ਭਾਗਵਤ ਬਹੁਤ ਘੱਟ ਬੋਲਦੇ ਹਨ, ਪਰ ਦਿਨ ਅਤੇ ਮੌਕੇ ਦੀ ਚੋਣ ਸ਼ਾਨਦਾਰ ਹੁੰਦੀ ਹੈ

Sunday, Oct 20, 2024 - 01:06 PM (IST)

ਭਾਗਵਤ ਬਹੁਤ ਘੱਟ ਬੋਲਦੇ ਹਨ, ਪਰ ਦਿਨ ਅਤੇ ਮੌਕੇ ਦੀ ਚੋਣ ਸ਼ਾਨਦਾਰ ਹੁੰਦੀ ਹੈ

ਸਰਸੰਘਚਾਲਕ ਪ੍ਰਮੁੱਖ ਮੋਹਨ ਭਾਗਵਤ ਨੂੰ ਸਮੇਂ ਦਾ ਅਦਭੁੱਤ ਗਿਆਨ ਹੈ। ਉਹ ਬਹੁਤ ਘੱਟ ਬੋਲਦੇ ਹਨ ਪਰ ਦਿਨ ਅਤੇ ਮੌਕੇ ਦੀ ਉਨ੍ਹਾਂ ਦੀ ਚੋਣ ਸ਼ਾਨਦਾਰ ਹੁੰਦੀ ਹੈ। ਉਨ੍ਹਾਂ ਦੇ ਸ਼ਬਦਾਂ ਦੀ ਚੋਣ ਵੀ ਸ਼ਾਨਦਾਰ ਹੈ, ਹਾਲਾਂਕਿ ਮੈਂ ਉਨ੍ਹਾਂ ਨੂੰ ਸਿਰਫ ਅੰਗਰੇਜ਼ੀ ਅਨੁਵਾਦ ’ਚ ਪੜ੍ਹਿਆ ਹੈ। ਕਈ ਲੋਕ ਉਨ੍ਹਾਂ ਦੇ ਵਿਚਾਰਾਂ ਦੇ ਨਾਲ ਸਹਿਮਤ ਹਨ ਅਤੇ ਮੈਂ ਹਮੇਸ਼ਾ ਅਸਹਿਮਤ ਹਾਂ ਪਰ ਕੋਈ ਵੀ ਇਸ ਗੱਲ ਨਾਲ ਸਹਿਮਤ ਨਹੀਂ ਹੋ ਸਕਦਾ ਕਿ ਭਾਗਵਤ ਦੇ ਭਾਸ਼ਣ ਧਿਆਨ ਖਿੱਚਦੇ ਹਨ, ਖਾਸ ਕਰ ਕੇ 2014 ਪਿੱਛੋਂ।

ਉਨ੍ਹਾਂ ਦੇ ਸ਼ਬਦਾਂ ਨੂੰ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਦੇ ਅਧਿਕਾਰਤ ਸ਼ਬਦਾਂ ਦੇ ਰੂਪ ’ਚ ਲਿਆ ਜਾਂਦਾ ਹੈ। ਅਜਿਹੇ ਸੰਗਠਨ ਦੀ ਪ੍ਰਕਿਰਤੀ ਅਤੇ ਸੰਰਚਨਾ ਦੇ ਨਾਲ-ਨਾਲ ਸਰਸੰਘਚਾਲਕ ਪ੍ਰਮੁੱਖ ਦੇ ਤੌਰ ’ਤੇ ਉਨ੍ਹਾਂ ਦੀ ਸਥਿਤੀ ਦੇ ਕਾਰਨ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਆਰ. ਐੱਸ. ਐੱਸ. ’ਚ ਪ੍ਰਮੁੱਖ ਕੋਲ ਪੂਰਨ ਅਧਿਕਾਰ ਹੁੰਦਾ ਹੈ। ਇਸ ਲਈ ਭਾਗਵਤ ਦੇ ਭਾਸ਼ਣਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਹਾਲ ਹੀ ’ਚ ਉਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ।

