ਨੇਤਾਵਾਂ ਨੂੰ ਚੌਹਾਨ ਦੀ ਸਿੱਖਿਆ
Sunday, Feb 14, 2021 - 02:17 AM (IST)

ਡਾ. ਵੇਦਪ੍ਰਤਾਪ ਵੈਦਿਕ
ਇੰਦੌਰ ਪਹਿਲਾਂ ਤੋਂ ਹੀ ਦੇਸ਼ ਦਾ ਸਭ ਤੋਂ ਵੱਧ ਸਾਫ-ਸੁਥਰਾ ਸ਼ਹਿਰ ਲਗਾਤਾਰ ਕਈ ਵਾਰ ਐਲਾਨਿਆ ਜਾ ਚੁੱਕਾ ਹੈ। ਇਥੋਂ ਦੇ ਵਪਾਰੀਅਾਂ ਨੇ ਮਿਲਾਵਟਖੋਰੀ ਦੇ ਵਿਰੁੱਧ ਜੋ ਸਹੁੰਨਾਮਾ ਭਰਿਆ ਹੈ ਉਸ ਨੇ ਵੀ ਸਾਰੇ ਦੇਸ਼ ਨੂੰ ਨਵੀਂ ਦਿਸ਼ਾ ਦਿਖਾਈ ਹੈ ਅਤੇ ਹੁਣ ਸਿਆਸਤ ਦੇ ਨਜ਼ਰੀਏ ਤੋਂ ਵੀ ਇਕ ਹੋਰ ਵਰਣਨਯੋਗ ਕੰਮ ਇਥੇ ਹੋ ਗਿਆ ਹੈ। ਆਪਣੇ ਸਿਆਸੀ ਵਰਕਰਾਂ ਨੂੰ ਜੋ ਸਿੱਖਿਆ ਕਦੇ ਗਾਂਧੀ ਜੀ, ਨਹਿਰੂ ਜੀ, ਲੋਹੀਆ ਜੀ, ਸ਼੍ਰੀਪਾਦ ਡਾਂਗੇ ਜੀ, ਦੀਨਦਿਆਲ ਉਪਾਧਿਆਏ ਜੀ ਆਦਿ ਦਿੰਦੇ ਹੁੰਦੇ ਸਨ, ਉਹੀ ਸਿੱਖਿਆ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਆਪਣੇ ਭਾਜਪਾ ਵਰਕਰਾਂ ਨੂੰ ਦਿੱਤੀ ਹੈ।
ਉਹ ਅੱਜਕਲ ਆਪਣੇ ਵਰਕਰ ਕੈਂਪ ਲਈ ਉੱਜੈਨ ਅਤੇ ਇੰਦੌਰ ’ਚ ਪ੍ਰਵਾਸ ਕਰ ਰਹੇ ਹਨ। ਚੌਹਾਨ ਨੇ ਆਪਣੇ ਮੰਤਰੀਅਾਂ ਅਤੇ ਵਿਧਾਇਕਾਂ ਨਾਲ ਇਸ ਸਮੱਸਿਆ ’ਤੇ ਤਾਂ ਖੁੱਲ੍ਹਾ ਵਿਚਾਰ-ਵਟਾਂਦਰਾ ਕੀਤਾ ਹੀ ਕਿ ਉਹ ਪਿਛਲੀਅਾਂ ਚੋਣਾਂ ਕਿਉਂ ਹਾਰੇ ਪਰ ਉਨ੍ਹਾਂ ਨੇ ਆਪਣੇ ਵਰਕਰਾਂ ਨੂੰ ਸਫਲਤਾ, ਹਰਮਨਪਿਆਰਤਾ ਅਤੇ ਲੋਕ ਸੇਵਾ ਦੇ ਜੋ ਗੁਰ ਦੱਸੇ ਹਨ, ਉਹ ਸਿਰਫ ਭਾਜਪਾ ਹੀ ਨਹੀਂ, ਦੇਸ਼ ਦੀਅਾਂ ਸਾਰੀਅਾਂ ਪਾਰਟੀਅਾਂ ਲਈ ਲਾਗੂ ਕਰਨ ਯੋਗ ਹਨ। ਉਨ੍ਹਾਂ ਨੇ ਭਾਜਪਾ ਵਰਕਰਾਂ ਨੂੰ ਪ੍ਰੇਰਿਤ ਕੀਤਾ ਹੈ ਕਿ ਉਹ ਜਨਤਾ ਨਾਲ ਆਪਣਾ ਸਿੱਧਾ ਸੰਪਰਕ ਵਧਾਉਣ।
