ਅੱਜ ਭਾਰਤ ਬੰਦ! ਜਾਣੋ ਕੀ ਕੁਝ ਖੁੱਲ੍ਹਿਆ ਤੇ ਕੀ ਰਹੇਗਾ ਬੰਦ, ਸਕੂਲਾਂ ''ਚ ਛੁੱਟੀ ਹੈ ਜਾਂ ਨਹੀਂ? ਪੜ੍ਹੋ ਪੂਰੀ ਅਪਡੇਟ
Wednesday, Jul 09, 2025 - 08:26 AM (IST)

ਨੈਸ਼ਨਲ ਡੈਸਕ: ਜੇਕਰ ਤੁਸੀਂ ਅੱਜ ਬੈਂਕ, ਡਾਕਘਰ, ਬੀਮਾ ਜਾਂ ਕਿਸੇ ਹੋਰ ਕੰਮ ਲਈ ਘਰੋਂ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਸਾਵਧਾਨ ਹੋ ਜਾਵੋ। ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਤੁਹਾਨੂੰ ਇਹ ਖ਼ਬਰ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ। ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਵਿਰੁੱਧ ਦੇਸ਼ ਭਰ ਦੇ 25 ਕਰੋੜ ਤੋਂ ਵੱਧ ਕਰਮਚਾਰੀ ਤੇ ਮਜ਼ਦੂਰ ਅੱਜ ਯਾਨੀ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਕਰ ਰਹੇ ਹਨ। ਉੱਥੇ ਹੀ ਪੰਜਾਬ ਵਿਚ ਵੀ ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਦੂਜੇ ਪਾਸੇ ਵਿਰੋਧੀ ਮਹਾਂਗਠਜੋੜ ਨੇ ਬਿਹਾਰ ਵਿਚ ਚੱਕਾ ਜਾਮ ਦਾ ਸੱਦਾ ਦਿੱਤਾ ਹੈ। 25 ਕਰੋੜ ਤੋਂ ਵੱਧ ਕਰਮਚਾਰੀ ਅਤੇ ਪੇਂਡੂ ਮਜ਼ਦੂਰ ਸੜਕਾਂ 'ਤੇ ਉਤਰਨ ਦੀ ਉਮੀਦ ਹੈ। ਇਸ ਦੇ ਨਾਲ ਹੀ ਐੱਨ.ਡੀ.ਐੱਮ.ਸੀ. ਅਤੇ ਸਟੀਲ ਸੈਕਟਰ ਦੀਆਂ ਕਈ ਜਨਤਕ ਕੰਪਨੀਆਂ ਦੇ ਕਰਮਚਾਰੀਆਂ ਨੇ ਹੜਤਾਲ ਵਿਚ ਹਿੱਸਾ ਲੈਣ ਦਾ ਐਲਾਨ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ! ਹੋ ਗਿਆ ਨਵਾਂ ਐਲਾਨ
ਪੰਜਾਬ 'ਚ ਬੱਸਾਂ ਦਾ ਚੱਕਾ ਜਾਮ
ਪਨਬੱਸ-ਪੀ. ਆਰ. ਟੀ. ਸੀ. ਠੇਕਾ ਕਰਮਚਾਰੀ ਯੂਨੀਅਨ ਨੇ ਹੜਤਾਲ ਕਰਦੇ ਹੋਏ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਨਾਲ ਬੱਸ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਦੀ ਹੜਤਾਲ ਮੰਗਲਵਾਰ ਰਾਤ 12 ਵਜੇ ਸ਼ੁਰੂ ਹੋਈ, ਜੋ ਕਿ 11 ਜੁਲਾਈ ਤਕ ਜਾਰੀ ਰਹੇਗੀ। ਹੜਤਾਲ ਕਾਰਨ ਪਨਬੱਸ-ਪੀ.ਆਰ. ਟੀ. ਸੀ. ਨਾਲ ਸਬੰਧਤ 3000 ਤੋਂ ਵੱਧ ਬੱਸਾਂ ਦਾ ਚੱਕਾ ਜਾਮ ਹੋ ਗਿਆ। ਉਥੇ ਹੀ, ਵਿਭਾਗ ਦੇ ਪੱਕੇ ਡਰਾਈਵਰਾਂ ਵੱਲੋਂ ਬੱਸਾਂ ਚਲਾਈਆਂ ਜਾਣਗੀਆਂ, ਜਿਸ ਕਾਰਨ ਹਰੇਕ ਡਿਪੂ ਤੋਂ ਕੁਝ ਇਕ ਬੱਸਾਂ ਚੱਲਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ।
