ਸੈਕਸ ਸ਼ੋਸ਼ਣ ਦੇ ਦੋਸ਼ ਲਗਾਉਣ ਵਾਲੀ ਚੀਨ ਦੀ ਸਟਾਰ ਟੈਨਿਸ ਖਿਡਾਰੀ ਲਾਪਤਾ

11/22/2021 3:29:48 AM

ਚੀਨ ਦੀ ਟੈਨਿਸ ਸਟਾਰ ਖਿਡਾਰੀ ਪੇਂਗ ਸ਼ੁਆਈ, ਜੋ ਬੀਜਿੰਗ, ਲੰਡਨ ਅਤੇ ਰਿਓ ਓਲੰਪਿਕ ’ਚ ਚੀਨ ਦੀ ਪ੍ਰਤੀਨਿਧਤਾ ਕਰ ਚੁੱਕੀ ਹੈ ਅਤੇ ਇਕ ਹਾਈ ਪ੍ਰੋਫਾਈਲ ਨਾਗਰਿਕ ਵੀ ਹੈ, 2 ਨਵੰਬਰ ਨੂੰ ਚੀਨ ਦੇ ਸਾਬਕਾ ਵਾਈਸ ਪ੍ਰੀਮੀਅਰ ’ਤੇ ਸੈਕਸ ਸ਼ੋਸ਼ਣ ਦੇ ਦੋਸ਼ ਲਗਾਉਣ ਤੋਂ ਬਾਅਦ ਲਾਪਤਾ ਹੈ। ਸੰਯੁਕਤ ਰਾਸ਼ਟਰ ਅਤੇ ਅਮਰੀਕਾ ਨੇ ਉਸ ਦੇ ਸਹੀ-ਸਲਾਮਤ ਹੋਣ ਦੇ ਸਬੂਤ ਸਾਹਮਣੇ ਰੱਖਣ ਲਈ ਚੀਨ ਨੂੰ ਕਿਹਾ ਹੈ।
ਚੀਨ ’ਚ ਸਰਕਾਰ ਦੀ ਆਲੋਚਨਾ ਕਰਨ ਵਾਲਿਆਂ ਦੇ ਲਾਪਤਾ ਹੋਣ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ। ਹਾਲ ਹੀ ਦਾ ਇਕ ਮਾਮਲਾ ਅਰਬਪਤੀ ਅਭਿਨੇਤਾ ਝਾਓ ਵੇਈ ਦਾ ਹੈ। ਅਗਸਤ ’ਚ ਉਹ ਅਚਾਨਕ ਜਨਤਕ ਜ਼ਿੰਦਗੀ ’ਚੋਂ ਗਾਇਬ ਹੋ ਗਏ ਸਨ।

ਤਦ ਹੀ ਚੀਨ ਸਰਕਾਰ ਨੇ ਸੈਲੀਬ੍ਰਿਟੀਜ਼ ਦੇ ਵਿਰੁੱਧ ਕਾਰਵਾਈ ਦੀ ਮੁਹਿੰਮ ਛੇੜੀ ਸੀ। ਚੀਨ ਸਰਕਾਰ ਦਾ ਦੋਸ਼ ਹੈ ਕਿ ਇਨ੍ਹਾਂ ਸੈਲੀਬ੍ਰਿਟੀਜ਼ ਦੇ ਪ੍ਰਭਾਵ ਦੇ ਕਾਰਨ ਦੇਸ਼ ਦੇ ਨੌਜਵਾਨ ਗੁੰਮਰਾਹ ਹੋ ਰਹੇ ਹਨ। ਅਗਸਤ ਤੋਂ ਉਨ੍ਹਾਂ ਦੀਆਂ ਫਿਲਮਾਂ ਅਤੇ ਟੀ. ਵੀ. ਸ਼ੋਅ ਚੀਨ ’ਚ ਵੈੱਬ ਸਟ੍ਰੀਮਿੰਗ ਸਾਈਟ ਤੋਂ ਹਟਾ ਦਿੱਤੇ ਗਏ ਜਿਨ੍ਹਾਂ ਵਿਚ ਝਾਓ ਨੇ ਅਭਿਨੈ ਕੀਤਾ ਸੀ। ਇਹ ਹੁਣ ਤਕ ਸਾਫ ਨਹੀਂ ਹੋ ਸਕਿਆ ਹੈ ਕਿ ਝਾਓ ਨੂੰ ਉਸ ਦੇ ਘਰ ’ਚ ਨਜ਼ਰਬੰਦ ਰੱਖਿਆ ਗਿਆ ਹੈ ਜਾਂ ਉਸ ਨੇ ਖੁਦ ਨੂੰ ਹੀ ਪਬਲਿਕ ਲਾਈਫ ਤੋਂ ਅਲੱਗ ਕਰ ਲਿਆ ਹੈ।

ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਕਾਰਜਕਾਲ ’ਚ ਜਿਹੜੀਆਂ ਵੱਡੀਆਂ ਸ਼ਖਸੀਅਤਾਂ ’ਤੇ ਗਾਜ ਡਿੱਗੀ, ਉਨ੍ਹਾਂ ’ਚ ਇੰਟਰਪੋਲ ਦੇ ਸਾਬਕਾ ਮੁਖੀ ਮੇਂਗ ਹੋਂਗਵੇਈ ਵੀ ਹਨ। 2018 ’ਚ ਉਨ੍ਹਾਂ ਦੇ ਕਾਰਜਕਾਲ ਨੂੰ ਅਚਾਨਕ ਖਤਮ ਕਰ ਦਿੱਤਾ ਗਿਆ। ਉਸ ਦੇ ਬਾਅਦ ਚੀਨ ਪਰਤਣ ’ਤੇ ਉਹ ਗਾਇਬ ਹੋ ਗਏ। ਚੀਨ ਸਰਕਾਰ ਨੇ ਉਨ੍ਹਾਂ ’ਤੇ ਰਿਸ਼ਵਤ ਲੈਣ ਦਾ ਦੋਸ਼ ਲਾਇਆ ਅਤੇ ਉਨ੍ਹਾਂ ਨੂੰ ਸੱਤਾਧਾਰੀ ਕਮਿਊਨਿਸਟ ਪਾਰਟੀ ’ਚੋਂ ਕੱਢ ਦਿੱਤਾ ਗਿਆ। ਹੁਣ ਉਹ 13 ਸਾਲ ਦੀ ਕੈਦ ਕੱਟ ਰਹੇ ਹਨ।

ਅਰਬਪਤੀ ਕਾਰੋਬਾਰੀ ਅਤੇ ਅਲੀਬਾਬਾ ਗਰੁੱਪ ਦੇ ਮਾਲਕ ਜੈਕ ਮਾ ਨੂੰ ਵੀ ਸਰਕਾਰ ਦੀ ਆਲੋਚਨਾ ਮਹਿੰਗੀ ਪਈ ਸੀ। ਉਹ ਪਿਛਲੇ ਸਾਲ ਗਾਇਬ ਹੋਏ ਅਤੇ ਉਨ੍ਹਾਂ ਦੀ ਕੰਪਨੀ ਸਮੂਹ ਦੇ ਵਿਰੁੱਧ ਚੀਨ ਸਰਕਾਰ ਨੇ ਕਾਰਵਾਈ ਸ਼ੁਰੂ ਕੀਤੀ ਸੀ। ਉਸ ਦੇ ਕਈ ਮਹੀਨਿਆਂ ਬਾਅਦ ਤਕ ਉਨ੍ਹਾਂ ਦਾ ਕੋਈ ਅਤਾ-ਪਤਾ ਨਹੀਂ ਰਿਹਾ।

ਹਾਂਗਕਾਂਗ ਦੇ ਪੁਸਤਕ ਵਿਕ੍ਰੇਤਾ ਗੁਈ ਮਿਨਹਾਈ ਦਾ ਨਾਂ ਵੀ ਇਨ੍ਹਾਂ ’ਚ ਸ਼ਾਮਲ ਹੈ ਜੋ ਥਾਈਲੈਂਡ ’ਚ ਛੁੱਟੀਆਂ ਮਨਾਉਂਦੇ ਸਮੇਂ ਅਚਾਨਕ ਅਕਤੂਬਰ 2015 ’ਚ ਗਾਇਬ ਹੋ ਗਏ ਅਤੇ 2016 ’ਚ ਚੀਨ ਵਿਚ ਨਜ਼ਰ ਆਏ। 2018 ’ਚ ਉਨ੍ਹਾਂ ਨੂੰ ਰਿਹਾਅ ਕੀਤਾ ਗਿਆ ਪਰ ਕੁਝ ਦਿਨ ਬਾਅਦ ਜਦੋਂ ਉਹ ਸਵੀਡਨ ਦੇ ਇਕ ਕੂਟਨੀਤਿਕ ਨੂੰ ਮਿਲਣ ਜਾ ਰਹੇ ਸਨ, ਤਦ ਸਾਦੀ ਵਰਦੀ ’ਚ ਆਏ ਚੀਨੀ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਫਿਰ ਹਿਰਾਸਤ ’ਚ ਲੈ ਲਿਆ।

