ਅੰਦਰੂਨੀ ਕਲੇਸ਼ ਨਾਲ ਜੂਝਦੀ ਭਾਜਪਾ ਦੀ ਖਰਾਬ ਹੁੰਦੀ ਹਾਲਤ

Saturday, Aug 03, 2024 - 02:26 PM (IST)

ਅੰਦਰੂਨੀ ਕਲੇਸ਼ ਨਾਲ ਜੂਝਦੀ ਭਾਜਪਾ ਦੀ ਖਰਾਬ ਹੁੰਦੀ ਹਾਲਤ

ਬੀਤੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਉੱਤਰ ਪ੍ਰਦੇਸ਼ ਦੀ ਸਿਆਸਤ ’ਚ ਹਲਚਲ ਸ਼ੁਰੂ ਹੋਈ। ਇਹ ਲਗਾਤਾਰ ਵਧ ਰਹੀ ਹੈ। ਅੱਜ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਮੋਰਚੇ ’ਤੇ ਇਕ-ਦੂਜੇ ਦੇ ਸਾਹਮਣੇ ਡਟੇ ਹੋਏ ਹਨ। ਭਾਜਪਾ ਦੇ 100 ਵਿਧਾਇਕਾਂ ਨੂੰ ਤੋੜ ਕੇ ਸਮਾਜਵਾਦੀ ਪਾਰਟੀ ਦੀ ਸਰਕਾਰ ਬਣਾਉਣ ’ਚ ਮੌਰਿਆ ਨੂੰ ਮੁੱਖ ਮੰਤਰੀ ਦਾ ਅਹੁਦਾ ਪੇਸ਼ ਕੀਤਾ ਗਿਆ ਸੀ। ਸੂਬੇ ’ਚ ਜਾਰੀ ਇਸ ਘਮਸਾਨ ਦਾ ਵਿਆਪਕ ਅਸਰ ਦੇਰ-ਸਵੇਰ ਦੇਸ਼ ’ਤੇ ਵੀ ਪਵੇਗਾ। ਇਸ ਦੇ ਕਾਰਨ ਭਾਜਪਾ ਪ੍ਰਧਾਨ ਜੇ. ਪੀ. ਨੱਡਾ ਦੀ ਹਾਲਤ ਅਜਿਹੀ ਹੈ ਕਿ ਦੇਸ਼ ਦਾ ਸਿਹਤ ਮੰਤਰਾਲਾ ਹੀ ਬਿਨਾ ਮੰਤਰੀ ਵਾਲਾ ਮਹਿਸੂਸ ਹੋਣ ਲੱਗਾ ਹੈ।

ਉੱਤਰ ਪ੍ਰਦੇਸ਼ ਦੀ ਸਿਆਸਤ ’ਚ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵਿਚਾਲੇ ਦੀ ਤਕਰਾਰ ਹੱਦਾਂ ਪਾਰ ਕਰ ਗਈ ਹੈ। ਕੇਸ਼ਵ ਪ੍ਰਸਾਦ ਮੌਰਿਆ ਅਤੇ ਯੋਗੀ ਆਦਿੱਤਿਆਨਾਥ ਦੇ ਨਾਂ ’ਤੇ ਅੱਜ ਸੰਗਠਨ ਬਨਾਮ ਸਰਕਾਰ ਦਾ ਸਮੀਕਰਨ ਬਣ ਗਿਆ ਹੈ। ਇਸ ਦਰਮਿਆਨ ਉੱਤਰ ਪ੍ਰਦੇਸ਼ ਦੀ ਜਨਤਾ ਦੀ ਕੌਣ ਸੁਣੇਗਾ? ਅੱਜ ਸਭ ਤੋਂ ਵੱਡਾ ਸਵਾਲ ਇਹੀ ਹੈ। ਲੋਕ ਸਭਾ ਚੋਣਾਂ ’ਚ ਭਾਜਪਾ ਦੀ ਮਾੜੀ ਹਾਲਤ ਲਈ ਯੋਗੀ ਨੂੰ ਜ਼ਿੰਮੇਵਾਰ ਮੰਨ ਕੇ ਸੱਤਾ ਤੋਂ ਬੇਦਖਲ ਕਰਨ ਦੀ ਕੋਸ਼ਿਸ਼ ਅਜੇ ਤੱਕ ਸਫਲ ਨਹੀਂ ਹੋ ਸਕੀ ਹੈ। ਪਾਰਟੀ ਲੀਡਰਸ਼ਿਪ ਨੂੰ ਯਾਦ ਹੋਵੇਗਾ ਕਿ ਅਤੀਤ ’ਚ ਕਲਿਆਣ ਸਿੰਘ ਦੀ ਲੋਕਪ੍ਰਿਯ ਸਰਕਾਰ ਅੰਦਰੂਨੀ ਕਲੇਸ਼ ਦੀ ਭੇਟ ਚੜ੍ਹ ਗਈ ਸੀ।

