ਚੀਨ ਨਾਲ ਫੌਜੀ ਹੀ ਨਹੀਂ ਬੌਧਿਕ ਪੱਧਰ ’ਤੇ ਵੀ ਨਜਿੱਠਣਾ ਹੋਵੇਗਾ

08/12/2023 12:08:04 PM

ਪਿਛਲੇ ਦਿਨੀਂ ਨਿਊਯਾਰਕ ਟਾਈਮਜ਼ ’ਚ ਛਪੀ ਇਕ ਰਿਪੋਰਟ ਨੇ ਫਿਰ ਤੋਂ ਦੱਸ ਦਿੱਤਾ ਕਿ ਚੀਨੀ ਸਰਕਾਰ ਕਿਸ ਤਰ੍ਹਾਂ ਭਾਰਤੀ ਮੀਡੀਆ ’ਚ ਆਪਣਾ ਝੂਠਾ ਪ੍ਰਚਾਰ ਕਰਨ ’ਚ ਪੈਸਾ ਖਰਚ ਕਰਦੀ ਹੈ। ਹੁਣ ਤਾਂ ਸਿਰਫ ‘ਨਿਊਜ਼ ਕਲਿਕ’ ਦਾ ਨਾਂ ਆਇਆ ਹੈ, ਅਸਲੀਅਤ ’ਚ ਅਜਿਹੇ ਕਈ ਮੀਡੀਆ ਅਤੇ ਪ੍ਰਕਾਸ਼ਨ ਸੰਸਥਾਨ ਚੀਨੀ ਪੈਸੇ ਨਾਲ ਫਲ-ਫੁੱਲ ਰਹੇ ਹਨ।

ਨਿਊਯਾਰਕ ਟਾਈਮਜ਼ ਦੀ ਰਿਪੋਰਟ ’ਚ ਕਿਹਾ ਗਿਆ, ‘‘ਸ਼ੀ ਜਿਨਪਿੰਗ ਦੇ ਸ਼ਾਸਨਕਾਲ ’ਚ ਮੀਡੀਆ ਦੇ ਵਿਸਤਾਰ ਤੇ ਵਿਦੇਸ਼ੀ ਪ੍ਰਭਾਵਸ਼ਾਲੀ ਮੀਡੀਆ ’ਤੇ ਧਿਆਨ ਦਿੱਤਾ ਗਿਆ। ਇਸ ਦਾ ਮਕਸਦ ਆਜ਼ਾਦ ਕੰਟੈਂਟ ਦੇ ਨਾਂ ’ਤੇ ਚੀਨੀ ਪ੍ਰਾਪੇਗੰਡਾ ਨੂੰ ਲੁਕਾਉਣਾ ਹੈ। ਇਸ ਦਾ ਅਸਰ ਪੈਂਦਾ ਦੇਖਿਆ ਗਿਆ ਹੈ। ਕੱਟੜ ਖੱਬੇਪੱਖੀ ਸਮੂਹ ਚੀਨੀ ਪ੍ਰਾਪੇਗੰਡਾ ਨੂੰ ਅੱਗੇ ਵਧਾਉਂਦੇ ਹਨ ਅਤੇ ਇਸ ਦੇ ਬਦਲੇ ’ਚ ਚੀਨੀ ਸੰਸਥਾ ਆਰਥਿਕ ਸਹਾਇਤਾ ਕਰਦੀ ਹੈ।

