ਦੇਸ਼ ’ਚ ਨਹੀਂ ਰੁਕ ਰਿਹਾ ਔਰਤਾਂ ਵਿਰੁੱਧ ਅਪਰਾਧਾਂ ਦਾ ਤੂਫਾਨ

Sunday, Nov 17, 2024 - 02:04 AM (IST)

ਦੇਸ਼ ’ਚ ਨਹੀਂ ਰੁਕ ਰਿਹਾ ਔਰਤਾਂ ਵਿਰੁੱਧ ਅਪਰਾਧਾਂ ਦਾ ਤੂਫਾਨ

ਦੇਸ਼ ’ਚ ਜਬਰ-ਜ਼ਨਾਹ ਦੇ ਮਾਮਲੇ ’ਚ ਫਾਂਸੀ ਦੀ ਵਿਵਸਥਾ ਦੇ ਬਾਵਜੂਦ ਔਰਤਾਂ ਵਿਰੁੱਧ ਅਪਰਾਧ ਲਗਾਤਾਰ ਜਾਰੀ ਹਨ। ਹੁਣ ਤਾਂ ਛੋਟੀਆਂ-ਛੋਟੀਆਂ ਬੱਚੀਆਂ ਵੀ ਹਵਸ ਦੇ ਭੁੱਖੇ ਭੇੜੀਆਂ ਦਾ ਸ਼ਿਕਾਰ ਹੋ ਰਹੀਆਂ ਹਨ। ਦੇਸ਼ ’ਚ ਹਰ 20 ਮਿੰਟ ’ਚ ਇਕ ਔਰਤ ਜਬਰ-ਜ਼ਨਾਹ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਸਥਿਤੀ ਦੀ ਗੰਭੀਰਤਾ ਸਿਰਫ ਇਕ ਹਫਤੇ ਦੀਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 9 ਨਵੰਬਰ ਨੂੰ ਦਿੱਲੀ ਪੁਲਸ ਨੇ ਇਕ 22 ਸਾਲਾ ਲੜਕੀ ਅਤੇ ਉਸ ਦੀ 17 ਸਾਲਾ ਭਤੀਜੀ ਨੂੰ ਕੋਲਡ ਡ੍ਰਿੰਕ ’ਚ ਨਸ਼ੀਲਾ ਪਦਾਰਥ ਪਿਲਾ ਕੇ ਉਨ੍ਹਾਂ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ।

* 11 ਨਵੰਬਰ ਨੂੰ ਹੁਸ਼ਿਆਰਪੁਰ (ਪੰਜਾਬ) ’ਚ ਇਕ ਵਿਅਕਤੀ ਨੂੰ ਇਕ ਲੜਕੀ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 11 ਨਵੰਬਰ ਨੂੰ ਹੀ ਕਾਨਪੁਰ (ਉੱਤਰ ਪ੍ਰਦੇਸ਼) ’ਚ ਇਕ ਭਾਜਪਾ ਆਗੂ ‘ਭਦੌਰੀਆ’ ਉਰਫ ‘ਸੰਤੋਸ਼ ਸਿੰਘ’ ਉਰਫ ‘ਫੌਜੀ’ ਨੂੰ ਆਪਣੇ ਰਿਸ਼ਤੇਦਾਰ ਦੀ ਬੇਟੀ ਨਾਲ ਨਾਜਾਇਜ਼ ਸਬੰਧ ਬਣਾਉਣ ਪਿੱਛੋਂ ਉਸ ਦਾ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 11 ਨਵੰਬਰ ਨੂੰ ਹੀ ਮੇਰਠ (ਉੱਤਰ ਪ੍ਰਦੇਸ਼) ਦੇ ਇਕ ਮਦਰੱਸੇ ’ਚ 14 ਸਾਲਾ ਨਾਬਾਲਿਗ ਲੜਕੀ ਦੇ ਸੈਕਸ ਸ਼ੋਸ਼ਣ ਦੇ ਦੋਸ਼ ’ਚ ਮਦਰੱਸੇ ਦੇ ਪ੍ਰਬੰਧਕ ‘ਆਦਿਲ’ ਅਤੇ ਅਧਿਆਪਕ ‘ਮਕਸੂਦ’ ਨੂੰ ਗ੍ਰਿਫਤਾਰ ਕੀਤਾ ਗਿਆ।