ਅਟਲ ਬਿਹਾਰੀ ਵਾਜਪਾਈ ਦੇ ਦੌਰ ’ਚ ਹੋਈ ਗਲਤੀ ਤੋਂ ਬਾਅਦ ਭਾਜਪਾ ਨੂੰ ਸੱਤਾ ਹਾਸਲ ਕਰਨ ’ਚ 18 ਸਾਲਾਂ ਦਾ ਲੰਬਾ ਇੰਤਜ਼ਾਰ ਕਰਨਾ ਪਿਆ। ਕੀ ਮੋਦੀ ਦੇ ਦੌਰ ’ਚ ਭਾਜਪਾ ਫਿਰ ਉਹੀ ਗਲਤੀ ਦੁਹਰਾਏਗੀ? ਇਸ ਸਵਾਲ ਦੇ ਜਵਾਬ ’ਚ ਕਈ ਤਰ੍ਹਾਂ ਦੇ ਦਾਅਵੇ ਬਾਜ਼ਾਰ ’ਚ ਮੌਜੂਦ ਹਨ। ਲੋਕ ਸਭਾ ਦੀਆਂ 80 ’ਚੋਂ 75 ਸੀਟਾਂ ਜਿੱਤਣ ਦਾ ਦਾਅਵਾ ਕਰਨ ਵਾਲੇ ਸਿਰਫ 33 ’ਤੇ ਸਿਮਟ ਗਏ। ਇਸ ਦੇ ਕਾਰਨ ਚੋਣਾਂ ’ਚ ਹਾਰ ਦਾ ਠੀਕਰਾ ਭੰਨਣ ਦੀ ਕੋਸ਼ਿਸ਼ ਲਗਾਤਾਰ ਚੱਲਣ ਲੱਗੀ। ਲਖਨਊ ’ਚ ਹੋਈ ਸਮੀਖਿਆ ’ਚ ਯੋਗੀ ਆਦਿੱਤਿਆਨਾਥ ਨੇ ਪਾਰਟੀ ਦੀ ਮਾੜੀ ਹਾਲਤ ਦੇ 3 ਕਾਰਨ ਦੱਸੇ।

