ਦਿੱਲੀ ਵਿਚ ਭਾਜਪਾ ਦੀ ਜਿੱਤ ਦੇ ਮਾਅਨੇ

Saturday, Feb 15, 2025 - 12:50 PM (IST)

ਦਿੱਲੀ ਵਿਚ ਭਾਜਪਾ ਦੀ ਜਿੱਤ ਦੇ ਮਾਅਨੇ

ਦਿੱਲੀ ਵਿਚ ਐਗਜ਼ਿਟ ਪੋਲ ਦੇ ਨਤੀਜੇ ਸਹੀ ਸਾਬਤ ਹੋਏ ਹਨ। ਮਾਮਲਾ ਇਸ ਹੱਦ ਤੱਕ ਪਹੁੰਚ ਗਿਆ ਕਿ ਅਰਵਿੰਦ ਕੇਜਰੀਵਾਲ ਦੇ ਨਾਲ-ਨਾਲ ਮਨੀਸ਼ ਸਿਸੋਦੀਆ ਵਰਗੇ ਨੇਤਾ ਵੀ ਚੋਣਾਂ ਹਾਰ ਗਏ। ਇਹ ਜ਼ਰੂਰ ਰਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਆਪਣੀ ਸੀਟ ਬਚਾਉਣ ਵਿਚ ਸਫਲ ਰਹੀ। ਭਾਰਤੀ ਜਨਤਾ ਪਾਰਟੀ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਹੁਣ 27 ਸਾਲਾਂ ਬਾਅਦ ਦਿੱਲੀ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਕੀ ਆਮ ਆਦਮੀ ਪਾਰਟੀ ਦੀ ਦਿੱਲੀ ਵਿਚ ਆਮ ਆਦਮੀ ਨੂੰ ਲੁਭਾਉਣ ਦੀ ਰਣਨੀਤੀ ਅਸਫਲ ਹੋ ਗਈ ਹੈ? ਜਾਂ ਆਮ ਆਦਮੀ ਪਾਰਟੀ ਦੀ ਆਮ ਆਦਮੀ ਨੂੰ ਲੁਭਾਉਣ ਦੀ ਨੀਤੀ ਭਾਰਤੀ ਜਨਤਾ ਪਾਰਟੀ ਨੇ ਹੜੱਪ ਲਈ। ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਦਿੱਲੀ ਦੇ ਲੋਕਾਂ ਨਾਲ ਕਈ ਵਾਅਦੇ ਕੀਤੇ ਸਨ। ਪਰ ਭਾਰਤੀ ਜਨਤਾ ਪਾਰਟੀ ਨੇ ਇਕ ਕਦਮ ਹੋਰ ਅੱਗੇ ਵਧ ਕੇ ਦਿੱਲੀ ਦੇ ਲੋਕਾਂ ਨਾਲ ਇਸੇ ਤਰ੍ਹਾਂ ਦੇ ਕਈ ਵਾਅਦੇ ਕੀਤੇ। ਸ਼ਰਾਬ ਘੁਟਾਲੇ ਵਰਗੇ ਦੋਸ਼ਾਂ ਕਾਰਨ ਆਮ ਆਦਮੀ ਪਾਰਟੀ ਦਾ ਅਕਸ ਪਹਿਲਾਂ ਦੇ ਮੁਕਾਬਲੇ ਜ਼ਰੂਰ ਵਿਗੜਿਆ ਹੈ। ਰਹਿੰਦੀ ਕਸਰ ਪਿਛਲੇ 10 ਸਾਲਾਂ ਦੀ ਐਂਟੀ ਇਨਕੰਬੈਂਸੀ (ਸੱਤਾ ਵਿਰੋਧੀ ਲਹਿਰ) ਨੇ ਪੂਰੀ ਕਰ ਦਿੱਤੀ। ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਜ਼ਮਾਨਤ ’ਤੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ, ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਉਹ ਦਿੱਲੀ ਸੀਟ ’ਤੇ ਉਦੋਂ ਹੀ ਬੈਠਣਗੇ ਜਦੋਂ ਚੋਣਾਂ ਵਿਚ ਜਨਤਾ ਦੀ ਅਦਾਲਤ ਉਨ੍ਹਾਂ ਨੂੰ ਇਸ ਦੇ ਯੋਗ ਸਮਝੇਗੀ ਪਰ ਸ਼ਾਇਦ ਜਨਤਾ ਦੀ ਅਦਾਲਤ ਨੇ ਉਨ੍ਹਾਂ ਨੂੰ ਇਸ ਦੇ ਯੋਗ ਨਹੀਂ ਸਮਝਿਆ।

ਹਾਲਾਂਕਿ, ਇਹ ਮੰਨਿਆ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਦਿੱਲੀ ਵਿਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਬਿਹਤਰ ਕੰਮ ਕੀਤਾ। ਚਾਹੇ ਮੁਹੱਲਾ ਕਲੀਨਿਕ ਹੋਣ ਜਾਂ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰਨਾ, ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਮੁੱਦਿਆਂ ’ਤੇ ਜਨਤਾ ਦਾ ਧਿਆਨ ਜ਼ਰੂਰ ਖਿੱਚਿਆ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਦੇ ਵਿਰੋਧੀ ਸਮੇਂ-ਸਮੇਂ ’ਤੇ ਅਰਵਿੰਦ ਕੇਜਰੀਵਾਲ ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਵਿਚ ਕਮੀਆਂ ਕੱਢਦੇ ਰਹੇ। ਅਰਵਿੰਦ ਕੇਜਰੀਵਾਲ ’ ਭ੍ਰਿਸ਼ਟਾਚਾਰ ਅਤੇ ਆਪਣੇ ਘਰ ਨੂੰ ਸ਼ੀਸ਼ ਮਹੱਲ ਬਣਾਉਣ ਦਾ ਵੀ ਦੋਸ਼ ਸੀ। ਸ਼ੀਸ਼ ਮਹੱਲ ਦੇ ਮੁੱਦੇ ’ਤੇ ‘ਆਪ’ ਅਤੇ ਭਾਜਪਾ ਵਿਚਕਾਰ ਬਹੁਤ ਜ਼ੁਬਾਨੀ ਜੰਗ ਹੋਈ। ਅਰਵਿੰਦ ਕੇਜਰੀਵਾਲ ਨੇ ਵੀ ਪ੍ਰਧਾਨ ਮੰਤਰੀ ਦੇ ਘਰ ਨੂੰ ਰਾਜ ਮਹੱਲ ਵਿਚ ਬਦਲਣ ਦਾ ਦੋਸ਼ ਲਗਾਇਆ। ਇਸ ਤਰ੍ਹਾਂ ਸ਼ੀਸ਼ ਮਹੱਲ ਅਤੇ ਰਾਜ ਮਹੱਲ ਦੇ ਮੁੱਦੇ ’ਤੇ ਕਈ ਦਿਨਾਂ ਤੱਕ ਘਮਸਾਨ ਮਚਿਆ ਰਿਹਾ। ਕਾਂਗਰਸ ਦੇ ਚੋਣ ਮੈਦਾਨ ਵਿਚ ਉਤਰਨ ਤੋਂ ਬਾਅਦ ਤਾਂ ਮਾਹੌਲ ਹੋਰ ਦਿਲਚਸਪ ਹੋ ਗਿਆ। ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਕੇਜਰੀਵਾਲ ’ਤੇ ਤਿੱਖਾ ਹਮਲਾ ਕੀਤਾ। ਭਾਵੇਂ ਕਾਂਗਰਸ ਨੂੰ ਦਿੱਲੀ ਚੋਣਾਂ ਵਿਚ ਕੁਝ ਨਹੀਂ ਮਿਲਿਆ, ਪਰ ਉਹ ਸਿਰਫ਼ ਇਸ ਗੱਲ ਨਾਲ ਸੰਤੁਸ਼ਟ ਹੋ ਸਕਦੀ ਹੈ ਕਿ ਇਸ ਨੇ ਕੇਜਰੀਵਾਲ ਦੀ ਦਿੱਲੀ ਤੋਂ ਵਿਦਾਈ ਵਿਚ ਆਪਣੀ ਭੂਮਿਕਾ ਨਿਭਾਈ ਕਿਉਂਕਿ ਕੇਜਰੀਵਾਲ ਨੇ ਲੰਬੇ ਸਮੇਂ ਤੋਂ ਦਿੱਲੀ ਵਿਚ ਕਾਂਗਰਸ ਦੀਆਂ ਵੋਟਾਂ ’ਤੇ ਕਬਜ਼ਾ ਕੀਤਾ ਹੋਇਆ ਸੀ। ਕਾਂਗਰਸ ਨੂੰ ਇਹ ਵੀ ਯਾਦ ਸੀ ਕਿ ਉਨ੍ਹਾਂ ਨੇ ਅੰਨਾ ਹਜ਼ਾਰੇ ਨਾਲ ਮਿਲ ਕੇ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਕਾਂਗਰਸ ਵਿਰੁੱਧ ਇਕ ਵੱਡਾ ਅੰਦੋਲਨ ਸ਼ੁਰੂ ਕੀਤਾ ਸੀ। ਇਸ ਅੰਦੋਲਨ ਵਿਚ ਆਰ. ਐੱਸ. ਐੱਸ. ਦੀ ਭੂਮਿਕਾ ਕੀ ਹੈ, ਕਾਂਗਰਸ ਨੂੰ ਵੀ ਚੰਗੀ ਤਰ੍ਹਾਂ ਪਤਾ ਸੀ। ਹਾਲਾਂਕਿ ਇਸ ਅੰਦੋਲਨ ਤੋਂ ਬਾਅਦ ਨਾ ਤਾਂ ਅੰਨਾ ਹਜ਼ਾਰੇ ਬੋਲਦੇ ਨਜ਼ਰ ਆਏ ਅਤੇ ਨਾ ਹੀ ਇਸ ਅੰਦੋਲਨ ਵਿਚ ਸ਼ਾਮਲ ਬਹੁਤ ਸਾਰੇ ਲੋਕਾਂ ਦੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਵਿਚ ਕੋਈ ਆਵਾਜ਼ ਸੁਣਾਈ ਦਿੱਤੀ।

