੂੰ ਕੰਟਰੋਲ ਕਰਨ ਅਤੇ ਫੈਸਲੇ ਲੈਣ ’ਚ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ।

ਮੋਬਾਈਲ ਗੇਮਾਂ ਅਤੇ ਸੋਸ਼ਲ ਮੀਡੀਆ ’ਚ ਤੇਜ਼ੀ ਨਾਲ ਬਦਲਦੇ ਦ੍ਰਿਸ਼ ਅਤੇ ਤੁਰੰਤ ਪੁਰਸਕਾਰ (ਜਿਵੇਂ ਗੇਮ ’ਚ ਜਿੱਤ ਜਾਂ ਲਾਈਕ ਦਾ ਮਿਲਣਾ) ਬੱਚਿਆਂ ਦੇ ਦਿਮਾਗ ’ਚ ‘ਡੋਪਾਮਾਈਨ’ ਦਾ ਪੱਧਰ ਵਧਾਉਂਦੇ ਹਨ। ਇਸ ਨਾਲ ਉਹ ਤੁਰੰਤ ਸੰਤੁਸ਼ਟੀ ਦੀ ਉਮੀਦ ਕਰਨ ਲੱਗਦੇ ਹਨ ਅਤੇ ਜਦੋਂ ਅਸਲ ਜ਼ਿੰਦਗੀ ’ਚ ਅਜਿਹਾ ਨਹੀਂ ਹੁੰਦਾ ਤਾਂ ਉਹ ਨਿਰਾਸ਼, ਚਿੜਚਿੜੇ ਸੁਭਾਅ ਵਾਲੇ ਅਤੇ ਗੁੱਸੇ ਵਾਲੇ ਹੋ ਜਾਂਦੇ ਹਨ।

ਇੰਟਰਨੈੱਟ ’ਤੇ ਉਪਲਬਧ ਕਈ ਗੇਮਾਂ ਅਤੇ ਵੀਡੀਓਜ਼ ’ਚ ਹਿੰਸਾ, ਹਮਲਾਵਰਤਾ ਅਤੇ ਬੇਲੋੜੇ ਵਤੀਰੇ ਨੂੰ ਦਿਖਾਇਆ ਜਾਂਦਾ ਹੈ। ਉਹ ਬੱਚੇ ਜਿਨ੍ਹਾਂ ਦਾ ਦਿਮਾਗ ਅਜੇ ਪਰਿਪੱਕ ਨਹੀਂ ਹੋਇਆ ਹੈ, ਅਜਿਹੀਆਂ ਸਮੱਗਰੀਆਂ ਨੂੰ ਵੇਖ ਕੇ ਹਿੰਸਕ ਵਤੀਰੇ ਨੂੰ ਆਮ ਵਰਗਾ ਮੰਨਣ ਲੱਗ ਪੈਂਦੇ ਹਨ। ਉਦਾਹਰਣ ਵਜੋਂ ਕਈ ਹਰਮਨਪਿਆਰੀਆਂ ਮੋਬਾਈਲ ਗੇਮਾਂ ’ਚ ਜੰਗ, ਲੜਾਈ ਅਤੇ ਤਬਾਹੀ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਇਹ ਬੱਚਿਆਂ ’ਚ ਹਮਲਾਵਰ ਰੁਝਾਨ ਨੂੰ ਵਧਾ ਸਕਦੀ ਹੈ।

ਮੋਬਾਈਲ ਅਤੇ ਇੰਟਰਨੈੱਟ ਦੀ ਵਧੇਰੇ ਵਰਤੋਂ ਨਾਲ ਬੱਚੇ ਅਸਲ ਦੁਨੀਆ ’ਚ ਆਪਣੇ ਦੋਸਤਾਂ ਅਤੇ ਪਰਿਵਾਰ ਨਾਲੋਂ ਕੱਟੇ ਜਾਂਦੇ ਹਨ। ਉਹ ਸੋਸ਼ਲ ਮੀਡੀਆ ’ਤੇ ਤਾਂ ਸਰਗਰਮ ਹੁੰਦੇ ਹਨ ਪਰ ਅਸਲ ਸਮਾਜਿਕ ਸੰਪਰਕ ਦੀ ਕਮੀ ਉਨ੍ਹਾਂ ਨੂੰ ਇਕੱਲਾ ਅਤੇ ਉਦਾਸ ਬਣਾਉਂਦੀ ਹੈ ਅਤੇ ਇਕੱਲਾਪਨ ਅਤੇ ਭਾਵਨਾਤਮਕ ਖਾਲੀਪਨ ਅਕਸਰ ਗੁੱਸੇ ਅਤੇ ਹਮਲਾਵਰਤਾ ਦੇ ਰੂਪ ’ਚ ਸਾਹਮਣੇ ਆਉਂਦਾ ਹੈ। ਮੁੱਢਲੀ ਉਮਰ ’ਚ ਮੋਬਾਈਲ ਅਤੇ ਇੰਟਰਨੈੱਟ ਦੀ ਵਰਤੋਂ ਸਿਰਫ ਗੁੱਸੇ ਅਤੇ ਹਮਲਾਵਰਤਾ ਤੱਕ ਸੀਮਤ ਨਹੀਂ ਹੈ, ਇਸ ਦੇ ਦੂਰਰਸ ਅਸਰ ਵੀ ਚਿੰਤਾਜਨਕ ਹਨ।

