ਆਯੁਰਵੇਦ : ਪ੍ਰਾਚੀਨ ਇਲਾਜ ਪ੍ਰਣਾਲੀ ਦਾ ਵਿਸ਼ਵਵਿਆਪੀ ਉਭਾਰ

Sunday, Jan 18, 2026 - 04:21 PM (IST)

ਆਯੁਰਵੇਦ : ਪ੍ਰਾਚੀਨ ਇਲਾਜ ਪ੍ਰਣਾਲੀ ਦਾ ਵਿਸ਼ਵਵਿਆਪੀ ਉਭਾਰ

ਹਾਲ ਹੀ ’ਚ ਜੈਪੁਰ ਦੇ ਐੱਸ. ਐੱਮ. ਐੱਸ. ਅਤੇ ਉਸ ਦੇ ਸੰਬੰਧਤ ਹਸਪਤਾਲਾਂ ’ਚ ਕੀਤੀ ਗਈ ਰਿਸਰਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮਨੁੱਖਾਂ ’ਚ ਐਂਟੀਬਾਇਓਟਿਕ ਦਵਾਈਆਂ ਦਾ ਅਸਰ 57 ਫੀਸਦੀ ਤੋਂ 90 ਫੀਸਦੀ ਤੱਕ ਘੱਟ ਹੋ ਗਿਆ ਹੈ। ਕੁਲ 9776 ਮਰੀਜ਼ਾਂ ’ਤੇ ਕੀਤੀ ਗਈ ਰਿਸਰਚ ’ਚ ਪਤਾ ਲੱਗਾ ਕਿ ਇਨ੍ਹਾਂ ’ਚ ਇਕ ਵੀ ਮਰੀਜ਼ ਅਜਿਹਾ ਨਹੀਂ ਸੀ ਜਿਸ ’ਤੇ ਐਂਟੀਬਾਇਓਟਿਕ ਦਾ 60 ਫੀਸਦੀ ਵੀ ਅਸਰ ਹੋਇਆ ਹੋਵੇ। ਇਨ੍ਹਾਂ ਸਾਰਿਆਂ ਦੇ ਸਰੀਰ ’ਚ ਐਂਟੀਬਾਇਓਟਿਕਸ ਪ੍ਰਤੀ 60 ਫੀਸਦੀ ਤੋਂ 98 ਫੀਸਦੀ ਤੱਕ ਰੈਜਿਸਟੈਂਸ ਆ ਗਿਆ ਹੈ। ਜਿਨ੍ਹਾਂ ਐਂਟੀਬਾਇਓਟਿਕਸ ਦਾ ਅਸਰ ਬਿਲਕੁਲ ਖਤਮ ਹੋ ਗਿਆ ਹੈ, ਉਨ੍ਹਾਂ ’ਚ ਸਿਪ੍ਰੋਫਲਾਕਸਾਸਿਨ, ਐਰੋਥ੍ਰੋਮਾਈਸਿਨ, ਡੌਕਸੀਸਾਈਕਿਲਿਨ ਅਤੇ ਐਂਪੀਸੀਲਿਨ ਵਰਗੇ ਬ੍ਰਾਂਡ ਅਤੇ ਸਪੈਕਟ੍ਰਮ ਐਂਟੀਬਾਇਓਟਿਕਸ (ਇਕ ਅਜਿਹਾ ਐਂਟੀਬਾਇਓਟਿਕ ਜੋ ਕਈ ਤਰ੍ਹਾਂ ਦੇ ਬੈਕਟੀਰੀਆ ਖਾਸ ਕਰਕੇ ਗ੍ਰਾਮ ਪਾਜ਼ੇਟਿਵ ਅਤੇ ਗ੍ਰਾਮ ਨੈਗੇਟਿਵ ਦੋਨੋਂ ਕਿਸਮ ਦੇ ਜੀਵਾਣੂਆਂ ’ਤੇ ਅਸਰ ਕਰਦਾ ਹੈ) ਸ਼ਾਮਲ ਹਨ, ਜੋ ਆਪਣੇ ਆਪ ਵਿਚ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਹ ਇਨ੍ਹਾਂ ਐਂਟੀਬਾਇਓਟਿਕਸ ਦੀ ਬਹੁਤ ਜ਼ਿਆਦਾ ਵਰਤੋਂ ਦਾ ਸਾਈਡ ਇਫੈਕਟ ਹੈ।