ਜ਼ਾਹਿਰ ਹੈ ਕਿ ਇਸ ਅੰਦੋਲਨ ਦਾ ਇਕ ਉਦੇਸ਼ ਕਾਂਗਰਸ ਵਿਰੁੱਧ ਮਾਹੌਲ ਬਣਾਉਣਾ ਵੀ ਸੀ। ਇਸ ਲਈ ਹੁਣ ਕਾਂਗਰਸ ਨੇ ਆਮ ਆਦਮੀ ਪਾਰਟੀ ਵਿਰੁੱਧ ਭ੍ਰਿਸ਼ਟਾਚਾਰ ਦਾ ਮੁੱਦਾ ਬਣਾਇਆ। ਸੰਦੀਪ ਦੀਕਸ਼ਿਤ ਨੇ ਵੀ ਕੈਗ ਰਿਪੋਰਟ ਦਾ ਹਵਾਲਾ ਦੇ ਕੇ ਅਰਵਿੰਦ ਕੇਜਰੀਵਾਲ ਦੇ ਸਿਹਤ ਸੰਬੰਧੀ ਦਾਅਵਿਆਂ ਨੂੰ ਨਕਾਰਨ ਦਾ ਕੰਮ ਕੀਤਾ। ਇਹ ਤਾਂ ਸ਼ਾਇਦ ਉਹ ਵੀ ਜਾਣਦੇ ਸਨ ਪਰ ਉਨ੍ਹਾਂ ਨੇ ਚੋਣ ਲੜਾਈ ਵਿਚ ਉਤਰ ਕੇ ਆਪਣੀ ਹੋਂਦ ਬਚਾਉਣ ਲਈ ਵੀ ਕੰਮ ਕੀਤਾ। ਇਸ ਚੋਣ ਵਿਚ ਦਿੱਲੀ ਦੇ ਲੋਕਾਂ ਨੂੰ ਇਹ ਵੀ ਅਹਿਸਾਸ ਹੋਇਆ ਕਿ ਅਰਵਿੰਦ ਕੇਜਰੀਵਾਲ ਕਈ ਮੁੱਦਿਆਂ ’ਤੇ ਕੰਮ ਨਹੀਂ ਕਰ ਸਕੇ। ਕੇਜਰੀਵਾਲ ਇਹ ਕਹਿਣ ਲੱਗਦੇ ਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਕੰਮ ਨਹੀਂ ਕਰਨ ਦੇ ਰਹੀ। ਲੋਕਾਂ ਨੂੰ ਲੱਗਦਾ ਸੀ ਕਿ ਕੇਜਰੀਵਾਲ ਜੋ ਵੀ ਕੰਮ ਕਰਨ ਵਿਚ ਅਸਮਰੱਥ ਹੈ, ਉਹ ਕੰਮ ਕੇਂਦਰ ਸਰਕਾਰ ’ਤੇ ਪਾ ਦਿੰਦੇ ਹਨ। ਤਨਖਾਹ ਕਮਿਸ਼ਨ ਅਤੇ 12 ਲੱਖ ਰੁਪਏ ਤੱਕ ਦੀ ਤਨਖਾਹ ’ਤੇ ਕੋਈ ਟੈਕਸ ਨਾ ਲਗਾਉਣ ਵਰਗੇ ਫੈਸਲੇ ਲੋਕਾਂ ਨੂੰ ਪਸੰਦ ਆਏ ਅਤੇ ਇਸ ਦਾ ਚੋਣਾਂ ’ਤੇ ਵੀ ਅਸਰ ਪਿਆ। ਕੁਝ ਦਿਨ ਪਹਿਲਾਂ ਤੱਕ, ‘ਆਪ’ ਅਤੇ ਭਾਜਪਾ ਵਿਚਕਾਰ ਮੁਕਾਬਲਾ ਸਖ਼ਤ ਮੰਨਿਆ ਜਾ ਰਿਹਾ ਸੀ ਪਰ ਪਿਛਲੇ ਕੁਝ ਦਿਨਾਂ ਵਿਚ ਚੋਣ ਉਲਟ ਗਈ। ਭਾਰਤੀ ਜਨਤਾ ਪਾਰਟੀ ਨੂੰ ਮੱਧ ਵਰਗ ਤੋਂ ਚੰਗੀ ਗਿਣਤੀ ਵਿਚ ਵੋਟਾਂ ਮਿਲੀਆਂ। ਮੱਧ ਵਰਗ ਨੂੰ 12 ਲੱਖ ਰੁਪਏ ਤੱਕ ਦੀ ਤਨਖਾਹ ’ਤੇ ਕੋਈ ਟੈਕਸ ਨਾ ਲਗਾਉਣ ਦਾ ਐਲਾਨ ਪਸੰਦ ਆਇਆ।