ਬੱਚਿਆਂ ’ਚ ਧਿਆਨ ਕੇਂਦ੍ਰਿਤ ਕਰਨ ਦੀ ਸਮਰੱਥਾ ਘੱਟ ਹੋ ਰਹੀ ਹੈ। ਉਨ੍ਹਾਂ ਦੀ ਰਚਨਾਤਮਿਕਤਾ ਪ੍ਰਭਾਵਿਤ ਹੋ ਰਹੀ ਹੈ। ਉਹ ਭਾਵਨਾਤਮਕ ਪੱਖੋਂ ਕਮਜ਼ੋਰ ਹੋ ਰਹੇ ਹਨ। ਇਸ ਤੋਂ ਇਲਾਵਾ ਲਗਾਤਾਰ ਸਕਰੀਨ ਟਾਈਮ ਕਾਰਨ ਉਨ੍ਹਾਂ ਦੀ ਸਰੀਰਕ ਸਿਹਤ ’ਤੇ ਅਸਰ ਪੈ ਰਿਹਾ ਹੈ ਜਿਵੇਂ ਮੋਟਾਪਾ, ਅੱਖਾਂ ਦੀਆਂ ਸਮੱਸਿਆਵਾਂ ਆਦਿ। ਇਸ ਸਮੱਸਿਆ ਨਾਲ ਨਜਿੱਠਣ ਲਈ ਮਾਤਾ-ਪਿਤਾ, ਅਧਿਆਪਕਾਂ ਅਤੇ ਸਮਾਜ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ। ਹੇਠ ਲਿਖੇ ਕੁਝ ਸੁਝਾਅ ਹਨ ਜੋ ਬੱਚਿਆਂ ’ਚ ਗੁੱਸਾ ਅਤੇ ਹਲਮਾਵਰਤਾ ਨੂੰ ਘੱਟ ਕਰਨ ’ਚ ਮਦਦ ਕਰ ਸਕਦੇ ਹਨ। ਮਾਤਾ-ਪਿਤਾ ਨੂੰ ਬੱਚਿਆਂ ਦੇ ਸਕਰੀਨ ਟਾਈਮ ’ਤੇ ਨਜ਼ਰ ਰੱਖਣੀ ਚਾਹੀਦੀ ਹੈ। 

ਵਿਸ਼ਵ ਸਿਹਤ ਸੰਗਠਨ ਮੁਤਾਬਕ 2-5 ਸਾਲ ਦੀ ਉਮਰ ਦੇ ਬੱਚਿਆਂ ਨੂੰ ਰੋਜ਼ਾਨਾ ਇਕ ਘੰਟੇ ਤੋਂ ਵੱਧ ਮੋਬਾਈਲ ਫੋਨ ਨਹੀਂ ਦੇਖਣਾ ਚਾਹੀਦਾ। ਵੱਡੇ ਬੱਚਿਆਂ ਲਈ ਵੀ ਉਮਰ ਮੁਤਾਬਕ ਸਮਾਂ-ਹੱਦ ਨਿਰਧਾਰਿਤ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਖੇਡਾਂ, ਕਲਾ, ਸੰਗੀਤ ਅਤੇ ਪੜ੍ਹਾਈ ਵਰਗੀਆਂ ਸਰਗਰਮੀਆਂ ’ਚ ਸ਼ਾਮਲ ਹੋਣਾ ਚਾਹੀਦਾ ਹੈ। ਇਹ ਗੱਲਾਂ ਨਾ ਸਿਰਫ ਉਨ੍ਹਾਂ ਦੀ ਰਚਨਾਤਮਿਕਤਾ ਨੂੰ ਵਧਾਉਂਦੀਆਂ ਹਨ ਸਗੋਂ ਉਨ੍ਹਾਂ ਨੂੰ ਭਾਵਨਾਤਮਕ ਪੱਖੋਂ ਵੀ ਟਿਕਾਊ ਬਣਾਉਂਦੀਆਂ ਹਨ।