ਇਹ ਜਾਣ ਲਓ ਕਿ ਚੀਨੀ ਕਮਿਊਨਿਸਟ ਪਾਰਟੀ (ਸੀ. ਸੀ. ਪੀ.) ਹੀ ਉੱਥੋਂ ਦੀ ਫੌਜ ਭਾਵ ਪੀਪਲਜ਼ ਲਿਬ੍ਰੇਸ਼ਨ ਆਰਮੀ (ਪੀ. ਐੱਲ. ਓ.) ਨੂੰ ਕੰਟ੍ਰੋਲ ਕਰਦੀ ਹੈ। ਉੱਥੇ ਕਮਿਊਨਿਸਟ ਪਾਰਟੀ ਸਿਰਫ ਹਥਿਆਰ ਜਾਂ ਤਕਨੀਕ ਨਾਲ ਫੌਜ ਨੂੰ ਤਾਕਤ ਦੇਣ ਦਾ ਕੰਮ ਹੀ ਨਹੀਂ, ਸਗੋਂ ਅਜਿਹੇ ਕਈ ਮੋਰਚਿਆਂ ’ਤੇ ਨਿਵੇਸ਼ ਅਤੇ ਨਿਯੋਜਨ ਕਰਦੀ ਹੈ ਜਿਸ ਨਾਲ ਉਨ੍ਹਾਂ ਦੀ ਫੌਜ ਨੂੰ ਬਗੈਰ ਲੜੇ ਹੀ ਕਈ ਥਾਂ ‘ਜਿੱਤ’ ਮਿਲ ਜਾਂਦੀ ਹੈ।

ਇਸ ਲਈ ਉਸ ਨੇ ਸੂਚਨਾ ਤੰਤਰ, ਜਾਣਕਾਰੀ ਇਕੱਠੀ ਕਰਨ ਤੇ ਉਸ ਨੂੰ ਆਪਣੀ ਸਹੂਲਤ ਦੇ ਹਿਸਾਬ ਨਾਲ ਦੁਨੀਆ ਨੂੰ ਦੇਣ ਦਾ ਕੰਮ ਵੀ ਕੀਤਾ ਹੈ, ਇਸ ’ਚ ਤਕਨੀਕ ਸ਼ਾਮਲ ਹੈ ਤੇ ਜਾਣਕਾਰੀ ਦੇਣ ਦਾ ਤਰੀਕਾ ਵੀ। ਦੂਜੇ ਸ਼ਬਦਾਂ ’ਚ, ਧਾਰਨਾਵਾਂ ਦੀ ਲੜਾਈ ਦਾ ਪ੍ਰਬੰਧਨ-ਸ਼ਾਂਤੀਕਾਲ ’ਚ ਵੀ ਚੀਨੀ ਆਪਣੀ ਤਾਕਤ ਨੂੰ ਲੈ ਕੇ ਦੁਨੀਆ ’ਚ ਵਹਿਮ, ਸ਼ੱਕ, ਚਿੰਤਾ, ਡਰ, ਅੱਤਵਾਦ ਦੇ ਭਾਵ ਨੂੰ ਪ੍ਰਚਾਰਿਤ-ਪ੍ਰਸਾਰਿਤ ਕਰਨ ਲਈ ਕਈ-ਕਈ ਥਾਂ ਕੰਮ ਕਰਦੇ ਰਹਿੰਦੇ ਹਨ।

ਨੈਸ਼ਨਲ ਡਿਫੈਂਸ ਯੂਨੀਵਰਸਿਟੀ, ਗੁਓਯਾਨ ਹੂਆ ਦੇ ਇਕ ਚੀਨੀ ਪ੍ਰੋਫੈਸਰ ਨੇ ‘ਸਾਈਕੋਲਾਜੀਕਲ ਵਾਰਫੇਅਰ ਨਾਲੇਜ’ ਨਾਂ ਦੀ ਆਪਣੀ ਕਿਤਾਬ ’ਚ ਲਿਖਿਆ ਹੈ, ‘‘ਜਦ ਕੋਈ ਦੁਸ਼ਮਣ ਨੂੰ ਹਰਾ ਦਿੰਦਾ ਹੈ ਤਾਂ ਇਹ ਸਿਰਫ ਦੁਸ਼ਮਣ ਨੂੰ ਮਾਰਨਾ ਜਾਂ ਜ਼ਮੀਨ ਦੇ ਇਕ ਟੁਕੜੇ ਨੂੰ ਜਿੱਤਣਾ ਨਹੀਂ ਹੁੰਦਾ ਸਗੋਂ ਮੁੱਖ ਤੌਰ ’ਤੇ ਦੁਸ਼ਮਣ ਦੇ ਦਿਲ ’ਚ ਹਾਰ ਦਾ ਅਹਿਸਾਸ ਸਥਾਪਿਤ ਕਰਨਾ ਹੁੰਦਾ ਹੈ।’’ ਜੰਗ ਦੇ ਮੈਦਾਨ ਦੇ ਬਾਹਰ ਵਿਰੋਧੀ ਦੇ ਮਨੋਬਲ ਨੂੰ ਘੱਟ ਕਰਨਾ ਓਨਾ ਹੀ ਅਹਿਮ ਹੈ ਜਿੰਨਾ ਕਿ ਜੰਗ ਦੇ ਮੈਦਾਨ ’ਚ।

