‘ਚੋਣ ਨਤੀਜੇ ਚੰਗੇ ਆਏ’ ‘ਭਵਿੱਖ ’ਚ ਜੋ ਕੁਝ ਹੋਵੇਗਾ ਚੰਗਾ ਹੀ ਹੋਵੇਗਾ’

06/05/2024 3:12:44 AM

1 ਜੂਨ, 2024 ਨੂੰ ਵੋਟਿੰਗ ਦਾ ਅੰਤਿਮ ਪੜਾਅ ਖ਼ਤਮ ਹੁੰਦਿਆਂ ਹੀ ਲੋਕਾਂ ’ਚ ਉਤਸੁਕਤਾ ਵਧ ਗਈ ਕਿ ਇਸ ਵਾਰ ਚੋਣ ਨਤੀਜਿਆਂ ਦਾ ਊਠ ਕਿਸ ਪਾਸੇ ਬੈਠੇਗਾ! ਵੋਟਾਂ ਦੀ ਗਿਣਤੀ ਖ਼ਤਮ ਹੋਣ ਦੇ ਲਗਭਗ 1 ਘੰਟੇ ਪਿੱਛੋਂ ਹੀ ਵੱਖ-ਵੱਖ ਟੀ.ਵੀ. ਚੈਨਲਾਂ ’ਤੇ ‘ਐਗਜ਼ਿਟ ਪੋਲ’ ਆਉਣੇ ਸ਼ੁਰੂ ਹੋ ਗਏ ਜਿਨ੍ਹਾਂ ਨੂੰ ਜਾਣਨ ਲਈ ਲੋਕ ਰਾਤ ਤੱਕ ਅਤੇ ਅਗਲੇ ਦਿਨ 2 ਜੂਨ ਨੂੰ ਵੀ ਦਿਨ ਭਰ ਟੀ.ਵੀ. ਸੈੱਟਾਂ ਨਾਲ ਚਿੰਬੜੇ ਰਹੇ।

ਚੋਣਾਂ ਪਿੱਛੋਂ ਸਰਕਾਰ ਅਤੇ ਵਿਰੋਧੀ ਪਾਰਟੀਆਂ ਦੋਵੇਂ ਹੀ ਧਿਰਾਂ ‘ਹਮ ਜੀਤੇਂਗੇ, ਹਮ ਜੀਤੇਂਗੇ’ ਦੇ ਦਾਅਵੇ ਕਰਦੇ ਰਹੀਆਂ। ਇਸ ਦਰਮਿਆਨ ਚੋਣਾਂ ਦੇ ਦੌਰਾਨ ਅਤੇ ਉਸ ਦੇ ਪਿੱਛੋਂ ਵੀ ਸਰਕਾਰ ਦਾ ‘ਅਬ ਕੀ ਬਾਰ 400 ਪਾਰ’ ਦਾ ਨਾਅਰਾ ਵੀ ਉੱਛਲਦਾ ਰਿਹਾ।

ਇਕ ਸੀਨੀਅਰ ਵਿਰੋਧੀ ਧਿਰ ਆਗੂ ਨੇ ਐਗਜ਼ਿਟ ਪੋਲ ਦੇ ਦਾਅਵਿਆਂ ਨੂੰ ਝੁਠਲਾਉਂਦੇ ਹੋਏ ਕਿਹਾ, ‘‘ਸਾਨੂੰ ਉਡੀਕ ਕਰਨੀ ਪਵੇਗੀ। ਬਸ ਉਡੀਕ ਕਰੋ ਅਤੇ ਦੇਖੋ। ਸਾਨੂੰ ਪੂਰੀ ਉਮੀਦ ਹੈ ਕਿ ਐਗਜ਼ਿਟ ਪੋਲ ’ਚ ਜੋ ਦਿਖਾਇਆ ਜਾ ਰਿਹਾ ਹੈ, ਨਤੀਜੇ ਉਸ ਦੇ ਬਿਲਕੁਲ ਉਲਟ ਹੋਣਗੇ।’’

ਹਾਲਾਂਕਿ ਜ਼ਿਆਦਾਤਰ ਲੋਕਾਂ ਨੂੰ ਉਕਤ ਆਗੂ ਦੇ ਇਸ ਬਿਆਨ ’ਤੇ ਯਕੀਨ ਨਹੀਂ ਹੋਇਆ ਕਿ ਅਜਿਹਾ ਹੋਵੇਗਾ ਪਰ ਜਦ 4 ਜੂਨ ਨੂੰ ਚੋਣ ਕਮਿਸ਼ਨ ਵੱਲੋਂ ਅਧਿਕਾਰਕ ਨਤੀਜਿਆਂ ਦਾ ਐਲਾਨ ਸ਼ੁਰੂ ਹੋਇਆ ਤਾਂ ਸਥਿਤੀ ਬਦਲਣ ਲੱਗੀ ਅਤੇ ਅਜਿਹਾ ਹੀ ਹੋਇਆ।

