ਵਿਦਿਆਰਥੀਆਂ ਨੂੰ ਵਿੱਤੀ ਮੈਨੇਜਮੈਂਟ ਦੀ ਸਿੱਖਿਆ ਦੇਣਾ ਜ਼ਰੂਰੀ

Monday, Sep 28, 2026 - 12:52 PM (IST)

ਵਿਦਿਆਰਥੀਆਂ ਨੂੰ ਵਿੱਤੀ ਮੈਨੇਜਮੈਂਟ ਦੀ ਸਿੱਖਿਆ ਦੇਣਾ ਜ਼ਰੂਰੀ

ਭਾਰਤੀ ਵਿਦਿਆਰਥੀਆਂ ਨੂੰ ਵਿੱਤੀ ਸਾਖਰਤਾ ਦੀ ਸਿੱਖਿਆ ਦੇਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਜਦੋਂ ਵਿਦਿਆਰਥੀ ਛੋਟੀ ਉਮਰ ’ਚ ਪੈਸਿਆਂ ਦਾ ਪ੍ਰਬੰਧਨ ਸਿੱਖਦੇ ਹਨ, ਤਾਂ ਉਹ ਭਵਿੱਖ ’ਚ ਬਿਹਤਰ ਵਿੱਤੀ ਫੈਸਲੇ ਲੈਣ ਦੇ ਸਮਰੱਥ ਬਣਦੇ ਹਨ। ਵਿੱਤੀ ਸਾਖਰਤਾ ਅਤੇ ਵਿੱਤੀ ਪ੍ਰਬੰਧਨ ਸਿੱਖਣ ਨਾਲ ਨਾ ਕੇਵਲ ਕਾਲਜ ਸਗੋਂ ਸੀਨੀਅਰ ਸਕੂਲ ਦੇ ਵਿਦਿਆਰਥੀ ਵੀ ਬਜਟ ਬਣਾਉਣਾ, ਬੱਚਤ ਕਰਨਾ ਅਤੇ ਫਜ਼ੂਲ-ਖਰਚੀ ਤੋਂ ਬਚਣਾ ਸਿੱਖਦੇ ਹਨ। ਇਸ ਨਾਲ ਭਵਿੱਖ ਦੀ ਸੁਰੱਖਿਆ ਲਈ ਕਰਜ਼ੇ (ਜਿਵੇਂ ਐਜੂਕੇਸ਼ਨ ਲੋਨ), ਕ੍ਰੈਡਿਟ ਕਾਰਡ ਅਤੇ ਕਰਜ਼ੇ ਦੇ ਜਾਲ ਤੋਂ ਬਚਣ ਦੀ ਸਮਝ ਵਿਕਸਿਤ ਹੁੰਦੀ ਹੈ। ਇਸ ਨਾਲ ਨਿਵੇਸ਼ ਦੀ ਸਮਝ ਵੀ ਬਦਲਦੀ ਹੈ। ਵਿਦਿਆਰਥੀਆਂ ਨੂੰ ਵਿੱਤ ਪ੍ਰਬੰਧਨ ਸਿਖਾਉਣਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੋ ਗਿਆ ਹੈ। ਉਨ੍ਹਾਂ ਨੂੰ ਵਿੱਤੀ ਸਾਖਰਤਾ ਬਾਰੇ ਸਿਖਾ ਕੇ ਵਿੱਤੀ ਫੈਸਲੇ ਲੈਣ ’ਚ ਸਮਰੱਥ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੂੰ ਬੱਚਤ, ਬਜਟ, ਨਿਵੇਸ਼ ਅਤੇ ਜ਼ਿੰਮੇਵਾਰ ਖਰਚੇ ਬਾਰੇ ਜਾਗਰੂਕ ਕਰ ਕੇ, ਅਸੀਂ ਉਨ੍ਹਾਂ ਨੂੰ ਮਹੱਤਵਪੂਰਨ ਜੀਵਨ ਹੁਨਰ ਪ੍ਰਦਾਨ ਕਰਦੇ ਹਾਂ।

