ਸਰਕਾਰੀ ਹਸਪਤਾਲਾਂ ’ਚ ਤਰ੍ਹਾਂ-ਤਰ੍ਹਾਂ ਦੀ ਲਾਪ੍ਰਵਾਹੀ ਦੀਆਂ ਕੁਝ ਉਦਾਹਰਣਾਂ

Sunday, Oct 06, 2024 - 02:47 AM (IST)

ਅਸੀਂ ਲਿਖਦੇ ਰਹਿੰਦੇ ਹਾਂ ਕਿ ਲੋਕਾਂ ਨੂੰ ਸਸਤੀ ਅਤੇ ਉੱਚ ਪੱਧਰੀ ਸਿੱਖਿਆ ਅਤੇ ਇਲਾਜ, ਸਾਫ ਪੀਣ ਵਾਲੇ ਪਾਣੀ ਅਤੇ ਲਗਾਤਾਰ ਬਿਜਲੀ ਮੁਹੱਈਆ ਕਰਵਾਉਣਾ ਕੇਂਦਰ ਅਤੇ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਪਰ ਇਹ ਦੋਵੇਂ ਇਸ ’ਚ ਕਿਤੇ-ਕਿਤੇ ਅਸਫਲ ਰਹਿ ਰਹੀਆਂ ਹਨ। ਇਸੇ ਲਈ ਸਰਕਾਰੀ ਹਸਪਤਾਲਾਂ ’ਚ ਇਲਾਜ ਦੇ ਦੌਰਾਨ ਹੋਣ ਵਾਲੀਆਂ ਲਾਪ੍ਰਵਾਹੀਆਂ ਦੇ ਕਾਰਨ ਲੋਕ ਉੱਥੇ ਇਲਾਜ ਲਈ ਜਾਣ ਤੋਂ ਝਿਜਕਦੇ ਹਨ। ਅਜਿਹੀਆਂ ਹੀ ਲਾਪ੍ਰਵਾਹੀਆਂ ਦੇ ਕਾਰਨ ਪਿਛਲੇ ਸਿਰਫ ਇਕ ਹਫਤੇ ’ਚ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :

* 27 ਸਤੰਬਰ ਨੂੰ ਵੈਸ਼ਾਲੀ (ਬਿਹਾਰ) ’ਚ ‘ਸਹਿਦੇਵੀ’ ਸਥਿਤ ਸਿਹਤ ਕੇਂਦਰ ’ਚ ਰੋਸ਼ਨੀ ਨਾ ਹੋਣ ’ਤੇ ਮੋਬਾਈਲ ਫੋਨ ਦੀ ਰੋਸ਼ਨੀ ’ਚ ਇਕ ਔਰਤ ਦਾ ਜਣੇਪਾ ਕਰਵਾਇਆ ਗਿਆ। ਇਹੀ ਨਹੀਂ, ਹਸਪਤਾਲ ਦੀ ਟੈਂਕੀ ’ਚ ਪਾਣੀ ਨਾ ਹੋਣ ਕਾਰਨ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਹੀ ਬਾਹਰੋਂ ਬਾਲਟੀ ’ਚ ਪਾਣੀ ਵੀ ਲਿਆਉਣਾ ਪਿਆ।

* 28 ਸਤੰਬਰ ਨੂੰ ਖੰਡਵਾ (ਮੱਧ ਪ੍ਰਦੇਸ਼) ਜ਼ਿਲਾ ਹਸਪਤਾਲ ’ਚ ਜਣੇਪੇ ਦੇ ਬਾਅਦ ਇਕ ਔਰਤ ਦੀ ਮੌਤ ਦੇ ਸਬੰਧ ’ਚ ਉਸ ਦੇ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਅਤੇ ਨਰਸਿੰਗ ਸਟਾਫ ’ਤੇ ਲਾਪ੍ਰਵਾਹੀ ਦਾ ਦੋਸ਼ ਲਾਇਆ ਅਤੇ ਕਿਹਾ ਕਿ ਔਰਤ ਦੀ ਤਬੀਅਤ ਵਿਗੜਣ ’ਤੇ ਹਸਪਤਾਲ ’ਚ ਮੌਜੂਦ ਸਟਾਫ ਨੂੰ ਸੂਚਿਤ ਕੀਤਾ ਗਿਆ ਪਰ ਕਿਸੇ ਨੇ ਉਨ੍ਹਾਂ ਦੀ ਇਕ ਨਾ ਸੁਣੀ ਅਤੇ ਕੁਝ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ।