ਐਗਜ਼ਿਟ ਪੋਲਜ਼ ਤੋਂ ਵੱਖਰੇ ਨਤੀਜੇ ਦੇਖ ਕੇ ਇਕ ਪ੍ਰਮੁੱਖ ਟੀ.ਵੀ. ਚੈਨਲ ਦੇ ਐਂਕਰ ਨੇ ਤਾਂ ਭਰਮਾਊ ਐਗਜ਼ਿਟ ਪੋਲ ਦਿਖਾਉਣ ਲਈ ਦਰਸ਼ਕਾਂ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ‘‘ਸਾਡਾ ਅੰਦਾਜ਼ਾ ਗ਼ਲਤ ਨਿਕਲਿਆ ਪਰ ਜ਼ਿਆਦਾਤਰ ਚੈਨਲਾਂ ਦਾ ਵੀ ਇਹੀ ਹਾਲ ਸੀ। ਇਸ ਲਈ ਅਸੀਂ ਬਚ ਗਏ, ਨਹੀਂ ਤਾਂ ਲੋਕਾਂ ਨੇ ਸਾਨੂੰ ...’’

ਜਿਵੇਂ ਕਿ ਅਸੀਂ ਪਹਿਲਾਂ ਵੀ ਲਿਖਦੇ ਰਹੇ ਹਾਂ, ਦੇਸ਼ ਦੀ ਆਜ਼ਾਦੀ ਦੇ 77 ਸਾਲਾਂ ਦੌਰਾਨ ਦੇਸ਼ ਵਿਕਾਸ ਦੇ ਮਾਰਗ ’ਤੇ ਵਧਦਾ ਜਾ ਰਿਹਾ ਹੈ। ਇਹ ਸਹੀ ਹੈ ਕਿ ਬੇਰੋਜ਼ਗਾਰੀ, ਮਹਿੰਗਾਈ, ਗਰੀਬੀ, ਭ੍ਰਿਸ਼ਟਾਚਾਰ, ਅਪਰਾਧ ਆਦਿ ਕਾਰਨ ਲੋਕ ਦੁਖੀ ਹਨ, ਪਰ ਇਸ ਦੇ ਨਾਲ ਹੀ ਇਹ ਵੀ ਸੱਚ ਹੈ ਕਿ ਆਜ਼ਾਦੀ ਮਿਲਣ ਵੇਲੇ ਅਸੀਂ 35 ਕਰੋੜ ਸੀ ਜੋ ਹੁਣ ਵਧ ਕੇ 140 ਕਰੋੜ ਹੋ ਗਏ ਹਾਂ ਅਤੇ ਸਾਡੀਆਂ ਕਈ ਸਮੱਸਿਆਵਾਂ ਦਾ ਕਾਰਨ ਵਧਦੀ ਆਬਾਦੀ ਵੀ ਹੈ।

ਅੱਜ ਸੜਕਾਂ ਚੌੜੀਆਂ ਹੋ ਰਹੀਆਂ ਹਨ, ਨਵੇਂ-ਨਵੇਂ ਫਲਾਈਓਵਰ ਬਣ ਰਹੇ ਹਨ ਅਤੇ ਇਸ ਤੋਂ ਇਲਾਵਾ ਵੀ ਕਈ ਚੰਗੇ ਕੰਮ ਹੋਏ ਹਨ ਅਤੇ ਹੋ ਰਹੇ ਹਨ। ਉੱਚ ਅਤੇ ਮੱਧਮ ਵਰਗ ਦੀ ਖਰੀਦ ਸ਼ਕਤੀ ਵੀ ਵਧ ਰਹੀ ਹੈ। ਸਾਰੀਆਂ ਥਾਵਾਂ ’ਤੇ ਵੱਡੀ ਗਿਣਤੀ ’ਚ ਸਕੂਲ-ਕਾਲਜ ਅਤੇ ਹਸਪਤਾਲ ਵੀ ਖੁੱਲ੍ਹ ਗਏ ਹਨ।