ਪੂਰੇ ਦੇਸ਼ ਦੇ ਉੱਚ ਸਿੱਖਿਆ ਅਦਾਰਿਆਂ ’ਚ ਵਿੱਤੀ ਸਾਖਰਤਾ ਦੀ ਸਿੱਖਿਆ ’ਤੇ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਕਾਲਜ ਤੋਂ ਕਾਰਪੋਰੇਟ ਜੀਵਨ ’ਚ ਕਦਮ ਰੱਖਣਾ ਜਾਂ ਆਪਣਾ ਸਟਾਰਟ-ਅੱਪ ਸ਼ੁਰੂ ਕਰਨਾ ਇਕ ਨੌਜਵਾਨ ਦੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਪੜਾਅ ’ਚੋਂ ਇਕ ਹੈ। ਪਹਿਲੀ ਕਮਾਈ ਕਰਨਾ ਜਾਂ ਮਿਲਣਾ ਉਤਸ਼ਾਹ, ਆਜ਼ਾਦੀ ਅਤੇ ਨਵੀਆਂ ਜ਼ਿੰਮੇਵਾਰੀਆਂ ਲੈ ਕੇ ਆਉਂਦਾ ਹੈ। ਹਾਲਾਂਕਿ, ਇਸ ਦੇ ਨਾਲ ਹੀ ਕੁਝ ਵਿਹਾਰਕ ਸਵਾਲ ਵੀ ਉੱਠਦੇ ਹਨ। ਕਿੰਨਾ ਪੈਸਾ ਬਚਾਉਣਾ ਚਾਹੀਦਾ ਹੈ? ਖਰਚਿਆਂ ਦੀ ਯੋਜਨਾ ਕਿਵੇਂ ਬਣਾਉਣੀ ਚਾਹੀਦੀ ਹੈ? ਕੀ ਬੀਮਾ ਜ਼ਰੂਰੀ ਹੈ? ਖਰਚ ਕਰਨਾ, ਬੱਚਤ ਕਰਨਾ ਅਤੇ ਨਿਵੇਸ਼ ਕਰਨਾ—ਇਨ੍ਹਾਂ ਤਿੰਨਾਂ ’ਚ ਕੀ ਅੰਤਰ ਹੈ? ਕੀ ਸਾਡੀਆਂ ਯੂਨੀਵਰਸਿਟੀਆਂ ਇਸ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਯਤਨ ਕਰ ਰਹੀਆਂ ਹਨ?

ਵਿੱਤੀ ਸਾਖਰਤਾ ਕੋਈ ਖਾਸ ਹੁਨਰ ਨਹੀਂ ਹੈ, ਜੋ ਕੇਵਲ ਵਿੱਤ ਮਾਹਿਰਾਂ ਲਈ ਹੀ ਹੋਵੇ। ਇਹ ਸਭ ਲਈ ਜ਼ਰੂਰੀ ਹੈ। ਇਹ ਇਕ ਵਿਹਾਰਕ ਜੀਵਨ ਹੁਨਰ ਹੈ ਜੋ ਵਿਅਕਤੀਆਂ ਨੂੰ ਕਮਾਈ, ਖਰਚ, ਬੱਚਤ, ਉਧਾਰ, ਸੁਰੱਖਿਆ ਅਤੇ ਨਿਵੇਸ਼ ਬਾਰੇ ਸੋਚ-ਸਮਝ ਕੇ ਫੈਸਲੇ ਲੈਣ ’ਚ ਮਦਦ ਕਰਦਾ ਹੈ। ਇਹ ਅਜਿਹੇ ਜੀਵਨ ਹੁਨਰ ਹਨ ਜਿਨ੍ਹਾਂ ਦੀ ਲੋੜ ਹਰੇਕ ਵਿਦਿਆਰਥੀ ਨੂੰ ਹੁੰਦੀ ਹੈ, ਚਾਹੇ ਉਸ ਦਾ ਅਕਾਦਮਿਕ ਵਿਸ਼ਾ ਜਾਂ ਕਰੀਅਰ ਦਾ ਰਾਹ ਕੋਈ ਵੀ ਹੋਵੇ।

ਆਧੁਨਿਕ ਅਰਥਵਿਵਸਥਾ ਤੇਜ਼ੀ ਨਾਲ ਡਿਜੀਟਲ ਹੁੰਦੀ ਜਾ ਰਹੀ ਹੈ। ਅੱਜ ਦੇ ਵਿਦਿਆਰਥੀ ਯੂ.ਪੀ.ਆਈ., ਆਨਲਾਈਨ ਬੈਂਕਿੰਗ, ਡਿਜੀਟਲ ਵਾਲਿਟ ਅਤੇ ਈ-ਕਾਮਰਸ ਪਲੇਟਫਾਰਮਾਂ ਦੀ ਸਰਗਰਮੀ ਨਾਲ ਵਰਤੋਂ ਕਰਦੇ ਹਨ। ਤਕਨਾਲੋਜੀ ਨੇ ਵਿੱਤੀ ਲੈਣ-ਦੇਣ ਨੂੰ ਸੁਖਾਲਾ ਤਾਂ ਬਣਾ ਦਿੱਤਾ ਹੈ ਪਰ ਨਾਲ ਹੀ ਸਾਈਬਰ ਧੋਖਾਦੇਹੀ, ਬਿਨਾਂ ਸੋਚੇ-ਸਮਝੇ ਖਰਚੇ ਅਤੇ ਵਿੱਤੀ ਸੰਬੰਧੀ ਗਲਤ ਜਾਣਕਾਰੀ ਦੇ ਖਤਰੇ ਨੂੰ ਵੀ ਵਧਾ ਦਿੱਤਾ ਹੈ। ਇਸ ਲਈ, ਵਿੱਤੀ ਜਾਗਰੂਕਤਾ ਨਾ ਕੇਵਲ ਧਨ ਕਮਾਉਣ ਲਈ ਸਗੋਂ ਵਿੱਤੀ ਸੁਰੱਖਿਆ ਲਈ ਵੀ ਜ਼ਰੂਰੀ ਹੋ ਗਈ ਹੈ।

