ਬ੍ਰਿਜ ਭੂਸ਼ਣ ਸ਼ਰਣ ਸਿੰਘ : ਇਕ ਵਾਦ-ਵਿਵਾਦ ਵਾਲਾ ‘ਬਾਹੂਬਲੀ’
Tuesday, Jun 06, 2023 - 07:51 PM (IST)
19 ਮਈ ਨੂੰ ਉੱਤਰ ਪ੍ਰਦੇਸ਼ ਦੇ ਕੇਸਰਗੰਜ ਤੋਂ ਭਾਜਪਾ ਦੇ ਐੱਮ. ਪੀ. ਅਤੇ ਭਾਰਤੀ ਕੁਸ਼ਤੀ ਫੈੱਡਰੇਸ਼ਨ (ਡਬਲਯੂ.ਐੱਫ.ਆਈ.) ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ 5 ਜੂਨ ਤੋਂ ਅਯੁੱਧਿਆ ਦੇ ਰਾਮਕਥਾ ਪਾਰਕ ’ਚ ਇਕ ‘ਜਨਚੇਤਨਾ ਮਹਾਰੈਲੀ’ ਦਾ ਆਯੋਜਨ ਕਰਨ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ ਸੀ। ਕੁਝ ਹੀ ਘੰਟਿਆਂ ਅੰਦਰ ਗੋਂਡਾ, ਬਹਿਰਾਈਚ, ਬਲਰਾਮਪੁਰ, ਸ਼ਰਾਵਸਤੀ ਅਤੇ ਅਯੁੱਧਿਆ ਅਤੇ ਬਾਰਾਪੰਤੀ ਦੇ ਹੋਰਨਾਂ ਗੁਆਂਢੀ ਜ਼ਿਲਿਆਂ ’ਚ ਸਿੰਘ ਦੇ ਵੱਡੇ-ਵੱਡੇ ਪੋਸਟਰ ਨਜ਼ਰ ਆਏ। ਸ਼ਰਨ ’ਤੇ 2 ਐੱਫ. ਆਈ.ਆਰ. ਦਰਜ ਹਨ ਜਿਨ੍ਹਾਂ ’ਚੋਂ ਇਕ ਪੋਕਸੋ ਐਕਟ ਦੇ ਅਧੀਨ ਦਰਜ ਹੈ। ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਮਹਿਲਾ ਪਹਿਲਵਾਨਾਂ ਦਾ ਕਥਿਤ ਤੌਰ ’ਤੇ ਸੈਕਸ ਸ਼ੋਸ਼ਣ ਕੀਤਾ।
ਲਾਏ ਗਏ ਪੋਸਟਰਾਂ ’ਚ ਸ਼ਰਨ ਵਲੋਂ ਸਭ ਹਮਾਇਤੀਆਂ ਨੂੰ ਰੈਲੀ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਪੋਸਟਰਾਂ ’ਚ ਉਨ੍ਹਾਂ ਕੁਝ ਪਾਰਟੀਆਂ ਵਲੋਂ ਉਤਸ਼ਾਹ ਵਾਲੇ ਸੌੜੇਵਾਦ, ਖੇਤਰਵਾਦ ਅਤੇ ਨਸਲੀ ਸੰਘਰਸ਼ ਦੇ ਮਾੜੇ ਚੱਕਰ ਨੂੰ ਤੋੜਣ ਦਾ ਸੱਦਾ ਦਿੱਤਾ ਹੈ।
ਬ੍ਰਿਜ ਭੂਸ਼ਣ ਨੇ ਆਪਣੇ ਖੇਤਰ ਦੇ ਲੋਕਾਂ ਨੂੰ ਹਮਾਇਤ ਜਤਾਉਣ ਲਈ ਦੌਰੇ ਕੀਤੇ। ਉਨ੍ਹਾਂ ਹੈਲੀਕਾਪਟਰ ਰਾਹੀਂ ਆਪਣੇ ਹਮਾਇਤੀਆਂ ਦੀਆਂ 30 ਬੈਠਕਾਂ ’ਚ ਹਿੱਸਾ ਲਿਆ ਅਤੇ ਲੋਕਾਂ ਨੂੰ ਦੱਸਿਆ ਕਿ ਮੈਂ ਬੇਕਸੂਰ ਹਾਂ। ਇਨ੍ਹਾਂ ਬੈਠਕਾਂ ’ਚ ਵੱਡੀ ਮਾਤਰਾ ’ਚ ਉਨ੍ਹਾਂ ਦੇ ਹਮਾਇਤੀ ਵੀ ਪਹੁੰਚੇ, ਜਿਸ ਤੋਂ ਇਹ ਪ੍ਰਤੀਤ ਹੋਇਆ ਕਿ ਲੋਕਾਂ ’ਚ ਉਨ੍ਹਾਂ ਦੀ ਕਿੰਨੀ ਪਹੁੰਚ ਹੈ।