ਹਰ ਪਰਿਵਾਰ ਕੋਲ ਇਕ ਤੋਂ ਵੱਧ ਕਾਰਾਂ ਹੋ ਗਈਆਂ ਹਨ। ਪਹਿਲਾਂ ਇਕ ਕਾਰ ’ਚ ਪੂਰਾ ਪਰਿਵਾਰ ਯਾਤਰਾ ਕਰਦਾ ਸੀ। ਹੁਣ ਆਮ ਤੌਰ ’ਤੇ ਕਾਰਾਂ ’ਚ ਜ਼ਿਆਦਾ ਤੋਂ ਜ਼ਿਆਦਾ 1-2 ਵਿਅਕਤੀ ਹੀ ਯਾਤਰਾ ਕਰਦੇ ਦਿਖਾਈ ਦਿੰਦੇ ਹਨ। ਹਰ ਵਿਅਕਤੀ ਆਪਣੀ ਵੱਖਰੀ ਕਾਰ ਚਾਹੁੰਦਾ ਹੈ। 

ਦੂਜੇ ਪਾਸੇ ਮੋਟਰਸਾਈਕਲਾਂ ’ਤੇ 2 ਤੋਂ 4 ਲੋਕ ਯਾਤਰਾ ਕਰ ਰਹੇ ਹਨ ਪਰ ਇਹ ਉਨ੍ਹਾਂ ਦੀ ਮਜਬੂਰੀ ਵੀ ਹੈ। ਵਾਹਨਾਂ ਦੀ ਗਿਣਤੀ ਵਧਣ ਕਾਰਨ ਸੜਕਾਂ ’ਤੇ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਹੋਣ ਦੇ ਨਾਲ-ਨਾਲ ਸੜਕ ਹਾਦਸੇ ਵੀ ਵਧ ਰਹੇ ਹਨ।

ਜਿੱਥੋਂ ਤੱਕ ਬੇਰੋਜ਼ਗਾਰੀ ਦਾ ਸਬੰਧ ਹੈ, ਖਾਸ ਤੌਰ ’ਤੇ ਉੱਤਰ ਭਾਰਤੀ ਸੂਬਿਆਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੇ ਬੱਚੇ 10+2 ਦੀ ਪੜ੍ਹਾਈ ਕਰ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ, ਜਿਸ ਕਾਰਨ ਥਾਂ-ਥਾਂ ‘ਆਈਲੈਟਸ ਸੈਂਟਰ’ ਖੁੱਲ੍ਹ ਗਏ ਹਨ।

ਹੁਣ ਤਾਂ ਅਮਰੀਕਾ, ਕੈਨੇਡਾ, ਬਰਤਾਨੀਆ ਆਦਿ ਦੇਸ਼ਾਂ ਨੇ ਸਾਡੇ ਨੌਜਵਾਨਾਂ ਨੂੰ ਖਿੱਚਣ ਲਈ ਕਈ ਸਹੂਲਤਾਂ ਵੀ ਵਧਾ ਦਿੱਤੀਆਂ ਹਨ ਜਿਸ ਦੇ ਨਤੀਜੇ ਵਜੋਂ ਹੁਣ ਪੰਜਾਬ, ਹਰਿਆਣਾ ਅਤੇ ਇਨ੍ਹਾਂ ਦੇ ਨਾਲ ਲੱਗਦੇ ਕੁਝ ਇਲਾਕਿਆਂ ’ਚ ਜ਼ਿਆਦਾਤਰ ਬਜ਼ੁਰਗ ਹੀ ਰਹਿ ਗਏ ਹਨ।

ਹੁਣ ਇਸ ਘਟਨਾਕ੍ਰਮ ਨੂੰ ਚੰਗਾ ਕਿਹਾ ਜਾਵੇ ਜਾਂ ਬੁਰਾ, ਗੁਆਂਢੀ ਸੂਬਿਆਂ ਤੋਂ ਆ ਕੇ ਲੋਕ ਇੱਥੇ ਵੱਸ ਰਹੇ ਹਨ ਜਿਸ ’ਤੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਪੰਜਾਬ ਅਤੇ ਹਰਿਆਣਾ ਹੀ ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਆਦਿ ਬਣ ਗਏ ਹਨ।