ਜਦ ਤੋਂ ਸ਼ੀ ਜਿਨਪਿੰਗ ਨੇ ਚੀਨ ’ਤੇ ਪੂਰੀ ਤਰ੍ਹਾਂ ਕੰਟ੍ਰੋਲ ਕੀਤਾ ਹੈ, ਤਦ ਤੋਂ ਉਹ ਨਾ ਸਿਰਫ ਆਪਣੇ ਦੇਸ਼ ’ਚ ਸਗੋਂ ਹੋਰ ਦੇਸ਼ਾਂ ’ਚ ਵੀ ਮੀਡੀਆ ਨੂੰ ਕੰਟ੍ਰੋਲ ਕਰਨ ’ਚ ਬਹੁਤ ਕੰਮ ਕਰ ਰਹੇ ਹਨ। ਚੀਨ ਦੇ ਮੀਡੀਆ ਲਈ ਸ਼ੀ ਦਾ ਸਪੱਸ਼ਟ ਹੁਕਮ ਹੈ ਕਿ ਉਸ ਦਾ ਕੰਮ ‘ਦੇਸ਼ ’ਚ ਸਿਆਸੀ ਸਥਿਰਤਾ ਲਈ ਕੰਮ ਕਰਨਾ, ਪਾਰਟੀ ਨਾਲ ਪਿਆਰ ਕਰਨਾ, ਪਾਰਟੀ ਦੀ ਰੱਖਿਆ ਕਰਨਾ ਅਤੇ ਪਾਰਟੀ ਲੀਡਰਸ਼ਿਪ ਨਾਲ ਮਿਲ ਕੇ ਨੀਤੀ ਅਤੇ ਵਿਚਾਰ ਦਾ ਪ੍ਰਸਾਰ ਕਰਨਾ ਹੈ।’

ਇਹ ਸਾਰੇ ਜਾਣਦੇ ਹਨ ਕਿ ਚੀਨ ’ਚ ਅਖਬਾਰ ਤੇ ਟੀ. ਵੀ., ਸੋਸ਼ਲ ਮੀਡੀਆ ਤੋਂ ਲੈ ਕੇ ਸਰਚ ਇੰਜਣ ਤੱਕ ਸਰਕਾਰ ਦੇ ਕੰਟ੍ਰੋਲ ’ਚ ਹੈ। ਉੱਥੋਂ ਦਾ ਪ੍ਰਕਾਸ਼ਨ ਉਦਯੋਗ ਵੀ ਸਰਕਾਰ ਦੇ ਕਬਜ਼ੇ ’ਚ ਹੈ, ਹਰ ਸਾਲ ਜੁਲਾਈ ਦੇ ਅਖੀਰਲੇ ਹਫਤੇ ’ਚ ਲੱਗਣ ਵਾਲਾ ਬੀਜਿੰਗ ਪੁਸਤਕ ਮੇਲਾ ਦੁਨੀਆ ਭਰ ਦੇ ਵੱਡੇ ਪ੍ਰਕਾਸ਼ਕਾਂ ਨੂੰ ਆਕਰਸ਼ਿਤ ਕਰਦਾ ਹੈ।

ਬੀਤੇ 10 ਸਾਲਾਂ ’ਚ ਇਕੱਲੇ ਦਿੱਲੀ ’ਚ ਚੀਨ ਤੋਂ ਪ੍ਰਾਪਤ ਗ੍ਰਾਂਟ ਦੇ ਆਧਾਰ ’ਤੇ ਸੈਂਕੜਾ ਭਰ ਚੀਨੀ ਪੁਸਤਕਾਂ ਦਾ ਅਨੁਵਾਦ ਹੋਇਆ, ਇਹੀ ਨਹੀਂ ਭਾਰਤ-ਚੀਨ ਦੇ ਵਿਦੇਸ਼ੀ ਵਿਭਾਗ ਵੀ ਅਜਿਹੇ ਹੀ ਅਨੁਵਾਦ ਪ੍ਰਾਜੈਕਟਾਂ ’ਤੇ ਕੰਮ ਕਰ ਰਹੇ ਹਨ। ਦਿੱਲੀ ਦੇ ਕਈ ਨਿੱਜੀ ਪ੍ਰਕਾਸ਼ਕ ਹੁਣ ਵਧੇਰੇ ਚੀਨੀ ਪੁਸਤਕਾਂ ਦੇ ਅਨੁਵਾਦ ਛਾਪ ਕੇ ਮਾਲਾਮਾਲ ਹੋ ਰਹੇ ਹਨ। ਇਸ ਤਰ੍ਹਾਂ ਚੀਨ ਦੁਨੀਆ ਭਰ ਦੇ ਜਨਮਤ ਨਿਰਮਾਤਾਵਾਂ, ਪੱਤਰਕਾਰਾਂ, ਵਿਸ਼ਲੇਸ਼ਕਾਂ, ਸਿਆਸੀ ਆਗੂਆਂ, ਮੀਡੀਆ ਹਾਊਸਾਂ ਅਤੇ ਲੇਖਕਾਂ-ਅਨੁਵਾਦਕਾਂ ਦਾ ਸਮੂਹ ਬਣਾਉਣ ’ਚ ਭਾਰੀ ਨਿਵੇਸ਼ ਕਰ ਰਿਹਾ ਹੈ ਜੋ ਆਪਣੇ-ਆਪਣੇ ਦੇਸ਼ਾਂ ’ਚ ਚੀਨੀ ਹਿੱਤ ਨੂੰ ਹੁਲਾਰਾ ਦੇਣ ਲਈ ਯਤਨਸ਼ੀਲ ਅਤੇ ਇੱਛੁਕ ਹਨ।

ਚੀਨ ਦੀ ਸਰਕਾਰ ਭਾਰਤ ਸਮੇਤ ਹੋਰ ਕਈ ਦੇਸ਼ਾਂ ’ਚ ਮੀਡੀਆ ’ਚ ਨਿਵੇਸ਼ ਲਈ ਅਰਬਾਂ ਡਾਲਰ ਖਰਚ ਕਰ ਰਹੀ ਹੈ। ਹਾਲ ਹੀ ’ਚ, ਚੀਨ ਨੇ ਵਿਦੇਸ਼ੀ ਮੀਡੀਆ ਪ੍ਰਕਾਸ਼ਕਾਂ ’ਚ ਇਸ਼ਤਿਹਾਰ ਸਥਾਨ ਦੀ ਖਰੀਦ ਰਾਹੀਂ ਭਾਰੀ ਨਿਵੇਸ਼ ਕੀਤਾ ਹੈ।

