ਵਿਧਾਨ ਸਭਾ ਚੋਣਾਂ ’ਚ ਜਨਤਾ ਦੇ ਫੈਸਲੇ ਦੀ ਉਡੀਕ

4/16/2021 3:45:09 AM

ਹਰੀ ਜੈਸਿੰਘ 
2 ਮਈ ਆਉਣ ਵਾਲੀ ਹੈ। ਸਾਨੂੰ ਪੱਛਮੀ ਬੰਗਾਲ, ਅਸਾਮ, ਕੇਰਲ, ਤਾਮਿਲਨਾਡੂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਜਨਤਾ ਦੇ ਫੈਸਲੇ ਦਾ ਪਤਾ ਲੱਗ ਜਾਵੇਗਾ। ਵੱਖ-ਵੱਖ ਪਾਰਟੀਆਂ ਦੇ ਐਲਾਨ ਪੱਤਰ ’ਚ ਵੱਡੀ ਗਿਣਤੀ ’ਚ ਵਾਅਦੇ ਕੀਤੇ ਗਏ ਹਨ।

ਇਕ-ਦੂਸਰੇ ’ਤੇ ਕਾਫੀ ਦੋਸ਼-ਪ੍ਰਤੀਦੋਸ਼ ਲਗਾਏ ਗਏ ਹਨ, ਖਾਸ ਕਰ ਕੇ 8 ਪੜਾਵਾਂ ਵਾਲੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੌਰਾਨ। ਭਾਜਪਾ ਲੀਡਰਸ਼ਿਪ ਨੇ ਆਪਣੀ ਜਿੱਤ ਲਈ ਬੰਗਾਲ ਨੂੰ ਆਪਣੇ ਵੱਕਾਰ ਦਾ ਮੁੱਦਾ ਬਣਾਇਆ ਹੈ।

ਇੰਨੀ ਹੀ ਰੁਚੀ ਇਸ ਨੂੰ ਅਸਾਮ ’ਚ ਸੱਤਾ ’ਚ ਬਣੇ ਰਹਿਣ ’ਚ ਹੈ। ਆਪਣਾ ਮਕਸਦ ਹਾਸਲ ਕਰਨ ਲਈ ਭਾਜਪਾ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ। ਇਸ ਦਾ ਮੁੱਖ ਨਿਸ਼ਾਨਾ ਮਮਤਾ ਬੈਨਰਜੀ ਅਤੇ ਇਸ ਦੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀ. ਐੱਮ. ਸੀ.) ’ਤੇ ਹੈ।

ਬੰਗਾਲ ਭਾਜਪਾ ’ਚ ਭਾਜਪਾ ਦੇ ਅਚਾਨਕ ਉਦੈ ਹੋਣ ਦਾ ਸਿਹਰਾ ‘ਹਿੰਦੂਤਵ’ ਨੂੰ ਜਾਂਦਾ ਹੈ। ਅਜਿਹਾ ਨਹੀਂ ਹੈ ਕਿ ਟੀ. ਐੱਮ. ਸੀ. ਨੂੰ ਆਪਣੇ ਹਿੰਦੂਤਵ ਦੇ ਆਧਾਰ ਦੀ ਘਾਟ ਹੈ ਪਰ ਇਸ ਨੇ ਖੁਦ ਹੀ ਇਕ ਸਰਵ-ਏਕੀਕ੍ਰਿਤ ਧਰਮਨਿਰਪੱਖ ਅਕਸ ਪੇਸ਼ ਕੀਤਾ ਹੈ। ਅਜਿਹਾ ਲੱਗਦਾ ਹੈ ਕਿ ਤ੍ਰਿਣਮੂਲ ਕਾਂਗਰਸ ਦੇ ਵਰਕਰਾਂ ਨੂੰ ਤੋੜਨ ਦੇ ਮੱਦੇਨਜ਼ਰ ਭਗਵਾ ਪਾਰਟੀ ਮਨੋਵਿਗਿਆਨਕ ਖੇਡਾਂ ’ਚ ਰੁੱਝੀ ਹੋਈ ਹੈ।

ਪਾਰਟੀ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਹੀ ਮਾਮਲਾ ਲੈ ਲਵੋ। ਭਾਜਪਾ ਇਹ ਦੱਸਣ ਲਈ ਕਿ ਟੀ. ਐੱਮ. ਸੀ. ਪੱਛਮੀ ਬੰਗਾਲ ਚੋਣਾਂ ’ਚ ਪਹਿਲਾਂ ਹੀ ‘ਆਪਣੀ ਹਾਰ ਪ੍ਰਵਾਨ ਕਰ ਚੁੱਕੀ ਹੈ’, ਆਡੀਓ ਐਪ ਕਲੱਬ ਹਾਊਸ ’ਤੇ ਪੱਤਰਕਾਰਾਂ ਨਾਲ ਉਨ੍ਹਾਂ ਦੀ ਗੱਲਬਾਤ ