‘ਨਿਊਡ ਕਾਲਜ਼ ਰਾਹੀਂ’ ਲੁੱਟਣ ਦਾ ਸਾਈਬਰ ਧੋਖਾਦੇਹੀ ਧੰਦਾ!

Wednesday, Jan 21, 2026 - 05:50 AM (IST)

‘ਨਿਊਡ ਕਾਲਜ਼ ਰਾਹੀਂ’ ਲੁੱਟਣ ਦਾ ਸਾਈਬਰ ਧੋਖਾਦੇਹੀ ਧੰਦਾ!

‘ਸੈਕਸ’ ਅਤੇ ‘ਐਕਸਟਾਰਸ਼ਨ’ (ਜਬਰੀ ਵਸੂਲੀ) ਸ਼ਬਦਾਂ ਦੇ ਮੇਲ ਨਾਲ ਬਣਿਆ ‘ਸੈਕਸਟਾਰਸ਼ਨ’ ਇਕ ਗੰਭੀਰ ਸਾਈਬਰ ਅਪਰਾਧ ਹੈ। ਇਸ ’ਚ ਅਪਰਾਧੀ ਕਿਸੇ ਵਿਅਕਤੀ ਦੀਆਂ ਨਿੱਜੀ ਅਸ਼ਲੀਲ ਤਸਵੀਰਾਂ ਜਾਂ ਵੀਡੀਓ ਦੀ ਵਰਤੋਂ ਕਰਕੇ ਉਸ ਨੂੰ ਬਲੈਕਮੇਲ ਕਰਦਾ ਹੈ ਅਤੇ ਉਸ ਤੋਂ ਭਾਰੀ ਰਾਸ਼ੀ ਦੀ ਮੰਗ ਕਰਦਾ ਹੈ।

ਸਾਈਬਰ ਧੋਖਾਦੇਹੀ, ਜਿਸ ’ਚ ‘ਸੈਕਸਟਾਰਸ਼ਨ’ ਮੁੱਖ ਹੈ, ’ਚ ਸਾਲ 2025 ਦੌਰਾਨ ਭਾਰਤੀਆਂ ਨੇ 20,000 ਕਰੋੜ ਰੁਪਏ ਗਵਾਏ ਅਤੇ ਇਹ ਇਕ ਅਜਿਹਾ ਅਪਰਾਧ ਹੈ ਜਿਸ ’ਚ ਠੱਗੇ ਗਏ ਵਿਅਕਤੀ ਦੇ ਧਨ ਦੀ ਬਹੁਤ ਘੱਟ ਵਸੂਲੀ ਹੀ ਹੋ ਸਕਦੀ ਹੈ।

ਸਾਈਬਰ ਅਪਰਾਧੀ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਇੰਸਟਾਗ੍ਰਾਮ, ਵ੍ਹਟਸਐਪ ਅਤੇ ਹੋਰ ਡੇਟਿੰਗ ਐਪਸ ’ਤੇ ਇਕ ਫਰਜ਼ੀ ਪ੍ਰੋਫਾਈਲ ਰਾਹੀਂ ਅਾਪਣੇ ਸ਼ਿਕਾਰ ਨਾਲ ਸੰਪਰਕ ਬਣਾ ਕੇ ਉਸ ਨਾਲ ਦੋਸਤੀ ਕਰਨ ਤੋਂ ਬਾਅਦ ਉਸ ਨੂੰ ਵੀਡੀਓ ਕਾਲ ਲਈ ਉਕਸਾਉਂਦੇ ਹਨ। ਕਾਲ ’ਤੇ ਦੂਜੇ ਪਾਸੇ ਅਕਸਰ ਕੋਈ ਨਗਨ ਔਰਤ ਜਾਂ ਮਰਦ ਹੁੰਦਾ ਹੈ ਜੋ ਅਸ਼ਲੀਲ ਹਰਕਤਾਂ ਕਰ ਕੇ ਆਪਣੇ ਸ਼ਿਕਾਰ ਦੀ ਸਕ੍ਰੀਨ ਰਿਕਾਰਡਿੰਗ ਕਰ ਲੈਂਦਾ ਹੈ।

ਇਸ ਦੇ ਬਾਅਦ ਰਿਕਾਰਡ ਕੀਤੇ ਗਏ ਵੀਡੀਓ ਅਤੇ ਫੋਟੋ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਅਾਪਣੇ ਸ਼ਿਕਾਰ ਨੂੰ ਲੁੱਟਿਆ ਜਾਂਦਾ ਹੈ। ਅੱਜਕੱਲ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਵਰਤੋਂ ਕਰ ਕੇ ਫਰਜ਼ੀ ਨਿਊਡ ਤਸਵੀਰਾਂ ਜਾਂ ਵੀਡੀਓ ਬਣਾ ਕੇ ਲੋਕਾਂ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀਅਾਂ ਕੁਝ ਤਾਜ਼ਾ ਘਟਨਾਵਾਂ ਹੇਠਾਂ ਦਰਜ ਹਨ :

