ਆਪਣੇ ਅੰਤਿਮ ਪੜਾਅ ’ਚ ਹੈ ਚੀਨ ਦਾ ਕਮਿਊਨਿਸਟ ਮਾਡਲ
Tuesday, Sep 12, 2023 - 06:18 PM (IST)
ਕੀ ਚੀਨ ਦਾ ਜਾਦੂ ਹੁਣ ਖੋਖਲਾ ਸਾਬਤ ਹੋ ਰਿਹਾ ਹੈ? ਇਹ ਉਹ ਚੀਨ ਹੈ ਜਿਸ ਨੇ ਆਪਣੀ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਸਥਿਰਤਾ, ਆਰਥਿਕ ਚੜ੍ਹਤ ਅਤੇ ਤਰੱਕੀ ਦੇਵੇਗਾ, ਇਸ ਦੇ ਬਦਲੇ ’ਚ ਜਨਤਾ ਨੂੰ ਸਰਕਾਰ ਦੀ ਹਰ ਗੱਲ ਮੰਨਣੀ ਪਵੇਗੀ, ਅੰਦੋਲਨ, ਵਿਰੋਧ ਪ੍ਰਦਰਸ਼ਨ ਅਤੇ ਸਰਕਾਰ ਦੇ ਖਿਲਾਫ ਲੋਕਾਂ ’ਚ ਬਗਾਵਤ ਦੀ ਭਾਵਨਾ ਨਾ ਫੈਲਾਉਣ ਦੇ ਬਦਲੇ। ਪਰ ਹਾਲ ਹੀ ਦੇ ਸਾਲਾਂ ’ਚ ਚੀਨ ’ਚ ਜੋ ਉਤਾਰ-ਚੜ੍ਹਾਅ ਹੋ ਰਹੇ ਹਨ, ਉਸ ਦੇ ਆਧਾਰ ’ਤੇ ਇਹ ਕਿਹਾ ਜਾ ਸਕਦਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਤਾਨਾਸ਼ਾਹ ਸ਼ਾਸਨ ਆਪਣੀ ਸਰਦਾਰੀ ਗੁਆਉਣ ਲੱਗਾ।
ਚੀਨ ਦੇ ਕਈ ਸੂਬਿਆਂ ’ਚ ਵਿਰੋਧ ਪ੍ਰਦਰਸ਼ਨਾਂ ਦਾ ਦੌਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਇਹ ਵਿਰੋਧ ਪ੍ਰਦਰਸ਼ਨ ਹਿੰਸਾ ’ਚ ਬਦਲਦਾ ਜਾ ਰਿਹਾ ਹੈ, ਆਏ ਦਿਨ ਪ੍ਰਦਰਸ਼ਨਕਾਰੀਆਂ ਦੀ ਝੜਪ ਪੁਲਿਸ ਨਾਲ ਹੋ ਰਹੀ ਹੈ। ਸੋਸ਼ਲ ਮੀਡੀਆ ਦੇ ਦੌਰ ’ਚ ਇਨ੍ਹਾਂ ਘਟਨਾਵਾਂ ’ਤੇ ਚੀਨੀ ਪ੍ਰਸ਼ਾਸਨ ਨਾ ਤਾਂ ਲਗਾਮ ਲਾ ਰਿਹਾ ਅਤੇ ਨਾ ਹੀ ਇਨ੍ਹਾਂ ਨੂੰ ਦੁਨੀਆ ਦੇ ਸਾਹਮਣੇ ਆਉਣ ਤੋਂ ਰੋਕਣ ’ਚ ਸਫਲ ਹੈ।
ਇਸ ਸਮੇਂ ਪੂਰੇ ਚੀਨ ’ਚ ਇਹ ਪ੍ਰਦਰਸ਼ਨ ਅਤੇ ਪੁਲਿਸ ਨਾਲ ਝੜਪ ਇੰਨੀ ਜ਼ਿਆਦਾ ਵਧ ਗਈ ਹੈ ਕਿ ਇਨ੍ਹਾਂ ਪ੍ਰਦਰਸ਼ਨਾਂ ਨੂੰ ਰੋਕਣ ਲਈ ਦੰਗਾ ਵਿਰੋਧੀ ਪੁਲਿਸ ਨੂੰ ਅੱਗੇ ਆਉਣਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀ ਇਸ ਦਾ ਹੋਰ ਜ਼ਿਆਦਾ ਹਿੰਸਕ ਵਿਰੋਧ ਕਰ ਰਹੇ ਹਨ, ਚੀਨ ਪ੍ਰਸ਼ਾਸਨ ਇਸ ਨੂੰ ਕੁਚਲਣ ਲਈ ਹੋਰ ਜ਼ਿਆਦਾ ਤਾਕਤ ਦੀ ਵਰਤੋਂ ਕਰ ਰਿਹਾ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।
