‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਨੇ ਭਰੀ ਭਾਜਪਾ ਦੀ ਵੋਟਾਂ ਨਾਲ ਝੋਲੀ

07/09/2019 7:07:12 AM

ਵਿਜੇ ਵਿਦਰੋਹੀ
ਪੁਰਾਣੀ ਫਿਲਮ ਦਾ ਇਕ ਗਾਣਾ ਯਾਦ ਹੋਵੇਗਾ....‘ਗਰੀਬੋਂ ਕੀ ਸੁਨੋ, ਵੋ ਤੁਮਹਾਰੀ ਸੁਨੇਗਾ, ਤੁਮ ਏਕ ਪੈਸਾ ਦੋਗੇ ਵੋ ਦਸ ਲਾਖ ਦੇਗਾ’। ਲੋਕ ਸਭਾ ਚੋਣਾਂ ’ਚ ਬੀ. ਜੇ. ਪੀ. ਨੂੰ ਲੱਗਭਗ 22 ਕਰੋੜ ਵੋਟਾਂ ਮਿਲੀਆਂ ਅਤੇ ਸੰਯੋਗ ਹੀ ਹੈ ਕਿ ਮੋਦੀ ਸਰਕਾਰ ਦੀ ਉੱਜਵਲਾ ਯੋਜਨਾ ਤੋਂ ਲੈ ਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀਆਂ ਦੀ ਗਿਣਤੀ ਵੀ 22 ਕਰੋੜ ਦੇ ਆਸ-ਪਾਸ ਹੀ ਸੀ। ਕਾਂਗਰਸ ਸਮੇਤ ਪੂਰੀ ਵਿਰੋਧੀ ਧਿਰ ਕਹਿ ਰਹੀ ਹੈ ਕਿ ਮੋਦੀ ਪਾਕਿਸਤਾਨ ਦਾ ਡਰ ਦਿਖਾ ਕੇ, ਅਸਿੱਧੇ ਰਾਸ਼ਟਰਵਾਦ ਦਾ ਕਾਰਡ ਚਲਾ ਕੇ, ਹਿੰਦੂਤਵ ਨੂੰ ਜਗਾ ਕੇ ਅਤੇ ਝੂਠੇ ਸਬਜ਼ਬਾਗ ਦਿਖਾ ਕੇ ਮੁੜ ਪ੍ਰਧਾਨ ਮੰਤਰੀ ਬਣ ਗਏ। ਓਧਰ ਮੋਦੀ ਅਤੇ ਅਮਿਤ ਸ਼ਾਹ ਵੋਟਰਾਂ ਨਾਲ ਕੈਮਿਸਟਰੀ ਬਿਠਾਉਣ ਦੀ ਗੱਲ ਕਰ ਰਹੇ ਹਨ ਪਰ ਇਕ ਸੱਚ ਇਹ ਹੈ ਕਿ ਸਿਆਸੀ ਪਾਰਟੀਆਂ ਦੇ ਨੇਤਾ ਜਾਤਾਂ ਦਾ ਗਣਿਤ ਹੀ ਬਿਠਾਉਂਦੇ ਰਹਿ ਗਏ ਅਤੇ ਵਿਕਾਸ ਯੋਜਨਾਵਾਂ ਦੀ ਚਾਸ਼ਨੀ ਨੂੰ ਭੁੱਲ ਗਏ। ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਭੂਮਿਕਾ ਦੀ ਪੜਤਾਲ ਕਰਦੇ ਹਾਂ। ਇਸ ਦੇ ਲਈ ਚੱਲਦੇ ਹਾਂ ਰਾਜਸਥਾਨ ਦੇ ਟੋਂਕ ਜ਼ਿਲੇ ਦੀ ਨਿਵਾਈ ਪੰਚਾਇਤ ਸੰਮਤੀ ਦੇ ਪਿੰਡ ਜੋਧਪੁਰੀਆ, ਜਿਥੇ 1104 ਵੋਟਾਂ ਹਨ ਅਤੇ ਇਕ ਹੀ ਬੂਥ ਹੈ।

ਦਸੰਬਰ 2018 ’ਚ ਵਿਧਾਨ ਸਭਾ ਚੋਣਾਂ ਅਤੇ ਮਈ 2019 ’ਚ ਲੋਕ ਸਭਾ ਚੋਣਾਂ ਦੌਰਾਨ ਇਥੇ ਕਿਸ ਤਰ੍ਹਾਂ ਦੀ ਵੋਟਿੰਗ ਹੋਈ, ਉਸ ਤੋਂ ਸਾਫ ਸੰਕੇਤ ਮਿਲਦਾ ਹੈ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਨਤੀਜਿਆਂ ’ਚ ਕਿੰਨੀ ਵੱਡੀ ਭੂਮਿਕਾ ਰਹੀ। ਆਪਣੇ ਪਤੀ ਨਾਲ ਛੋਟੀ-ਮੋਟੀ ਮਜ਼ਦੂਰੀ ਕਰਨ ਵਾਲੀ ਇਥੋਂ ਦੀ ਆਸ਼ਾ ਦਾ ਕਹਿਣਾ ਹੈ ਕਿ ਪਹਿਲਾਂ ਇਸੇ ਜਗ੍ਹਾ ਉਸ ਕੋਲ ਕੱਚਾ ਘਰ ਸੀ ਪਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 1 ਲੱਖ 20 ਹਜ਼ਾਰ ਰੁਪਏ ਮਿਲੇ ਤਾਂ ਕੁਝ ਹੋਰ ਕਰਜ਼ਾ ਲੈ ਕੇ ਉਸ ਨੇ ਮਕਾਨ ਬਣਵਾ ਲਿਆ। ਆਸ਼ਾ ਦਾ ਕਹਿਣਾ ਹੈ ਕਿ 1 ਲੱਖ 20 ਹਜ਼ਾਰ ਰੁਪਏ ’ਚ ਮਕਾਨ ਨਹੀਂ ਬਣਦਾ, ਇਸ ਲਈ ਰਕਮ ਵਧਾਈ ਜਾਣੀ ਚਾਹੀਦੀ ਹੈ। ਇਹੋ ਗੱਲ ਉਸ ਦੀ ਗੁਆਂਢਣ ਅਨੀਤਾ ਦੇਵੀ ਨੇ ਵੀ ਕਹੀ। ਉਸ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਮਿਲਿਆ ਤੇ ਬਦਲੇ ਵਿਚ ਮੋਦੀ ਨੂੰ ਪੂਰੇ ਪਰਿਵਾਰ ਦੀਆਂ ਵੋਟਾਂ। ਅਜਿਹੀ ਹੀ ਗੱਲ ਰਾਜੰਤੀ ਦੇਵੀ, ਸੁਰੇਸ਼ ਅਤੇ ਨੀਤੂ ਨੇ ਕਹੀ। ਨੀਤੂ ਦਾ ਕਹਿਣਾ ਸੀ ਕਿ ਵਿਧਾਨ ਸਭਾ ਚੋਣਾਂ ’ਚ ਉਸ ਨੇ ਕਾਂਗਰਸ ਨੂੰ ਵੋਟ ਦਿੱਤੀ ਸੀ ਪਰ ਲੋਕ ਸਭਾ ਚੋਣਾਂ ’ਚ ਮੋਦੀ ਨੂੰ। ਨੇੜੇ ਹੀ ਰਹਿੰਦੇ ਹਨ ਛੀਤਰ, ਜਿਨ੍ਹਾਂ ਨੂੰ ਪੀ. ਐੱਮ. ਆਵਾਸ ਯੋਜਨਾ ਤਹਿਤ ਮਕਾਨ ਨਹੀਂ ਮਿਲਿਆ ਪਰ ਮਕਾਨ ਦਾ ਵਾਅਦਾ ਜ਼ਰੂਰ ਕੀਤਾ ਗਿਆ ਹੈ ਤੇ ਇਸੇ ਉਮੀਦ ’ਚ ਉਨ੍ਹਾਂ ਨੇ ਮੋਦੀ ਨੂੰ ਵੋਟ ਦੇ ਦਿੱਤੀ। ਉਹ ਕਹਿਣ ਲੱਗੇ ਕਿ ਰਾਜਸਥਾਨ ’ਚ ਤਾਂ ਹਰ 5 ਸਾਲਾਂ ਬਾਅਦ ਸਰਕਾਰ ਪਲਟਣੀ ਹੈ। ਉਂਝ ਵੀ ਅਸ਼ੋਕ ਗਹਿਲੋਤ ਸੂਬੇ ਲਈ ਬਿਹਤਰ ਹਨ ਪਰ ਦੇਸ਼ ਲਈ ਮੋਦੀ ਜ਼ਰੂਰੀ ਹਨ ਤੇ ਕੱਚਾ ਮਕਾਨ ਹੋਣ ਦੇ ਬਾਵਜੂਦ ਉਨ੍ਹਾਂ ਨੇ ਮੋਦੀ ਨੂੰ ਵੋਟ ਦਿੱਤੀ। ਮੀਸਾ ਦੇਵੀ ਵੀ ਕੱਚੇ ਮਕਾਨ ’ਚ ਰਹਿ ਰਹੀ ਹੈ। ਪਿੰਡ ਦੇ ਸਥਾਨਕ ਭਾਜਪਾ ਆਗੂਆਂ ਨੇ ਦੱਸਿਆ ਕਿ ਮੀਸਾ ਦਾ ਨਾਂ ਵੀ ਇਸ ਯੋਜਨਾ ਤਹਿਤ ਆ ਗਿਆ ਹੈ ਅਤੇ ਘਰ ਦੀ ਫੋਟੋ ਖਿਚਵਾ ਲਈ ਗਈ ਹੈ। ਇਹ ਸੁਣ ਕੇ ਪੂਰੇ ਪਰਿਵਾਰ ਨੇ ਮੋਦੀ ਨੂੰ ਵੋਟ ਦਿੱਤੀ। ਪਿੰਡ ਦੇ ਸ਼੍ਰਵਣ ਗੁਰਜਰ ਨੇ ਸਾਰੀ ਸਿਆਸਤ ਸਮਝਾਈ ਕਿ ਭਾਜਪਾ ਦੀ ਬੰਪਰ ਜਿੱਤ ਪਿੱਛੇ ਵਜ੍ਹਾ ਕਾਂਗਰਸ ਦਾ ਆਪਸੀ ਝਗੜਾ ਸੀ, ਵਸੁੰਧਰਾ ਰਾਜੇ ਨਾਲ ਨਿੱਜੀ ਨਾਰਾਜ਼ਗੀ ਸੀ, ਸਚਿਨ ਪਾਇਲਟ ਨੂੰ ਮੁੱਖ ਮੰਤਰੀ ਨਾ ਬਣਾਉਣ ਕਰਕੇ ਵੋਟਰ ਖਫਾ ਸਨ।

ਪਰ ਇਨ੍ਹਾਂ ਸਭ ਕਾਰਣਾਂ ਕਰਕੇ ਹੀ ਵੋਟਰ ਮੋਦੀ ਵੱਲ ਨਹੀਂ ਝੁਕੇ। ਅੰਕੜੇ ਦੱਸਦੇ ਹਨ ਕਿ ਪੀ. ਐੱਮ. ਆਵਾਸ ਯੋਜਨਾ ਨੇ ਇਕ ਪ੍ਰੇਰਕ ਦਾ ਕੰਮ ਕੀਤਾ। ਇਥੇ ਸਾਨੂੰ ਉਮਾਸ਼ੰਕਰ ਗੁਪਤਾ ਮਿਲੇ, ਜੋ ਨਿਵਾਈ ਪੰਚਾਇਤ ਸੰਮਤੀ ਦੇ ਗ੍ਰਾਮ ਵਿਕਾਸ ਅਧਿਕਾਰੀ ਹਨ ਤੇ ਜੋਧਪੁਰੀਆ ਪਿੰਡ ’ਚ ਪੀ. ਐੱਮ. ਆਵਾਸ ਯੋਜਨਾ ਨੂੰ ਉਹੀ ਚਲਾ ਰਹੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਕੁਲ 281 ਨਾਵਾਂ ਦੀ ਸੂਚੀ ਭੇਜੀ ਗਈ, ਜਿਨ੍ਹਾਂ ’ਚੋਂ 78 ਰੱਦ ਹੋ ਗਏ ਅਤੇ 203 ਦੇ ਨਾਂ ਮਕਾਨ ਲਈ ਤੈਅ ਹੋਏ। 2017-18 ’ਚ 30 ਮਕਾਨਾਂ ਦਾ ਟੀਚਾ ਸੀ, ਜੋ ਪੂਰਾ ਹੋਇਆ। 2018-19 ’ਚ 90 ਮਕਾਨ ਬਣਾਉਣੇ ਸਨ, ਜਿਨ੍ਹਾਂ ’ਚੋਂ 17 ਹੀ ਬਣਨ ਵਾਲੇ ਬਚੇ ਹਨ। ਅਗਲਾ ਟੀਚਾ 83 ਮਕਾਨ ਬਣਾਉਣ ਦਾ ਹੈ, ਜਿਨ੍ਹਾਂ ’ਚੋਂ 26 ਦੀ ਰਜਿਸਟ੍ਰੇਸ਼ਨ ਕਰ ਦਿੱਤੀ ਗਈ ਹੈ। ਚੋਣ ਅੰਕੜੇ ਸਾਰੀ ਕਹਾਣੀ ਬਿਆਨ ਕਰ ਰਹੇ ਹਨ। ਜੋਧਪੁਰੀਆ ਪਿੰਡ ’ਚ ਕੁਲ 1104 ਵੋਟਾਂ ਹਨ ਅਤੇ ਦਸੰਬਰ ਦੀਆਂ ਵਿਧਾਨ ਸਭਾ ਚੋਣਾਂ ’ਚ 855 ਵੋਟਾਂ ਪਈਆਂ, ਜਿਨ੍ਹਾਂ ’ਚੋਂ 757 ਵੋਟਾਂ ਕਾਂਗਰਸ ਨੂੰ ਪਈਆਂ, ਜਦਕਿ ਭਾਜਪਾ ਨੂੰ ਸਿਰਫ 81 ਵੋਟਾਂ ਮਿਲੀਆਂ। ਫਿਰ 2019 ਦੀਆਂ ਲੋਕ ਸਭਾ ਚੋਣਾਂ ’ਚ ਕੁਲ 899 ਵੋਟਾਂ ਪਈਆਂ, ਜਿਨ੍ਹਾਂ ’ਚੋਂ ਕਾਂਗਰਸ ਨੂੰ ਸਿਰਫ 88 ਵੋਟਾਂ ਮਿਲੀਆਂ ਤੇ ਭਾਜਪਾ ਦੇ ਹਿੱਸੇ 804 ਵੋਟਾਂ ਆਈਆਂ। ਹੁਣ ਪਿੰਡ ’ਚ ਕੁਲ 103 ਪਰਿਵਾਰਾਂ ਨੂੰ ਮਕਾਨ ਮਿਲ ਚੁੱਕੇ ਹਨ। ਜੇ ਇਕ ਪਰਿਵਾਰ ’ਚ 4 ਵੋਟਾਂ ਵੀ ਮੰਨੀਆਂ ਜਾਣ ਤਾਂ ਭਾਜਪਾ ਨੂੰ 804 ਵੋਟਾਂ ’ਚੋਂ 412 ਵੋਟਾਂ ਤਾਂ ਸਿਰਫ ਪੀ. ਐੱਮ. ਆਵਾਸ ਯੋਜਨਾ ਕਾਰਣ ਹੀ ਮਿਲੀਆਂ। ਇਸੇ ਤਰ੍ਹਾਂ 17 ਮਕਾਨ ਬਣ ਰਹੇ ਹਨ ਅਤੇ 26 ਮਕਾਨਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਇਹ ਲੋਕ ਵੀ ਮੋਦੀ ਨੂੰ ਹੀ ਵੋਟ ਦੇਣ ਦੀ ਗੱਲ ਕਰ ਰਹੇ ਹਨ। ਇਕ ਬੂਥ ਦੀ ਪੜਤਾਲ ਦੱਸਦੀ ਹੈ ਕਿ ਕਿਸ ਤਰ੍ਹਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਭਾਜਪਾ ਦੀ ਝੋਲੀ ਵੋਟਾਂ ਨਾਲ ਭਰ ਦਿੱਤੀ। ਇਹ ਹਾਲ ਉਦੋਂ ਹੈ, ਜਦੋਂ ਮੋਦੀ ਸਰਕਾਰ ਪਿੰਡਾਂ ’ਚ ਘਰ ਬਣਾਉਣ ਦੇ ਟੀਚੇ ਨੂੰ ਪੂਰਾ ਨਹੀਂ ਕਰ ਸਕੀ। ਅਸਲ ’ਚ 2011 ਦੇ ਸਮਾਜਿਕ-ਆਰਥਿਕ ਸਰਵੇ ’ਚ ਦੇਸ਼ ਭਰ ਅੰਦਰ 2 ਕਰੋੜ 53 ਲੱਖ ਕੱਚੇ ਮਕਾਨ ਦਿਹਾਤੀ ਖੇਤਰਾਂ ਵਿਚ ਦੱਸੇ ਗਏ ਸਨ। ਨਵੰਬਰ 2016 ’ਚ ਪੀ. ਐੱਮ. ਆਵਾਸ ਯੋਜਨਾ ਸ਼ੁਰੂ ਹੋਈ ਤਾਂ 1 ਕਰੋੜ ਮਕਾਨ ਬਣਾਉਣ ਦਾ ਟੀਚਾ ਮਿੱਥਿਆ ਗਿਆ ਪਰ ਇਹ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ’ਚ ਪੂਰਾ ਨਹੀਂ ਹੋ ਸਕਿਆ ਤੇ ਦਿਹਾਤੀ ਵਿਕਾਸ ਮੰਤਰਾਲੇ ਅਨੁਸਾਰ ਇਸ ਦੌਰਾਨ 80 ਲੱਖ ਮਕਾਨ ਹੀ ਬਣਾਏ ਜਾ ਸਕੇ। ਜੇ ਇਕ ਘਰ ’ਚ ਔਸਤਨ 4 ਵੋਟਾਂ ਮੰਨ ਲਈਆਂ ਜਾਣ ਤਾਂ 3 ਕਰੋੜ ਦੇ ਲੱਗਭਗ ਵੋਟਾਂ ਪੀ. ਐੱਮ. ਆਵਾਸ ਯੋਜਨਾ ਸਦਕਾ ਮਿਲ ਗਈਆਂ। ਇਸ ਤੋਂ ਵਿਰੋਧੀ ਧਿਰ ਨੂੰ ਵੀ ਸਬਕ ਲੈਣਾ ਚਾਹੀਦਾ ਹੈ। ਦੂਜੇ ਪਾਸੇ ਮੋਦੀ ਸਰਕਾਰ ਨੇ ਇਸ ਯੋਜਨਾ ਦੀ ਸਫਲਤਾ ਤੋਂ ਉਤਸ਼ਾਹਿਤ ਹੋ ਕੇ ਅਗਲੇ 3 ਸਾਲਾਂ ’ਚ ਦਿਹਾਤੀ ਇਲਾਕਿਆਂ ’ਚ 1 ਕਰੋੜ 80 ਲੱਖ ਮਕਾਨ ਬਣਾਉਣ ਦਾ ਟੀਚਾ ਮਿੱਥਿਆ ਹੈ। 2022 ’ਚ ਯੂ. ਪੀ. ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ, ਜਿਸ ਦੇ ਮੱਦੇਨਜ਼ਰ ਹੁਣ ਯੂ. ਪੀ. ’ਚ ਜ਼ੋਰ ਲਾਇਆ ਜਾ ਰਿਹਾ ਹੈ। 1 ਕਰੋੜ 80 ਲੱਖ ਤਿੰਨ ਸਾਲਾਂ ’ਚ, ਭਾਵ 60 ਲੱਖ ਮਕਾਨ ਇਕ ਸਾਲ ’ਚ ਬਣਾਏ ਜਾਣੇ ਹਨ। ਇਸ ਦੇ ਲਈ ਮੋਦੀ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਰੱਖੀ ਹੈ। ਤੁਹਾਨੂੰ ਮਨੋਜ ਕੁਮਾਰ ਦੀ ਫਿਲਮ ‘ਰੋਟੀ, ਕੱਪੜਾ ਔਰ ਮਕਾਨ’ ਯਾਦ ਹੋਵੇਗੀ, ਜੋ ਇਕ ਵੱਡੀ ਹਿੱਟ ਫਿਲਮ ਸੀ ਤੇ ਮੋਦੀ ਸਰਕਾਰ ਦੀ ਨਵੀਂ ਫਿਲਮ ਹੈ ‘ਪਖਾਨੇ, ਗੈਸ ਕੁਨੈਕਸ਼ਨ ਅਤੇ ਮਕਾਨ’। ਫਿਲਹਾਲ ਤਾਂ ਫਿਲਮ ਹਿੱਟ ਹੋ ਰਹੀ ਹੈ।
 


Bharat Thapa

Content Editor

Related News