ਰਿਸ਼ਵਤਖੋਰ ਪੁਲਸ ਮੁਲਾਜ਼ਮ ਬਣ ਰਹੇ ਹਨ ਵਿਭਾਗ ਦੀ ਬਦਨਾਮੀ ਦਾ ਕਾਰਨ
Sunday, Oct 20, 2024 - 04:38 AM (IST)
ਹਾਲਾਂਕਿ ਪੁਲਸ ਵਿਭਾਗ ਦੇ ਮੈਂਬਰਾਂ ਕੋਲੋਂ ਅਨੁਸ਼ਾਸਿਤ ਰਹਿਣ ਅਤੇ ਰਿਸ਼ਵਤਖੋਰੀ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣ ਦੀ ਉਮੀਦ ਕੀਤੀ ਜਾਂਦੀ ਹੈ, ਪਰ ਅੱਜ ਦੇਸ਼ ’ਚ ਚੰਦ ਪੁਲਸ ਮੁਲਾਜ਼ਮ ਭ੍ਰਿਸ਼ਟਾਚਾਰ ’ਚ ਲਿਪਤ ਹੋ ਕੇ ਆਪਣੇ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ ਅਤੇ ਇਸ ’ਚ ਮਹਿਲਾ ਪੁਲਸ ਮੁਲਾਜ਼ਮ ਵੀ ਬਰਾਬਰ ਸ਼ਾਮਲ ਪਾਈਆਂ ਜਾ ਰਹੀਆਂ ਹਨ, ਜਿਸ ਦੀਆਂ ਅਕਤੂਬਰ ਮਹੀਨੇ ਦੀਆਂ ਚੰਦ ਮਿਸਾਲਾਂ ਹੇਠਾਂ ਦਰਜ ਹਨ :
* 1 ਅਕਤੂਬਰ ਨੂੰ ਬਿਹਾਰ ’ਚ ‘ਅਤਰੀ’ ਦੇ ਥਾਣਾ ਮੁਖੀ ਸਬ ਇੰਸਪੈਕਟਰ ਡਾ. ਨਰਿੰਦਰ ਕੁਮਾਰ ਨੂੰ ਅਤੇ ਬੋਧਗਯਾ ਥਾਣੇ ’ਚ ਮਹਿਲਾ ਸਿਪਾਹੀ ਪੂਨਮ ਕੁਮਾਰੀ ਨੂੰ ਰਿਸ਼ਵਤ ਲੈਣ ਦੇ ਦੋਸ਼ ’ਚ ਮੁਅੱਤਲ ਕੀਤਾ ਗਿਆ।
* 2 ਅਕਤੂਬਰ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਤਹਿਤ ਸੀ.ਆਈ.ਏ. ਸਟਾਫ ਮੁਕਤਸਰ ’ਚ ਮੁੱਖ ਮੁਨਸ਼ੀ ਸਤਨਾਮ ਸਿੰਘ ਨੂੰ 5,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 9 ਅਕਤੂਬਰ ਨੂੰ ਸ਼ਿਕੋਹਾਬਾਦ (ਉੱਤਰ ਪ੍ਰਦੇਸ਼) ’ਚ ਇਕ ਸ਼ਰਾਬ ਠੇਕੇਦਾਰ ਨੂੰ ਉਸ ਦਾ ਠੇਕਾ ਰੱਦ ਕਰਵਾਉਣ ਦੀ ਧਮਕੀ ਦੇ ਕੇ ਉਸ ਕੋਲੋਂ 8,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਐਂਟੀ ਕਰੱਪਸ਼ਨ ਟੀਮ ਨੇ ਸਿਪਾਹੀ ਸੂਰਜਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ।