ਭਾਰਤ ਬੰਦ ਦੌਰਾਨ ਕੀ ਸਕੂਲ-ਕਾਲਜ ਖੁੱਲ੍ਹੇ ਰਹਿਣਗੇ
9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਦੌਰਾਨ ਵਿਦਿਅਕ ਸੰਸਥਾਵਾਂ ਅਤੇ ਨਿੱਜੀ ਦਫ਼ਤਰ ਆਮ ਦਿਨਾਂ ਦੇ ਵਾਂਗ ਖੁੱਲ੍ਹੇ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ਦੇ ਬੰਦ ਹੋਣ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ, ਦੇਸ਼ ਦੇ ਕਈ ਹਿੱਸਿਆਂ ਵਿਚ ਆਵਾਜਾਈ ਸੇਵਾਵਾਂ ਵਿਚ ਅੜਿੱਕਾ ਪੈ ਸਕਦਾ ਹੈ। ਵਿਰੋਧ ਮਾਰਚ ਅਤੇ ਸੜਕੀ ਰੁਕਾਵਟਾਂ ਬੱਸ, ਟੈਕਸੀ ਅਤੇ ਕੈਬ ਸੇਵਾਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਜਿਸ ਨਾਲ ਆਮ ਆਵਾਜਾਈ ਵਿਚ ਅੜਿੱਕਾ ਪੈ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - Punjab: ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! ਜ਼ਬਤ ਹੋਣਗੇ ਇਹ ਵਾਹਨ
ਕੀ ਕੁਝ ਰਹੇਗਾ ਬੰਦ
25 ਕਰੋੜ ਤੋਂ ਵੱਧ ਕਰਮਚਾਰੀ ਤੇ ਮਜ਼ਦੂਰਾਂ ਵਲੋਂ ਕੀਤੀ ਜਾ ਰਹੀ ਹੜਤਾਲ ਅਤੇ ਵਿਰੋਧ ਪ੍ਰਦਰਸ਼ਨ ਦੌਰਾਨ ਕਈ ਮਹੱਤਵਪੂਰਨ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਦੌਰਾਨ ਬੈਂਕਿੰਗ, ਬੀਮਾ ਸੇਵਾਵਾਂ, ਡਾਕ ਸੇਵਾਵਾਂ, ਕੋਲਾ ਖਣਨ, ਆਵਾਜਾਈ, ਨਿਰਮਾਣ ਅਤੇ ਫੈਕਟਰੀ ਸੈਕਟਰ ਪ੍ਰਭਾਵਿਤ ਰਹਿਣਗੇ। ਇਸ ਕਾਰਨ ਕਰੋੜਾਂ ਰੁਪਏ ਦੇ ਆਰਥਿਕ ਨੁਕਸਾਨ ਦਾ ਖਦਸ਼ਾ ਹੈ। ਇਸ ਤੋਂ ਇਲਾਵਾ ਸਰਕਾਰੀ ਆਵਾਜਾਈ ਵੀ ਪ੍ਰਭਾਵਿਤ ਹੋਵੇਗੀ।
ਕੀ ਕੁਝ ਰਹੇਗਾ ਖੁੱਲ੍ਹਾ
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਸਕੂਲ, ਕਾਲਜ, ਸਰਕਾਰੀ ਦਫ਼ਤਰ ਸਾਰੇ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ। ਇਸ ਦੇ ਨਾਲ ਹੀ ਬੱਸਾਂ, ਰੇਲਵੇ, ਹਵਾਈ ਅੱਡੇ, ਬਾਜ਼ਾਰ, ਹਸਪਤਾਲ ਵਰਗੀਆਂ ਜ਼ਰੂਰੀ ਸੇਵਾਵਾਂ ਜਾਰੀ ਰਹਿਣਗੀਆਂ। ਨਿੱਜੀ ਦਫ਼ਤਰ, ਮਾਲ, ਬਾਜ਼ਾਰ ਵੀ ਆਦਿ ਸਭ ਖੁੱਲ੍ਹੇ ਰਹਿਣਗੇ। ਸ਼ੇਅਰ ਬਾਜ਼ਾਰ ਖੁੱਲ੍ਹਾ ਰਹੇਗਾ, ਇਸ ਦੇ ਨਾਲ ਹੀ ਸਰਾਫਾ ਬਾਜ਼ਾਰ ਵੀ ਖੁੱਲ੍ਹਾ ਰਹੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8