ਭਵਨ ਲੋਕਤੰਤਰ ਦਾ, ਭਾਵਨਾ ਰਾਜਤੰਤਰ ਦੀ

05/30/2023 5:52:26 PM

‘‘ਸਵਾਲ ਭਵਨ ਦਾ ਨਹੀਂ ਭਾਵਨਾ ਦਾ ਹੈ।’’ ਜਦੋਂ ਮੇਰੇ ਕੋਲੋਂ ਸੰਸਦ ਦੇ ਨਵੇਂ ਭਵਨ ’ਤੇ ਪ੍ਰਤੀਕਿਰਿਆ ਮੰਗੀ ਗਈ ਤਾਂ ਬਦੋ ਬਦੀ ਮੇਰੇ ਮੂੰਹ ’ਚੋਂ ਇਹ ਗੱਲ ਨਿਕਲੀ।

ਸਵਾਲ ਇਹ ਨਹੀਂ ਕਿ ਭਾਰਤੀ ਸੰਸਦ ਨੂੰ ਇਕ ਨਵੇਂ ਭਵਨ ਦੀ ਲੋੜ ਸੀ ਜਾਂ ਨਹੀਂ। ਕਈ ਸੰਸਦ ਮੈਂਬਰਾਂ ਨੇ ਕਿਹਾ ਹੈ ਕਿ ਪਿਛਲੀ ਇਮਾਰਤ ਹੁਣ ਕੰਮ ਕਰਨਯੋਗ ਨਹੀਂ ਬਚੀ ਸੀ ਅਤੇ ਨਵੇਂ ਜ਼ਮਾਨੇ ਦੀ ਲੋੜ ਮੁਤਾਬਕ ਢੁੱਕਵੀਂ ਨਹੀਂ ਸੀ। ਮੈਂ ਹੁਣ ਵੀ ਕਿਫਾਇਤੀ ਮਿਜਾਜ਼ ਦਾ ਹਾਂ। ਹਮੇਸ਼ਾ ਫਜ਼ੂਲ ਖਰਚੀ ਤੋਂ ਬਚਣ ਬਾਰੇ ਸੋਚਦਾ ਹਾਂ। ਮੈਨੂੰ ਤਾਂ ਲੱਗਦਾ ਸੀ ਕਿ ਪੁਰਾਣੀ ਇਮਾਰਤ ਦੀ ਮੁਰੰਮਤ ਅਤੇ ਨਵੀਨੀਕਰਨ ਹੋ ਸਕਦਾ ਸੀ। ਉਂਝ ਵੀ ਗਰੀਬਾਂ ਦੇ ਇਸ ਲੋਕਤੰਤਰ ਦੀ ਪ੍ਰਤੀਕ ਕੋਈ ਵਿਸ਼ਾਲ ਇਮਾਰਤ ਹੋਵੇ, ਇਹ ਗੱਲ ਜਚਦੀ ਨਹੀਂ ਹੈ ਪਰ ਮੈਂ ਤਾਂ ਕਦੀ ਇਹ ਇਮਾਰਤ ਵਰਤੀ ਨਹੀਂ। ਹੋ ਸਕਦਾ ਹੈ ਕਿ ਜਿਹੜੇ ਵਿਅਕਤੀ ਉੱਥੇ ਰੋਜ਼ਾਨਾ ਜਾਂਦੇ ਹੋਣ ਉਨ੍ਹਾਂ ਦੀ ਗੱਲ ਠੀਕ ਹੋਵੇ। ਹੋ ਸਕਦਾ ਹੈ ਕਿ ਨਵਾਂ ਭਵਨ ਹੀ ਇਕੋ ਇਕ ਬਦਲ ਹੋਵੇ। ਸੰਭਵ ਹੈ ਕਿ ਇਹ ਭਵਨ ਪਿਛਲੇ ਨਾਲੋਂ ਵਧੀਆ ਹੋਵੇ। ਬੇਸ਼ੱਕ ਇਹ ਵਧੀਆ ਸਹੂਲਤਾਂ ਤੇ ਤਕਨੀਕ ਨਾਲ ਲੈਸ ਹੋਵੇਗਾ ਪਰ ਇਹ ਅਸਲੀ ਸਵਾਲ ਨਹੀਂ ਹੈ। ਸਵਾਲ ਤਾਂ ਇਹ ਹੈ ਕਿ ਇਹ ਨਵਾਂ ਭਵਨ ਕਿਸ ਭਾਵ ਦੀ ਪ੍ਰਤੀਨਿੱਧਤਾ ਕਰਦਾ ਹੈ।

ਸਰਕਾਰੀ ਅਤੇ ਦਰਬਾਰੀ ਲੋਕਾਂ ਦੀ ਮੰਨੀਏ ਤਾਂ ਸੰਸਦ ਦਾ ਇਹ ਨਵਾਂ ਭਵਨ ਵਿਸ਼ਵ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਤਾਕਤ ਦਾ ਵਿਸ਼ਾਲ ਪ੍ਰਤੀਕ ਹੈ। ਸਪੱਸ਼ਟ ਹੈ ਕਿ ਵਿਰੋਧੀ ਪਾਰਟੀਆਂ ਇਸ ਦਾਅਵੇ ਦਾ ਮਜ਼ਾਕ ਉਡਾਉਂਦੀਆਂ ਹਨ। ਪਿਛਲੇ 9 ਸਾਲਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਜੋ ਵੀ ਪ੍ਰਾਪਤੀਆਂ ਰਹੀਆਂ ਹੋਣ, ਉਨ੍ਹਾਂ ਦੇ ਹਮਾਇਤੀ ਵੀ ਇਹ ਕਹਿਣ ਤੋਂ ਸੰਕੋਚ ਕਰਨਗੇ ਕਿ ਉਨ੍ਹਾਂ ਨੇ ਲੋਕਤੰਤਰੀ ਮਰਿਆਦਾ ਅਤੇ ਸੰਸਦੀ ਪ੍ਰੰਪਰਾਵਾਂ ਦਾ ਸਨਮਾਨ ਕੀਤਾ ਹੈ।

ਉਨ੍ਹਾਂ ਦੇ ਕਾਰਜਕਾਲ ’ਚ ਸੰਸਦ ਸਮਾਗਮ ਛੋਟੇ ਹੋਏ ਹਨ। ਬਿਨਾਂ ਬਹਿਸ ਤੋਂ ਪਾਸ ਹੋਏ ਕਾਨੂੰਨਾਂ ਦੀ ਗਿਣਤੀ ਵਧੀ ਹੈ। ਪਹਿਲੀ ਵਾਰ ਰਾਜ ਸਭਾ ’ਚ ਬਿਨਾਂ ਵੋਟਿੰਗ ਕਰਵਾ ਕੇ ਕਾਨੂੰਨ ਪਾਸ ਕੀਤੇ ਗਏ। ਪਹਿਲੀ ਵਾਰ ਬਜਟ ਅਤੇ ਵਿੱਤ ਬਿੱਲ ਦੀ ਆੜ ’ਚ ਆਮ ਕਾਨੂੰਨ ਨੂੰ ਉਪਰਲੇ ਹਾਊਸ ਤੋਂ ਬਾਈਪਾਸ ਕਰਵਾਇਆ ਗਿਆ। ਪਹਿਲੀ ਵਾਰ ਵਿਰੋਧੀ ਧਿਰ ਦੇ ਆਗੂਆਂ ਦੇ ਬੋਲਦੇ ਸਮੇਂ ਕੈਮਰਾ ਬੰਦ ਕਰਵਾਇਆ ਗਿਆ ਅਤੇ ਉਨ੍ਹਾਂ ਦਾ ਮਾਈਕ ਵੀ ਬੰਦ ਰਿਹਾ।

ਪਹਿਲੀ ਵਾਰ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਨੇ ਰੌਲਾ ਪਾ ਕੇ ਸੰਸਦ ਦੀ ਕਾਰਵਾਈ ਬੰਦ ਕਰਵਾਈ। ਪਹਿਲੀ ਵਾਰ ਵਿਰੋਧੀ ਧਿਰ ਦੇ ਵੱਡੇ ਸੰਸਦ ਦੀ ਮੈਂਬਰੀ ਰੱਦ ਕਰਵਾਉਣ ਦੀ ਖੇਡ ਖੇਡੀ ਗਈ। ਇਹ ਜ਼ਰੂਰੀ ਹੈ ਕਿ ਜਿਸ ਸੰਸਦ ਦੀ ਸ਼ਾਨ ਘਟ ਰਹੀ ਹੋਵੇ, ਉਸ ਲਈ ਵਿਸ਼ਾਲ ਭਵਨ ਦੀ ਉਸਾਰੀ ਸਵਾਲ ਖੜ੍ਹੇ ਕਰੇਗੀ।

