ਚੀਨ ਦੀ ਚਾਲ : ਪਾਕਿਸਤਾਨ ਨੂੰ ਬ੍ਰਿਕਸ ’ਚ ਸ਼ਾਮਲ ਕਰਨਾ ਚਾਹੁੰਦਾ ਹੈ
Wednesday, Jun 21, 2023 - 05:33 PM (IST)
ਬ੍ਰਿਕਸ ਦੇਸ਼ਾਂ ’ਚ ਇਸ ਸਮੇਂ 5 ਮੈਂਬਰ ਦੇਸ਼ ਹਨ ਜਿਨ੍ਹਾਂ ’ਚ ਭਾਰਤ, ਚੀਨ, ਰੂਸ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ। ਭਾਰਤ ਬ੍ਰਿਕਸ ਦੇਸ਼ਾਂ ਦੀ ਸਥਾਪਨਾ ਦੇ ਸਮੇਂ ਤੋਂ ਹੀ ਇਸ ਦਾ ਮੈਂਬਰ ਬਣਿਆ ਹੋਇਆ ਹੈ ਅਤੇ ਪਹਿਲਾਂ 4 ਦੇਸ਼ ਇਸ ’ਚ ਸ਼ਾਮਲ ਸਨ, ਬਾਅਦ ’ਚ ਦੱਖਣੀ ਅਫਰੀਕਾ ਨੂੰ ਵੀ ਸ਼ਾਮਲ ਕੀਤਾ ਗਿਆ। ਚੀਨ ਪਾਕਿਸਤਾਨ ਦਾ ਸਦਾਬਹਾਰ ਮਿੱਤਰ ਦੇਸ਼ ਹੈ ਅਤੇ ਚੀਨ ਚਾਹੁੰਦਾ ਹੈ ਕਿ ਪਾਕਿਸਤਾਨ ਨੂੰ ਵੀ ਬ੍ਰਿਕਸ ਦੇਸ਼ਾਂ ਦਾ ਹਿੱਸਾ ਬਣਾਇਆ ਜਾਵੇ। ਹਾਲਾਂਕਿ ਇਸ ਗੱਲ ਦੀ ਇੱਛਾ ਖੁਦ ਪਾਕਿਸਤਾਨ ਨੇ ਚੀਨ ਨਾਲ ਜਤਾਈ ਸੀ ਕਿ ਉਹ ਬ੍ਰਿਕਸ ਦੇਸ਼ਾਂ ਦਾ ਮੈਂਬਰ ਬਣਨਾ ਚਾਹੁੰਦਾ ਹੈ। ਦਰਅਸਲ, ਬ੍ਰਿਕਸ ਇਕ ਬਹੁਤ ਮਜ਼ਬੂਤ ਆਰਥਿਕ ਅਤੇ ਵਪਾਰਕ ਸੰਗਠਨ ਹੈ ਅਤੇ ਇਸ ’ਚ ਆਪਸੀ ਵਪਾਰ ਹੋਣ ਦੇ ਨਾਲ-ਨਾਲ ਹੁਣ ਬ੍ਰਿਕਸ ਦੇਸ਼ ਯੂਰੋ ਵਾਂਗ ਆਉਣ ਵਾਲੇ ਕੁਝ ਸਾਲਾਂ ’ਚ ਆਪਣੀ ਇਕ ਮੁਦਰਾ ਬਣਾ ਸਕਦੇ ਹਨ, ਜਿਸ ਨਾਲ ਇਹ ਸਾਰੇ ਦੇਸ਼ ਅਮਰੀਕੀ ਡਾਲਰ ’ਤੇ ਆਪਣੀ ਨਿਰਭਰਤਾ ਘੱਟ ਕਰ ਸਕਣ। ਇਸ ਦੇ ਪਿੱਛੇ ਦਾ ਕਾਰਨ ਅਮਰੀਕਾ ਦੇ ਚੀਨ ਅਤੇ ਰੂਸ ਨਾਲ ਤਲਖ ਰਿਸ਼ਤੇ ਹਨ। ਉੱਥੇ ਪਾਕਿਸਤਾਨ, ਜੋ ਆਰਥਿਕ ਤੌਰ ’ਤੇ ਕੰਗਾਲ ਹੋ ਚੁੱਕਾ ਹੈ, ਉਹ ਚਾਹੁੰਦਾ ਹੈ ਕਿ ਬ੍ਰਿਕਸ ਦੇਸ਼ਾਂ ਦਾ ਮੈਂਬਰ ਬਣ ਕੇ ਬ੍ਰਿਕਸ ਦੇਸ਼ਾਂ ਵੱਲੋਂ ਸਥਾਪਿਤ ਨਿਊ ਡਿਵੈਲਪਮੈਂਟ ਬੈਂਕ ’ਚ ਪਏ ਅਰਬਾਂ ਡਾਲਰਾਂ ਦਾ ੳੁਧਾਰ ਦੇ ਤੌਰ ’ਤੇ ਇਸਤੇਮਾਲ ਕਰ ਕੇ ਆਪਣੀ ਕੰਗਾਲੀ ਦੂਰ ਸਕੇ। ਚੀਨ ਵੀ ਪਾਕਿਸਤਾਨ ਨੂੰ ਭਾਰਤ ਦੇ ਬਰਾਬਰ ਖੜ੍ਹਾ ਕਰਨਾ ਚਾਹੁੰਦਾ ਹੈ। ਚੀਨ ਨੇ ਅਜਿਹੀ ਹੀ ਕੋਸ਼ਿਸ਼ ਸ਼ੰਘਾਈ ਸਹਿਯੋਗ ਸੰਗਠਨ ’ਚ ਵੀ ਕੀਤੀ ਸੀ, ਜਿੱਥੇ ਚੀਨ ਦੀ ਦਾਲ ਨਹੀਂ ਗਲ਼ੀ।
ਇਹੀ ਕਾਰਨ ਹੈ ਕਿ ਪਾਕਿਸਤਾਨ ਨੇ ਅਧਿਕਾਰਤ ਤੌਰ ’ਤੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਉਹ ਬ੍ਰਿਕਸ ਸੰਗਠਨ ’ਚ ਸ਼ਾਮਲ ਹੋਣਾ ਚਾਹੁੰਦਾ ਹੈ। ਦਰਅਸਲ, ਪਾਕਿਸਤਾਨ ਪਿਛਲੇ ਇਕ ਸਾਲ ਤੋਂ ਦੁਨੀਆ ਦੇ ਕਈ ਦੇਸ਼ਾਂ ਅਤੇ ਸੰਗਠਨਾਂ ਕੋਲੋਂ ਆਪਣੀ ਆਰਥਿਕ ਕੰਗਾਲੀ ਦੂਰ ਕਰਨ ਲਈ ਪੈਸਾ ਉਧਾਰ ਮੰਗ ਰਿਹਾ ਹੈ। ਚੀਨ ਨੇ ਇਕ ਸਮੇਂ ਪਾਕਿਸਤਾਨ ਨਾਲ ਵਾਅਦਾ ਕੀਤਾ ਸੀ ਕਿ ਉਹ ਪਾਕਿਸਤਾਨ ਨੂੰ 4 ਅਰਬ ਡਾਲਰ ਉਧਾਰ ਦੇਵੇਗਾ, ਉੱਥੇ ਹੀ ਇਸ ਤਰ੍ਹਾਂ ਦੇ ਵਾਅਦੇ ਸਾਊਦੀ ਅਰਬ, ਯੂ. ਏ. ਈ. ਅਤੇ ਦੂਜੇ ਦੇਸ਼ਾਂ ਨੇ ਵੀ ਕੀਤੇ ਸਨ। ਆਈ. ਐੱਮ. ਐੱਫ. ਨੇ ਪਾਕਿਸਤਾਨ ਨੂੰ ਉਸ ਦੀ ਕੰਗਾਲੀ ਦੂਰ ਕਰਨ ਲਈ ਪੈਸੇ ਉਧਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਅਜੇ ਤੱਕ ਕਿਸੇ ਨੇ ਪਾਕਿਸਤਾਨ ਨੂੰ ਇਕ ਫੁੱਟੀ ਕੌਡੀ ਵੀ ਉਧਾਰ ਨਹੀਂ ਦਿੱਤੀ ਕਿਉਂਕਿ ਇਨ੍ਹਾਂ ਸਾਰੇ ਦੇਸ਼ਾਂ ਨੇ ਅੰਦਾਜ਼ਾ ਲਾਇਆ ਕਿ ਪਾਕਿਸਤਾਨ ਇਹ ਉਧਾਰ ਉਨ੍ਹਾਂ ਨੂੰ ਅਦਾ ਕਿੱਥੋਂ ਕਰੇਗਾ?
