ਚੀਨ ਕਸ਼ਮੀਰ ’ਚ ਪਾਕਿਸਤਾਨ ਲਈ ਐੱਲ. ਓ. ਸੀ. ’ਤੇ ਵਧਾ ਰਿਹਾ ਫੌਜੀ ਸਹਿਯੋਗ

Wednesday, May 29, 2024 - 10:20 PM (IST)

ਚੀਨ ਕਸ਼ਮੀਰ ’ਚ ਪਾਕਿਸਤਾਨ ਲਈ ਐੱਲ. ਓ. ਸੀ. ’ਤੇ ਵਧਾ ਰਿਹਾ ਫੌਜੀ ਸਹਿਯੋਗ

ਕੁਪਵਾੜਾ, (ਭਾਸ਼ਾ)- ਚੀਨ ਪਿਛਲੇ ਤਿੰਨ ਸਾਲਾਂ ਤੋਂ ਜੰਮੂ-ਕਸ਼ਮੀਰ ’ਚ ਕੰਟਰੋਲ ਰੇਖਾ (ਐੱਲ. ਓ. ਸੀ.) ’ਤੇ ਪਾਕਿਸਤਾਨ ਨਾਲ ਰੱਖਿਆ ਸਹਿਯੋਗ ਵਧਾ ਰਿਹਾ ਹੈ, ਜਿਸ ’ਚ ਲੋਹੇ ਨਾਲ ਢਕੇ ਬੰਕਰਾਂ ਦਾ ਨਿਰਮਾਣ ਅਤੇ ਮਾਨਵ ਰਹਿਤ ਲੜਾਕੂ ਹਵਾਈ ਵਾਹਨਾਂ ਦੀ ਤਾਇਨਾਤੀ ਸ਼ਾਮਲ ਹੈ। ਇਸ ਤੋਂ ਇਲਾਵਾ ਚੀਨ ਐੱਲ. ਓ. ਸੀ. ’ਤੇ ਗੁਪਤ ਸੰਚਾਰ ਟਾਵਰ ਸਥਾਪਤ ਕਰਨ ਅਤੇ ਭੂਮੀਗਤ ਫਾਈਬਰ ਕੇਬਲ ਵਿਛਾਉਣ ’ਚ ਵੀ ਮਦਦ ਕਰ ਰਿਹਾ ਹੈ।

ਉਥੇ ਹੀ, ਚੀਨ ਦਾ ਉੱਨਤ ਰਾਡਾਰ ਸਿਸਟਮ, ਜਿਵੇਂ ਕਿ ‘ਜੇ. ਵਾਈ.’ ਅਤੇ ‘ਐੱਚ. ਜੀ. ਆਰ.’ ਮੱਧਮ ਅਤੇ ਘੱਟ ਉਚਾਈ ਵਾਲੇ ਟੀਚੇ ਦਾ ਪਤਾ ਲਗਾਉਣ ਦੀ ਸਮਰੱਥਾ ਨੂੰ ਵਧਾਉਣ ਲਈ ਤਾਇਨਾਤ ਕੀਤਾ ਗਿਆ ਹੈ, ਜਿਸ ਨਾਲ ਫੌਜ ਅਤੇ ਹਵਾਈ ਰੱਖਿਆ ਯੂਨਿਟਾਂ ਨੂੰ ਮਹੱਤਵਪੂਰਨ ਖੁਫੀਆ ਸਹਾਇਤਾ ਮਿਲਦੀ ਹੈ। ਇਸ ਤੋਂ ਇਲਾਵਾ ਚੀਨ ਦੀ ਇਕ ਕੰਪਨੀ ਵੱਲੋਂ ਬਣਾਈ ਗਈ 155 ਐੱਮ. ਐੱਮ. ਹੋਵਿਤਜ਼ਰ ਤੋਪ ਐੱਸ.ਐੱਚ-15 ਦੀ ਮੌਜੂਦਗੀ ਵੀ ਐੱਲ.ਓ.ਸੀ. ’ਤੇ ਦੇਖੀ ਗਈ ਹੈ।

ਇਸ ਕਦਮ ਨੂੰ ਚੀਨ ਦੇ ਪਾਕਿਸਤਾਨ ਨਾਲ ਸਬੰਧਾਂ ਨੂੰ ਮਜ਼ਬੂਤ ​ਬਣਾਉਣ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਖਾਸ ਤੌਰ ’ਤੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ. ਪੀ. ਈ. ਸੀ.) ਨੂੰ ਲੈ ਕੇ ਹੋਏ ਨਿਵੇਸ਼ ਦੀ ਸੁਰੱਖਿਆ ਦੀਆਂ ਕੋਸ਼ਿਸ਼ਾਂ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਹਾਲਾਂਕਿ 2014 ਦੀ ਤਰ੍ਹਾਂ ਚੀਨੀ ਫੌਜ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਨਹੀਂ ਮਿਲੀ ਹੈ, ਪਰ ਕੁਝ ਸੁਰਾਗ ਤੋਂ ਪਤਾ ਲੱਗਾ ਹੈ ਕਿ ਚੀਨੀ ਫੌਜੀ ਅਤੇ ਇੰਜੀਨੀਅਰ ਐੱਲ. ਓ. ਸੀ. ’ਤੇ ਜ਼ਮੀਨਦੋਜ਼ ਬੰਕਰਾਂ ਦੀ ਉਸਾਰੀ ਸਮੇਤ ਬੁਨਿਆਦੀ ਢਾਂਚਾ ਤਿਆਰ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਚੀਨੀ ਮਾਹਿਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਦੀ ਲੀਪਾ ਘਾਟੀ ਵਿਚ ਸੁਰੰਗ ਦੇ ਨਿਰਮਾਣ ’ਚ ਲੱਗੇ ਹੋਏ ਹਨ। ਇਹ ਰਣਨੀਤਕ ਕਦਮ ਚੀਨ ਦੇ 46 ਬਿਲੀਅਨ ਡਾਲਰ ਦੇ ਸੀ. ਪੀ. ਈ. ਸੀ. ਪ੍ਰਾਜੈਕਟ ਨਾਲ ਜੁੜਿਆ ਹੈ, ਜਿਸ ਦਾ ਉਦੇਸ਼ ਚੀਨ ਦੇ ਗੈਰ-ਕਾਨੂੰਨੀ ਕਬਜ਼ੇ ਵਾਲੇ ਖੇਤਰ ਕਾਰਾਕੋਰਮ ਹਾਈਵੇ ਰਾਹੀਂ ਪਾਕਿਸਤਾਨ ’ਚ ਗਵਾਦਰ ਬੰਦਰਗਾਹ ਅਤੇ ਚੀਨ ’ਚ ਸ਼ਿਨਜਿਯਾਂਗ ਸੂਬੇ ਵਿਚਕਾਰ ਸਿੱਧਾ ਰਸਤਾ ਸਥਾਪਤ ਕਰਨਾ ਹੈ।


author

Rakesh

Content Editor

Related News