ਪਹਿਲਾ, ਉਨ੍ਹਾਂ ਨੇ ਭਾਜਪਾ ਦੇ 400 ਪਾਰ ਦੇ ਨਾਅਰੇ ਨੂੰ ਅਤਿ ਆਤਮ-ਵਿਸ਼ਵਾਸ ਦਾ ਪ੍ਰਤੀਕ ਕਰਾਰ ਦਿੱਤਾ ਹੈ। ਦੂਜਾ, ਸੰਵਿਧਾਨ ਬਦਲਣ ਦੀ ਯੋਜਨਾ ਦੇ ਅਨੁਕੂਲ ਸਮਝ ਕੇ ਇਸ ਨੂੰ ਜਨਤਾ ਨੇ ਖਾਰਿਜ ਕਰ ਦਿੱਤਾ। ਤੀਜੇ ਕਾਰਨ ਦੇ ਰੂਪ ’ਚ ਡਬਲ ਇੰਜਣ ਸਰਕਾਰ ਦੀਆਂ ਸਾਰੀਆਂ ਪ੍ਰਾਪਤੀਆਂ ਨੂੰ ਜਨਤਾ ਤੱਕ ਨਾ ਪਹੁੰਚਾ ਪਾਉਣਾ ਮੰਨਿਆ। ਹਾਲਾਂਕਿ ਪਹਿਲੇ ਦੋਵੇਂ ਕਾਰਨਾਂ ’ਚ ਉਨ੍ਹਾਂ ਨੇ ਦਿੱਲੀ ਵੱਲ ਉਂਗਲ ਘੁਮਾਈ ਹੈ। ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਚੋਣ ਨਤੀਜਿਆਂ ’ਤੇ ਪ੍ਰਤੀਕਿਰਿਆ ਪ੍ਰਗਟਾਉਂਦੇ ਹੋਏ ਉੱਚ ਲੀਡਰਸ਼ਿਪ ’ਤੇ ਲਗਾਤਾਰ ਹਮਲੇ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਇਓਲਾਜੀਕਲ ਨਾ ਹੋਣ ਦੀ ਗੱਲ ’ਤੇ ਭਾਗਵਤ ਵੀ ਰਾਹੁਲ ਗਾਂਧੀ ਵਾਂਗ ਤਨਜ਼ ਕੱਸਣ ਤੋਂ ਨਹੀਂ ਖੁੰਝਦੇ ਸਨ।

ਸਮਾਜਿਕ ਬਰਾਬਰੀ ਦੇ ਬਦਲੇ ਹਿੰਦੂ-ਮੁਸਲਿਮ ਦੇ ਨਾਂ ’ਤੇ ਧਰੁਵੀਕਰਨ ਦੀਆਂ ਕੋਸ਼ਿਸ਼ਾਂ ’ਤੇ ਉਨ੍ਹਾਂ ਦੀ ਪ੍ਰਤੀਕਿਰਿਆ ਚਰਚਾ ’ਚ ਹੈ। ਭਾਜਪਾ ਦੇ ਕਰੋੜਾਂ ਕਾਰਕੁੰਨਾਂ ਦੇ ਸਾਹਮਣੇ ਸੰਘ ਦੇ 50 ਲੱਖ ਸਵੈਮਸੇਵਕਾਂ ’ਤੇ ਪਾਰਟੀ ਪ੍ਰਧਾਨ ਨੱਢਾ ਦੀਆਂ ਗੱਲਾਂ ਨੂੰ ਉਨ੍ਹਾਂ ਨੇ ਹੰਕਾਰ ਦਾ ਪ੍ਰਤੀਕ ਮੰਨਿਆ ਹੈ। ਇਨ੍ਹਾਂ ਦਾ ਅਸਲ ਖਮਿਆਜ਼ਾ ਚੋਣਾਂ ’ਚ ਭੁਗਤਣ ਤੋਂ ਬਾਅਦ ਸੰਘ ਅਤੇ ਭਾਜਪਾ ਨਾਲ ਜੁੜੀਆਂ ਹਸਤੀਆਂ ਦੀ ਪ੍ਰਤੀਕਿਰਿਆ ’ਤੇ ਹਾਰ ਦਾ ਟੋਟਾ ਹਾਵੀ ਹੈ। ਕੀ ਵਿਧਾਨ ਸਭਾ ਉਪ ਚੋਣਾਂ ’ਤੇ ਇਨ੍ਹਾਂ ਗੱਲਾਂ ਦਾ ਅਸਰ ਨਹੀਂ ਹੋਵੇਗਾ?