* 11 ਨਵੰਬਰ ਨੂੰ ਹੀ ਦਿੱਲੀ ਦੇ ‘ਬਵਾਨਾ’ ’ਚ ਸਾਬਿਰ (50) ਨਾਂ ਦੇ ਵਿਅਕਤੀ ਨੂੰ 5 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 12 ਨਵੰਬਰ ਨੂੰ 31 ਸਾਲਾ ਇਕ ਔਰਤ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਵਜ਼ੀਰਾਬਾਦ (ਦਿੱਲੀ) ਥਾਣੇ ’ਚ ਇਕ ਡਾਕਟਰ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ।

* 12 ਨਵੰਬਰ ਨੂੰ ਹੀ ਵਾਰਾਣਸੀ (ਉੱਤਰ ਪ੍ਰਦੇਸ਼) ’ਚ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਕੰਪਲੈਕਸ ’ਚ ਇਕ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ ’ਚ 2 ਨੌਜਵਾਨਾਂ ਸੰਜੇ ਸਾਹਨੀ ਅਤੇ ਵਿਮਲੇਸ਼ ਸਾਹਨੀ ਨੂੰ ਗ੍ਰਿਫਤਾਰ ਕੀਤਾ ਗਿਆ।

* 12 ਨਵੰਬਰ ਨੂੰ ਹੀ ਸਿਰਸਾ (ਹਰਿਆਣਾ) ਪੁਲਸ ਨੇ ਕਾਲਾਂਵਾਲੀ ਦੇ ਪਿੰਡ ‘ਭੀਵਾਂ’ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੂੰ 10ਵੀਂ ਜਮਾਤ ਦੀਆਂ 9 ਨਾਬਾਲਿਗ ਲੜਕੀਆਂ ਨੂੰ ਗਲਤ ਢੰਗ ਨਾਲ ਛੂਹਣ ਅਤੇ ਉਨ੍ਹਾਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।

* 13 ਨਵੰਬਰ ਨੂੰ ਜਲੰਧਰ (ਪੰਜਾਬ) ’ਚ ਇਕ ਬੀਮਾਰ ਔਰਤ ਦੇ ਇਲਾਜ ਦੇ ਬਹਾਨੇ ਝਾੜ-ਫੂਕ ਦੇ ਨਾਂ ’ਤੇ ਉਸ ਨਾਲ ਗੈਰ-ਕੁਦਰਤੀ ਜਬਰ-ਜ਼ਨਾਹ ਕਰਨ ਵਾਲੇ ਤਾਂਤਰਿਕ ਸਰਫਰਾਜ ਪੁੱਤਰ ਉਸਮਾਨ ਅਲੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ।

* 13 ਨਵੰਬਰ ਨੂੰ ਹੀ ਆਪਣੀ ਨੂੰਹ ਦਾ ਸੈਕਸ ਸ਼ੋਸ਼ਣ ਕਰਨ ਦੇ ਦੋਸ਼ੀ ਵਿਅਕਤੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੁਮਿਤ ਗੋਇਲ ਨੇ ਪੇਸ਼ਗੀ ਜ਼ਮਾਨਤ ਦੇਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਸਹੁਰੇ-ਨੂੰਹ ਦਾ ਰਿਸ਼ਤਾ ਪਿਤਾ ਅਤੇ ਬੇਟੀ ਦੇ ਬਰਾਬਰ ਹੁੰਦਾ ਹੈ।

* 13 ਨਵੰਬਰ ਨੂੰ ਹੀ ‘ਬੰਬੇ ਹਾਈ ਕੋਰਟ’ ਦੀ ਨਾਗਪੁਰ ਬੈਂਚ ਨੇ ਆਪਣੀ ਸੱਸ ਨਾਲ ਜਬਰ-ਜ਼ਨਾਹ ਕਰਨ ਵਾਲੇ ਵਿਅਕਤੀ ਦੇ ਕਾਰੇ ਨੂੰ ਸ਼ਰਮਨਾਕ ਦੱਸਦੇ ਹੋਏ ਉਸ ਦੀ ਸਜ਼ਾ ਨੂੰ ਇਹ ਕਹਿੰਦਿਆਂ ਬਰਕਰਾਰ ਰੱਖਿਆ ਕਿ ਪੀੜਤਾ ਉਸ ਦੀ ਮਾਂ ਦੇ ਬਰਾਬਰ ਸੀ।