8 ਜਨਵਰੀ 1957 ਨੂੰ ਗੋਂਡਾ ਦੇ ਇਕ ਪਿੰਡ ’ਚ ਇਕ ਖੁਸ਼ਹਾਲ ਪਰਿਵਾਰ ’ਚ ਬ੍ਰਿਜ ਭੂਸ਼ਣ ਦਾ ਜਨਮ ਹੋਇਆ ਸੀ। ਬ੍ਰਿਜ ਭੂਸ਼ਣ ਦੇ ਦਾਦਾ ਕਾਂਗਰਸ ਦੇ ਵਿਧਾਇਕ ਸਨ। ਬ੍ਰਿਜ ਭੂਸ਼ਣ ਨੇ ਅਯੁੱਧਿਆ ਤੇ ਸਾਕੇਤ ਪੀ. ਜੀ. ਕਾਲਜ ਤੋਂ ਆਪਣੀ ਸਿੱਖਿਆ ਪੂਰੀ ਕੀਤੀ। ਇਥੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਸਿਆਸਤ ’ਚ ਵਧ-ਚੜ੍ਹ ਕੇ ਹਿੱਸਾ ਲਿਆ ਅਤੇ ਉਸ ਤੋਂ ਬਾਅਦ 1970 ਦੇ ਦਹਾਕੇ ’ਚ ਕਾਂਗਰਸ ਦੇ ਯੂਥ ਵਿੰਗ ’ਚ ਸ਼ਾਮਲ ਹੋਏ।
ਬ੍ਰਿਜ ਭੂਸ਼ਣ ਉੱਤਰ ਪ੍ਰਦੇਸ਼ ਦੇ ਸਿਆਸੀ ਮਾਹੌਲ ਤੋਂ ਚੰਗੀ ਤਰ੍ਹਾਂ ਜਾਣੂ ਸਨ। ਉਨ੍ਹਾਂ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ ਅਤੇ 1980 ਦੇ ਦਹਾਕੇ ਦੇ ਅੰਤ ’ਚ ਹਿੰਦੀ ਭਾਸ਼ਾਈ ਖੇਤਰਾਂ ’ਚ ਇਕ ਪ੍ਰਭਾਵਸ਼ਾਲੀ ਆਗੂ ਬਣੇ। ਅਯੁੱਧਿਆ ’ਚ ਆਪਣੇ ਵਿਦਿਆਰਥੀ ਜੀਵਨ ਦੌਰਾਨ ਬ੍ਰਿਜ ਭੂਸ਼ਣ ਨੇ ਰਾਮ ਮੰਦਿਰ ਅੰਦੋਲਨ ’ਚ ਹਿੱਸਾ ਲਿਆ ਅਤੇ ਭਗਵਾ ਪਾਰਟੀ ਦਾ ਇਕ ਸਥਾਨਕ ਚਿਹਰਾ ਬਣ ਕੇ ਉੱਭਰੇ।
1991 ’ਚ ਗੋਂਡਾ ਤੋਂ ਭਾਜਪਾ ਦੀ ਟਿਕਟ ’ਤੇ ਉਹ ਲੋਕ ਸਭਾ ਲਈ ਚੁਣੇ ਗਏ। ਉਸ ਤੋਂ ਬਾਅਦ ਉਨ੍ਹਾਂ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।