ਉਪ ਮੁੱਖ ਮੰਤਰੀ ਦੇ ਰੂਪ ’ਚ 2 ਸਹਿਯੋਗੀ ਬਿਠਾ ਕੇ ਹਾਈਕਮਾਨ ਨੇ ਯੋਗੀ ਜੀ ’ਤੇ ਲਗਾਮ ਲਾਉਣ ਦਾ ਕੰਮ ਕੀਤਾ। ਵਿਧਾਨ ਸਭਾ ਦੀਆਂ ਇਨ੍ਹਾਂ ਸੀਟਾਂ ’ਤੇ ਹੋਣ ਵਾਲੀਆਂ ਉਪ ਚੋਣਾਂ ਲਈ ਯੋਗੀ ਦੀ ਤਿਆਰੀ ਹੈਰਾਨ ਕਰਦੀ ਹੈ। ਇਸ ’ਚ ਜਿੱਤ ਹਾਸਲ ਕਰਨ ਲਈ ਸੂਬਾ ਸਰਕਾਰ ਨੇ 30 ਮੰਤਰੀਆਂ ਦੀ ਟੀਮ ਮੈਦਾਨ ’ਚ ਉਤਾਰੀ ਹੈ। ਦੋਵੇਂ ਉਪ ਮੁੱਖ ਮੰਤਰੀਆਂ ਨੂੰ ਇਸ ’ਚੋਂ ਬਾਹਰ ਰੱਖ ਕੇ ਉਨ੍ਹਾਂ ਨੇ ਹਾਈਕਮਾਨ ਨੂੰ ਸਾਫ ਸੰਕੇਤ ਦਿੱਤਾ ਹੈ। ਯੋਗੀ ਦੀ ਪਸੰਦ ਦੇ 3 ਮੰਤਰੀ ਹਰੇਕ ਵਿਧਾਨ ਸਭਾ ਖੇਤਰ ਨੂੰ ਸੰਭਾਲਣ ਦਾ ਕੰਮ ਕਰਨਗੇ। ਵਿਰੋਧੀ ਧਿਰ ਇਸ ਅੰਦਰੂਨੀ ਕਲੇਸ਼ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ’ਚ ਲੱਗੀ ਹੈ।

ਹਾਈਕਮਾਨ ਦੀ ਸ਼ਹਿ ਪਾ ਕੇ ਹੀ ਕੇਸ਼ਵ ਪ੍ਰਸਾਦ ਮੌਰਿਆ ਬਗਾਵਤ ਨੂੰ ਹਵਾ ਦੇ ਰਹੇ ਹਨ। ਇਹ ਹਿੰਦੂ ਹਿਰਦੇ ਸਮਰਾਟ ਤੇ ਲੀਡਰਸ਼ਿਪ ਦੇ ਸਿਖਰ ’ਤੇ ਬਾਬਾ ਦੇ ਪਹੁੰਚਣ ਦੇ ਰਾਹ ’ਚ ਰੁਕਾਵਟ ਖੜ੍ਹੀ ਕਰਨ ਦਾ ਕੰਮ ਹੈ। ਇਸ ਦੇ ਵਿਰੁੱਧ ਬੁਲਡੋਜ਼ਰ ਬਾਬਾ ਦੀ ਰਣਨੀਤੀ ਨਾਲ ‘ਹੈੱਡ ਐਂਡ ਟੇਲ’ ਦੀ ਟਾਸ ਬਾਬਾ ਦੇ ਪਾਲੇ ’ਚ ਹੈ। ਅਸਤੀਫੇ ਦੀ ਮੰਗ ਕਰਨ ਵਾਲੇ ਬੈਕਫੁੱਟ ’ਤੇ ਹਨ। ਮੱਧ ਪ੍ਰਦੇਸ਼ ’ਚ ਸ਼ਿਵਰਾਜ ਸਿੰਘ ਚੌਹਾਨ, ਰਾਜਸਥਾਨ ’ਚ ਵਸੁੰਧਰਾ ਰਾਜੇ ਸਿੰਧੀਆ ਤੇ ਛੱਤੀਸਗੜ੍ਹ ’ਚ ਡਾ. ਰਮਨ ਸਿੰਘ ਵਾਂਗ ਉੱਤਰ ਪ੍ਰਦੇਸ਼ ਤੋਂ ਯੋਗੀ ਜੀ ਦੀ ਵਿਦਾਈ ਸੌਖੀ ਨਹੀਂ ਹੈ। ਉਨ੍ਹਾਂ ਦੇ ਸਿਆਸੀ ਹਮਲੇ ਦਾ ਅਸਰ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਰਹੇ ਇਨ੍ਹਾਂ ਸਾਰੇ ਵੱਡੇ ਨੇਤਾਵਾਂ ’ਤੇ ਪਵੇਗਾ।

ਆਪਣੀ ਹੈਸੀਅਤ ਬਣਾਈ ਰੱਖਣ ਲਈ ਮੋਦੀ, ਸ਼ਾਹ ਤੇ ਨੱਡਾ ਵੱਡੇ ਨੇਤਾਵਾਂ ਦੇ ਪਰ ਕੁਤਰਨ ਤੋਂ ਨਹੀਂ ਖੁੰਝਦੇ ਹਨ। ਅਜਿਹਾ ਪਹਿਲੀ ਵਾਰ ਹੋਇਆ ਕਿ ਅਨੁਸ਼ਾਸਿਤ ਮੰਨੀ ਜਾਣ ਵਾਲੀ ਪਾਰਟੀ ’ਚ ਬਗਾਵਤ ਇੰਨੀ ਜ਼ਿਆਦਾ ਹੋ ਗਈ ਹੈ। ਸੰਘ ਅਤੇ ਉੱਤਰ ਪ੍ਰਦੇਸ਼ ਦੀ ਜਨਤਾ ਦਾ ਸਹਿਯੋਗ, ਹਮਦਰਦੀ ਤੇ ਸਮਰਥਨ ਯੋਗੀ ਜੀ ਦੇ ਨਾਲ ਹੈ। ਅਜਿਹੇ ’ਚ ਕੀ ਭਾਜਪਾ ਹਾਈਕਮਾਨ ਉੱਤਰ ਪ੍ਰਦੇਸ਼ ’ਚ ਸੱਤਾ ਤਬਦੀਲ ਕਰ ਸਕੇਗੀ? ਜਾਤੀਵਾਦ ਦੀ ਇਸ ਸਿਆਸਤ ਦਾ ਗੜ੍ਹ ਮੰਨੇ ਜਾਣ ਵਾਲੇ ਸੂਬੇ ’ਚ ਠਾਕੁਰਵਾਦ ਅਤੇ ਦਬਦਬੇ ਦੇ ਸਮਰਥਨ ਅਤੇ ਵਿਰੋਧ ’ਚ ਸਰਗਰਮ ਲੋਕਾਂ ਦੀ ਕਮੀ ਨਹੀਂ ਹੈ। ਕੀ ਅੱਜ ਪਾਰਟੀ ਹਾਈਕਮਾਨ ਪੈਦਾ ਸੰਕਟ ਤੋਂ ਆਪਣਾ ਹੀ ਬਚਾਅ ਕਰਦਿਆਂ ਨਹੀਂ ਦਿਸਦੀ ਹੈ? ਉੱਤਰ ਪ੍ਰਦੇਸ਼ ਵਿਧਾਨ ਸਭਾ ਉਪ ਚੋਣਾਂ ਤੋਂ ਬਾਅਦ ਇਸ ’ਤੇ ਫਿਰ ਵਿਚਾਰ ਕਰਨਾ ਪਵੇਗਾ। ਦੇਸ਼ ਦੇ ਸਭ ਤੋਂ ਵੱਡੇ ਸੂਬੇ ’ਚ ਸੂਬੇਦਾਰ ਬਣਨ ਦੀ ਹੋੜ ’ਚ ਬਣੇ ਨੇਤਾ ਅਤੇ ਆਪਣੀ ਕੁਰਸੀ ਬਚਾਉਣ ’ਚ ਲੱਗੇ ਵੱਡੇ ਨੇਤਾ ਮਿਲ ਕੇ ਇਕ ਦਿਨ ਬਾਬਾ ਨੂੰ ਸਿਖਰ ’ਤੇ ਪਹੁੰਚਾ ਕੇ ਹੀ ਦਮ ਲੈਣਗੇ।

ਕੌਸ਼ਲ ਕਿਸ਼ੋਰ


author

Tanu

Content Editor

Related News