ਮਾਤਾ-ਪਿਤਾ ਨੂੰ ਬੱਚਿਆਂ ਨਾਲ ਗੁਣਵੱਤਾ ਭਰਿਆ ਸਮਾਂ ਬਿਤਾਉਣਾ ਚਾਹੀਦਾ ਹੈ, ਇਕੱਠਿਆਂ ਭੋਜਨ ਕਰਨਾ, ਕਹਾਣੀਆਂ ਸੁਣਾਉਣਾ ਜਾਂ ਬਾਹਰ ਘੁੰਮਣ ਲਈ ਲਿਜਾਣਾ ਬੱਚਿਆਂ ਨੂੰ ਭਾਵਨਾਤਮਕ ਪੱਖੋਂ ਮਜ਼ਬੂਤ ਬਣਾਉਂਦਾ ਹੈ। ਬੱਚਿਆਂ ਨੂੰ ਅਜਿਹੀ ਸਮੱਗਰੀ ਦੇਖਣ ਲਈ ਉਤਸ਼ਾਹਿਤ ਕਰੋ ਜੋ ਸਿੱਖਿਆ ਭਰਪੂਰ ਅਤੇ ਉਸਾਰੂ ਹੋਵੇ। ਮਾਤਾ-ਪਿਤਾ ਨੂੰ ਇਹ ਯਕੀਨੀ ਕਰਨਾ ਚਾਹੀਦਾ ਹੈ ਕਿ ਬੱਚੇ ਹਿੰਸਕ ਗੇਮ ਜਾਂ ਵੀਡੀਓ ਤੋਂ ਦੂਰ ਰਹਿਣ। ਬੱਚਿਆਂ ਨੂੰ ਇੰਟਰਨੈੱਟ ਦੀ ਸੁਰੱਖਿਅਤ ਅਤੇ ਜ਼ਿੰਮੇਵਾਰ ਵਰਤੋਂ ਸੰਬੰਧੀ ਸਿੱਖਿਅਤ ਕਰੋ।

ਉਨ੍ਹਾਂ ਨੂੰ ਸੋਸ਼ਲ ਮੀਡੀਆਂ ਦੇ ਉਸਾਰੂ ਅਤੇ ਨਾਂਹਪੱਖੀ ਅਸਰ ਬਾਰੇ ਦੱਸੋ। ਜੇ ਬੱਚਾ ਲਗਾਤਾਰ ਗੁੱਸਾ ਕਰਦਾ ਹੈ ਜਾਂ ਹਮਲਾਵਰ ਰੁਖ ਦਿਖਾਉਂਦਾ ਹੈ ਤਾਂ ਮਨੋਵਿਗਿਆਨੀ ਜਾਂ ਕੌਸਲਰ ਦੀ ਮਦਦ ਲਓ। ਮੁੱਢਲੀ ਦਖਲਅੰਦਾਜ਼ੀ ਕਾਰਨ ਸਮੱਸਿਆ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਬੱਚਿਆਂ ਲਈ ਹੀ ਨਹੀਂ, ਸਾਡੇ ਸਭ ਲਈ ਵੀ ਇਹ ਚਿਤਾਵਨੀ ਹੈ ਕਿ ਲਗਾਤਾਰ ਡਿਜੀਟਲ ਉਪਕਰਣਾਂ ਦੀ ਵਰਤੋਂ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਲਈ ‘ਡਿਜੀਟਲ ਡਿਟਾਕਸ’ ਕਰਨ ਦੀ ਲੋੜ ਹੁੰਦੀ ਹੈ, ਜੋ ਤਣਾਅ ਨੂੰ ਘੱਟ ਕਰਨ, ਨੀਂਦ ਸੁਧਾਰਨ ਅਤੇ ਅਸਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ’ਚ ਮਦਦ ਕਰਦੀ ਹੈ। ਇਹ ਇਕਾਗਰਤਾ ਨੂੰ ਵਧਾਉਂਦੀ ਹੈ ਅਤੇ ਬੱਚਿਆਂ ਨੂੰ ਸਕਰੀਨ ਤੋਂ ਦੂਰ ਅਤੇ ਕੁਦਰਤ ਤੇ ਖੇਡਾਂ ਨਾਲ ਜੋੜਦੀ ਹੈ। ਸਮੇਂ-ਸਮੇਂ ’ਚ ‘ਡਿਜੀਟਲ ਡਿਟਾਕਸ’ ਅਪਣਾ ਕੇ ਅਸੀਂ ਅਤੇ ਸਾਡੇ ਬੱਚੇ ਸੰਤੁਲਿਤ ਅਤੇ ਸਿਹਤਮੰਦ ਜੀਵਨ ਬਿਤਾ ਸਕਦੇ ਹਨ।

–ਵਿਨੀਤ ਨਾਰਾਇਣ


author

Tanu

Content Editor

Related News