ਐਲੋਪੈਥਿਕ ਦਵਾਈਆਂ ਦੇ ਸਾਈਡ ਇਫੈਕਟ ਇੱਥੋਂ ਤੱਕ ਹੀ ਸੀਮਤ ਨਹੀਂ ਹਨ। ਹੁਣ ਹੌਲੀ-ਹੌਲੀ ਇਹ ਗੱਲ ਸਾਹਮਣੇ ਆਉਣ ਲੱਗੀ ਹੈ ਕਿ ਲਗਭਗ ਹਰ ਅੰਗਰੇਜ਼ੀ ਦਵਾਈ ਦਾ ਕੋਈ ਨਾ ਕੋਈ ਸਾਈਡ ਇਫੈਕਟ ਹੁੰਦਾ ਹੀ ਹੈ ਪਰ ਫਿਰ ਵੀ ਜਦੋਂ ਤੋਂ ਐਲੋਪੈਥੀ ਹੋਂਦ ’ਚ ਆਈ, ਉਸ ਦੀ ਦਵਾਈ ਤੋਂ ਮਿਲਣ ਵਾਲੀ ਤੁਰੰਤ ਰਾਹਤ ਨੂੰ ਦੇਖਦੇ ਹੋਏ ਜ਼ਿਆਦਾਤਰ ਲੋਕਾਂ ਦਾ ਝੁਕਾਅ ਉਸ ਵੱਲ ਹੁੰਦਾ ਚਲਿਆ ਗਿਆ ਪਰ ਪਿਛਲੇ ਕੁਝ ਸਮੇਂ ਤੋਂ ਇਸ ਕਿਸਮ ਦੀ ਰਿਸਰਚ ਅਤੇ ਰਿਪੋਰਟਾਂ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਰਹੀਆਂ ਹਨ।