ਪੇਂਗ ਦੇ ਲਾਪਤਾ ਹੋਣ ਦੀ ਗੱਲ ਕਰੀਏ ਤਾਂ ਉਸ ਦੇ ਦੋਸ਼ ਚੀਨ ਦੇ ਲਈ ਬਹੁਤ ਵੱਡੀ ਗੱਲ ਇਸ ਲਈ ਹੈ ਕਿਉਂਕਿ ਪਹਿਲੀ ਵਾਰ ਕਿਸੇ ਕਥਿਤ ਪੀੜਤਾ ਨੇ ਕਮਿਊਨਿਸਟ ਪਾਰਟੀ ਦੇ ਕਿਸੇ ਸੀਨੀਅਰ ਅਧਿਕਾਰੀ ’ਤੇ ਸਿੱਧੇ ਤੌਰ ’ਤੇ ਸੈਕਸ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਮੀ-ਟੂ ਅੰਦੋਲਨ ਅਜੇ ਤਕ ਕਮਿਊਨਿਸਟ ਪਾਰਟੀ ਦੇ ਉਪਰਲੇ ਪਾਇਦਾਨ ਤਕ ਨਹੀਂ ਪਹੁੰਚਿਆ ਹੈ।

ਕਈ ਟੈਨਿਸ ਸਿਤਾਰਿਆਂ, ਖੇਡ ਅਥਾਰਿਟੀਆਂ, ਸਰਕਾਰਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਵੀ ਪੇਂਗ ਸ਼ੁਆਈ ਦੇ ਸਮਰਥਨ ’ਚ ਆਪਣੀ ਗੱਲ ਰੱਖੀ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਜੇਨ ਸਾਕੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਾਈਡੇਨ ਦਾ ਪ੍ਰਸ਼ਾਸਨ ਚਾਹੁੰਦਾ ਸੀ ਕਿ ਚੀਨ ਪੇਂਗ ਦੇ ਟਿਕਾਣੇ ਦਾ ‘ਸੁਤੰਤਰ, ਵਿਸ਼ਵਾਸ ਕਰਨ ਲਾਇਕ ਸਬੂਤ’ ਪੇਸ਼ ਕਰੇ। ਸੰਯੁਕਤ ਰਾਸ਼ਟਰ ਨੇ ਵੀ ਪੇਂਗ ਦੇ ਦਾਅਵਿਆਂ ਦੀ ਪੂਰੀ ਤਰ੍ਹਾਂ ਪਾਰਦਰਸ਼ੀ ਜਾਂਚ ’ਤੇ ਜ਼ੋਰ ਦਿੱਤਾ।

ਦਰਅਸਲ, 2 ਨਵੰਬਰ ਨੂੰ ਚੀਨ ਦੀ ਟੈਨਿਸ ਖਿਡਾਰੀ ਪੇਂਗ ਸ਼ੁਆਈ ਨੇ ਚੀਨੀ ਸੋਸ਼ਲ ਮੀਡੀਆ ’ਤੇ ‘ਵੀਬੋ’ ਉਤੇ ਪੋਸਟ ਪਾ ਕੇ ਦੱਸਿਆ ਕਿ ਚੀਨ ਦੇ ਸਾਬਕਾ ਪ੍ਰੀਮੀਅਰ ਝਾਂਗ ਗਾਓਲੀ ਨੇ ਸੈਕਸ ਦੇ ਲਈ ਉਸ ’ਤੇ ਦਬਾਅ ਬਣਾਇਆ ਸੀ।