ਕਿਸੇ ਵੀ ਦੇਸ਼ ਦੀ ਤਰੱਕੀ ਤਦ ਹੀ ਹੁੰਦੀ ਹੈ ਜਦ ਉੱਥੇ ਵਿਰੋਧੀ ਪਾਰਟੀਆਂ ਆਮ ਲੋਕਾਂ ਦੇ ਹਿੱਤ ਨਾਲ ਜੁੜੇ ਸਰਕਾਰ ਦੇ ਕਿਸੇ ਵੀ ਕਿਸਮ ਦੇ ਗਲਤ ਫੈਸਲੇ ਨੂੰ ਸਖਤ ਪ੍ਰੋਟੈਸਟ ਕਰ ਕੇ ਰੋਕਣ ਅਤੇ ਪਾਸ ਨਾ ਹੋਣ ਦੇਣ। ਇਕ ਮਜ਼ਬੂਤ ਸਰਕਾਰ ਦੇ ਨਾਲ-ਨਾਲ ਇਕ ਮਜ਼ਬੂਤ ਵਿਰੋਧੀ ਧਿਰ ਵੀ ਹੋਵੇ, ਜੋ ਸੱਤਾ ਧਿਰ ਨੂੰ ਮਨਮਰਜ਼ੀ ਦੇ ਢੰਗ ਨਾਲ ਫੈਸਲੇ ਲੈਣ, ਮਨਮਰਜ਼ੀ ਦੇ ਕਾਨੂੰਨ ਬਣਾਉਣ ਦੀ ਛੋਟ ਨਾ ਦੇਵੇ ਅਤੇ ਸੰਸਦ ’ਚ ਬਹਿਸ ਪਿੱਛੋਂ ਹੀ ਕਿਸੇ ਕਾਨੂੰਨ ਨੂੰ ਪਾਸ ਕੀਤਾ ਜਾਂ ਕੋਈ ਕਦਮ ਉਠਾਇਆ ਜਾਵੇ।

ਲੋਕਤੰਤਰੀ ਢੰਗ ਨਾਲ ਅਤੇ ਸਮੁੱਚੇ ਵਾਦ-ਵਿਵਾਦ ਪਿੱਛੋਂ ਬਣਾਏ ਗਏ ਕਾਨੂੰਨ ’ਚ ਹੀ ਤਾਕਤ ਹੁੰਦੀ ਹੈ ਅਤੇ ਉਸ ਨਾਲ ਲੋਕਾਂ ਦੀ ਭਲਾਈ ਹੁੰਦੀ ਹੈ। ਇਨ੍ਹਾਂ ਚੋਣਾਂ ਨੇ ਅਜਿਹੀ ਹੀ ਉਮੀਦ ਜਗਾਈ ਹੈ।

ਇਨ੍ਹਾਂ ਚੋਣਾਂ ’ਚ ਹਾਰ-ਜਿੱਤ ਦੇ ਜੋ ਵੀ ਨਤੀਜੇ ਆਏ ਹਨ, ਇਹ ਭਾਰਤ ਲਈ ਇਕ ਚੰਗਾ ਸੰਕੇਤ ਹਨ। ਜੋ ਵੀ ਹੋ ਰਿਹਾ ਹੈ ਅਤੇ ਜੋ ਅੱਗੇ ਹੋਵੇਗਾ ਉਹ ਚੰਗਾ ਹੀ ਹੋਵੇਗਾ ਅਤੇ ਦੇਸ਼ ਦੇ ਹਿੱਤ ’ਚ ਹੀ ਹੋਵੇਗਾ।

ਅੱਗ ਵਰ੍ਹਾਉਂਦੀ ਗਰਮੀ ਦੇ ਮੌਸਮ ’ਚ ਵੋਟਾਂ ਪਾਉਣ ਲਈ ਪੋਲਿੰਗ ਸਟੇਸ਼ਨਾਂ ਤੱਕ ਪਹੁੰਚਣ ਵਾਲੇ ਸਾਰੇ ਵਰਗਾਂ ਦੇ ਜਾਗਰੂਕ ਵੋਟਰ ਧੰਨਵਾਦ ਦੇ ਪਾਤਰ ਹਨ। ਆਉਣ ਵਾਲੇ ਦਿਨਾਂ ’ਚ ਕੀ ਹੁੰਦਾ ਹੈ ਇਸ ਦਾ ਜਵਾਬ ਤਾਂ ਸਮਾਂ ਹੀ ਦੇਵੇਗਾ।

‘ਜੈ ਭਾਰਤ...ਮੇਰਾ ਭਾਰਤ ਮਹਾਨ...ਜੁੱਗ-ਜੁੱਗ ਜੀਵੇ ਹਿੰਦੁਸਤਾਨ’

-ਵਿਜੇ ਕੁਮਾਰ


Harpreet SIngh

Content Editor

Related News