ਭਵਨ ਦੇ ਉਦਘਾਟਨ ਨਾਲ ਜੁੜੇ ਵਿਵਾਦ ਨੂੰ ਕਿਸ ਰੋਸ਼ਨੀ ’ਚ ਦੇਖਿਆ ਜਾਣਾ ਚਾਹੀਦਾ ਹੈ। ਤਕਨੀਕੀ ਪੱਖੋਂ ਇਹ ਜ਼ਰੂਰੀ ਨਹੀਂ ਕਿ ਉਦਘਾਟਨ ਰਾਸ਼ਟਰਪਤੀ ਦੇ ਹੱਥੋਂ ਹੀ ਹੁੰਦਾ। ਉਂਝ ਇਹ ਵੀ ਕਿਤੇ ਨਹੀਂ ਲਿਖਿਆ ਕਿ 26 ਜਨਵਰੀ ਦੀ ਪਰੇਡ ਦੀ ਸਲਾਮੀ ਰਾਸ਼ਟਰਪਤੀ ਹੀ ਲਵੇ। ਇਹ ਸਭ ਲੋਕਤੰਤਰ ਦੀਆਂ ਰਵਾਇਤਾਂ ਹਨ। ਬਿਨਾਂ ਸ਼ੱਕ ਇਸ ਵਾਰ ਉਸ ਮਰਿਆਦਾ ਦੀ ਉਲੰਘਣਾ ਹੋਈ ਹੈ। ਇਹ ਸੰਭਵ ਹੈ ਕਿ ਵਿਰੋਧੀ ਧਿਰ ਨੇ ਉਦਘਾਟਨੀ ਸਮਾਰੋਹ ਦਾ ਬਾਈਕਾਟ ਕਰਨ ਦਾ ਮਨ ਪਹਿਲਾਂ ਤੋਂ ਹੀ ਬਣਾ ਲਿਆ ਹੋਵੇ। ਇਹ ਵੀ ਸੱਚ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਆਯੋਜਨ ਦੀ ਵਰਤੋਂ ਆਪਣੇ ਨਿੱਜੀ ਅਕਸ ਨੂੰ ਬਣਾਉਣ ਲਈ ਕਰਨਾ ਚਾਹੁੰਦੇ ਸਨ। ਨਾਲ ਹੀ ਉਸ ਫੋਟੋ ’ਚ ਕਿਸੇ ਹੋਰ ਨੂੰ ਨਹੀਂ ਆਉਣ ਦੇਣਾ ਚਾਹੁੰਦੇ ਸਨ। ਮਾਣਯੋਗ ਰਾਸ਼ਟਰਪਤੀ ਨੂੰ ਵੀ ਨਹੀਂ। ਕੱਲ ਤੱਕ ਦੇਸ਼ ਜਿਸ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਨੂੰ ਪੂਰੇ ਦੇਸ਼ ਦੀ ਆਣ-ਬਾਣ-ਸ਼ਾਨ ਦਾ ਪ੍ਰਤੀਕ ਦੱਸਿਆ ਜਾ ਰਿਹਾ ਸੀ, ਉਸ ਨੂੰ ਇਤਿਹਾਸਕ ਮੌਕੇ ਤੋਂ ਲਾਂਬੇ ਕਰ ਦੇਣਾ ਇਹ ਸਵਾਲ ਖੜ੍ਹੇ ਕਰਦਾ ਹੈ ਕਿ ਕਿਤੇ ਇਸ ਸਰਕਾਰ ਨੂੰ ਭਾਰਤ ਦੇ ਗਣਤੰਤਰ ਵਾਲੇ ਚਰਿੱਤਰ ਤੋਂ ਪ੍ਰੇਸ਼ਾਨੀ ਤਾਂ ਨਹੀਂ ਹੈ?

ਇਸੇ ਸਮਾਰੋਹ ਨਾਲ ਜੁੜੇ ਕਈ ਪ੍ਰਤੀਕ ਸਰਕਾਰ ਦੀ ਨੀਅਤ ’ਤੇ ਸਵਾਲ ਖੜ੍ਹੇ ਕਰਦੇ ਹਨ। ਇਸ ਨੂੰ ਵਿਨਾਇਕ ਦਾਮੋਦਰ ਸਾਵਰਕਰ ਦੇ ਜਨਮਦਿਨ 28 ਮਈ ਵਾਲੇ ਦਿਨ ਆਯੋਜਿਤ ਕਰਨਾ ਇਕ ਡੂੰਘਾ ਇਸ਼ਾਰਾ ਹੈ। ਯਾਦ ਰਹੇ ਕਿ ਸਾਵਰਕਰ ਲੋਕਤੰਤਰ ਦੇ ਹਮਾਇਤੀ ਨਹੀਂ ਸਨ। ਉਹ ਹਿਟਲਰ ਅਤੇ ਮੁਸੋਲਿਨੀ ਦੇ ਪ੍ਰਸ਼ੰਸਕ ਸਨ। ਇਸ ਮੌਕੇ ’ਤੇ ਧਰਮ ਗੁਰੂਆਂ ਦੀ ਮੌਜੂਦਗੀ ਅਤੇ ਮੁੱਖ ਰੂਪ ਨਾਲ ਇਕ ਧਾਰਮਿਕ ਭਾਈਚਾਰੇ ਦੀ ਰਸਮ ਦੀ ਵਰਤੋਂ ਹੋਣੀ ਭਾਰਤ ਦੀ ਧਰਮ ਨਿਰਪੱਖ ਚਰਿੱਤਰ ਨਾਲ ਮੇਲ ਨਹੀਂ ਖਾਂਦੀ।

ਸੰਗੋਲ ਰੂਪੀ ਰਾਜਦੰਡ ਨੂੰ ਮਿਊਜ਼ੀਅਮ ’ਚੋਂ ਕਢਾ ਕੇ ਉਸ ਦਾ ਮਿਥਕ ਬਣਾ ਕੇ ਉਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥ ’ਚ ਸੌਂਪਣਾ ਕਿਤੇ ਨਾ ਕਿਤੇ ਇਸ ਸਮਾਰੋਹ ਨੂੰ ਰਾਜਤਿਲਕ ਦਾ ਰੂਪ ਦਿੰਦਾ ਹੈ, ਲੋਕਤੰਤਰ ਦਾ ਨਹੀਂ, ਰਾਜ ਤੰਤਰ ਦਾ ਅਕਸ ਬਣਾਉਂਦਾ ਹੈ।