ਇਸ ਦੋਸ਼ ਦੇ ਕੁਝ ਦੇਰ ਬਾਅਦ ਹੀ ਉਸ ਦੀ ਪੋਸਟ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾ ਦਿੱਤੀ ਗਈ ਹਾਲਾਂਕਿ ਤਦ ਤਕ ਕਈ ਲੋਕਾਂ ਨੇ ਪੋਸਟ ਦੇ ਸਕ੍ਰੀਨ ਸ਼ਾਟ ਲੈ ਲਏ ਅਤੇ ਇਹ ਗੱਲ ਵਾਇਰਲ ਹੋ ਚੁੱਕੀ ਸੀ। ਇਸੇ ਘਟਨਾ ਦੇ ਬਾਅਦ ਤੋਂ ਹੀ ਉਹ ਲਾਪਤਾ ਦੱਸੀ ਜਾ ਰਹੀ ਹੈ। ਅਜਿਹਾ ਵੀ ਖਦਸ਼ਾ ਹੈ ਕਿ ਉਸ ਦੇ ਘਰ ’ਤੇ ਹਮਲਾ ਕੀਤਾ ਗਿਆ ਪਰ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਰਾਜ ਪ੍ਰਸਾਰਕ ਸੀ. ਜੀ. ਟੀ. ਐੱਨ. ਨੇ ਪੇਂਗ ਦੇ ਵਰਲਡ ਟੈਨਿਸ ਐਸੋਸੀਏਸ਼ਨ ਮੁਖੀ ਸਟੀਵ ਸਾਈਮਨ ਨੂੰ ਕਥਿਤ ਤੌਰ ’ਤੇ ਭੇਜੀ ਹੋਈ ਇਕ ਈ-ਮੇਲ ਸ਼ੇਅਰ ਕਰਦੇ ਹੋਏ ਕਿਹਾ ਕਿ ਉਹ ਆਪਣੇ ਘਰ ’ਚ ‘ਆਰਾਮ’ ਕਰ ਰਹੀ ਹੈ ਤੇ ਉਸ ਦੇ ਘਰ ’ਤੇ ਹਮਲੇ ਦਾ ਦੋਸ਼ ‘ਸੱਚ’ ਨਹੀਂ। ਹਾਲਾਂਕਿ ਸਾਈਮਨ ਨੇ ਇਸ ਈ-ਮੇਲ ਦੀ ਪ੍ਰਮਾਣਿਕਤਾ ’ਤੇ ਸਵਾਲ ਉਠਾਇਆ ਹੈ।

ਪੇਂਗ ਦੇ ਗਾਇਬ ਹੋਣ ਦੀਆਂ ਖਬਰਾਂ ਦੇ ਬਾਅਦ ਚੀਨ ਸਰਕਾਰ ’ਤੇ ਦਬਾਅ ਬਣਾਉਣ ਲਈ ਸੋਸ਼ਲ ਮੀਡੀਆ ’ਤੇ ‘ਹੈਸ਼ਟੈਗ ਵੇਅਰ ਇਜ਼ ਪੇਂਗ ਸ਼ੁਆਈ’ (ਕਿਥੇ ਹੈ ਪੇਂਗ ਸ਼ੁਆਈ) ਦੇ ਨਾਂ ਨਾਲ ਇਕ ਮੁਹਿੰਮ ਚਲਾਈ ਗਈ ਹੈ।

ਬੀਜਿੰਗ ਨੇ ਇਨ੍ਹਾਂ ਦੋਸ਼ਾਂ ’ਤੇ ਬੜੀ ਮੁਸ਼ਕਿਲ ਕੋਈ ਟਿੱਪਣੀ ਕੀਤੀ-ਵਿਦੇਸ਼ ਮੰਤਰਾਲਾ ਦੇ ਬੁਲਾਰਿਆਂ ਨੇ ਇਸ ਨੂੰ ਅੰਦਰੂਨੀ ਮਾਮਲਾ ਦੱਸ ਕੇ ਖਾਰਿਜ ਕਰ ਦਿੱਤਾ ਪਰ ਸੈਂਸਰਸ਼ਿਪ ਲਗਾਉਣ ’ਚ ਤੀਬਰਤਾ ਦਖਿਾਈ ਗਈ। ਨਾ ਸਿਰਫ ਪੇਂਗ ਦੀ ਪੋਸਟ ਨੂੰ ਤੁਰੰਤ ਹੀ ਹਟਾ ਦਿੱਤਾ ਗਿਆ ਸਗੋਂ ਚੀਨੀ ਸੋਸ਼ਲ ਮੀਡੀਆ ’ਤੇ ਉਸ ਨਾਲ ਜੁੜੇ ਸਰਚ ਦੇ ਸ਼ਬਦਾਂ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ ਜਿਵੇਂ ਕਿ ‘ਟੈਨਿਸ’ ਅਤੇ ‘ਪੇਂਗ’।