ਪਾਕਿਸਤਾਨ ’ਚ ਕੋਈ ਫੈਕਟਰੀ ਨਹੀਂ ਹੈ, ਸੇਵਾ ਉਦਯੋਗ ਨਹੀਂ ਹੈ ਤੇ ਨਾ ਹੀ ਕੋਈ ਅਜਿਹੀ ਖਾਨ ਹੈ ਜਿਸ ’ਚੋਂ ਕੋਈ ਬੇਸ਼ਕੀਮਤੀ ਧਾਤ ਨਿਕਲਦੀ ਹੋਵੇ ਜੋ ਵਿਕਸਿਤ ਦੇਸ਼ਾਂ ਦੇ ਕਿਸੇ ਕੰਮ ਆ ਸਕੇ। ਉੱਥੇ ਹੀ ਪਾਕਿਸਤਾਨ ਦਾ ਪਹਿਲਾਂ ਦਾ ਟ੍ਰੈਕ ਰਿਕਾਰਡ ਵੀ ਖਰਾਬ ਹੈ, ਉਸ ਨੇ ਪਹਿਲਾਂ ਦੇ ਉਧਾਰ ਵੀ ਨਹੀਂ ਮੋੜੇ। ਇਸ ਲਈ ਪਾਕਿਸਤਾਨ ਚੀਨ ਦੀ ਮਦਦ ਨਾਲ ਬ੍ਰਿਕਸ ਦੇਸ਼ਾਂ ਦਾ ਮੈਂਬਰ ਬਣ ਕੇ ਇੰਨਾ ਪੈਸਾ ਉਧਾਰ ਲੈ ਸਕੇਗਾ ਜਿਸ ਨਾਲ ਆਉਣ ਵਾਲੇ 5-6 ਸਾਲਾਂ ਤੱਕ ਉਹ ਆਪਣੀ ਅਰਥਵਿਵਸਥਾ ਨੂੰ ਡੁੱਬਣ ਤੋਂ ਬਚਾ ਲਵੇਗਾ।
ਚੀਨ ਨੇ ਪਾਕਿਸਤਾਨ ਨਾਲ ਵਾਅਦਾ ਜ਼ਰੂਰ ਕੀਤਾ ਸੀ ਪਰ ਉਸ ਨੇ ਵੀ ਪਾਕਿਸਤਾਨ ਨੂੰ ਇਸ ਲਈ ਉਧਾਰ ਨਹੀਂ ਦਿੱਤਾ ਕਿਉਂਕਿ ਚੀਨ ਨੇ ਸੀ-ਪੈਕ ਪ੍ਰਾਜੈਕਟ ’ਚ 46 ਅਰਬ ਡਾਲਰ ਲਾਏ ਹਨ। ਉਸ ’ਤੇ ਕੰਮ ਅਜੇ ਤੱਕ ਪੂਰਾ ਨਹੀਂ ਹੋਇਆ ਹੈ। ਚੀਨ ਨੂੰ ਜਾਪਦਾ ਹੈ ਕਿ ਉਸ ਦੇ ਪੈਸੇ ਪਾਕਿਸਤਾਨ ’ਚ ਡੁੱਬ ਗਏ ਹਨ। ਓਧਰ ਪਾਕਿਸਤਾਨ ’ਚ ਸਿਆਸੀ ਅਸਥਿਰਤਾ ਦੀ ਹਾਲਤ ਅਜਿਹੀ ਹੈ ਕਿ ਕੋਈ ਵੀ ਕੌਮਾਂਤਰੀ ਵਿੱਤੀ ਸੰਸਥਾਨ ਜਾਂ ਦੇਸ਼ ਆਪਣਾ ਪੈਸਾ ਪਾਕਿਸਤਾਨ ’ਚ ਲਾਉਣਾ ਹੀ ਨਹੀਂ ਚਾਹੁੰਦਾ ਹੈ ਪਰ ਜੇ ਚੀਨ ਦੀ ਮਦਦ ਨਾਲ ਪਾਕਿਸਤਾਨ ਬ੍ਰਿਕਸ ਦੇਸ਼ਾਂ ਦਾ ਮੈਂਬਰ ਬਣ ਗਿਆ ਤਾਂ ਇਸ ਨਾਲ ਬੈਂਕ ’ਚੋਂ ਉਸ ਨੂੰ ਪੈਸਾ ਮਿਲਣਾ ਤੈਅ ਹੈ। ਨਿਊ ਡਿਵੈਲਪਮੈਂਟ ਬੈਂਕ ’ਚ ਸਿਰਫ ਚੀਨ ਦਾ ਪੈਸਾ ਨਹੀਂ ਲੱਗਾ ਹੈ, ਇਸ ’ਚ ਬ੍ਰਿਕਸ਼ ਦੇਸ਼ਾਂ ਦੇ ਸਾਰੇ ਮੈਂਬਰਾਂ ਦਾ ਪੈਸਾ ਲੱਗਾ ਹੈ ਤੇ ਪਾਕਿਸਤਾਨ ਜਦੋਂ ਆਰਥਿਕ ਤੌਰ ’ਤੇ ਸਥਿਰ ਰਹਿੰਦਾ ਹੈ ਉਦੋਂ ਤਾਂ ਉਹ ਭਾਰਤ ’ਚ ਅੱਤਵਾਦੀ ਸਰਗਰਮੀਆਂ ਨੂੰ ਤੇਜ਼ ਕਰ ਦਿੰਦਾ ਹੈ। ਚੀਨ ਦਾ ਇਰਾਦਾ ਵੀ ਇਹੀ ਦਿਖਾਈ ਦਿੰਦਾ ਹੈ ਕਿ ਉਹ ਪਾਕਿਸਤਾਨ ਨੂੰ ਬ੍ਰਿਕਸ ਦੇਸ਼ਾਂ ’ਚ ਲਿਆ ਕੇ ਭਾਰਤ ਨੂੰ ਅਸਥਿਰ ਕਰਨਾ ਚਾਹੁੰਦਾ ਹੈ। ਬ੍ਰਿਕਸ ਦੇਸ਼ ਆਉਣ ਵਾਲੇ ਕੁਝ ਸਾਲਾਂ ’ਚ ਆਪਣੀ ਮੁਦਰਾ ਵੀ ਬਣਾਉਣਾ ਚਾਹੁੰਦੇ ਹਨ, ਅਜਿਹੇ ’ਚ ਜੇ ਪਾਕਿਸਤਾਨ ਬ੍ਰਿਕਸ ਦੇਸ਼ਾਂ ਦਾ ਮੈਂਬਰ ਬਣ ਜਾਂਦਾ ਹੈ ਤਾਂ ਉਸ ਨੂੰ ਬ੍ਰਿਕਸ ਮੁਦਰਾ ਦਾ ਵੀ ਲਾਭ ਮਿਲੇਗਾ ਅਤੇ ਇਸ ਦੀ ਮਦਦ ਨਾਲ ਉਹ ਆਪਣੀ ਅਰਥਵਿਵਸਥਾ ਨੂੰ ਫਿਰ ਤੋਂ ਪੱਟੜੀ ’ਤੇ ਲਿਆ ਸਕਦਾ ਹੈ। ਇਸ ਨਾਲ ਪਾਕਿਸਤਾਨ ਕੰਗਾਲ ਹੋਣ ਤੋਂ ਬਚ ਜਾਵੇਗਾ।
ਪੈਸਿਆਂ ਦੇ ਨਾਲ-ਨਾਲ ਪਾਕਿਸਤਾਨ ਨੂੰ ਕੌਮੀ ਪੱਧਰ ’ਤੇ ਮਹੱਤਵ ਵੀ ਮਿਲੇਗਾ। ਜਦੋਂ ਵੀ ਬ੍ਰਿਕਸ ਦੇਸ਼ਾਂ ’ਚ ਕੋਈ ਅਹਿਮ ਫੈਸਲਾ ਲਿਆ ਜਾਵੇਗਾ ਤਾਂ ਪਾਕਿਸਤਾਨ ਦੀ ਗੱਲ ਨੂੰ ਵੀ ਸੁਣਿਆ ਜਾਵੇਗਾ, ਜੋ ਹਮੇਸ਼ਾ ਭਰਤ ਦੇ ਵਿਰੁੱਧ ਬੋਲਦਾ ਹੈ। ਓਧਰ ਚੀਨ ਚਾਹੁੰਦਾ ਹੈ ਕਿ ਇਸ ਸੰਗਠਨ ’ਚ ਭਾਰਤ ਦੇ ਵਧਦੇ ਕਦਮਾਂ ਨੂੰ ਰੋਕਣ ਲਈ ਪਾਕਿਸਤਾਨ ਨੂੰ ਇਸ ਸੰਗਠਨ ਦਾ ਹਿੱਸਾ ਬਣਾਇਆ ਜਾਵੇ ਪਰ ਪਾਕਿਸਤਾਨ ਦੇ ਬ੍ਰਿਕਸ ਦੇਸ਼ਾਂ ਦਾ ਮੈਂਬਰ ਬਣਨ ਦੀ ਰਾਹ ’ਚ ਇਕ ਸਭ ਤੋਂ ਵੱਡਾ ਰੋੜਾ ਅਟਕ ਰਿਹਾ ਹੈ, ਉਹ ਹੈ ਭਾਰਤ ਦੀ ਰਜ਼ਾਮੰਦੀ।