* 11 ਅਕਤੂਬਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਇਕ ਪੀੜਤ ਮਹਿਲਾ ਦੀ ਸ਼ਿਕਾਇਤ ’ਤੇ ਫਗਵਾੜਾ ਸਿਟੀ ਪੁਲਸ ਦੇ ਐੱਸ. ਐੱਚ. ਓ. ਜਤਿੰਦਰ ਕੁਮਾਰ ਅਤੇ ਉਸ ਦੇ ਸਾਥੀ ਜਸਕਰਨ ਸਿੰਘ ਉਰਫ ਜੱਸਾ ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 12 ਅਕਤੂਬਰ ਨੂੰ ਦਿੱਲੀ ਪੁਲਸ ਦੀ ਵਿਜੀਲੈਂਸ ਟੀਮ ਨੇ ਵਸੰਤ ਕੁੰਜ (ਦੱਖਣੀ) ਥਾਣੇ ਦੇ ਸਿਪਾਹੀ ਅਮਿਤ ਕੁਮਾਰ ਨੂੰ ਸ਼ਿਕਾਇਤਕਰਤਾ ਕੋਲੋਂ 3000 ਰੁਪਏ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 14 ਅਕਤੂਬਰ ਨੂੰ ਬਲੀਆ (ਉੱਤਰ ਪ੍ਰਦੇਸ਼) ’ਚ ਇਕ ਹਾਦਸੇ ’ਚ ਫੜੀ ਗਈ ਈ-ਰਿਕਸ਼ਾ ਨੂੰ ਸਮਝੌਤੇ ਪਿੱਛੋਂ ਵੀ ਛੱਡਣ ਲਈ ਰਿਸ਼ਵਤ ਮੰਗਣ ਦੇ ਦੋਸ਼ ’ਚ ਸਿਪਾਹੀ ਆਸ਼ੀਸ਼ ਸੈਣੀ ਅਤੇ ਸੌਰਭ ਕੁਮਾਰ ਤਿਵਾੜੀ ਨੂੰ ਮੁਅੱਤਲ ਕੀਤਾ ਗਿਆ।
* 15 ਅਕਤੂਬਰ ਨੂੰ ਐਂਟੀ ਕਰੱਪਸ਼ਨ ਬਿਊਰੋ ਪਾਨੀਪਤ (ਹਰਿਆਣਾ) ਦੀ ਟੀਮ ਨੇ ਪੁਲਸ ਦੇ ਇਕ ਸਬ ਇੰਸਪੈਕਟਰ ਬਲਵਾਨ ਸਿੰਘ ਨੂੰ 2 ਧਿਰਾਂ ਦੇ ਝਗੜੇ ’ਚ ਸਮਝੌਤੇ ਪਿੱਛੋਂ ਇਕ ਧਿਰ ਨੂੰ ਸਮਝੌਤੇ ਦੀ ਕਾਪੀ ਦੇਣ ਦੇ ਬਦਲੇ ’ਚ 50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 15 ਅਕਤੂਬਰ ਨੂੰ ਹੀ ਸੀ. ਬੀ. ਆਈ. ਨੇ ਨਵੀਂ ਿਦੱਲੀ ਉੱਤਰੀ ਜ਼ਿਲੇ ਦੇ ਬੁਰਾੜੀ ਥਾਣੇ ’ਚ ਤਾਇਨਾਤ ਇੰਸਪੈਕਟਰ ਸੰਦੀਪ ਅਹਿਲਾਵਤ ਅਤੇ ਸਬ ਇੰਸਪੈਕਟਰ ਭੂਪੇਸ਼ ਕੁਮਾਰ ਨੂੰ ਸ਼ਿਕਾਇਤਕਰਤਾ ਨੂੰ ਜਾਲਸਾਜ਼ੀ ਦੇ ਇਕ ਮਾਮਲੇ ’ਚੋਂ ਬਾਹਰ ਕੱਢਣ ਦੇ ਬਦਲੇ ’ਚ 10 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 