* 30 ਸਤੰਬਰ ਨੂੰ ਹਾਪੁੜ (ਉੱਤਰ ਪ੍ਰਦੇਸ਼) ਜ਼ਿਲੇ ਥਾਨਾਗੜ੍ਹ ਇਲਾਕੇ ਦੇ ਕਮਿਊਨਿਟੀ ਸਿਹਤ ਕੇਂਦਰ ’ਚ ਸਿਰ ’ਤੇ ਲੱਗੀ ਸੱਟ ਦੇ ਇਲਾਜ ਲਈ ਦਾਖਲ ਮੁਟਿਆਰ ਦੇ ਸਿਰ ’ਚ ਟਾਂਕੇ ਲਗਾਉਣ ਦੇ ਬਾਅਦ ਪੱਟੀ ਬੰਨ੍ਹ ਕੇ ਉਸ ਨੂੰ ਘਰ ਭੇਜ ਦਿੱਤਾ ਪਰ ਸੂਈ ਉਸ ਦੇ ਸਿਰ ’ਚ ਛੱਡ ਦਿੱਤੀ। ਦਰਦ ਬੰਦ ਨਾ ਹੋਣ ’ਤੇ ਮੁਟਿਆਰ ਦੇ ਪਰਿਵਾਰਕ ਮੈਂਬਰਾਂ ਵਲੋਂ ਦੁਬਾਰਾ ਜਾਂਚ ਕਰਵਾਉਣ ’ਤੇ ਮੁਟਿਆਰ ਦੇ ਸਿਰ ’ਚ ਸੂਈ ਛੱਡ ਦੇਣ ਦਾ ਪਤਾ ਲੱਗਾ।

* ਅਤੇ ਹੁਣ 4 ਅਕਤੂਬਰ ਨੂੰ ਹਜ਼ਾਰੀਬਾਗ (ਝਾਰਖੰਡ) ਦੇ ਸਰਕਾਰੀ ‘ਸ਼ੇਖ ਭਿਖਾਰੀ ਮੈਡੀਕਲ ਕਾਲਜ ਅਤੇ ਹਸਪਤਾਲ’ ’ਚ ਇਲਾਜ ਲਈ ਲਿਆਂਦੇ ਗਏ ਇਕ ਰੋਗੀ ਨੂੰ ਡਾਕਟਰਾਂ ਵਲੋਂ ਆਕਸੀਜਨ ਦਾ ਖਾਲੀ ਸਿਲੰਡਰ ਲਗਾ ਦਿੱਤੇ ਜਾਣ ਦੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ।

ਉਪਰੋਕਤ ਉਦਾਹਰਣਾਂ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਰਕਾਰੀ ਹਸਪਤਾਲ ਕਿਸ ਕਦਰ ਬਦਹਾਲੀ ਦੇ ਸ਼ਿਕਾਰ ਹਨ। ਇਨ੍ਹਾਂ ਦੀ ਅਜਿਹੀ ਦੁਰਦਸ਼ਾ ਯਕੀਨਨ ਹੀ ਇਕ ਚਿੰਤਾਜਨਕ ਸਮੱਸਿਆ ਹੈ, ਜੋ ਦੂਰ ਹੋਣੀ ਚਾਹੀਦੀ ਹੈ, ਨਹੀਂ ਤਾਂ ਇਸੇ ਤਰ੍ਹਾਂ ਹਸਪਤਾਲਾਂ ’ਚ ਮਾੜੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ।

-ਵਿਜੇ ਕੁਮਾਰ


Harpreet SIngh

Content Editor

Related News