* 10 ਦਸੰਬਰ, 2025 ਨੂੰ ‘ਮੁੰਬਈ’ (ਮਹਾਰਾਸ਼ਟਰ) ਦੇ ਇਕ ਵਿਅਕਤੀ ਨੂੰ ਫੇਸਬੁੱਕ ’ਤੇ ‘ਅਨੀਤਾ’ ਨਾਂ ਦੀ ਔਰਤ ਨਾਲ ਦੋਸਤੀ ਕਰਨੀ ਬਹੁਤ ਮਹਿੰਗੀ ਪਈ। ਔਰਤ ਨੇ ਵੀਡੀਓ ਕਾਲ ਦੌਰਾਨ ਉਸਦਾ ਨਿਊਡ ਵੀਡੀਓ ਰਿਕਾਰਡ ਕਰ ਲਿਆ ਅਤੇ ਫਿਰ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਕੋਲੋਂ 1.2 ਲੱਖ ਰੁਪਏ ਠੱਗ ਲਏ।

* 23 ਦਸੰਬਰ, 2025 ਨੂੰ ‘ਬੈਂਗਲੁਰੂ’ (ਕਰਨਾਟਕ) ਵਾਸੀ ਇਕ ਵਿਅਕਤੀ 20 ਦਿਨਾਂ ’ਚ 2 ਵਾਰ ‘ਸੈਕਸਟਾਰਸ਼ਨ’ ਦਾ ਸ਼ਿਕਾਰ ਹੋਇਆ। ਪੀੜਤ ਨੇ ‘ਟੈਲੀਗ੍ਰਾਮ’ ਗਰੁੱਪ ਰਾਹੀਂ ਇਕ ਔਰਤ ਨਾਲ ਸੰਪਰਕ ਕੀਤਾ ਸੀ ਜਿਸ ਨੇ ਉਸ ਦਾ ਵੀਡੀਓ ਬਣਾ ਲਿਆ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨੂੰ ਬਲੈਕਮੇਲ ਕੀਤਾ।

* 23 ਦਸੰਬਰ, 2025 ਨੂੰ ਹੀ ‘ਜਲੰਧਰ’ (ਪੰਜਾਬ) ’ਚ ਡੇਟਿੰਗ ਐਪ ਰਾਹੀਂ ਦੋਸਤੀ ਕਰ ਕੇ ਔਰਤਾਂ ਨੇ 2 ਨੌਜਵਾਨਾਂ ਨੂੰ ਫੇਕ ਨਿਊਡ ਵੀਡੀਓ ਬਣਾ ਕੇ ਬਲੈਕਮੇਲ ਕਰ ਕੇ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਲਗਭਗ 2 ਲੱਖ ਰੁਪਏ ਬਟੋਰ ਲਏ।

* 5 ਜਨਵਰੀ, 2026 ਨੂੰ ਜਾਅਲਸਾਜ਼ਾਂ ਨੇ ਬੈਂਗਲੁਰੂ (ਕਰਨਾਟਕ) ਦੇ ਇਕ 26 ਸਾਲਾ ਨੌਜਵਾਨ ਨੂੰ ਇਕ ਡੇਟਿੰਗ ਐਪ ਰਾਹੀਂ ਏ. ਆਈ. (ਆਰਟੀਫੀਸ਼ੀਅਲ ਇੰਟੈਲੀਜੈਂਸ) ‘ਗਰਲਫ੍ਰੈਂਡ ਸਕੈਮ’ ਦਾ ਸ਼ਿਕਾਰ ਬਣਾਇਆ।

ਜਾਅਲਸਾਜ਼ਾਂ ਨੇ ‘ਈਸ਼ਾਨੀ’ ਨਾਂ ਦੀ ਇਕ ‘ਡੀਪ ਫੇਕ ਪ੍ਰੋਫਾਈਲ’ ਦੀ ਵਰਤੋਂ ਕਰ ਕੇ ਉਸ ਨੂੰ ਵੀਡੀਓ ਕਾਲ ’ਤੇ ਨਿਊਡ ਹੋਣ ਲਈ ਉਕਸਾਇਆ ਅਤੇ ਰਿਕਾਰਡਿੰਗ ਕਰ ਲਈ। ਪੀੜਤ ਨੇ ਬਲੈਕਮੇਲਿੰਗ ਦੇ ਡਰੋਂ 1.53 ਲੱਖ ਰੁਪਏ ਗਵਾ ਦਿੱਤੇ।