ਨਤੀਜੇ ਵਜੋਂ ਅੱਜ ਵਿਸ਼ਵ ਭਰ ਦੇ ਲੋਕ ਸਿਹਤਮੰਦ ਰਹਿਣ ਲਈ ਕੁਦਰਤ, ਆਯੁਰਵੇਦ, ਪ੍ਰਾਣਾਯਾਮ ਅਤੇ ਯੋਗ ਵੱਲ ਪਰਤ ਰਹੇ ਹਨ। ਇਹੀ ਕਾਰਨ ਹੈ ਕਿ ਆਯੁਰਵੇਦ, ਜੋ ਕਿ ਇਕ ਪ੍ਰਾਚੀਨ ਭਾਰਤੀ ਇਲਾਜ ਵਿਗਿਆਨ ਹੈ, ਮੌਜੂਦਾ ਸਮੇਂ ਸੰਪੂਰਨ ਵਿਸ਼ਵ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਹੈ, ਜੋ ਨਾ ਸਿਰਫ ਭਾਰਤ ਸਗੋਂ ਦੁਨੀਆ ਭਰ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਿਜਊਣ ਦੇ ਨਾਲ-ਨਾਲ ਕਈ ਜਾਨਲੇਵਾ ਬੀਮਾਰੀਆਂ ਨਾਲ ਲੜ ਕੇ ਮੁੜ ਸਿਹਤਮੰਦ ਹੋਣ ਦਾ ਰਾਹ ਦਿਖਾ ਰਿਹਾ ਹੈ। ਦਰਅਸਲ ਆਧੁਨਿਕ ਜੀਵਨਸ਼ੈਲੀ ਦੇ ਸਿੱਟੇ ਵਜੋਂ ਅੱਜਕੱਲ ਲੋਕਾਂ ਨੂੰ ਘੱਟ ਉਮਰ ’ਚ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਮੋਟਾਪੇ ਵਰਗੇ ਰੋਗ ਰਹਿੰਦੇ ਹਨ, ਪਰ ਅਜਿਹੇ ਹਾਲਾਤ ’ਚ ਜਦੋਂ ਅੰਗਰੇਜ਼ੀ ਦਵਾਈਆਂ ਦੇ ਮਾੜੇ ਪ੍ਰਭਾਵ ਸਾਹਮਣੇ ਆਉਣ ਲੱਗੇ ਹਨ ਤਾਂ ਆਮ ਜਨਤਾ ’ਚ ਇਕ ਸੁਖਦਾਈ ਬਦਲਾਅ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਹੁਣ ਉਹ ਅੰਗਰੇਜ਼ੀ ਦਵਾਈਆਂ ਦਾ ਸਹਾਰਾ ਲੈਣ ਦੀ ਬਜਾਏ ਆਪਣੀ ਰੁਟੀਨ ’ਚ ਬਦਲਾਅ ਲਿਆ ਕੇ ਇਨ੍ਹਾਂ ਬੀਮਾਰੀਆਂ ਤੋਂ ਬਚਣ ਲਈ ਕੁਦਰਤੀ ਆਹਾਰ-ਵਿਹਾਰ ਨੂੰ ਅਪਣਾ ਕੇ ਸਿਹਤਮੰਦ ਹੋਣ ’ਤੇ ਜ਼ੋਰ ਦੇ ਰਹੇ ਹਨ। ਖਾਸ ਤੌਰ ’ਤੇ ਕੋਰੋਨਾ ਮਹਾਮਾਰੀ ਦੌਰਾਨ ਜਿਸ ਤਰ੍ਹਾਂ ਲੋਕ ਆਯੁਰਵੇਦ ਦੇ ਸਾਧਾਰਨ ਘਰੇਲੂ ਨੁਸਖਿਆਂ ਨਾਲ ਆਪਣੀ ਇਮਿਊਨਿਟੀ ਵਧਾ ਕੇ ਇਸ ਜਾਨਲੇਵਾ ਬੀਮਾਰੀ ਨਾਲ ਲੜ ਕੇ ਖੁਦ ਨੂੰ ਬਚਾਈ ਰੱਖਣ ’ਚ ਕਾਮਯਾਬ ਰਹੇ, ਉਸ ਨੇ ਵਿਸ਼ਵ ਭਰ ’ਚ ਆਯੁਰਵੇਦ ਦੀ ਲੋਕਪ੍ਰਿਯਤਾ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਉਣ ਦਾ ਕੰਮ ਕੀਤਾ।

ਸਿੱਟੇ ਵਜੋਂ 2023 ਤਕ ਵਿਸ਼ਵ ਆਯੁਰਵੇਦ ਬਾਜ਼ਾਰ ਦਾ ਆਕਾਰ ਲਗਭਗ 12.9 ਬਿਲੀਅਨ ਡਾਲਰ ਹੋ ਗਿਆ ਸੀ ਅਤੇ ਇਸ ਦੇ 2030 ਤੱਕ 76.91 ਬਿਲੀਅਨ ਡਾਲਰ ਪਹੁੰਚਣ ਦਾ ਅਨੁਮਾਨ ਹੈ, ਜੋ 27.2 ਫੀਸਦੀ ਦੇ ਸਾਲਾਨਾ ਵਾਧੇ ਦੀ ਦਰ ਨੂੰ ਦਰਸਾਉਂਦਾ ਹੈ।