ਕੁੱਲ ਮਿਲਾ ਕੇ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਚੋਣਾਂ ਹਾਰ ਗਈ ਹੈ। ਅਰਵਿੰਦ ਕੇਜਰੀਵਾਲ ਵੀ ਆਪਣੀ ਸੀਟ ਨਹੀਂ ਬਚਾ ਸਕੇ। ਇਹ ਸੱਚ ਹੈ ਕਿ ਰਾਜਨੀਤੀ ਵਿਚ ਕੁਝ ਵੀ ਸਥਾਈ ਨਹੀਂ ਹੁੰਦਾ। ਸਮੇਂ-ਸਮੇਂ ’ਤੇ ਵੱਡੇ ਸਿਆਸਤਦਾਨ ਚੋਣਾਂ ਹਾਰਦੇ ਰਹੇ ਹਨ ਪਰ ਰਾਜਨੀਤੀ ਵਿਚ ਹੰਕਾਰ ਨੂੰ ਦੂਰ ਰੱਖਣਾ ਚਾਹੀਦਾ ਹੈ। ਅਰਵਿੰਦ ਕੇਜਰੀਵਾਲ ’ਤੇ ਵਾਰ-ਵਾਰ ਦੋਸ਼ ਲਗਾਇਆ ਗਿਆ ਹੈ ਕਿ ਉਹ ਦੂਜੇ ਸਿਆਸਤਦਾਨਾਂ ਨੂੰ ਉਸ ਤਰ੍ਹਾਂ ਜਗ੍ਹਾ ਨਹੀਂ ਦੇ ਰਹੇ ਜਿਸ ਤਰ੍ਹਾਂ ਉਨ੍ਹਾਂ ਨੂੰ ਦੇਣੀ ਚਾਹੀਦੀ ਹੈ। ਇਸਦਾ ਮਤਲਬ ਹੈ ਕਿ ਆਮ ਆਦਮੀ ਪਾਰਟੀ ਵਿਚ ਕੋਈ ਅੰਦਰੂਨੀ ਲੋਕਤੰਤਰ ਨਹੀਂ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਬਹੁਤ ਸਾਰੇ ਪੁਰਾਣੇ ਸਾਥੀ ਉਨ੍ਹਾਂ ਤੋਂ ਵੱਖ ਹੋ ਚੁੱਕੇ ਹਨ। ਜਿਸ ਪਾਰਟੀ ’ਤੇ ਅੰਦਰੂਨੀ ਲੋਕਤੰਤਰ ਨਾ ਹੋਣ ਦਾ ਦੋਸ਼ ਹੋਵੇ, ਅੱਜ ਉਸੇ ਲੋਕਤੰਤਰ ਨੇ ਅਰਵਿੰਦ ਕੇਜਰੀਵਾਲ ਨੂੰ ਨਕਾਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ’ਤੇ ਭਾਰਤੀ ਜਨਤਾ ਪਾਰਟੀ ਦੀ ਬੀ ਟੀਮ ਹੋਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਤਾਂ ਕੀ ਟੀਮ ਏ ਨੇ ਟੀਮ ਬੀ ਨੂੰ ਹਰਾ ਦਿੱਤਾ ਹੈ? ਰਾਜਨੀਤੀ ਵਿਚ ਜਿੱਤਾਂ -ਹਾਰਾਂ ਹੁੰਦੀਆਂ ਰਹਿੰਦੀਆਂ ਹਨ ਪਰ ਅਸਲ ਗੱਲ ਇਹ ਹੈ ਕਿ ਤੁਹਾਡੀ ਵਿਚਾਰਧਾਰਾ ਕੀ ਹੈ। ਤੁਸੀਂ ਕਿਸ ਵਿਚਾਰਧਾਰਾ ਦੀ ਪਾਲਣਾ ਕਰਦੇ ਹੋ ਅਤੇ ਕਿਸ ਵਿਚਾਰਧਾਰਾ ਨਾਲ ਜੁੜੇ ਰਹਿੰਦੇ ਹੋ? ਕੀ ਅਰਵਿੰਦ ਕੇਜਰੀਵਾਲ ਦੀ ਕੋਈ ਵਿਚਾਰਧਾਰਾ ਦਿਖਾਈ ਦਿੰਦੀ ਹੈ?

ਰੋਹਿਤ ਕੌਸ਼ਿਕ


author

DIsha

Content Editor

Related News