ਦਿੱਲੀ ’ਚ ‘ਆਪ’ ਦੇ ਸੁਪਨਿਆਂ ’ਤੇ ਫਿਰਿਆ ‘ਝਾੜੂ’, ਭਾਜਪਾ ਦੀ 27 ਸਾਲ ਬਾਅਦ ਸੱਤਾ ’ਚ ਵਾਪਸੀ
Sunday, Feb 09, 2025 - 02:22 AM (IST)
![ਦਿੱਲੀ ’ਚ ‘ਆਪ’ ਦੇ ਸੁਪਨਿਆਂ ’ਤੇ ਫਿਰਿਆ ‘ਝਾੜੂ’, ਭਾਜਪਾ ਦੀ 27 ਸਾਲ ਬਾਅਦ ਸੱਤਾ ’ਚ ਵਾਪਸੀ](https://static.jagbani.com/multimedia/2025_1image_19_33_355268165bjp.jpg)
ਦਿੱਲੀ ਦੀਆਂ ਚੋਣਾਂ ’ਚ ਜਿੱਥੇ ਇਸ ਵਾਰ ‘ਆਪ’ ਤੀਜੀ ਵਾਰ ਆਪਣੀ ਸਰਕਾਰ ਬਣਾਉਣ ਲਈ ਯਤਨਸ਼ੀਲ ਸੀ, ਉਥੇ ਹੀ ਭਾਜਪਾ ਨੇ ਵੀ ਇਹ ਚੋਣ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੋਇਆ ਸੀ ਅਤੇ ਇਸ ’ਚ ਪ੍ਰਚੰਡ ਬਹੁਮਤ ਨਾਲ ਸਫਲਤਾ ਹਾਸਲ ਕਰ ਕੇ ਲਗਭਗ 27 ਸਾਲ ਬਾਅਦ ਦੇਸ਼ ਦੀ ਰਾਜਧਾਨੀ ’ਤੇ ਰਾਜ ਕਰਨ ਜਾ ਰਹੀ ਹੈ।
‘ਆਪ’ ਨੇ ਆਪਣੇ ਪਹਿਲੇ ਕਾਰਜਕਾਲ ’ਚ ਮੱਧ ਅਤੇ ਹੇਠਲੇ ਮੱਧ ਵਰਗ ਲਈ ਕਈ ਕੰਮ ਕੀਤੇ, ਜਿਨ੍ਹਾਂ ਦਾ ਉਨ੍ਹਾਂ ਨੂੰ ਲਾਭ ਵੀ ਮਿਲਿਆ ਪਰ ਦੂਜੇ ਕਾਰਜਕਾਲ ’ਚ ਉਸ ਦੀ ਇਹ ਰਫਤਾਰ ਨਾ ਰਹੀ ਅਤੇ ਪਾਰਟੀ ਦੇ ਨੇਤਾ ਕਈ ਦੋਸ਼ਾਂ ’ਚ ਘਿਰੇ ਅਤੇ ਜੇਲ ਗਏ।
ਜਿਵੇਂ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਸਿਆਸੀ ਗੁਰੂ ਰਹੇ ਗਾਂਧੀਵਾਦੀ ਅੰਨਾ ਹਜ਼ਾਰੇ ਨੇ ਉਨ੍ਹਾਂ ਦਾ ਨਾਂ ਲਏ ਬਿਨਾਂ ਕੱਲ ਕਿਹਾ ਕਿ:
‘‘ਚੋਣ ਲੜਦੇ ਸਮੇਂ ਉਮੀਦਵਾਰ ਦਾ ਆਚਾਰ-ਵਿਚਾਰ ਸ਼ੁੱਧ ਹੋਣਾ ਅਤੇ ਜ਼ਿੰਦਗੀ ਨਿਸ਼ਕਲੰਕ ਹੋਣੀ ਚਾਹੀਦੀ ਹੈ। ਇਹ ਗੁਣ ਜੇਕਰ ਉਮੀਦਵਾਰ ’ਚ ਹਨ ਤਾਂ ਵੋਟਰਾਂ ਨੂੰ ਯਕੀਨ ਹੁੰਦਾ ਹੈ ਕਿ ਉਹ ਸਾਡੇ ਲਈ ਕੁਝ ਕਰਨ ਵਾਲਾ ਹੈ। ਅਜਿਹੇ ’ਚ ਲੋਕਾਂ ਦਾ ਯਕੀਨ ਕੁਝ ਡੋਲਿਆ ਅਤੇ ਇਹ ਹਾਲ ਦੇਖਣ ਨੂੰ ਮਿਲਿਆ ਹੈ।’’