ਆਯੁਰਵੇਦ ਦੇ ਵਧਦੇ ਪ੍ਰਭਾਵ ਦਾ ਪ੍ਰਮਾਣ ਇਹ ਵੀ ਹੈ ਕਿ ਭਾਰਤ ਦੇ ਆਯੁਸ਼ ਮੰਤਰਾਲੇ ਅਤੇ ਵਿਸ਼ਵ ਸਿਹਤ ਸੰਗਠਨ ਵਿਚਕਾਰ ਰਵਾਇਤੀ ਇਲਾਜ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਵਿਗਿਆਨਕ ਅਾਧਾਰ ਨੂੰ ਮਜ਼ਬੂਤ ​​ਕਰਨ ਲਈ 2023 ’ਚ ਇਕ ਸਮਝੌਤੇ ’ਤੇ ਦਸਤਖਤ ਕਰਨਾ ਹੈ। ਇਸ ਦਾ ਉਦੇਸ਼ ਸਬੂਤ-ਆਧਾਰਿਤ ਆਯੁਰਵੈਦਿਕ ਉਤਪਾਦਾਂ ਨੂੰ ਵਿਕਸਤ ਕਰਨਾ ਹੈ, ਜਿਸ ਨਾਲ ਆਯੁਰਵੇਦ ਦੀ ਵਿਸ਼ਵਵਿਆਪੀ ਸਵੀਕ੍ਰਿਤੀ ਅਤੇ ਵੱਖ-ਵੱਖ ਬੀਮਾਰੀਆਂ ਦੇ ਇਲਾਜ ਵਿਚ ਇਸ ਦੀ ਪ੍ਰਭਾਵਸ਼ੀਲਤਾ ਨੂੰ ਧਿਆਨ ਵਿਚ ਰੱਖਿਆ ਜਾ ਸਕੇ।

ਤੁਲਸੀ, ਸਰਪਗੰਧਾ, ਅਸ਼ਵਗੰਧਾ, ਗਿਲੋਅ, ਨਿੰਮ, ਆਂਵਲਾ ਅਤੇ ਹਲਦੀ ਵਰਗੇ ਪੌਦਿਆਂ ’ਤੇ ਵਿਗਿਆਨਕ ਖੋਜ ਦੇ ਨਤੀਜਿਆਂ ਨੇ ਦੁਨੀਆ ਭਰ ਦੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ, ਇਹ ਖੁਲਾਸਾ ਕਰਦੇ ਹੋਏ ਕਿ ਇਹ ਆਮ ਪੌਦੇ ਜਾਂ ਜੜ੍ਹੀਆਂ-ਬੂਟੀਆਂ ਨਹੀਂ ਹਨ, ਸਗੋਂ ਔਸ਼ਧੀ ਗੁਣਾਂ ਦਾ ਖਜ਼ਾਨਾ ਹਨ। ਇਹ ਨਾ ਸਿਰਫ਼ ਮਨੁੱਖੀ ਸਰੀਰ ’ਤੇ, ਸਗੋਂ ਮਨ ’ਤੇ ਵੀ ਔਸ਼ਧੀ ਪ੍ਰਭਾਵ ਪਾਉਂਦੀਆਂ ਹਨ।