ਡਿਗਰੀ ਨਾਲ ਵਿਦਿਆਰਥੀ ਨੂੰ ਰੋਜ਼ਗਾਰ ਪਾਉਣ ’ਚ ਮਦਦ ਮਿਲ ਸਕਦੀ ਹੈ, ਪਰ ਵਿੱਤੀ ਸਾਖਰਤਾ ਉਨ੍ਹਾਂ ਨੂੰ ਕੰਮ ਵਾਲੀ ਥਾਂ ਤੋਂ ਪਰ੍ਹੇ ਜੀਵਨ ’ਚ ਅੱਗੇ ਵਧਣ ’ਚ ਸਹਾਇਕ ਹੁੰਦੀ ਹੈ। ਜਿਵੇਂ-ਜਿਵੇਂ ਉੱਚ ਸਿੱਖਿਆ ਬਦਲਦੀ ਹੈ, ਦੁਨੀਆ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਵਿਕਸਿਤ ਹੋ ਰਹੀ ਹੈ, ਵਿੱਤੀ ਸਾਖਰਤਾ ਨੂੰ ਨਾ ਕੇਵਲ ਵਿੱਤੀ ਗਿਆਨ ਦੇ ਰੂਪ ’ਚ, ਸਗੋਂ ਹਰੇਕ ਵਿਦਿਆਰਥੀ ਲਈ ਇਕ ਬੁਨਿਆਦੀ ਜੀਵਨ ਹੁਨਰ ਦੇ ਰੂਪ ’ਚ ਮਾਨਤਾ ਮਿਲਣੀ ਚਾਹੀਦੀ ਹੈ।

ਉੱਚ ਸਿੱਖਿਆ ਪ੍ਰਾਪਤ ਕਰ ਰਹੇ ਸਾਰੇ ਵਿਦਿਆਰਥੀਆਂ ਨੂੰ ਵਿੱਤੀ ਸਾਖਰਤਾ ਅਤੇ ਵਿੱਤੀ ਪ੍ਰਬੰਧਨ ਦਾ ਹੁਨਰ ਸਿਖਾਉਣਾ ਉਨ੍ਹਾਂ ਦੇ ਭਵਿੱਖ ਦੀ ਭਲਾਈ ’ਚ ਇਕ ਨਿਵੇਸ਼ ਹੋਵੇਗਾ। ਪੈਸੇ, ਬੱਚਤ, ਬਜਟ ਅਤੇ ਜ਼ਿੰਮੇਵਾਰ ਖਰਚੇ ਦੀ ਸਮਝ ਨੂੰ ਪਹਿਲਾਂ ਤੋਂ ਹੀ ਸਿਖਾ ਕੇ, ਅਸੀਂ ਉਨ੍ਹਾਂ ਨੂੰ ਆਤਮ-ਵਿਸ਼ਵਾਸ ਨਾਲ ਵਿੱਤੀ ਦੁਨੀਆ ਦੀਆਂ ਗੁੰਝਲਾਂ ਦਾ ਸਾਹਮਣਾ ਕਰਨ ਦੀ ਸਮਰੱਥਾ ਪ੍ਰਦਾਨ ਕਰਦੇ ਹਾਂ। ਇਸ ਦੇ ਨਾਲ ਹੀ, ਭਾਰਤੀ ਵਿਦਿਆਰਥੀਆਂ ਨੂੰ ਕੇਵਲ ‘ਪੈਸਾ ਕਮਾਉਣਾ’ ਨਹੀਂ, ਸਗੋਂ ‘ਪੈਸੇ ਦਾ ਪ੍ਰਬੰਧਨ ਕਰਨਾ’ ਸਿਖਾਉਣਾ ਦੇਸ਼ ਦੀ ਆਰਥਿਕ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਕਰਨ ਲਈ ਵੀ ਬਹੁਤ ਜ਼ਰੂਰੀ ਹੈ।

—ਡਾ. ਵਰਿੰਦਰ ਭਾਟੀਆ


author

Harpreet SIngh

Content Editor

Related News