ਠੰਢੀ ਹਵਾ : ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਦੇ ਕੁਝ ਸਮੇਂ ਪਿੱਛੋਂ, ਜੂਨ 2024 ’ਚ, ਭਾਗਵਤ ਨੇ ਇਕ ਭਾਸ਼ਣ ਦਿੱਤਾ, ਜਿਸ ’ਚ ਉਨ੍ਹਾਂ ਦਾ ਮੁੱਖ ਉਪਦੇਸ਼ ਸੀ, ‘ਹੰਕਾਰ ਤਿਆਗੋ, ਨਿਮਰਤਾ ਦਾ ਅਭਿਆਸ ਕਰੋ’। ਇਹ ਲੋਕ ਸਭਾ ਚੋਣਾਂ ਪਿੱਛੋਂ ਉਨ੍ਹਾਂ ਦਾ ਪਹਿਲਾ ਜਨਤਕ ਸੰਬੋਧਨ ਸੀ ਅਤੇ ਉਨ੍ਹਾਂ ਨੇ ਕਿਹਾ-ਝੂਠ ਅਤੇ ਨਿਰਾਦਰ ਭਰੀ ਭਾਸ਼ਾ ਦੀ ਵਰਤੋਂ ਕਰਨ ਵਾਲੇ ਚੁਣਾਵੀ ਭਾਸ਼ਣਾਂ ਨੇ ਉਸ ਸ਼ਿਸ਼ਟਾਚਾਰ ਦੀ ਉਲੰਘਣਾ ਕੀਤੀ ਹੈ ਜਿਸ ਦੀ ਪਾਲਣਾ ਦੀ ਪਾਰਟੀਆਂ ਕੋਲੋਂ ਆਸ ਕੀਤੀ ਜਾਂਦੀ ਹੈ।

ਤੁਹਾਡਾ ਮੁਕਾਬਲੇਬਾਜ਼ ਕੋਈ ਵਿਰੋਧੀ ਨਹੀਂ ਹੈ, ਉਹ ਸਿਰਫ ਇਕ ਵਿਰੋਧੀ ਦ੍ਰਿਸ਼ਟੀਕੋਣ ਦੀ ਪ੍ਰਤੀਨਿਧਤਾ ਕਰਦਾ ਹੈ। ਮੁਕਾਬਲੇਬਾਜ਼ ਦੀ ਥਾਂ ਉਨ੍ਹਾਂ ਨੂੰ ਵਿਰੋਧੀ ਧਿਰ ਕਹੋ, ਵਿਰੋਧੀ ਧਿਰ ਦੀ ਰਾਇ ’ਤੇ ਵੀ ਵਿਚਾਰ ਕੀਤੀ ਜਾਣੀ ਚਾਹੀਦੀ ਹੈ ਅਤੇ ਇਕ ਸੱਚਾ ਸੇਵਕ ਮਰਿਆਦਾ ਬਣਾਈ ਰੱਖਦਾ ਹੈ। ਉਸ ਕੋਲ ਇਹ ਕਹਿਣ ਦਾ ਹੰਕਾਰ ਨਹੀਂ ਹੁੰਦਾ ਕਿ ‘ਮੈਂ ਇਹ ਕੰਮ ਕੀਤਾ।’