ਚੀਨੀ ਹਾਕਮ, ਕਈ ਤਾਨਾਸ਼ਾਹੀ ਦੇਸ਼ਾਂ ਦੇ ਹੀ ਵਾਂਗ ਸੱਚਾਈ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਅਤੇ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਿਜ਼ਆਦਾਤਰ ਮਾਮਲਿਆਂ ’ਚ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਪ੍ਰਵਾਨ ਕਰਨ ਲਈ ਤਿਆਰ ਨਹੀਂ ਹੁੰਦੇ ਅਤੇ ਅਸਲੀ ਦੁਨੀਆ ਤੋਂ ਤਾਂ ਉਹ ਇਸ ਤਰ੍ਹਾਂ ਕੱਟੇ ਹੋਏ ਹਨ ਕਿ ਉਨ੍ਹਾਂ ਨੂੰ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਕਿ ਉਨ੍ਹਾਂ ਦੀਆਂ ਇਨ੍ਹਾਂ ਹਰਕਤਾਂ ਦਾ ਬਾਕੀ ਦੁਨੀਆ ’ਚ ਿਕਹੋ ਜਿਹਾ ਸੰਦੇਸ਼ ਜਾ ਰਿਹਾ ਹੈ।

ਹਾਲਾਂਕਿ, ਪੇਂਗ ਦੇ ਲਾਪਤਾ ਹੋਣ ਤੋਂ ਬਾਅਦ ਚੀਨ ’ਤੇ ਦੁਨੀਆ ਭਰ ਤੋਂ ਕਾਫੀ ਦਬਾਅ ਬਣਨ ਲੱਗਾ ਹੈ। ਵਿਸ਼ੇਸ਼ ਤੌਰ ’ਤੇ ਵਰਲਡ ਟੈਨਿਸ ਐਸੋਸੀਏਸ਼ਨ ਦਾ ਰੁਖ ਚੀਨ ਦੇ ਲਈ ਚਿੰਤਾ ਪੈਦਾ ਕਰ ਸਕਦਾ ਹੈ।

ਬੀਜਿੰਗ 2022 ਸਰਦ ਰੁੱਤ ਓਲੰਪਿਕ ਦੀ ਮੇਜ਼ਬਾਨੀ ਕਰਨ ਦੀ ਤਿਆਰੀ ਕਰ ਰਿਹਾ ਹੈ ਅਤੇ ਪਹਿਲਾਂ ਤੋਂ ਹੀ ਸ਼ਿਨਜਿਆਂਗ ਅਤੇ ਹੋਰਨਾਂ ਥਾਵਾਂ ’ਤੇ ਚੀਨ ਵੱਲੋਂ ਮਨੁੱਖੀ ਹੱਕਾਂ ਦੇ ਘਾਣ ਨੂੰ ਲੈ ਕੇ ਸੰਭਾਵਿਤ ਅਮਰੀਕੀ ਕੂਟਨੀਤਿਕ ਬਾਈਕਾਟ ਦੀ ਤਲਵਾਰ ਲਟਕ ਰਹੀ ਹੈ। ਉਈਗਰ ਵਰਕਰ ਅਤੇ ਹੋਰ ਲੋਕ ਖੇਡਾਂ ਦੇ ਵਿਆਪਕ ਬਾਈਕਾਟ ਦੀ ਪੈਰਵੀ ਕਰ ਰਹੇ ਹਨ।

ਚੀਨ ’ਤੇ ਅਸਰ ਲਾਜ਼ਮੀ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਸਾਰੇ ਦੇਸ਼ 2022 ਦੇ ਸਰਦ ਰੁੱਤ ਓਲੰਪਿਕ ’ਚ ਹਿੱਸਾ ਲੈਣ। ਇਸ ਲਈ ਸ਼ਾਇਦ ਕੁਝ ਸਮੇਂ ਲਈ ਚੀਨੀ ਸਰਕਾਰ ਨੂੰ ਵਿਸ਼ਵ ਭਰ ਦੇ ਦੇਸ਼ਾਂ ਦੀ ਸੋਚ ਨੂੰ ਨਜ਼ਰਅੰਦਾਜ਼ ਕਰਨਾ ਔਖਾ ਹੋਵੇਗਾ। ਅਜਿਹੇ ’ਚ ਜੇਕਰ ਸੋਚ ਲਿਆ ਜਾਵੇ ਕਿ ਸ਼ੀ ਜਿਨਪਿੰਗ ਆਪਣੀ ਅਧਿਕਾਰਤ ਨੀਤੀ ਬਦਲ ਦੇਣਗੇ ਤਾਂ ਇਹ ਗਲਤ ਹੋਵੇਗਾ ਪਰ ਕੀ ਕੁਝ ਦੇਰ ਲਈ ਉਸ ’ਤੇ ਰੋਕ ਲਾ ਸਕਣਗੇ। ਇਹ ਸੋਚਣ ਵਾਲੀ ਗੱਲ ਹੈ।


Bharat Thapa

Content Editor

Related News