ਚੀਨ ਮੁੱਖ ਤੌਰ ’ਤੇ ਏਸ਼ੀਆ ਅਤੇ ਅਫਰੀਕੀ ਦੇਸ਼ਾਂ ਦੇ ਵਿਦੇਸ਼ੀ ਪੱਤਰਕਾਰਾਂ ਲਈ ਫੈਲੋਸ਼ਿਪ ਪ੍ਰੋਗਰਾਮ ਵੀ ਚਲਾਉਂਦਾ ਹੈ। ਭਾਰਤੀਆਂ ਸਮੇਤ ਹਰ ਸਾਲ 100 ਪੱਤਰਕਾਰਾਂ ਨੂੰ ਫੈਲੋਸ਼ਿਪ ਪ੍ਰੋਗਰਾਮ ਅਧੀਨ ਟ੍ਰੇਨਿੰਗ ਮਿਲਦੀ ਹੈ। ਉਨ੍ਹਾਂ ਨੂੰ ਆਪਣੇ ਦੇਸ਼ਾਂ ’ਚ ਚੀਨੀ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਟ੍ਰੇਂਡ ਕੀਤਾ ਜਾਂਦਾ ਹੈ। ਬੀਜਿੰਗ ਯੂਨੀਵਰਸਿਟੀ ਸਮੇਤ ਕਈ ਥਾਵਾਂ ’ਤੇ ਬਾਕਾਇਦਾ ਹਿੰਦੀ ਦੇ ਕੋਰਸ ਹਨ ਅਤੇ ਉੱਥੇ ਵਧੇਰੇ ਲੜਕੀਆਂ ਹੁੰਦੀਆਂ ਹਨ, ਉਹ ਆਪਣੇ ਨਾਂ ਵੀ ਰਾਧਾ, ਬਿੰਦੂ ਵਰਗੇ ਭਾਰਤੀ ਰੱਖਦੀਆਂ ਹਨ। ਨਿਯਮਿਤ ਭਾਰਤ ਦੀਆਂ ਅਖਬਾਰਾਂ ਨੂੰ ਪੜ੍ਹਨਾ, ਉਸ ’ਚ ਚੀਨ ਦੇ ਵਰਨਣ ਨੂੰ ਅਨੁਵਾਦ ਕਰਨਾ, ਉਸ ਦੇ ਮੁਤਾਬਕ ਸਮੱਗਰੀ ਤਿਆਰ ਕਰਨਾ ਇਨ੍ਹਾਂ ਵਿਦਿਆਰਥੀਆਂ ਦਾ ਕੰਮ ਹੁੰਦਾ ਹੈ। ਇਸ ਦੇ ਬਦਲੇ ਇਨ੍ਹਾਂ ਨੂੰ ਕਈ ਸਹੂਲਤਾਂ ਮਿਲਦੀਆਂ ਹਨ, ਰੇਡੀਓ ਚਾਈਨਾ ’ਚ ਬੰਗਲਾ ਸੈਕਸ਼ਨ ਵੀ ਹੈ ਅਤੇ ਉਸ ਦਾ ਕੰਮ ਇਕ ਕੋਰੀਆ ਦੀ ਮਹਿਲਾ ਦੇਖਦੀ ਹੈ ਜੋ ਕਿ ਬੰਗਲਾ ’ਚ ਮਾਹਿਰ ਹੈ। ਜਾਣ ਕੇ ਹੈਰਾਨੀ ਹੋਵੇਗੀ ਕਿ ਟੀ. ਵੀ. ਬਹਿਸ ’ਚ ਸ਼ਾਮਲ ਕਈ ਸੇਵਾਮੁਕਤ ਫੌਜੀ ਅਧਿਕਾਰੀ ਅਜਿਹੇ ਹਨ ਜਿਨ੍ਹਾਂ ਨੇ ਕਦੀ ਲੇਹ-ਲੱਦਾਖ, ਅਰੁਣਾਚਲ ਪ੍ਰਦੇਸ਼ ਜਾਂ ਉੱਤਰਾਖੰਡ ਦੇ ਸਰਹੱਦੀ ਇਲਾਕਿਆਂ ’ਚ ਸੇਵਾ ਹੀ ਨਹੀਂ ਦਿੱਤੀ ਅਤੇ ਉਹ ਟੀ. ਵੀ. ’ਤੇ ਸਰਹੱਦੀ ਵਿਵਾਦ ਅਤੇ ਫੌਜੀ ਤਿਆਰੀ ’ਤੇ ਵਿਚਾਰ-ਚਰਚਾ ਕਰਦੇ ਹਨ।