ਜੇ 28 ਮਈ ਦੀ ਘਟਨਾ ਦਾ ਭਾਵ ਸਮਝਣ ’ਚ ਅਜੇ ਵੀ ਸ਼ੱਕ ਦੀ ਕੋਈ ਗੁੰਜਾਇਸ਼ ਸੀ ਤਾਂ ਉਸ ਨੂੰ ਸੜਕ ’ਤੇ ਮਹਿਲਾ ਪਹਿਲਵਾਨਾਂ ਨਾਲ ਹੋਈ ਬਦਸਲੂਕੀ ਨੇ ਪੂਰਾ ਕਰ ਦਿੱਤਾ। ਅਸਹਿਮਤੀ ਦਾ ਪ੍ਰਗਟਾਵੇ ਲੋਕਤੰਤਰ ਦੀ ਜਾਨ ਹੈ। ਲੋਕਤੰਤਰ ਦੇ ਮੰਦਰ ਦੇ ਉਦਘਾਟਨ ਦੇ ਮੌਕੇ ’ਤੇ ਅਸਹਿਮਤੀ ਨੂੰ ਕੁਚਲਨਾ ਉਸ ਮੰਦਰ ਨੂੰ ਮੈਲਾ ਕਰਦਾ ਹੈ। ਇਹ ਬਦਸਲੂਕੀ ਕਿਸੇ ਵੀ ਨਾਗਰਿਕ ਨਾਲ ਨਹੀਂ ਹੋਣੀ ਚਾਹੀਦੀ ਸੀ ਪਰ ਅਜਿਹਾ ਰਾਸ਼ਟਰੀ ਮਾਨ ਦੇ ਪ੍ਰਤੀਕ ਓਲੰਪਿਕ ਖਿਡਾਰੀਆਂ ਨਾਲ ਕਰਨਾ ਸੱਤਾ ਦੀ ਤਾਨਾਸ਼ਾਹੀ ਦਾ ਸਬੂਤ ਹੈ। ਉਹ ਵੀ ਇਕ ਅਜਿਹੇ ਨੇਤਾ ਨੂੰ ਬਚਾਉਣ ਲਈ ਜਿਸ ’ਤੇ ਨਾਬਾਲਿਗ ਕੁੜੀਆਂ ਨੇ ਸੈਕਸ ਸ਼ੋਸ਼ਣ ਦੇ ਗੰਭੀਰ ਦੋਸ਼ ਲਾਏ ਸਨ। ਮਹਿਲਾ ਪਹਿਲਵਾਨਾਂ ਨੂੰ ਪੁਲਸ ਵੱਲੋਂ ਘਸੀਟਣ ਦੀਆਂ ਤਸਵੀਰਾਂ ਨੇ ਦੁਨੀਆ ’ਚ ਭਾਰਤੀ ਲੋਕਤੰਤਰ ਦੇ ਨਾਂ ਨੂੰ ਕਲੰਕਿਤ ਕੀਤਾ ਹੈ।

ਇਤਿਹਾਸ ਗਵਾਹ ਹੈ ਕਿ ਹੰਕਾਰੀ ਤਾਨਾਸ਼ਾਹ ਵਿਸ਼ਾਲ ਯਾਦਗਾਰਾਂ ਤੇ ਵਿਸ਼ਾਲ ਭਵਨ ਬਣਾਉਣ ਦੇ ਸ਼ੌਕੀਨ ਹੁੰਦੇ ਹਨ। ਸੰਸਦ ਜੋ ਸਿਰਫ ਰਬੜ ਦੀ ਮੋਹਰ ਹੁੰਦੀ ਹੈ, ਦੇ ਭਵਨ ਵੀ ਅਕਸਰ ਬਹੁਤ ਵਿਸ਼ਾਲ ਹੁੰਦੇ ਹਨ ਪਰ ਇਤਿਹਾਸ ਇਹ ਵੀ ਵਿਖਾਉਂਦਾ ਹੈ ਕਿ ਅਖੀਰ ਲੋਕ ਭਾਵਨਾ ਸੱਤਾਧਾਰੀਆਂ ਦੀ ਭਾਵਨਾ ਤੋਂ ਵਧ ਮਜ਼ਬੂਤ ਸਾਬਤ ਹੁੰਦੀ ਹੈ। ਜੇ ਭਾਰਤੀ ਲੋਕਤੰਤਰ ਨੇ ਅੰਗਰੇਜ਼ਾਂ ਦੇ ਬਣਾਏ ਹੋਏ ਸੰਸਦ ਭਵਨ ਨੂੰ ਲੋਕਤੰਤਰ ਦੀ ਭਾਵਨਾ ਨਾਲ ਭਰਪੂਰ ਕਰ ਦਿੱਤਾ ਤਾਂ ਇਹ ਭਰੋਸਾ ਵੀ ਰੱਖਣਾ ਚਾਹੀਦਾ ਹੈ ਕਿ ਸੰਸਦ ਦੇ ਇਸ ਨਵੇਂ ਭਵਨ ’ਤੇ ਅੱਜ ਦੇ ਸੱਤਾਧਾਰੀਆਂ ਦੀ ਭਾਵਨਾ ਬਹੁਤ ਦੇਰ ਹਾਵੀ ਨਹੀਂ ਰਹੇਗੀ। ਤਾਨਾਸ਼ਾਹੀ ਸੱਤਾ ਦੇ ਇਰਾਦਿਆਂ ’ਤੇ ਲੋਕਤੰਤਰ ਦੀ ਜਿੱਤ ਹੋਵੇਗੀ।

ਯੋਗੇਂਦਰ ਯਾਦਵ


Rakesh

Content Editor

Related News