ਬ੍ਰਿਕਸ ਸੰਗਠਨ ਦਾ ਮੈਂਬਰ ਬਣਨ ਲਈ ਪਾਕਿਸਤਾਨ ਨੂੰ ਭਾਰਤ ਦੀ ਰਜ਼ਾਮੰਦੀ ਦੀ ਲੋੜ ਪਵੇਗੀ ਕਿਉਂਕਿ ਭਾਰਤ ਬ੍ਰਿਕਸ ਸੰਗਠਨ ਦੇ ਸ਼ੁਰੂਆਤੀ ਸਾਲਾਂ ਤੋਂ ਹੀ ਇਸ ਦਾ ਮੂਲ ਥੰਮ੍ਹ ਮੈਂਬਰ ਰਿਹਾ ਹੈ। ਚੀਨ ਵੀ ਭਾਰਤ ’ਤੇ ਇਸ ਗੱਲ ਦਾ ਦਬਾਅ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰੇਗਾ ਕਿ ਭਾਰਤ ਪਾਕਿਸਤਾਨ ਨੂੰ ਬ੍ਰਿਕਸ ਮੈਂਬਰ ਬਣਾਉਣ ਲਈ ਮੰਨ ਜਾਵੇ ਪਰ ਸਵਾਲ ਇਹ ਉੱਠਦਾ ਹੈ ਕਿ ਇਕ ਅਜਿਹੇ ਦੇਸ਼ ਨੂੰ ਬ੍ਰਿਕਸ ਦਾ ਮੈਂਬਰ ਕਿਉਂ ਬਣਾਇਆ ਜਾਵੇ ਜਿਸ ਦਾ ਯੋਗਦਾਨ ਕੁਝ ਵੀ ਨਾ ਹੋਵੇ ਸਗੋਂ ਉਹ ਦੇਸ਼ ਸੰਗਠਨ ਦੇ ਬਾਕੀ ਮੈਂਬਰ ਦੇਸ਼ਾਂ ’ਤੇ ਇਕ ਬੋਝ ਬਣ ਕੇ ਰਹੇਗਾ ਅਤੇ ਬ੍ਰਿਕਸ ਦੇਸ਼ਾਂ ’ਚ ਜੋ ਪੈਸੇ ਦੂਜੇ ਵਿਕਾਸਸ਼ੀਲ ਦੇਸ਼ਾਂ ਲਈ ਰੱਖੇ ਹਨ, ਉਨ੍ਹਾਂ ਪੈਸਿਆਂ ਦਾ ਵੱਡਾ ਹਿੱਸਾ ਪਾਕਿਸਤਾਨ ਖਾ ਜਾਵੇਗਾ ਪਰ ਦੂਜੇ ਪਾਸੇ ਈਰਾਨ ਨੂੰ ਬ੍ਰਿਕਸ ਦਾ ਮੈਂਬਰ ਬਣਾਇਆ ਜਾ ਸਕਦਾ ਹੈ। ਈਰਾਨ ਨੇ ਵੀ ਬ੍ਰਿਕਸ ਸੰਗਠਨ ਦਾ ਮੈਂਬਰ ਬਣਨ ਦੀ ਇੱਛਾ ਜਤਾਈ ਸੀ ਅਤੇ ਉਸ ਦੇ ਰਿਸ਼ਤੇ ਰੂਸ, ਭਾਰਤ ਅਤੇ ਚੀਨ ਨਾਲ ਬਿਹਤਰ ਹਨ ਅਤੇ ਇਨ੍ਹਾਂ ਤਿੰਨਾਂ ਦੇਸ਼ਾਂ ਲਈ ਈਰਾਨ ਨੂੰ ਨਾਲ ਜੋੜਣ ’ਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ ਪਰ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਬ੍ਰਿਕਸ ਦੇਸ਼ਾਂ ’ਚ ਕਿਸੇ ਨਵੇਂ ਦੇਸ਼ਾਂ ਨੂੰ ਮੈਂਬਰੀ ਦਿੱਤੀ ਜਾਂਦੀ ਹੈ ਜਾਂ ਫਿਰ ਇਸ ’ਚ 5 ਦੇਸ਼ ਹੀ ਬਣੇ ਰਹਿੰਦੇ ਹਨ।