ਇਸ ਭਾਸ਼ਣ ਦੀ ਵਿਆਪਕ ਤੌਰ ’ਤੇ ਵਿਆਖਿਆ ਪੀ. ਐੱਮ. ਮੋਦੀ ਅਤੇ ਉਨ੍ਹਾਂ ਦੀ ਚੋਣ ਮੁਹਿੰਮ ਵੱਲ ਇਸ਼ਾਰਾ ਕਰਦਿਆਂ ਕੀਤੀ ਗਈ। ਅਗਲਾ ਜ਼ਿਕਰਯੋਗ ਭਾਸ਼ਣ ਜੁਲਾਈ ’ਚ ਸੀ ਜਿਸ ’ਚ ਸ਼੍ਰੀ ਭਾਗਵਤ ਨੇ ਕਿਹਾ ਸੀ ਕਿ ਇਕ ਆਦਮੀ ਸੁਪਰਮੈਨ ਬਣਨਾ ਚਾਹੰੁਦਾ ਹੈ, ਫਿਰ ਦੇਵ ਅਤੇ ਫਿਰ ਭਗਵਾਨ।

ਇਹ ਸਪੱਸ਼ਟ ਤੌਰ ’ਤੇ ਮੋਦੀ ਦੇ ਇਸ ਦਾਅਵੇ ਦੀ ਨਾਮਨਜ਼ੂਰੀ ਸੀ ਕਿ ਉਨ੍ਹਾਂ ਦਾ ਜਨਮ ‘ਜੈਵਿਕ ਤੌਰ ’ਤੇ’ ਨਹੀਂ ਹੋਇਆ ਸੀ। ਜੇ ਮੋਦੀ ਨੇ ਗਰਭਧਾਰਨ, ਗਰਭਪਾਤ ਅਤੇ ਜਣੇਪੇ ਤੋਂ ਇਨਕਾਰ ਕੀਤਾ, ਤਾਂ ਕੀ ਉਹ ਆਪਣੇ ਆਪ ਨੂੰ ‘ਸਿਰਜਣਹਾਰ’ ਕਹਿ ਰਹੇ ਸਨ? ਅਤੇ ਕੀ ਭਾਗਵਤ ਇਸ਼ਾਰਾ ਕਰ ਰਹੇ ਸਨ ਕਿ ਮੋਦੀ ਨੇ ਸ਼ਾਇਦ ਕੋਈ ਹੱਦ ਪਾਰ ਕਰ ਦਿੱਤੀ ਹੈ?

ਸੀਤ ਲਹਿਰ : ਤੀਜਾ ਭਾਸ਼ਣ ਵਿਜੇਦਸ਼ਮੀ ਦੇ ਦਿਨ, 12 ਅਕਤੂਬਰ 2024 ਨੂੰ ਆਰ. ਐੱਸ. ਐੱਸ. ਦੇ 100ਵੇਂ ਸਾਲ ’ਚ ਦਾਖਲ ਹੋਣ ’ਤੇ ਸੀ। ਮੈਂ ਰਿਪੋਰਟ ਕੀਤੇ ਗਏ ਪਾਠ (ਟੈਕਸਟ) ਨੂੰ ਅੰਗਰੇਜ਼ੀ ’ਚ ਪੜ੍ਹਿਆ ਹੈ। ਮੈਨੂੰ ਨਿਰਾਸ਼ਾ ਹੋਈ ਪਰ ਹੈਰਾਨੀ ਨਹੀਂ ਹੋਈ ਕਿ ਭਾਗਵਤ ਨੇ ਆਰ. ਐੱਸ. ਐੱਸ. ਦੇ ਸਥਾਪਿਤ ਵਿਚਾਰਧਾਰਕ ਕਦਮਾਂ ’ਤੇ ਵਾਪਸੀ ਕੀਤੀ। ਉਨ੍ਹਾਂ ਦੇ ਭਾਸ਼ਣ ’ਚ ਧਰਮ, ਸੱਭਿਆਚਾਰਕ, ਨਿੱਜੀ ਅਤੇ ਰਾਸ਼ਟਰੀ ਕਿਰਦਾਰ, ਸ਼ੁੱਭ ਹੋਣਾ, ਧਾਰਮਿਕਤਾ ਦੀ ਜਿੱਤ ਅਤੇ ਆਤਮ-ਸਨਮਾਨ ਵਰਗੇ ਸ਼ਬਦ ਭਰੇ ਪਏ ਸਨ।

ਉਨ੍ਹਾਂ ਨੇ ਹਮਾਸ ਅਤੇ ਇਜ਼ਰਾਈਲ ਦਰਮਿਆਨ ਜੰਗ ਦਾ ਜ਼ਿਕਰ ਕੀਤਾ ਪਰ 43,000 ਮੌਤਾਂ ਦਾ ਕੋਈ ਜ਼ਿਕਰ ਨਹੀਂ ਕੀਤਾ; ਜੰਮੂ-ਕਸ਼ਮੀਰ ’ਚ ਚੋਣਾਂ ਦਾ ਜ਼ਿਕਰ ਕੀਤਾ ਪਰ ਨਵੀਂ ਸਰਕਾਰ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਨਹੀਂ ਦਿੱਤੀਆਂ ਅਤੇ ਮਣੀਪੁਰ ਬਾਰੇ ਉਨ੍ਹਾਂ ਨੇ ਸਿਰਫ ਇੰਨਾ ਕਿਹਾ ਕਿ ਉਹ ‘ਅਸ਼ਾਂਤ’ ਹੈ।

ਭਾਗਵਤ ਦੇ ਭਾਸ਼ਣ ਦਾ ਬਾਕੀ ਹਿੱਸਾ ਠੇਠ ਮੋਦੀ-ਭਾਸ਼ਣ ਸੀ। ਕਿਵੇਂ ਭਾਰਤ ਇਕ ਰਾਸ਼ਟਰ ਵਜੋਂ ਮਜ਼ਬੂਤ ਹੋਇਆ ਹੈ, ਕਿਵੇਂ ਦੁਨੀਆ ਸਾਡੇ ਸਰਬਵਿਆਪਕ ਭਾਈਚਾਰੇ ਦੀ ਭਾਵਨਾ ਨੂੰ ਸਵੀਕਾਰ ਕਰ ਰਹੀ ਹੈ ਅਤੇ ਕਿਵੇਂ ਭਾਰਤ ਦਾ ਅਕਸ, ਸ਼ਕਤੀ, ਪ੍ਰਸਿੱਧੀ ਅਤੇ ਵਿਸ਼ਵ ਮੰਚ ’ਤੇ ਸਥਿਤੀ ਲਗਾਤਾਰ ਸੁਧਰ ਰਹੀ ਹੈ।

ਹੋਰ ਵੀ ਬਹੁਤ ਕੁਝ ਸੀ। ਦੇਸ਼ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਜ਼ੋਰ ਫੜ ਰਹੀਆਂ ਹਨ, ਉਦਾਰ ਹੋਣ ਦਾ ਦਾਅਵਾ ਕਰਨ ਵਾਲੇ ਦੇਸ਼ ਦੂਜੇ ਦੇਸ਼ਾਂ ’ਤੇ ਹਮਲਾ ਕਰਨ ਜਾਂ ਉਨ੍ਹਾਂ ਦੀਆਂ ਜਮਹੂਰੀ ਢੰਗ ਨਾਲ ਚੁਣੀਆਂ ਗਈਆਂ ਸਰਕਾਰਾਂ ਨੂੰ ਨਾਜਾਇਜ਼ ਜਾਂ ਹਿੰਸਕ ਢੰਗ ਨਾਲ ਤੋੜਨ ’ਚ ਸੰਕੋਚ ਨਹੀਂ ਕਰਦੇ, ਝੂਠ ਦੇ ਆਧਾਰ ’ਤੇ ਭਾਰਤ ਦੇ ਅਕਸ ਨੂੰ ਬਦਨਾਮ ਕਰਨ ਦੀ ਜਾਣਬੁੱਝ ਕੇ ਕੋਸ਼ਿਸ਼ ਕਰਦੇ ਹਨ, ਆਦਿ।

ਮੋਹਨ ਭਾਗਵਤ ਨੇ ਇਨ੍ਹਾਂ ਗੰਭੀਰ ਦੋਸ਼ਾਂ ਦਾ ਕੋਈ ਸਬੂਤ ਨਹੀਂ ਦਿੱਤਾ। ਬੰਗਲਾਦੇਸ਼ ਦਾ ਜ਼ਿਕਰ ਕਰਦਿਆਂ ਉਹ ਪੂਰੇ ਜੋਸ਼ ’ਚ ਸਨ ਅਤੇ ਉਨ੍ਹਾਂ ਨੇ ‘ਹਿੰਦੂ ਭਾਈਚਾਰੇ ’ਤੇ ਬਿਨਾਂ ਕਾਰਨ ਵਹਿਸ਼ੀ ਅੱਤਿਆਚਾਰ’, ‘ਹਿੰਦੂਆਂ ਸਮੇਤ ਸਾਰੇ ਘੱਟਗਿਣਤੀ ਭਾਈਚਾਰਿਆਂ ਦੇ ਸਿਰਾਂ ’ਤੇ ਲਟਕ ਰਹੀ ਖ਼ਤਰੇ ਦੀ ਤਲਵਾਰ’ ਅਤੇ ‘ਬੰਗਲਾਦੇਸ਼ ਤੋਂ ਭਾਰਤ ਵਿਚ ਗ਼ੈਰ-ਕਾਨੂੰਨੀ ਘੁਸਪੈਠ ਅਤੇ ਨਤੀਜੇ ਵਜੋਂ ਆਬਾਦੀ ਦੇ ਅਸੰਤੁਲਨ’ ਵੱਲ ਇਸ਼ਾਰਾ ਕੀਤਾ। ਅਖੀਰ ’ਚ ਮੋਦੀ ਵਾਂਗ ਭਾਸ਼ਣ ਦਿੰਦੇ ਹੋਏ ਉਨ੍ਹਾਂ ਕਿਹਾ, ‘‘ਦੁਨੀਆ ਭਰ ਦੇ ਹਿੰਦੂ ਭਾਈਚਾਰੇ ਨੂੰ ਇਹ ਸਬਕ ਸਿੱਖਣਾ ਚਾਹੀਦਾ ਹੈ ਕਿ ਗੈਰ-ਸੰਗਠਿਤ ਅਤੇ ਕਮਜ਼ੋਰ ਹੋਣਾ ਦੁਸ਼ਟਾਂ ਵੱਲੋਂ ਜ਼ੁਲਮ ਨੂੰ ਸੱਦਾ ਦੇਣ ਦੇ ਸਮਾਨ ਹੈ।’

ਦੇਖਣ ਵਾਲੇ ਦੀ ਨਜ਼ਰ : ਖਾਸ ਤੌਰ ’ਤੇ ਭਾਸ਼ਣ ’ਚ ‘ਹਿੰਦੂ’ ਸ਼ਬਦ ਦੇ ਸਥਾਨ ’ਤੇ ‘ਮੁਸਲਿਮ’ ਸ਼ਬਦ ਰੱਖੋ ਅਤੇ ਅਜਿਹਾ ਲੱਗੇਗਾ ਕਿ ਬੁਲਾਰਾ ਹਰ ਭਾਈਚਾਰਕ ਸੰਘਰਸ਼ ਨੂੰ ਜਾਇਜ਼ ਠਹਿਰਾ ਰਿਹਾ ਸੀ। ਭਾਗਵਤ ਦੇ ਹਰ ਵਿਚਾਰ ਅਤੇ ਸ਼ਬਦ ਦੀ ਵਰਤੋਂ ਭਾਰਤ ’ਚ ਮੁਸਲਮਾਨਾਂ ਅਤੇ ਦਲਿਤਾਂ, ਸੰਯੁਕਤ ਰਾਜ ਅਮਰੀਕਾ ’ਚ ਕਾਲਿਆਂ, ਆਲਮੀ ਜੰਗ ਤੋਂ ਪਹਿਲਾਂ ਜਰਮਨੀ ’ਚ ਯਹੂਦੀਆਂ, ਆਪਣੇ ਹੀ ਦੇਸ਼ ’ਚ ਫਿਲਿਸਤੀਨੀਆਂ, ਬਹੁਗਿਣਤੀਆਂ ਵੱਲੋਂ ਭੈਅਭੀਤ ਹਰ ਘੱਟਗਿਣਤੀ ਅਤੇ ਹਰ ਥਾਂ ਔਰਤਾਂ ਦੀ ਹਾਲਤ ਬਿਆਨ ਕਰਨ ਲਈ ਕੀਤੀ ਜਾ ਸਕਦੀ ਹੈ। ਹਮਲਾਵਰ ਕੌਣ ਹੈ ਅਤੇ ਪੀੜਤ ਕੌਣ ਹੈ, ਇਹ ਦੇਖਣ ਵਾਲੇ ਦੀ ਨਜ਼ਰ ’ਚ ਹੈ।

ਭਾਗਵਤ ‘ਸ਼ਹਿਰੀ ਨਕਸਲੀ’ ਅਤੇ ‘ਟੁਕੜੇ-ਟੁਕੜੇ ਗੈਂਗ’ ਨੂੰ ਭੁੱਲ ਗਏ। ਉਨ੍ਹਾਂ ਨੇ ‘ਅਰਬ ਸਪ੍ਰਿੰਗ’ ਅਤੇ ‘ਗੁਆਂਢੀ ਬੰਗਲਾਦੇਸ਼ ਵਿਚ ਜੋ ਹੋਇਆ’ ਦਾ ਹਵਾਲਾ ਦਿੱਤਾ, ਅਤੇ ‘ਭਾਰਤ ਦੇ ਆਲੇ-ਦੁਆਲੇ ਇਸੇ ਤਰ੍ਹਾਂ ਦੇ ਬੁਰੇ ਯਤਨਾਂ’ ਵਿਰੁੱਧ ਚਿਤਾਵਨੀ ਦਿੱਤੀ।

ਮੋਦੀ ਦੀ ਕਹਿਣੀ ਅਤੇ ਕਰਨੀ ਨੂੰ ਕੋਈ ਕੰਟੋਰਲ ਕਰਨ ਵਾਲਾ ਨਾ ਹੋਣ ਕਾਰਨ, ਉਹ ਆਪਣੇ ਅਧਿਕਾਰ ਦੀ ਵਰਤੋਂ ਕਰਨ, ਵਿਰੋਧੀ ਪਾਰਟੀਆਂ ਨੂੰ ਗਾਲਾਂ ਕੱਢਣ ਅਤੇ ਆਪਣੀਆਂ ਨੀਤੀਆਂ ਨੂੰ ਅੱਗੇ ਵਧਾਉਣ ਲਈ ਹੌਸਲਾ ਮਹਿਸੂਸ ਕਰਨਗੇ, ਜਿਸ ਨਾਲ ਮਹਿੰਗਾਈ, ਬੇਰੁਜ਼ਗਾਰੀ, ਅਸਮਾਨਤਾ, ਕ੍ਰੋਨੀ ਪੂੰਜੀਵਾਦ, ਸਮਾਜਿਕ ਜ਼ੁਲਮ, ਫਿਰਕੂ ਸੰਘਰਸ਼ ਅਤੇ ਬੇਇਨਸਾਫ਼ੀ ਹੋਈ ਹੈ। ਮੋਦੀ-ਭਾਸ਼ਣ ਅਤੇ ਮੋਦੀ-ਕਾਰਜਾਂ ਲਈ ਖੁਦ ਨੂੰ ਤਿਆਰ ਰੱਖੋ।

ਪੀ. ਚਿਦਾਂਬਰਮ


author

Rakesh

Content Editor

Related News