ਗੌਰਤਲਬ ਹੈ ਕਿ ਮੌਜੂਦਾ ਦੌਰ ’ਚ ਆਯੁਰਵੇਦ ਸਿਰਫ਼ ਇਲਾਜ ਦੇ ਖੇਤਰ ’ਚ ਨਹੀਂ ਸਗੋਂ ਸੁੰਦਰਤਾ ਅਤੇ ਪੌਸ਼ਟਿਕ ਉਤਪਾਦਾਂ ਦੇ ਖੇਤਰ ਵਿਚ ਵੀ ਇਕ ਮਹੱਤਵਪੂਰਨ ਅਤੇ ਮੋਹਰੀ ਭੂਮਿਕਾ ’ਚ ਆ ਚੁੱਕਾ ਹੈ। ਸ਼ਾਇਦ ਇਸੇ ਲਈ ਜਿਨ੍ਹਾਂ ਨੂੰ ਲੋਕ ਪਹਿਲਾਂ ਜੜ੍ਹੀਆਂ-ਬੂਟੀਆਂ ਕਹਿ ਕੇ ਨਕਾਰ ਦਿੰਦੇ ਸਨ, ਅੱਜ ਉਹ ਹਰਬਲ ਅਤੇ ਨੈਚੁਰਲ ਜਾਂ ਫਿਰ ਕੁਦਰਤੀ ਉਤਪਾਦਾਂ ਦੇ ਰੂਪ ’ਚ ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕੇ ਹਨ। ਨਤੀਜੇ ਵਜੋਂ ਇਨ੍ਹਾਂ ਹਰਬਲ ਉਤਪਾਦਾਂ ਦੀ ਮੰਗ ਘਰੇਲੂ ਦੇ ਨਾਲ-ਨਾਲ ਿਵਸ਼ਵ ਖਪਤਕਾਰਾਂ ਦੇ ਵਿਚਾਲੇ ਵੀ ਤੇਜ਼ੀ ਨਾਲ ਵਧ ਰਹੀ ਹੈ। ਚੀਨ, ਜਾਪਾਨ ਅਤੇ ਯੂਰਪੀਅਨ ਦੇਸ਼ਾਂ ’ਚ ਆਯੁਰਵੈਦਿਕ ਉਤਪਾਦਾਂ ਅਤੇ ਸੇਵਾਵਾਂ ਦੀ ਵਧ ਰਹੀ ਮੰਗ ਆਯੁਰਵੇਦ ਦੀ ਵਿਸ਼ਵਵਿਆਪੀ ਸਵੀਕ੍ਰਿਤੀ ਦਾ ਪ੍ਰਮਾਣ ਹੈ।

ਦਰਅਸਲ, ਵੱਖ-ਵੱਖ ਵਿਗਿਆਨਕ ਖੋਜਾਂ ਨੇ ਆਯੁਰਵੇਦ ਨੂੰ ਵਿਗਿਆਨ ਦੀ ਕਸੌਟੀ ’ਤੇ ਮਨੁੱਖੀ ਸਿਹਤ ਲਈ ਖਰਾ ਸਾਬਤ ਕੀਤਾ ਹੈ, ਕਿਉਂਕਿ ਕੈਂਸਰ ਵਰਗੀ ਜਾਨਲੇਵਾ ਬੀਮਾਰੀ ’ਚ ਜਦੋਂ ਇਲਾਜ ਪ੍ਰਣਾਲੀ ’ਚ ਖਤਰਨਾਕ ਰੇਡੀਏਸ਼ਨ ਅਤੇ ਕੀਮੋਥੈਰੇਪੀ ਦਾ ਸਹਾਰਾ ਲਿਆ ਜਾਂਦਾ ਹੈ, ਤਾਂ ਮਰੀਜ਼ ਦੇ ਸਰੀਰ ਦੀਆਂ ਕੈਂਸਰ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਸਰੀਰ ਦੀਆਂ ਸਿਹਤਮੰਦ ਕੋਸ਼ਿਕਾਵਾਂ ਵੀ ਨਸ਼ਟ ਹੋ ਜਾਂਦੀਆਂ ਹਨ। ਇਸ ਨਾਲ ਮਰੀਜ਼ ਨੂੰ ਬੇਹੱਦ ਸਰੀਰਕ ਪੀੜ ’ਚੋਂ ਲੰਘਣਾ ਪੈਂਦਾ ਹੈ। ਇੰਨਾ ਹੀ ਨਹੀਂ, ਸਿਹਤਯਾਬ ਹੋਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਰੇਡੀਏਸ਼ਨ ਅਤੇ ਕੀਮੋਥੈਰੇਪੀ ਦੇ ਸਾਈਡ ਇਫੈਕਟ ਦਾ ਸੰਤਾਪ ਝੱਲਣਾ ਪੈਂਦਾ ਹੈ। ਉਥੇ ਹੀ ਰਿਸਰਚ ’ਚ ਹਲਦੀ ਅਤੇ ਗਿਲੋਅ ਵਰਗੀਆਂ ਆਯੁਰਵੈਦਿਕ ਔਸ਼ਧੀਆਂ ’ਚ ਕੈਂਸਰ ਰੋਕੂ ਗੁਣ ਪਾਏ ਗਏ ਹਨ।