ਲੰਬੇ ਸਮੇਂ ਤੋਂ ਚੀਨੀ ਪ੍ਰਸ਼ਾਸਨ ਨੇ ਦੇਸ਼ ਅੰਦਰ ਕਿਸੇ ਵੀ ਵਿਰੋਧ ਨੂੰ ਸਿਰਫ ਕੁਚਲਣ ਦੀ ਨੀਤੀ ਅਪਣਾਈ ਹੈ ਜੋ ਹੁਣ ਚੀਨ ਲਈ ਘਾਤਕ ਸਾਬਤ ਹੋਣ ਲੱਗੀ ਹੈ ਕਿਉਂਕਿ ਇਹ ਵਿਰੋਧ ਹਿੰਸਾ ਦੇ ਬਾਵਜੂਦ ਰੁਕਣ ਦਾ ਨਾਂ ਨਹੀਂ ਲੈ ਰਹੇ।
ਹਾਲ ਹੀ ’ਚ ਚੀਨ ਦੇ ਅਰਧ ਸਵੈ-ਸ਼ਾਸਤ ਸੂਬੇ ਅੰਦਰੂਨੀ ਮੰਗੋਲੀਆ ’ਚ ਵੀ ਵਿਰੋਧ ਪ੍ਰਦਰਸ਼ਨ ਹੋਏ ਸਨ। ਸ਼ਿਨਚਿਆਂਗ ਵਾਂਗ ਅੰਦਰੂਨੀ ਮੰਗੋਲੀਆ ਵੀ ਇਕ ਦੂਰ-ਦੁਰੇਡੇ ਦਾ ਇਲਾਕਾ ਹੈ ਜਿਸਦੀ ਨਾ ਤਾਂ ਖਬਰ ਜ਼ਿਆਦਾ ਫੈਲਦੀ ਹੈ ਅਤੇ ਨਾ ਹੀ ਉਸ ਬਾਰੇ ਕੋਈ ਖਬਰ ਚੀਨ ਤੋਂ ਬਾਹਰ ਨਿੱਕਲ ਕੇ ਪੱਛਮੀ ਦੇਸ਼ਾਂ ਤੱਕ ਜਾਂਦੀ ਹੈ, ਸਿਰਫ ਚੰਦ ਤਸਵੀਰਾਂ ਅਤੇ ਵੀਡਿਓ ਬਾਹਰੀ ਦੁਨੀਆ ਤੱਕ ਪਹੁੰਚਦੇ ਹਨ ਜਿਨ੍ਹਾਂ ’ਤੇ ਪੱਛਮ ਦੇ ਲੋਕ ਬਹੁਤਾ ਧਿਆਨ ਨਹੀਂ ਦਿੰਦੇ। ਨਾ ਹੀ ਵਿਦੇਸ਼ਾਂ ’ਚ ਰਹਿਣ ਵਾਲੇ ਚੀਨੀ ਭਾਈਚਾਰੇ ’ਚ ਇਨ੍ਹਾਂ ਵਿਸ਼ਿਆਂ ’ਤੇ ਚਰਚਾ ਹੁੰਦੀ ਹੈ।
ਅੰਦਰੂਨੀ ਮੰਗੋਲੀਆ ਦੀ ਸਮੱਸਿਆਵਾਂ ’ਤੇ ਇਸ ਲਈ ਵੀ ਜ਼ਿਆਦਾ ਗੱਲਾਂ ਨਹੀਂ ਹੁੰਦੀਆਂ ਹਨ ਕਿਉਂਕਿ ਇਹ ਲੋਕ ਹਾਨ ਜਾਤੀ ਦੇ ਨਹੀਂ ਹਨ ਅਤੇ ਚੀਨ ਦੇ ਲਈ ਆਰਥਿਕ ਤੌਰ ’ਤੇ ਵੀ ਮਹੱਤਵਪੂਰਨ ਨਹੀਂ ਹਨ। ਅੰਦਰੂਨੀ ਮੰਗੋਲੀਆ ਦੇ ਲੋਕ ਸਮਾਜਿਕ ਅਤੇ ਆਰਥਿਕ ਤੌਰ ’ਤੇ ਬਹੁਗਿਣਤੀ ਹਾਨ ਜਾਤੀ ਦੇ ਲੋਕਾਂ ਨਾਲ ਕੱਟੇ ਹੋਏ ਹਨ। ਇਸ ਲਈ ਇਨ੍ਹਾਂ ਦੀਆਂ ਸਮੱਸਿਆਵਾਂ ’ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਜਾਂਦਾ ਜਦ ਤੱਕ ਕਿ ਵੱਡੇ ਪੈਮਾਨੇ ’ਤੇ ਉੱਥੇ ਕੋਈ ਘਟਨਾ ਨਾ ਵਾਪਰੇ।
ਪਿਛਲੇ ਹਫਤੇ ਕਵਾਂਗਤੁੰਗ ਸੂਬੇ ’ਚ ਦੰਗੇ ਭੜਕੇ ਸਨ, ਇਹ ਚੀਨ ਦਾ ਸਭ ਤੋਂ ਆਬਾਦੀ ਵਾਲਾ ਸੂਬਾ ਹੈ ਅਤੇ ਇਹ ਸੂਬਾ ਚੀਨ ਦਾ ਉਦਯੋਗਿਕ ਥੰਮ੍ਹ ਹੈ। ਚੀਨ ਲਈ ਕਵਾਂਗਤੁੰਗ ਸੂਬਾ ਬਹੁਤ ਅਹਿਮ ਹੈ ਕਿਉਂਕਿ ਇੱਥੇ ਬਹੁਗਿਣਤੀ ਹਾਨ ਜਾਤੀ ਦੇ ਲੋਕ ਰਹਿੰਦੇ ਹਨ ਅਤੇ ਇਹ ਚੀਨ ਦਾ ਆਰਥਿਕ ਆਧਾਰ ਹੈ। ਸੀ.ਐੱਨ.ਐੱਨ. ਦੀ ਇਕ ਰਿਪੋਰਟਰ ਐਨਰੀਕ ਯੂਨ ਅਨੁਸਾਰ ਇਸ ਵਾਰ ਦੰਗਿਆਂ ’ਚ ਪ੍ਰਦਰਸ਼ਨਕਾਰੀਆਂ ਨੇ ਜੰਮ ਕੇ ਪੁਲਿਸ ’ਤੇ ਪੱਥਰ ਵਰ੍ਹਾਏ, ਸੜਕ ਕੰਢੇ ਖੜ੍ਹੀਆਂ ਕਾਰਾਂ ਨੂੰ ਅੱਗ ਲਾ ਦਿੱਤੀ, ਦੁਕਾਨਾਂ ਨੂੰ ਲੁੱਟਿਆ ਅਤੇ ਪੁਲਿਸ ਦੇ ਆਉਣ ਪਿੱਛੋਂ ਸਖਤ ਝੜਪ ਹੋਈ। ਜਦ ਰਿਪੋਰਟਰ ਘਟਨਾ ਵਾਲੀ ਥਾਂ ’ਤੇ ਪਹੁੰਚੀ ਤਾਂ ਉਸ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਜਦ ਪ੍ਰਦਰਸ਼ਨਕਾਰੀ ਕੈਮਰੇ ਤੋਂ ਡਰੇ ਬਿਨਾਂ ਅਤੇ ਵਿਦੇਸ਼ੀ ਚੈਨਲ ਤੋਂ ਘਬਰਾਉਣ ਦੀ ਥਾਂ ਖੁੱਲ੍ਹ ਕੇ ਆਪਣੀ ਗੱਲ ਰੱਖ ਰਹੇ ਸਨ, ਉਹ ਤਦ ਤੱਕ ਆਪਣੀ ਗੱਲ ਰਿਪੋਰਟਰ ਸਾਹਮਣੇ ਰੱਖਦੇ ਰਹੇ ਜਦ ਤੱਕ ਪੁਲਿਸ ਨੇ ਆ ਕੇ ਉੱਥੋਂ ਖਦੇੜਿਆ ਨਹੀਂ।
ਕਵਾਂਗਤੁੰਗ ਦੀ ਘਟਨਾ ’ਤੇ ਇਕ ਹੋਰ ਵਿਦੇਸ਼ੀ ਅਖਬਾਰ ਨੇ ਲਿਖਿਆ ਕਿ ਇਹ ਵਿਰੋਧ ਪ੍ਰਦਰਸ਼ਨ ਲੋਕਾਂ ਵੱਲੋਂ ਨੌਕਰੀ ਦੀ ਮੰਗ ਜਾਂ ਆਰਥਿਕ ਤੰਗੀ ਨੂੰ ਲੈ ਕੇ ਨਹੀਂ ਸੀ ਸਗੋਂ ਨਿਆਂ ਅਤੇ ਸਿਆਸੀ ਹਿੱਸੇਦਾਰੀ ਨੂੰ ਲੈ ਕੇ ਸੀ। ਚੀਨ ’ਚ ਲੋਕ ਹੁਣ ਇਹ ਮੰਗ ਕਰਨ ਲੱਗੇ ਹਨ ਕਿ ਉਹ ਸਿਰਫ ਜਨਤਾ ਬਣ ਕੇ ਨਹੀਂ ਰਹਿਣਾ ਚਾਹੁੰਦੇ ਉਹ ਸਿਆਸਤ ’ਚ ਆਪਣੀ ਹਿੱਸੇਦਾਰੀ ਚਾਹੁੰਦੇ ਹਨ ਅਤੇ ਉਹ ਨਿਆਂ ਚਾਹੁੰਦੇ ਹਨ, ਕਮਿਊਨਿਸਟਾਂ ਦਾ ਥੋਪਿਆ ਹੋਇਆ ਸ਼ਾਸਨ ਨਹੀਂ ਚਾਹੁੰਦੇ।