ਹਾਲਾਂਕਿ ਇਨ੍ਹਾਂ ਚੋਣਾਂ ’ਚ ਕਾਂਗਰਸ ਨੂੰ ਕੋਈ ਸੀਟ ਨਹੀਂ ਮਿਲੀ ਪਰ ਉਸ ਨੇ ਕੁਝ ਹੱਦ ਤੱਕ ‘ਆਪ’ ਦੀਆਂ ਵੋਟਾਂ ਉਸੇ ਤਰ੍ਹਾਂ ਕੱਟੀਆਂ ਜਿਸ ਤਰ੍ਹਾਂ ‘ਆਪ’ ਨੇ ਗੁਜਰਾਤ ਅਤੇ ਮਹਾਰਾਸ਼ਟਰ ’ਚ ਕਾਂਗਰਸ ਦੀਆਂ ਵੋਟਾਂ ਕੱਟੀਆਂ ਸਨ।
ਕਿਸੇ ਸਰਕਾਰ ਦੇ ਦੋ ਕਾਰਜਕਾਲਾਂ ਦੇ ਬਾਅਦ ਸੱਤਾ ਵਿਰੋਧੀ ਲਹਿਰ ਆਉਂਦੀ ਹੀ ਹੈ। ਹਰ ਸਰਕਾਰ ਨੂੰ ਇਹ ਸਥਿਤੀ ਝੱਲਣੀ ਪੈਂਦੀ ਹੈ ਜਾਂ ਤਾਂ ਉਸ ਦੀਆਂ ਸੀਟਾਂ ਘਟ ਜਾਂਦੀਆਂ ਹਨ ਜਾਂ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ‘ਆਪ’ ਦੇ ਵਿਰੁੱਧ ਕਾਫੀ ਹੱਦ ਤੱਕ ਸੱਤਾ ਵਿਰੋਧੀ ਲਹਿਰ ਵੀ ਸੀ।
ਲੋਕਾਂ ਨੂੰ ਹੁਣ ਇਹ ਆਸ ਬੱਝੀ ਹੈ ਕਿ ਕੇਂਦਰ ਅਤੇ ਸੂਬਾ (ਦਿੱਲੀ) ’ਚ ਇਕ ਹੀ ਪਾਰਟੀ ਦੀ ਸਰਕਾਰ ਹੋਣ ਦੇ ਕਾਰਨ ਤਾਂ ਸ਼ਹਿਦ ਸਵੱਛ ਹਵਾ ਅਤੇ ਪਾਣੀ ਵਰਗੀਆਂ ਸਮੱਸਿਆਵਾਂ ਦਾ ਹੱਲ ਜਲਦੀ ਤੋਂ ਜਲਦੀ ਹੋ ਸਕੇਗਾ ਜਦਕਿ ‘ਆਪ’ ਦੇ ਸ਼ਾਸਨ ਦੇ ਦੌਰਾਨ ਐੱਲ. ਜੀ. ’ਤੇ ਕੰਮ ਅਟਕਾਉਣ ਦੇ ਦੋਸ਼ ਲੱਗਦੇ ਸਨ, ਜਿਸਦੇ ਲਈ ਵੋਟਰਾਂ ਨੇ ਭਾਜਪਾ ਨੂੰ ਮੌਕਾ ਦਿੱਤਾ ਹੈ।
ਭਾਜਪਾ ਨੇ ‘ਆਪ’ ਦੇ ਵਿਰੁੱਧ ਦੋਸ਼ਾਂ ਨੂੰ ਪੂਰੇ ਹਮਲਾਵਰਪੁਣੇ ਨਾਲ ਉਠਾਇਆ ਅਤੇ ਇਸ ਦੇ ਨਾਲ ਹੀ ਆਪਣੇ ਚੋਣ ਐਲਾਨ ਪੱਤਰ ’ਚ ‘ਆਪ’ ਤੇ ਕਾਂਗਰਸ ’ਤੇ ਚੋਣ ਐਲਾਨਾਂ ਦੇ ਜਵਾਬ ’ਚ ਔਰਤਾਂ ਲਈ ਕਈ ਲੁਭਾਵਣੇ ਐਲਾਨ ਕੀਤੇ।