ਅੱਜ, ਜਦੋਂ ਚੌਗਿਰਦਾ ਅਤੇ ਸਿਹਤ ਦੋਵੇਂ ਹੀ ਇਕ ਗੰਭੀਰ ਸੰਕਟ ਦੇ ਦੌਰ ’ਚ ਲੰਘ ਰਹੇ ਹਨ, ਆਯੁਰਵੇਦ ਇਕ ਪ੍ਰਭਾਵਸ਼ਾਲੀ ਹੱਲ ਦੇ ਰੂਪ ’ਚ ਉਭਰ ਕੇ ਆਇਆ ਹੈ, ਕਿਉਂਕਿ ਇਹ ਨਾ ਸਿਰਫ ਗੰਭੀਰ ਤੋਂ ਗੰਭੀਰ ਬੀਮਾਰੀਆਂ ਦਾ ਇਲਾਜ ਪ੍ਰਦਾਨ ਕਰ ਰਿਹਾ ਹੈ, ਸਗੋਂ ਮਨੁੱਖ ਨੂੰ ਕੁਦਰਤ ਦੇ ਨਾਲ ਵੀ ਜੋੜ ਰਿਹਾ ਹੈ।

ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਆਯੁਰਵੇਦ ਸਿਰਫ਼ ਇਲਾਜ ਪ੍ਰਣਾਲੀ ਨਹੀਂ , ਸਗੋਂ ਜੀਵਨ ਜਿਊਣ ਦਾ ਵਿਗਿਆਨ ਹੈ। ਕੁਦਰਤ ਦੇ ਬਦਲਦੇ ਰੰਗ ਦੇ ਨਾਲ, ਆਪਣੀ ਰੁਟੀਨ, ਆਹਾਰ-ਵਿਹਾਰ, ਖਾਣ-ਪੀਣ ’ਚ ਬਦਲਾਅ ਲਿਆ ਕੇ ਕੁਦਰਤ ਨਾਲ ਮਨੁੱਖੀ ਸਰੀਰ ਦਾ ਤਾਲਮੇਲ ਬਣਾਉਣ ਦਾ ਵਿਗਿਆਨ।

ਅੱਜ ਜਦੋਂ ਵਿਸ਼ਵ ਆਧੁਨਿਕ ਇਲਾਜ ਪ੍ਰਣਾਲੀਆਂ ਦੇ ਮਾੜੇ ਪ੍ਰਭਾਵਾਂ ਅਤੇ ਹੱਦਾਂ ਦਾ ਸਾਹਮਣਾ ਕਰ ਰਿਹਾ ਹੈ, ਭਾਰਤ ਦਾ ਹਜ਼ਾਰਾਂ ਸਾਲ ਪੁਰਾਣਾ ਇਲਾਜ ਵਿਗਿਆਨ ਆਯੁਰਵੇਦ ਇਕ ਨਵੀਂ ਉਮੀਦ ਵਜੋਂ ਉੱਭਰ ਰਿਹਾ ਹੈ। ਭਾਰਤੀ ਯੋਗ ਪਰੰਪਰਾ ਦੇ ਬਾਅਦ ਆਯੁਰਵੇਦ ਦੀ ਇਹ ਵਿਸ਼ਵਵਿਆਪੀ ਸਵੀਕ੍ਰਿਤੀ, ਭਾਰਤ ਦੇ ਸ਼ਾਨਦਾਰ ਅਤੇ ਅਮੀਰ ਅਤੀਤ ਦਾ ਪ੍ਰਮਾਣ ਹੈ।

-ਡਾ. ਨੀਲਮ ਮਹੇਂਦਰ


author

Shubam Kumar

Content Editor

Related News