ਇਹ ਵੀ ਸੱਚ ਹੈ ਕਿ ਸਾਡੇ ਦੇਸ਼ ’ਚ ਹੀ ਸਿਆਸੀ ਵਿਚਾਰਧਾਰਾ ਕਾਰਨ ਚੀਨ ਦੇ ਪ੍ਰਤੀ ਹਮਦਰਦੀ ਰੱਖਣ ਵਾਲੇ ਭਾਵੇਂ ਹੀ ਬਹੁਤ ਘੱਟ ਹੋਣ ਪਰ ਇਸ ਬਾਰੇ ਦੋਸ਼ ਲਾਉਣ ਜਾਂ ਗਾਲ੍ਹਾਂ ਦੇਣ ਵਾਲੇ ਵੱਧ ਹਨ, ਅਸਲ ’ਚ ਇਹ ਆਮ ਲੋਕਾਂ ’ਚ ਇਕ-ਦੂਜੇ ਦੇ ਪ੍ਰਤੀ ਬੇਭਰੋਸਗੀ ਦਾ ਮਾਹੌਲ ਬਣਾਉਣ ’ਚ ਵੱਡੀ ਭੂਮਿਕਾ ਨਿਭਾਉਂਦੇ ਹਨ। ਜੰਗ ਜਾਂ ਤਣਾਅ ਦੇ ਸਮੇਂ ਜਦ ਦੇਸ਼ ਇਕਜੁੱਟ ਹੋਵੇ, ਤਦ ਅਜਿਹੇ ਵਿਚਾਰਕ ਟਕਰਾਅ ਸੋਸ਼ਲ ਮੀਡੀਆ ’ਤੇ ਇਕਜੁੱਟਤਾ ਦਾ ਭਾਵ ਦਿਖਾਉਣ ’ਚ ਸਫਲ ਹੁੰਦੇ ਹਨ।

ਸਾਡੇ ਦੇਸ਼ ਦੀ ਬੌਧਿਕ ਸਮੱਗਰੀ ਅਤੇ ਮੀਡੀਆ ’ਚ ਚੀਨ ਦਾ ਅਸਿੱਧਾ ਦਖਲ ਅਜਿਹੇ ਕਾਰਕ ਹਨ ਜਿਨ੍ਹਾਂ ਤੋਂ ਆਉਣ ਵਾਲੇ ਕੁਝ ਸਾਲਾਂ ’ਚ ਭਾਰਤ ਨੂੰ ਲੰਘਣਾ ਹੋਵੇਗਾ। ਭਾਰਤੀ ਫੌਜ ਸਰੀਰਕ, ਮਾਨਸਿਕ ਅਤੇ ਤਜਰਬੇ ਦੇ ਖੇਤਰ ’ਚ ਚੀਨ ਤੋਂ ਕਈ ਗੁਣਾ ਸਮਰੱਥ ਹੈ ਪਰ ਅੱਜ ਦੀ ਜੰਗ ਬਹੁਤ ਕੁਝ ਆਰਥਿਕ ਅਤੇ ਬੌਧਿਕ ਹੈ ਅਤੇ ਇਸ ਲਈ ਸਾਨੂੰ ਹੁਣੇ ਤੋਂ ਤਿਆਰੀ ਕਰਨੀ ਹੋਵੇਗੀ।

ਪੰਕਜ ਚਤੁਰਵੇਦੀ


Rakesh

Content Editor

Related News