ਇਨ੍ਹਾਂ ’ਚ ‘ਮਹਿਲਾ ਸਮਰਿਧੀ ਯੋਜਨਾ’ ਦੇ ਅਧੀਨ ਔਰਤਾਂ ਨੂੰ 25,00 ਰੁਪਏ ਮਾਸਿਕ, ਮੁੱਖ ਮੰਤਰੀ ਜਣੇਪਾ ਸੁਰੱਖਿਆ ਯੋਜਨਾ ਦੇ ਅਧੀਨ ਗਰਭਵਤੀ ਔਰਤਾਂ ਨੂੰ 21,000 ਰੁਪਏ ਦੀ ਆਰਥਿਕ ਸਹਾਇਤਾ ਅਤੇ 6 ਪੋਸ਼ਣ ਕਿੱਟਾਂ, ਗੈਸ ਸਿਲੰਡਰ ’ਤੇ 500 ਰੁਪਏ ਸਬਸਿਡੀ ਅਤੇ ਹੋਲੀ, ਦੀਵਾਲੀ ’ਤੇ ਮੁਫਤ ਸਿਲੰਡਰ, ‘ਆਪ’ ਦੇ ਵਾਂਗ ਮੁਫਤ ਪਾਣੀ-ਬਿਜਲੀ ਆਦਿ ਦੀਆਂ ਯੋਜਨਾਵਾਂ ਜਾਰੀ ਰੱਖਣਾ ਸ਼ਾਮਲ ਹਨ।
ਇਸ ਦੇ ਇਲਾਵਾ ਭਾਜਪਾ ਵਲੋਂ ਬਜ਼ੁਰਗਾਂ ਦਾ ਆਯੁਸ਼ਮਾਨ ਯੋਜਨਾ ਦੇ ਅਧੀਨ 5 ਲੱਖ ਰੁਪਏ ਤੱਕ ਇਲਾਜ ਅਤੇ ਇੰਨੀ ਹੀ ਰਾਸ਼ੀ ਦਾ ਹੈਲਥ ਕਵਰ ਅਤੇ 60-70 ਸਾਲ ਉਮਰ ਦੇ ਬਜ਼ੁਰਗਾਂ ਨੂੰ 3,000 ਰੁਪਏ ਮਾਸਿਕ ਦੇ ਇਲਾਵਾ ਆਟੋ ਅਤੇ ਟੈਕਸੀ ਚਾਲਕਾਂ ਲਈ ‘ਡਰਾਈਵਰ ਕਲਿਆਣ ਬੋਰਡ’ ਦਾ ਗਠਨ, ਵਿਦਿਆਰਥੀਆਂ ਨੂੰ ਕੇ. ਜੀ. ਤੋਂ ਪੀ.ਜੀ. ਤੱਕ ਮੁਫਤ ਸਿੱਖਿਆ ਅਤੇ ਵਜ਼ੀਫਾ ਆਦਿ ਦੇ ਐਲਾਨਾਂ ਨੇ ਵੀ ਲਾਭ ਪਹੁੰਚਾਇਆ।
ਭਾਜਪਾ ਵਲੋਂ ‘ਆਪ ’ ਨੂੰ ‘ਆਪਦਾ’ ਦੱਸਣਾ, ਆਰ. ਐੱਸ. ਐੱਸ. ਦਾ ਸਹਿਯੋਗ ਅਤੇ ਮਜ਼ਬੂਤ ਉਮੀਦਵਾਰ ਉਤਾਰਨ ਦੇ ਇਲਾਵਾ ਕੇਂਦਰ ਸਰਕਾਰ ਵਲੋਂ ਬੀਤੇ ਸਾਲ ਦਸੰਬਰ ’ਚ ਐਲਾਨੇ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਈ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦੇ ਐਲਾਨ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਤਨਖਾਹ ’ਚ ਵੱਡੇ ਵਾਧੇ ਦੀ ਆਸ ਬਣੀ।
ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਲੀ ਵਾਸੀਆਂ ਲਈ ਸਵੱਛ ਪਾਣੀ, ਸਵੱਛ ਹਵਾ ਆਦਿ ਮੁਹੱਈਆ ਕਰਵਾਉਣ ਅਤੇ ਹੋਰ ਰਾਹਤਾਂ ਦੇ ਐਲਾਨਾਂ ਅਤੇ ਇਨਕਮ ਟੈਕਸ ’ਚ ਛੋਟ ਵਧਾ ਕੇ 12.75 ਲੱਖ ਰੁਪਏ ਤੱਕ ਕਰਨ ਨਾਲ ਦਰਮਿਆਨਾ ਵਰਗ ਇਨ੍ਹਾਂ ਚੋਣਾਂ ’ਚ ਭਾਜਪਾ ਦੇ ਪੱਖ ’ਚ ਵੋਟ ਪਾਉਣ ਲਈ ਪ੍ਰੇਰਿਤ ਹੋਇਆ।
ਵਰਣਨਯੋਗ ਹੈ ਕਿ ਭਾਜਪਾ ਦੀ ਸਫਲਤਾ ਦਾ ਸਿਹਰਾ ਕਿਸੇ ਹੱਦ ਤੱਕ ਵਿਰੋਧੀ ਪਾਰਟੀਆਂ ਨੂੰ ਵੀ ਦਿੱਤਾ ਜਾ ਸਕਦਾ ਹੈ। ਜਿਨ੍ਹਾਂ ਨੇ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਜੋ ਕੁਝ ਕੀਤਾ ਅਤੇ ਕਿਹਾ, ਉਸ ਨੇ ਭਾਜਪਾ ਸਰਕਾਰ ਨੂੰ ਰਾਹਤਾਂ ਦੇਣ ਲਈ ਪ੍ਰੇਰਿਤ ਕੀਤਾ।
ਅਸਲ ’ਚ ਬਜਟ 2025-26 ਦਿੱਲੀ ਦੀਆਂ ਚੋਣਾਂ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ ਗਿਆ ਸੀ, ਜਿਸਦਾ ਭਾਜਪਾ ਨੂੰ ਦਿੱਲੀ ਦੀਆਂ ਚੋਣਾਂ ’ਚ ਲਾਭ ਮਿਲਿਆ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਸੱਤਾ ਹਾਸਲ ਕਰ ਕੇ ਭਾਜਪਾ ਆਪਣੇ ਚੋਣਾਂ ਦੇ ਵਾਅਦੇ ਕਿਸ ਤਰ੍ਹਾਂ ਪੂਰੇ ਕਰਦੀ ਹੈ।
ਅਰਵਿੰਦ ਕੇਜਰੀਵਾਲ ਨੇ ਆਪਣੀ ਹਾਰ ਮੰਨਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਰਚਨਾਤਮਕ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ। ਆਸ ਹੈ ਕਿ ਉਹ ਆਪਣੀ ਗੱਲ ’ਤੇ ਕਾਇਮ ਰਹਿਣਗੇ ਕਿਉਂਕਿ ਲੋਕਤੰਤਰ ’ਚ ਮਜ਼ਬੂਤ ਸੱਤਾਧਿਰ ਦੇ ਨਾਲ-ਨਾਲ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ।
-ਵਿਜੇ ਕੁਮਾਰ