* 14 ਨਵੰਬਰ ਨੂੰ ਇੰਦੌਰ (ਮੱਧ ਪ੍ਰਦੇਸ਼) ’ਚ ਇਕ 15 ਸਾਲਾ ਲੜਕੀ ਨਾਲ ਸਮੂਹਿਕ ਜਬਰ-ਜ਼ਨਾਹ ਕਰ ਕੇ ਉਸ ਦਾ ਵੀਡੀਓ ਬਣਾਉਣ ਦੇ ਦੋਸ਼ ’ਚ ਪੁਲਸ ਨੇ ਇਕ ਨਾਬਾਲਿਗ ਸਮੇਤ 2 ਲੜਕਿਆਂ ਨੂੰ ਹਿਰਾਸਤ ’ਚ ਲਿਆ।

* 15 ਨਵੰਬਰ ਨੂੰ ਬਰੇਲੀ (ਉੱਤਰ ਪ੍ਰਦੇਸ਼) ਪੁਲਸ ਨੇ ਭਾਜਪਾ ਘੱਟਗਿਣਤੀ ਮੋਰਚੇ ਦੇ ਸਾਬਕਾ ਨਗਰ ਪ੍ਰਧਾਨ ਅਨੀਸ ਅੰਸਾਰੀ ਸਮੇਤ 6 ਲੋਕਾਂ ਵਿਰੁੱਧ 32 ਸਾਲਾ ਔਰਤ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ।

* 15 ਨਵੰਬਰ ਨੂੰ ਹੀ ਕੋਲਕਾਤਾ (ਪੱਛਮੀ ਬੰਗਾਲ) ਦੀ ਪੁਲਸ ਨੇ ਮੁੰਬਈ ਦੇ ਇਕ ਗਾਇਕ ਅਤੇ ਸੰਗੀਤਕਾਰ ਸੰਜੇ ਚੱਕਰਵਰਤੀ ਨੂੰ ਇਕ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਮੁੰਬਈ ਤੋਂ ਗ੍ਰਿਫਤਾਰ ਕੀਤਾ।

* 15 ਨਵੰਬਰ ਨੂੰ ਹੀ ਰਾਜਗੜ੍ਹ (ਮੱਧ ਪ੍ਰਦੇਸ਼) ਪੁਲਸ ਨੇ ਇਕ ਔਰਤ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਭੋਪਾਲ ਦੇ ਡਿਪਟੀ ਕਲੈਕਟਰ ‘ਰਾਜੇਸ਼ ਸੋਰਤੇ’ ਵਿਰੁੱਧ ਮਾਮਲਾ ਦਰਜ ਕੀਤਾ।

ਹਰ ਰੋਜ਼ ਸਾਹਮਣੇ ਆ ਰਹੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਨੇ ਦੇਸ਼ ’ਚ ਨਾਰੀ ਸੁਰੱਖਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਲਈ ਜੇ ਇਸ ਤਰ੍ਹਾਂ ਦੇ ਅਪਰਾਧ ਕਰਨ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ ਦੇ ਨਾਲ-ਨਾਲ ਫਾਸਟ ਟ੍ਰੈਕ ਕੋਰਟ ਬਣਾ ਕੇ ਜਬਰ-ਜ਼ਨਾਹ ਦੇ ਮਾਮਲਿਆਂ ਦਾ ਤੇਜ਼ੀ ਨਾਲ ਨਬੇੜਾ ਕਰ ਕੇ ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣ ਲੱਗੇ ਤਾਂ ਔਰਤਾਂ ਵਿਰੁੱਧ ਅਪਰਾਧਾਂ ’ਚ ਕਮੀ ਜ਼ਰੂਰ ਆ ਸਕਦੀ ਹੈ।

-ਵਿਜੇ ਕੁਮਾਰ


author

Harpreet SIngh

Content Editor

Related News