ਅਟਲ, ਅਡਵਾਨੀ ਅਤੇ ਜੋਸ਼ੀ ਜੀ ਦੀ ਸਦਾ ਰਿਣੀ ਰਹੇਗੀ ਭਾਜਪਾ

Monday, Nov 18, 2024 - 01:30 PM (IST)

ਅਟਲ, ਅਡਵਾਨੀ ਅਤੇ ਜੋਸ਼ੀ ਜੀ ਦੀ ਸਦਾ ਰਿਣੀ ਰਹੇਗੀ ਭਾਜਪਾ

1952 ’ਚ ਜਨਸੰਘ, 1977 ’ਚ ਜਨਤਾ ਪਾਰਟੀ ਅਤੇ 1980 ’ਚ ਬਣੀ ਭਾਰਤੀ ਜਨਤਾ ਪਾਰਟੀ ਸਦਾ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦੀ ਰਿਣੀ ਰਹੇਗੀ। ਵਰਕਰਾਂ ਦਾ ਸਿਰ ਇਸ ‘ਤ੍ਰਿਮੂਰਤੀ’ ਦੇ ਸਾਹਮਣੇ ਖੁਦ ਝੁਕ ਜਾਵੇਗਾ। ਅਡਵਾਨੀ ਜੀ ਸੰਗਠਨ ਦੇ ਰੂਪ ’ਚ, ਅਟਲ ਬਿਹਾਰੀ ਵਾਜਪਾਈ ਹਰਮਨਪਿਆਰੇ ਨੇਤਾ ਦੇ ਰੂਪ ’ਚ ਅਤੇ ਮੁਰਲੀ ਮਨੋਹਰ ਜੋਸ਼ੀ ਵਿਚਾਰ ਘੜਨ ਦੇ ਰੂਪ ’ਚ ਸਾਰਿਆਂ ਨੂੰ ਮੰਨਣਯੋਗ ਸਨ।

ਅਟਲ ਜੀ ਜਿਥੇ ਕੋਮਲ ਸੁਭਾਅ ਦੇ, ਅਡਵਾਨੀ ਇਕ ਮਜ਼ਬੂਤ ਸੰਗਠਨ ਬਣਾਉਣ ਲਈ ਯਾਦ ਕੀਤੇ ਜਾਣਗੇ, ਉਥੇ ਹੀ ਮੁਰਲੀ ਮਨੋਹਰ ਜੋਸ਼ੀ ਇਕ ਪੀ. ਐੱਚ. ਡੀ. ਪ੍ਰੋਫੈਸਰ ਵਜੋਂ ਪਾਰਟੀ ਦੀ ਵਿਚਾਰਧਾਰਾ ਘੜਨ ’ਚ ਹਮੇਸ਼ਾ ਵਰਕਰਾਂ ਦੇ ਮਨਾਂ ’ਚ ਵਸੇ ਰਹਿਣਗੇ। ਅਟਲ ਜੀ ਹਾਸੇ-ਹਾਸੇ ’ਚ ਆਪਣੀ ਗੱਲ ਕਹਿਣ ’ਚ ਆਪਣਾ ਅਸਰ ਦੂਜਿਆਂ ’ਤੇ ਛੱਡ ਜਾਂਦੇ ਸਨ, ਅਡਵਾਨੀ ਜੀ ਦਾ ਗੁੱਸੇ ਨਾਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਪਟਵਾ ਜੀ ਨੂੰ ਅਸਤੀਫਾ ਦੇਣ ਦਾ ਉਨ੍ਹਾਂ ਦਾ ਭਿਆਨਕ ਰੂਪ ਮੈਂ ਖੁਦ ਦੇਖਿਆ ਹੈ। ਉਥੇ ਹੀ ਮੁਰਲੀ ਮਨੋਹਰ ਜੋਸ਼ੀ ਬਿਨਾਂ ਉੱਚੀ ਸੁਰ ’ਚ ਆਪਣੀ ਗੱਲ ਰੱਖਣ ’ਚ ਚਲਾਕ ਸਨ। ਉਨ੍ਹਾਂ ਨੇ 1974 ਦੇ ਵਿਦਿਆਰਥੀ ਅੰਦੋਲਨ ਅਤੇ ਜੈ ਪ੍ਰਕਾਸ਼ ਨਾਰਾਇਣ ਨੂੰ ਕਾਂਗਰਸਵਾਦ ’ਚੋਂ ਬਾਹਰ ਕੱਢ ਕੇ ਉਨ੍ਹਾਂ ਨੂੰ ਸੰਘਮਈ ਬਣਾ ਦਿੱਤਾ।

ਜੈ ਪ੍ਰਕਾਸ਼ ਨਾਰਾਇਣ ਜਿਥੇ ਗਾਂਧੀ ਪ੍ਰਭਾਵ ’ਚ ਪਲੇ-ਵਧੇ, ਉਥੇ ਹੀ ਨਾਨਾਜੀ ਦੇਸ਼ਮੁਖ ਨੇ ਉਨ੍ਹਾਂ ਨੂੰ ਪ੍ਰਸਿੱਧ ਲੋਕ ਅੰਦੋਲਨ ਦਾ ਨੇਤਾ ਬਣਾ ਦਿੱਤਾ। ਮੈਂ 1974 ਦੇ ਵਿਦਿਆਰਥੀ ਅੰਦੋਲਨ ’ਚ ਜੈ ਪ੍ਰਕਾਸ਼ ਨਾਰਾਇਣ ਦੀ ਸੰਗਤ ’ਚ ਰਿਹਾ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਉਦੋਂ ਬਿਹਾਰ ਦੇ ਸਟੂਡੈਂਟ ਨੇਤਾ ਸਨ। ਖੈਰ, ਮੈਂ ਤੁਹਾਨੂੰ ਆਪਣੇ ਵਿਸ਼ੇ ਭਾਜਪਾ ਵੱਲ ਮੁੜ ਲੈ ਚੱਲਦਾ ਹਾਂ। 1980 ’ਚ ਜਨਤਾ ਦੀਆਂ ਆਸਾਂ ’ਤੇ ਬਣੀ ਜਨਤਾ ਪਾਰਟੀ ਦੀ ਕਾਰਜਕਾਰਨੀ ਨੇ ਖੁਦ ਇਕ ਮਤਾ ਪਾਸ ਕਰ ਦਿੱਤਾ ਕਿ ਜਨਤਾ ਪਾਰਟੀ ਦਾ ਕੋਈ ਵੀ ਕਾਰਜਕਾਰਨੀ ਮੈਂਬਰ, ਸੰਸਦ ਮੈਂਬਰ, ਵਿਧਾਇਕ ਜਾਂ ਨੇਤਾ ਰਾਸ਼ਟਰੀ ਸਵੈਮਸੇਵਕ ਸੰਘ ਦੀਆਂ ਸਰਗਰਮੀਆਂ ਜਾਂ ਪ੍ਰੋਗਰਾਮਾਂ ਜਾਂ ਸ਼ਾਖਾਵਾਂ ’ਚ ਹਿੱਸਾ ਨਹੀਂ ਲੈ ਸਕਦਾ। ਇਸ ਮਤੇ ਦੇ ਪਾਸ ਹੁੰਦੇ ਹੀ ਜਨਸੰਘ ਦੇ ਲੋਕਾਂ ਨੇ ਜਨਤਾ ਪਾਰਟੀ ਨੂੰ ਛੱਡ ਦਿੱਤਾ।

ਉਦੋਂ ਜਨਤਾ ਪਾਰਟੀ ਦੇ ਪ੍ਰਧਾਨ ਸਨ ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ। ਉਦੋਂ ਜਨਸੰਘ ਵਾਲਿਆਂ ਨੇ ਦਿੱਲੀ ’ਚ ਇਕੱਠੇ ਹੋ ਕੇ ਭਾਰਤੀ ਜਨਤਾ ਪਾਰਟੀ ਦਾ ਗਠਨ ਕਰ ਕੇ ਜਨਸੰਘ ਦੇ ਦੀਪਕ ਨਿਸ਼ਾਨ ਨੂੰ ਸਦਾ ਲਈ ਪਾਣੀ ’ਚ ਰੋੜ੍ਹ ਦਿੱਤਾ। 1980 ਨੂੰ ਬੰਬਈ ਦੇ ਬਾਂਦ੍ਰਾ ’ਚ ਭਾਰਤੀ ਜਨਤਾ ਪਾਰਟੀ ਦਾ ਵਿਧੀਵਤ ਐਲਾਨ ਹੋਇਆ। ਉਸੇ ਬੰਬਈ ਇਜਲਾਸ ’ਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਮੁਹੰਮਦ ਕਰੀਮ ਛਾਗਲਾ ਨੇ ਭਵਿੱਖਬਾਣੀ ਕਰ ਦਿੱਤੀ ਕਿ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਹੋਣਗੇ।

ਰਾਜ ਮਾਤਾ ਸਿੰਧੀਆ ਉਦੋਂ ਇਜਲਾਸ ਦੀ ਪ੍ਰਧਾਨਗੀ ਕਰ ਰਹੀ ਸੀ। ਉਨ੍ਹਾਂ ਨੇ ਅਟਲ ਜੀ ਨੂੰ ਗਲੇ ਲਗਾ ਲਿਆ। ਦੋਹਾਂ ਨੇਤਾਵਾਂ ਦੇ ਉਦੋਂ ਹੰਝੂ ਵੀ ਛਲਕ ਆਏ ਸਨ। ਕਈ ਹੋਰ ਨੇਤਾ ਵੀ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ ਜਿਨ੍ਹਾਂ ਦੀ ਆਪਣੀ ਆਜ਼ਾਦ ਵਿਚਾਰਧਾਰਾ ਸੀ। ਉਨ੍ਹਾਂ ’ਚੋਂ ਸਿਕੰਦਰ ਬਖਤ, ਪ੍ਰਸ਼ਾਂਤ ਭੂਸ਼ਣ ਆਦਿ ਪ੍ਰਮੁੱਖ ਨੇਤਾ ਸਨ। 1984 ਦੀਆਂ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਨੂੰ ਸਿਰਫ 2 ਸੀਟਾਂ ਮਿਲੀਆਂ।

ਰਾਮ ਜਨਮਭੂਮੀ ਅੰਦੋਲਨ ਦਾ ਮੈਂ ਖੁਦ ਇਕ ਵਿਧਾਇਕ ਹੋਣ ਕਾਰਨ ਪੀੜਤ ਰਿਹਾ। ਪਹਿਲੀ ਵਾਰ ਉੱਤਰ ਪ੍ਰਦੇਸ਼ ਦੇ ਤਤਕਾਲੀਨ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੀ ਸਰਕਾਰ ਦੀਆਂ ਗੋਲੀਆਂ ਨਾਲ ਕਾਰ ਸੇਵਕਾਂ ਨੂੰ ਸ਼ਹੀਦ ਹੁੰਦੇ ਅਤੇ ਦੁਖੀ ਹੁੰਦੇ ਦੇਖਿਆ। ਦੂਜੀ ਵਾਰ ਸਹਾਰਨਪੁਰ ਅਤੇ ਮੇਰਠ ਦੀਆਂ ਜੇਲਾਂ ਦੀ ਕਈ ਮਹੀਨੇ ਹਵਾ ਖਾਧੀ, ਤਦ ਜਾ ਕੇ ਲਖਨਊ ਤੋਂ ਪੈਦਲ ਚੱਲ ਕੇ ਅਯੁੱਧਿਆ ਪਹੁੰਚੇ ਅਤੇ ਬਾਬਰੀ ਮਸਜਿਦ ਨੂੰ ਢਹਿ-ਢੇਰੀ ਹੁੰਦੇ ਦੇਖਿਆ। ਉਦੋਂ ਦੋ ਫਾਇਰ ਬ੍ਰਾਂਡ ਸਾਧਵੀਆਂ ਕੁਮਾਰੀ ਉਮਾ ਭਾਰਤੀ ਅਤੇ ਰਿਤੰਬਰਾ ਦੀਆਂ ਅੱਗ ਉਗਲਦੀਆਂ ਤਕਰੀਰਾਂ ਨੇ ਰਾਮ ਜਨਮਭੂਮੀ ਅੰਦੋਲਨ ’ਚ ਅੱਗ ’ਚ ਘਿਓ ਪਾਉਣ ਦਾ ਕੰਮ ਕੀਤਾ।

ਇਸ ਅੰਦੋਲਨ ਕਾਰਨ ਨਵੰਬਰ 1989 ’ਚ 9ਵੀਂ ਲੋਕ ਸਭਾ ਦੀਆਂ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਨੂੰ 525 ਲੋਕ ਸਭਾ ਸੀਟਾਂ ’ਚੋਂ 88 ਸੀਟਾਂ ਪ੍ਰਾਪਤ ਹੋਈਆਂ। ਉਦੋਂ ਇਸੇ ਪਾਰਟੀ ਦੇ ਸਹਿਯੋਗ ਨਾਲ ਰਾਸ਼ਟਰੀ ਗੱਠਜੋੜ ਸਰਕਾਰ ਬਣੀ। ਵੀ. ਪੀ. ਸਿੰਘ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਪਰ ਉਹ ਸਰਕਾਰ ਮੰਡਲ ਅਤੇ ਕਮੰਡਲ ਦੇ ਚੱਕਰ ’ਚ ਟੁੱਟ ਗਈ। 10ਵੀਆਂ ਲੋਕ ਸਭਾ ਚੋਣਾਂ ’ਚ 503 ਐਲਾਨੇ ਨਤੀਜਿਆਂ ’ਚੋਂ 119 ਸੀਟਾਂ ਮਿਲੀਆਂ। ਇਸ ਨਾਲ ਲੋਕ ਸਭਾ ’ਚ ਭਾਰਤੀ ਜਨਤਾ ਪਾਰਟੀ ਨੂੰ ਵਿਰੋਧੀ ਧਿਰ ਦੀ ਮਾਨਤਾ ਹਾਸਲ ਹੋਈ।

ਅਪ੍ਰੈਲ, ਮਈ 1996 ਦੀ 11ਵੀਂ ਲੋਕ ਸਭਾ ’ਚ ਭਾਰਤੀ ਜਨਤਾ ਪਾਰਟੀ ਨੂੰ 543 ਸੀਟਾਂ ’ਚੋਂ 161 ਸੀਟਾਂ ਮਿਲੀਆਂ। ਉਦੋਂ ਭਾਜਪਾ ਲੋਕ ਸਭਾ ’ਚ ਸਭ ਤੋਂ ਵੱਡੀ ਪਾਰਟੀ ਬਣੀ। ਰਾਸ਼ਟਰਪਤੀ ਨੇ ਅਟਲ ਬਿਹਾਰੀ ਵਾਜਪਾਈ ਨੂੰ ਇਸ ਸ਼ਰਤ ’ਤੇ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਕਿ 31 ਮਈ, 1996 ਤਕ ਲੋਕ ਸਭਾ ’ਚ ਆਪਣਾ ਬਹੁਮਤ ਸਿੱਧ ਕਰਨ। 24 ਮਈ, 1996 ਨੂੰ ਬੇਭਰੋਸਗੀ ਦਾ ਮਤਾ ਪੇਸ਼ ਹੋਇਆ। ਮਤੇ ’ਤੇ 2 ਦਿਨ ਬਹਿਸ ਹੋਈ ਪਰ ਬਹਿਸ ਪੂਰੀ ਹੋਣ ਤੋਂ ਪਹਿਲਾਂ ਹੀ ਵਾਜਪਾਈ ਜੀ ਨੇ ਆਪਣੇ ਮੰਤਰੀ ਮੰਡਲ ਦਾ ਅਸਤੀਫਾ ਰਾਸ਼ਟਰਪਤੀ ਨੂੰ ਸੌਂਪ ਦਿੱਤਾ। ਇਹ ਸਰਕਾਰ ਸਿਰਫ 13 ਦਿਨ ਚੱਲੀ। 11ਵੀਂ ਲੋਕ ਸਭਾ ’ਚ ਅਟਲ ਜੀ ਵਿਰੋਧੀ ਧਿਰ ਦੇ ਨੇਤਾ ਰਹੇ। ਫਰਵਰੀ, ਮਾਰਚ ’ਚ 12ਵੀਂ ਲੋਕ ਸਭਾ ’ਚ ਭਾਜਪਾ ਨੂੰ 182 ਸੀਟਾਂ ਮਿਲੀਆਂ ਅਤੇ ਸਹਿਯੋਗੀ ਪਾਰਟੀਆਂ ਨੂੰ 76 ਸੀਟਾਂ ਮਿਲੀਆਂ।

ਵਾਜਪਾਈ ਜੀ ਨੇ ਉਦੋਂ ਸਹਿਯੋਗੀ ਪਾਰਟੀਆਂ ਨਾਲ ਰਲ ਕੇ ਕੇਂਦਰ ’ਚ ਆਪਣੀ ਸਰਕਾਰ ਬਣਾਈ। ਬੜੇ ਸ਼ਲਾਘਾਯੋਗ ਕਾਰਜ ਇਸ ਕਾਲ ’ਚ ਹੋਏ। 19 ਮਾਰਚ, 1998 ਨੂੰ ਹੀ ਹਿਮਾਚਲ ਪ੍ਰਦੇਸ਼, ਗੁਜਰਾਤ, ਨਾਗਾਲੈਂਡ, ਮੇਘਾਲਿਆ ਅਤੇ ਤ੍ਰਿਪੁਰਾ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀਆਂ ਸਰਕਾਰਾਂ ਬਣੀਆਂ। 13ਵੀਂ ਲੋਕ ਸਭਾ ਦੀਆਂ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਨੇ 339 ਉਮੀਦਵਾਰ ਖੜ੍ਹੇ ਕੀਤੇ। 182 ਸੀਟਾਂ ਪ੍ਰਾਪਤ ਹੋਈਆਂ। 26 ਹੋਰ ਪਾਰਟੀਆਂ ਨੂੰ ਮਿਲਾ ਕੇ 13 ਅਕਤੂਬਰ, 1999 ’ਚ ਵਾਜਪਾਈ ਦੀ ਅਗਵਾਈ ’ਚ ਰਾਜਗ ਦੀ ਸਰਕਾਰ ਬਣੀ। 543 ’ਚੋਂ ਇਸ ਗੱਠਜੋੜ ਨੂੰ 297 ਸੀਟਾਂ ਮਿਲੀਆਂ।

ਹੁਣ ਭਾਰਤੀ ਜਨਤਾ ਪਾਰਟੀ ਦਾ ਵਰਕਰ ਸਮਝ ਸਕਦਾ ਹੈ ਕਿ ਇਸ ਦੀ ਸਫਲਤਾ ਦਾ ਰਸਤਾ ਅਟਲ, ਅਡਵਾਨੀ ਅਤੇ ਜੋਸ਼ੀ ਦੀ ਤ੍ਰਿਮੂਰਤੀ ਦੇ ਸਮੁੱਚੇ ਯਤਨ ਦੇ ਚੱਲਦੇ ਮਿਲਿਆ ਅਤੇ 2004 ਤਕ ਇਹੀ ਤ੍ਰਿਮੂਰਤੀ ਮੋਹਰੀ ਰਹੀ। ਇਹ ਠੀਕ ਹੈ ਕਿ ਸਿਆਸੀ ਪਾਰਟੀ ਦਾ ਮਕਸਦ ਹੀ ਇਹੀ ਹੈ ਕਿ ਸਫਲਤਾ ਦੇ ਝੰਡੇ ਗੱਡਣਾ ਪਰ ਇਸ ਜਿੱਤ ਦੇ ਮਾਰਗ ’ਤੇ ਆਪਣੇ ਹੀ ਛੁੱਟ ਜਾਣ, ਇਹ ਕਿਥੋਂ ਦੀ ਸਿਆਣਪ ਹੈ? ਦੇਸ਼ ਦਾ ਸਾਧਾਰਨ ਵਿਅਕਤੀ ਮੋਦੀ-ਸ਼ਾਹ ਦੀ ਜੋੜੀ ਤੋਂ ਡਰਿਆ ਕਿਉਂ ਹੈ? ਜੰਮੂ-ਕਸ਼ਮੀਰ ਸੜ ਰਿਹਾ ਹੈ, ਅੱਤਵਾਦੀ ਮਰ ਕੇ ਵੀ ਸਾਡੇ ਫੌਜੀਆਂ ਨੂੰ ਸ਼ਹੀਦ ਕਰ ਰਹੇ ਹਨ। ਛੱਤੀਸਗੜ੍ਹ ’ਚ ਨਕਸਲਵਾਦੀ ਰੋਜ਼ ਦੁਰਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਮਣੀਪੁਰ ਜਾਤੀਵਾਦ ਦੀ ਭੱਠੀ ’ਚ ਪਿਛਲੇ 2 ਸਾਲ ਤੋਂ ਸੜ ਰਿਹਾ ਹੈ। ਬੰਗਲਾਦੇਸ਼ ਦੀ ਸੱਤਾ ਤਬਦੀਲੀ ਭਾਰਤ ਦੀ ਡੂੰਘੀ ਚਿੰਤਾ ਦਾ ਵਿਸ਼ਾ ਹੈ। ਇਨ੍ਹਾਂ ਚੀਜ਼ਾਂ ’ਤੇ ਮਿਲ-ਬੈਠ ਕੇ ਹੀ ਵਿਚਾਰ ਹੋਣਾ ਚਾਹੀਦਾ ਹੈ।

-ਮਾ. ਮੋਹਨ ਲਾਲ ਸਾਬਕਾ ਟਰਾਂਸਪੋਰਟ ਮੰਤਰੀ ਪੰਜਾਬ


author

Tanu

Content Editor

Related News