* 19 ਜਨਵਰੀ, 2026 ਨੂੰ ‘ਕਰੀਮ ਨਗਰ’ (ਤੇਲੰਗਾਨਾ) ਜ਼ਿਲੇ ’ਚ ਇੰਸਟਾਗ੍ਰਾਮ ਅਤੇ ਯੂ-ਟਿਊਬ ਰਾਹੀਂ 100 ਤੋਂ ਵੱਧ ਮਰਦਾਂ ਨੂੰ ਅਾਪਣੇ ਜਾਲ ’ਚ ਫਸਾ ਕੇ ਕਰੋੜਾਂ ਰੁਪਏ ਦੀ ਉਗਰਾਹੀ ਕਰਨ ਦੇ ਦੋਸ਼ ’ਚ ਪੁਲਸ ਨੇ ਇਕ ਵਿਆਹੁਤਾ ਜੋੜੇ ਵਲੋਂ ਚਲਾਏ ਜਾ ਰਹੇ ਸੈਕਸ ਬਲੈਕਮੇਲਿੰਗ ਰੈਕੇਟ ਦਾ ਪਰਦਾਫਾਸ਼ ਕੀਤਾ।

* ਅਤੇ ਹੁਣ 20 ਜਨਵਰੀ, 2026 ਨੂੰ ‘ਕਰਨਾਟਕ’ ਦੇ ਪੁਲਸ ਮਹਾਨਿਰਦੇਸ਼ਕ ਕੇ. ਰਾਮ ਚੰਦਰ ਰਾਵ ਨੂੰ ਉਸ ਦਾ ਇਕ ਇਤਰਾਜ਼ਯੋਗ ਵੀਡੀਓ ਸਾਹਮਣੇ ਆਉਣ ਦੇ ਬਾਅਦ ਮੁਅੱਤਲ ਕੀਤਾ ਗਿਆ ਹੈ।

ਇਹ ਇਕ ਬਹੁਤ ਹੀ ਮਾਨਸਿਕ ਦਬਾਅ ਵਾਲਾ ਅਤੇ ਤੇਜ਼ੀ ਨਾਲ ਫੈਲ ਰਿਹਾ ਅਪਰਾਧ ਹੈ ਪਰ ਸਹੀ ਸਮੇਂ ’ਤੇ ਸਮਝਦਾਰੀ ਦਿਖਾ ਕੇ ਅਤੇ ਪੁਲਸ ਦੀ ਸਹਾਇਤਾ ਲੈ ਕੇ ਇਸ ਤੋਂ ਬਚਿਆ ਜਾ ਸਕਦਾ ਹੈ।

ਇਸ ਦੇ ਲਈ ਜ਼ਰੂਰੀ ਹੈ ਕਿ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ’ਤੇ ਅਣਜਾਣ ਲੋਕਾਂ ਦੀ ਫ੍ਰੈਂਡ ਰਿਕਵੈਸਟ ਪ੍ਰਵਾਨ ਨਾ ਕਰੇ ਅਤੇ ਨਾ ਹੀ ਨਿੱਜੀ ਜਾਣਕਾਰੀ ਸਾਂਝੀ ਕਰੇ। ਅਣਜਾਣ ਨੰਬਰਾਂ ਤੋਂ ਆਉਣ ਵਾਲੀ ਵੀਡੀਓ ਕਾਲ ਤੋਂ ਬਚੋ ਅਤੇ ਅਾਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਪ੍ਰਾਈਵੇਟ ਰੱਖੋ।

ਇਸ ਦੇ ਨਾਲ ਹੀ ਅਜਿਹੇ ਅਪਰਾਧ ਤੋਂ ਬਚਣ ਲਈ ਸਮਾਜ ’ਚ ਜਾਗਰੂਕਤਾ ਫੈਲਾਉਣ ਦੀ ਬੜੀ ਲੋੜ ਹੈ ਕਿਉਂਕਿ ਅਜਿਹੇ ਮਾਮਲਿਅਾਂ ’ਚ ਵਧੇਰੇ ਉਹ ਵਿਅਕਤੀ ਸ਼ਿਕਾਰ ਹੋ ਰਹੇ ਹਨ ਜਿਨ੍ਹਾਂ ਨੂੰ ਇੰਟਰਨੈੱਟ ’ਤੇ ਆ ਰਹੀ ਇਸ ਤਰ੍ਹਾਂ ਦੀ ਫਰਾਡ ਰਿਕਵੈਸਟ ਦੇ ਜੋਖਮ ਬਾਰੇ ਜਾਣਕਾਰੀ ਨਹੀਂ ਹੈ।

–ਵਿਜੇ ਕੁਮਾਰ


author

Sandeep Kumar

Content Editor

Related News