ਉਨ੍ਹਾਂ ਨੇ ਮੰਤਰੀਅਾਂ ਅਤੇ ਵਿਧਾਇਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਨਿੱਜੀ ਸਹਾਇਕਾਂ (ਪੀ. ਏ. ਆਦਿ) ਤੋਂ ਚੌਕਸ ਰਹਿਣ ਕਿਉਂਕਿ ਉਨ੍ਹਾਂ ਦੇ ਹੰਕਾਰ ਦਾ ਗੁਬਾਰਾ ਉਨ੍ਹਾਂ ’ਚ ਆਪਣੇ ਸਵਾਮੀ ਨਾਲੋਂ ਵੀ ਜ਼ਿਆਦਾ ਫੁੱਲ ਜਾਂਦਾ ਹੈ। ਚਾਹ ਨਾਲੋਂ ਜ਼ਿਆਦਾ ਗਰਮ ਕੇਤਲੀ ਹੋ ਜਾਂਦੀ ਹੈ। ਭਾਵ ਆਪਣੇ ਸਹਾਇਕਾਂ ਨੂੰ ਨੇਤਾ ਲੋਕ ਨਿਮਰਤਾ ਅਤੇ ਈਮਾਨਦਾਰੀ ਸਿਖਾਉਣ। ਕਈ ਦੇਸੀ ਅਤੇ ਵਿਦੇਸ਼ੀ ਪ੍ਰਧਾਨ ਮੰਤਰੀਅਾਂ ਨੂੰ ਆਪਣੇ ਸਹਾਇਕਾਂ ਦੇ ਭ੍ਰਿਸ਼ਟ ਅਤੇ ਘਟੀਆ ਆਚਰਨ ਦੇ ਕਾਰਨ ਬਹੁਤ ਬੁਰੇ ਦਿਨ ਦੇਖਣੇ ਪਏ ਹਨ। ਚੌਹਾਨ ਨੇ ਵਿਚੋਲਿਅਾਂ ਅਤੇ ਦਲਾਲਾਂ ਤੋਂ ਵੀ ਸਾਵਧਾਨ ਰਹਿਣ ਲਈ ਕਿਹਾ ਹੈ। ਅੱਜਕਲ ਇਹ ‘ਲਾਏਸਾਂ’ ਨਾਂ ਦਾ ਵੱਡਾ ਧੰਦਾ ਬਣ ਗਿਆ ਹੈ।
ਜਯੋਤਿਰਾਦਿੱਤਿਆ ਸਿੰਧੀਅਾ ਨੇ ਮੰਤਰੀਅਾਂ ਨੂੰ ਕਿਹਾ ਹੈ ਕਿ ਉਹ ਭਾਜਪਾ ਵਰਕਰਾਂ ਲਈ ਪ੍ਰਤੀ ਹਫਤੇ ਕੁਝ ਘੰਟੇ ਸਿੱਧੀ ਗੱਲਬਾਤ ਲਈ ਕੱਢਿਆ ਕਰਨ। ਮੈਂ ਕਹਿੰਦਾ ਹਾਂ ਕਿ ਉਹ ਆਮ ਜਨਤਾ ਨਾਲ ਵੀ ਸਿੱਧੇ ਉਨ੍ਹਾਂ ਦੇ ਦੁੱਖ ਦਰਦ ਸੁਣਨ ਦਾ ਸਮਾਂ ਕਿਉਂ ਨਹੀਂ ਰੋਜ਼ ਕੱਢਦੇ? ਜੇਕਰ ਇਹੀ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨ, ਭਾਵੇਂ ਹਫਤੇ ’ਚ ਇਕ ਵਾਰ ਹੀ ਕਰਨ, ਤਾਂ ਵੀ ਦੇਸ਼ ਦੀ ਜਨਤਾ ਵੱਡੀ ਰਾਹਤ ਮਹਿਸੂਸ ਕਰੇਗੀ।