ਘਟਨਾ ਭਰਪੂਰ ਦਹਾਕਾ : 1990 ਦਾ ਦਹਾਕਾ ਦੇਸ਼ ਅਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਲਈ ਘਟਨਾਵਾਂ ਨਾਲ ਭਰਪੂਰ ਰਿਹਾ। ਬਾਬਰੀ ਮਸਜਿਦ ਨੂੰ ਡੇਗੇ ਜਾਣ ਦੇ ਮਾਮਲੇ ’ਚ ਬ੍ਰਿਜ ਭੂਸ਼ਣ ਮੁਲਜ਼ਮ ਬਣੇ ਅਤੇ ਟਾਡਾ ਅਧੀਨ ਉਨ੍ਹਾਂ ’ਤੇ ਦੋਸ਼ ਲੱਗੇ। ਜਿਸ ਕਾਰਨ 1996 ’ਚ ਗੋਂਡਾ ਤੋਂ ਲੋਕ ਸਭਾ ਦੀ ਚੋਣ ਉਨ੍ਹਾਂ ਦੀ ਪਤਨੀ ਕੇਤਕੀ ਦੇਵੀ ਸਿੰਘ ਨੂੰ ਲੜਨੀ ਪਈ।
1993 ’ਚ ਰਾਜਪੂਤ ਬਾਹੂਬਲੀ ਨੇਤਾ ਬ੍ਰਿਜ ਭੂਸ਼ਣ ਸ਼ਰਨ ਸਿੰਘ ’ਤੇ ਯੂ.ਪੀ. ਦੇ ਇਕ ਸਾਬਕਾ ਮੰਤਰੀ ਅਤੇ ਇਕ ਹੋਰ ਸ਼ਕਤੀਸ਼ਾਲੀ ਵਿਅਕਤੀ ’ਤੇ ਹਮਲਾ ਕਰਨ ਦਾ ਦੋਸ਼ ਲੱਗਾ। ਇਸ ਪਿਛੋਂ ਵਧੇਰੇ ਮਾਮਲਿਆਂ ’ਚ ਉਹ ਬਰੀ ਹੋ ਗਏ। 2004 ਦੀਆਂ ਚੋਣਾਂ ’ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਕਿਸੇ ਸਮੇਂ ਚੋਣ ਖੇਤਰ ਰਹੇ ਬਲਰਾਮ ਪੁਰ ਤੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਜੇਤੂ ਕਰਾਰ ਦਿੱਤੇ ਗਏ।
ਇਕ ਪਰਿਵਾਰਕ ਦੁਖਾਂਤ ’ਚ ਸ਼ਰਨ ਦੇ ਵੱਡੇ ਪੁੱਤਰ ਸ਼ਕਤੀ ਸ਼ਰਨ ਨੇ ਆਪਣੇ ਪਿਤਾ ਦੀ ਇਕ ਲਾਇਸੈਂਸੀ ਰਿਵਾਲਵਰ ਨਾਲ ਆਤਮ-ਹੱਤਿਆ ਕਰ ਲਈ। ਉਸਨੇ ਆਪਣੇ ਪਿੱਛੇ ਇਕ ਚਿੱਠੀ ਲਿਖੀ ਜਿਸ ’ਚ ਲਿਖਿਆ ਸੀ ਕਿ ‘‘ਤੁਸੀਂ ਖੁਦ ਨੂੰ ਇਕ ਵਧੀਆ ਪਿਤਾ ਹੋਣ ਦਾ ਸਬੂਤ ਨਹੀਂ ਦਿੱਤਾ। ਤੁਸੀਂ ਸਾਡੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਕੀਤੀ।’’
ਇਸ ਘਟਨਾ ਨੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਦਾ ਜੀਵਨ ਬਦਲ ਦਿੱਤਾ। ਉਨ੍ਹਾਂ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਬ੍ਰਿਜ ਭੂਸ਼ਣ ਉਦੋਂ ਤੋਂ ਹੀ ਆਪਣੇ ਅਕਸ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਰਹੇ ਅਤੇ ਸ਼ਾਇਦ ਹੀ ਉਨ੍ਹਾਂ ਨੇ ਕਿਸੇ ਨੂੰ ਪ੍ਰੇਸ਼ਾਨ ਕੀਤਾ ਹੋਵੇ। 2009 ’ਚ ਬ੍ਰਿਜ ਭੂਸ਼ਣ ਨੇ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਅਤੇ ਭਾਜਪਾ ’ਤੇ ਦੋਸ਼ ਲਾਇਆ ਕਿ ਉਸਨੇ ਮੇਰਾ ਅਨਾਦਰ ਕੀਤਾ ਹੈ। ਸਮਾਜਵਾਦੀ ਪਾਰਟੀ ਲਈ ਬ੍ਰਿਜ ਭੂਸ਼ਣ ਇਕ ਪੁਰਸਕਾਰ ਵਜੋਂ ਸਾਬਿਤ ਹੋਏ ਅਤੇ ਉਨ੍ਹਾਂ ਉਸੇ ਸਾਲ ਕੇਸਰਗੰਜ ਸੀਟ ਤੋਂ ਚੋਣ ਜਿੱਤੀ।
2014 ਤੋਂ ਪਹਿਲਾਂ ਬ੍ਰਿਜ ਭੂਸ਼ਣ ਮੁੜ ਤੋਂ ਭਾਜਪਾ ’ਚ ਪਰਤ ਆਏ ਅਤੇ ਉਨ੍ਹਾਂ ਸਹੁੰ ਚੁੱਕੀ ਕਿ ਉਹ ਕਦੇ ਵੀ ਭਾਜਪਾ ਨੂੰ ਨਹੀਂ ਛੱਡਣਗੇ। ਇਸ ਸਾਲ ਜਨਵਰੀ ’ਚ ਜਦੋਂ ਤੋਂ ਉਨ੍ਹਾਂ ਵਿਰੁੱਧ ਪਹਿਲਵਾਨਾਂ ਅਤੇ ਖਾਪ ਪੰਚਾਇਤਾਂ ਦੇ ਨਾਲ-ਨਾਲ ਹਰਿਆਣਾ ਦੇ ਅੰਦਰੂਨੀ ਇਲਾਕਿਆਂ ਨਾਲ ਸੰਬੰਧਤ ਕਿਸਾਨਾਂ ਨੇ ਦਿਖਾਵੇ ਸ਼ੁਰੂ ਕੀਤੇ, ਉਦੋਂ ਤੋਂ ਹੀ ਬਾਹੂਬਲੀ ਆਗੂ ਬ੍ਰਿਜ ਭੂਸ਼ਣ ਵਿਵਾਦ ’ਚ ਹਨ। ਵੱਖ-ਵੱਖ ਰਾਜਪੂਤ ਭਾਈਚਾਰਿਆਂ ਨਾਲ ਸੰਬੰਧਤ ਸੰਗਠਨਾਂ ਨੇ ਉਨ੍ਹਾਂ ਦੀ ਹਮਾਇਤ ਕੀਤੀ ਹੈ ਅਤੇ ਪਹਿਲਵਾਨਾਂ ਦੇ ਪ੍ਰਦਰਸ਼ਨ ਨੂੰ ਅਨੈਤਿਕ ਕਰਾਰ ਦਿੱਤਾ ਹੈ।
ਸਿਰਫ ਉੱਤਰ ਪ੍ਰਦੇਸ਼ ਦੇ ਰਾਜਪੂਤ ਹੀ ਨਹੀਂ ਸਗੋਂ ਹੋਰ ਸੂਬਿਆਂ ਦੇ ਰਾਜਪੂਤ ਸੰਗਠਨ ਵੀ ਬ੍ਰਿਜ ਭੂਸ਼ਣ ਦੀ ਹਮਾਇਤ ’ਚ ਅੱਗੇ ਆਏ ਹਨ। ਉਨ੍ਹਾਂ ਬੈਠਕਾਂ ਕੀਤੀਆਂ ਹਨ। 6 ਵਾਰ ਦੇ ਸੰਸਦ ਮੈੈਂਬਰ ਬ੍ਰਿਜ ਭੂਸ਼ਣ ਨਾਲ ਹਮਦਰਦੀ ਪ੍ਰਗਟਾਈ ਹੈ। ਦੋਸ਼ਾਂ ਅਤੇ ਦਿਖਾਵਿਆਂ ਦੇ ਬਾਵਜੂਦ ਬ੍ਰਿਜ ਭੂਸ਼ਣ ਤਾਨਾਸ਼ਾਹ ਨਜ਼ਰ ਆ ਰਹੇ ਹਨ। 29 ਮਈ ਨੂੰ ਬਾਰਾਬੰਕੀ ਦੀ ਇਕ ਜਨਤਕ ਬੈਠਕ ’ਚ ਉਨ੍ਹਾਂ ਕਿਹਾ ਕਿ ਜੇ ਇਕ ਵੀ ਦੋਸ਼ ਮੇਰੇ ਵਿਰੁੱਧ ਸਾਬਿਤ ਹੋਇਆ ਤਾਂ ਮੈਂ ਆਪਣੇ ਆਪ ਨੂੰ ਫਾਂਸੀ ਲਾ ਲਵਾਂਗਾ। (ਦਿ ਹਿੰਦੂ ‘ਤੋਂ ਧੰਨਵਾਦ ਸਹਿਤ’)