17 ਅਕਤੂਬਰ ਨੂੰ ਨਵੀਂ ਦਿੱਲੀ ਦੱਖਣੀ-ਪੱਛਮੀ ਜ਼ਿਲੇ ਦੇ ਵਸੰਤ ਕੁੰਜ (ਦੱਖਣੀ) ’ਚ 35,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਇਕ ਸਿਪਾਹੀ ਨੂੰ ਗ੍ਰਿਫਤਾਰ ਕੀਤਾ ਗਿਆ।
* 17 ਅਕਤੂਬਰ ਨੂੰ ਹੀ ਦੌਸਾ (ਰਾਜਸਥਾਨ) ’ਚ ਐਂਟੀ ਕਰੱਪਸ਼ਨ ਬਿਊਰੋ ਦੀ ਟੀਮ ਨੇ ‘ਮਾਨਪੁਰ’ ਥਾਣੇ ’ਚ ਤਾਇਨਾਤ ਹੈੱਡ ਕਾਂਸਟੇਬਲ ਅਜੀਤ ਸਿੰਘ ਨੂੰ ਜ਼ਮੀਨ ਸਬੰਧੀ ਝਗੜੇ ਦੇ ਇਕ ਮਾਮਲੇ ’ਚ ਸ਼ਿਕਾਇਤਕਰਤਾ ਵਿਰੁੱਧ ਦਰਜ ਮਾਮਲੇ ’ਚੋਂ ਨਾਂ ਹਟਾਉਣ ਅਤੇ ਗੰਭੀਰ ਧਾਰਾਵਾਂ ਘੱਟ ਕਰ ਕੇ ਰਾਹਤ ਦਿਵਾਉਣ ਦੇ ਬਦਲੇ ’ਚ 10,000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ, ਜਦ ਕਿ ਪੀੜਤ ਉਸ ਨੂੰ 10,000 ਰੁਪਏ ਪਹਿਲਾਂ ਹੀ ਦੇ ਚੁੱਕਾ ਸੀ।
* 18 ਅਕਤੂਬਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਸਦਰ ਬਰਨਾਲਾ ’ਚ ਤਾਇਨਾਤ ਏ. ਐੱਸ. ਆਈ. ਭੋਲਾ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ।
ਪਹਿਲਾਂ ਵੀ ਪੁਲਸ ਬਲ ਦੇ ਚੰਦ ਮੈਂਬਰ ਆਪਣੀਆਂ ਅਜਿਹੀਆਂ ਹਰਕਤਾਂ ਕਾਰਨ ਕਾਨੂੰਨ ਦੇ ਸ਼ਿਕੰਜੇ ’ਚ ਫਸ ਚੁੱਕੇ ਹਨ। ਪੁਲਸ ਮੁਲਾਜ਼ਮਾਂ ਦਾ ਇਸ ਤਰ੍ਹਾਂ ਦਾ ਗਲਤ ਆਚਰਣ ਸੁਰੱਖਿਆ ਵਿਵਸਥਾ ਲਈ ਭਾਰੀ ਖਤਰਾ ਸਿੱਧ ਹੋ ਸਕਦਾ ਹੈ।
ਇਸ ਲਈ ਅਜਿਹਾ ਕਰਨ ਵਾਲੇ ਪੁਲਸ ਮੁਲਾਜ਼ਮਾਂ ਲਈ ਸਖਤ ਅਤੇ ਸਿੱਖਿਆਦਾਇਕ ਦੰਡ ਦੇਣ ਦੀ ਲੋੜ ਹੈ ਤਾਂ ਕਿ ਦੂਜਿਆਂ ਨੂੰ ਇਸ ਤੋਂ ਸਬਕ ਮਿਲੇ ਅਤੇ ਉਹ ਰਿਸ਼ਵਤ ਲੈਣ ਦੀ ਗੱਲ ਤਾਂ ਦੂਰ ਰਹੀ, ਇਸ ਦੇ ਨਾਂ ਤੋਂ ਵੀ ਡਰਨ ਲੱਗਣ।
-ਵਿਜੇ ਕੁਮਾਰ