ਜ਼ਰਾ ਯਾਦ ਕਰੋ, ਇੰਦਰਾ ਗਾਂਧੀ ਨੇ ‘ਜਨਤਾ ਦਰਬਾਰਾਂ’ ਨੂੰ। ਉਹ ਪ੍ਰਧਾਨ ਮੰਤਰੀ ਦਾ ਨਹੀਂ, ਜਨਤਾ ਦਾ ਦਰਬਾਰ ਹੁੰਦਾ ਸੀ। ‘ਜਨਤਾ ਦੇ ਦਰਬਾਰ’ ’ਚ ਪ੍ਰਧਾਨ ਮੰਤਰੀ ਖੁਦ ਪੇਸ਼ ਹੁੰਦੀ ਸੀ। ਜੇਕਰ ਮੋਦੀ ਇਸ ਨੂੰ ਕਰਨਗੇ ਤਾਂ ਦੇਸ਼ ਦੀਅਾਂ ਸਾਰੀਅਾਂ ਪਾਰਟੀਅਾਂ ਦੇ ਮੁੱਖ ਮੰਤਰੀ ਵੀ ਇਹ ਕੰਮ ਜ਼ੋਰ-ਸ਼ੋਰ ਨਾਲ ਕਰਨਗੇ। ਭਾਰਤ ਦਾ ਲੋਕਤੰਤਰ ਬਹੁਤ ਹੀ ਤੰਦਰੁਸਤ ਅਤੇ ਮਜ਼ਬੂਤ ਬਣੇਗਾ। ਡਰਾਮੇਬਾਜ਼ੀਅਾਂ ਦੇ ਬਿਨਾਂ ਸਿਆਸਤ ਨੂੰ ਚਲਾਉਣਾ ਬੜਾ ਔਖਾ ਹੈ। ਉਹ ਚੱਲਦੀ ਰਹੇ ਪਰ ਉਸ ਦੇ ਨਾਲ-ਨਾਲ ਜਨਤਾ (ਅਤੇ ਪੱਤਰਕਾਰਾਂ) ਦੇ ਨਾਲ ਜੇਕਰ ਤੁਹਾਡੀ ਸਿੱਧੀ ਗੱਲਬਾਤ ਨਹੀਂ ਹੈ ਤਾਂ ਤੁਹਾਡੀ ਸਰਕਾਰ ਕਿਵੇਂ ਹੇਠਾਂ ਬੈਠਦੀ ਜਾ ਰਹੀ ਹੈ, ਇਹ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ। ਸਰਕਾਰਾਂ ਜੋ ਲੋਕ ਭਲਾਈ ਦੇ ਉੱਤਮ ਕੰਮ ਕਰਦੀਅਾਂ ਹਨ, ਉਨ੍ਹਾਂ ’ਤੇ ਸਿੱਧੀ ਜਨਤਾ ਦੀ ਪ੍ਰਤੀਕਿਰਿਆ ਸੁਣਨ ਤਾਂ ਕੀ ਪ੍ਰਧਾਨ ਮੰਤਰੀ, ਮੁੱਖ ਮੰਤਰੀਅਾਂ, ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਸੀਨੇ ਖੁਸ਼ੀ ਨਾਲ ਫੁੱਲਣ ਨਹੀਂ ਲੱਗਣਗੇ? ਉਨ੍ਹਾਂ ’ਚ ਵਿਸ਼ੇਸ਼ ਉਤਸ਼ਾਹ ਪੈਦਾ ਨਹੀਂ ਹੋ ਜਾਵੇਗਾ?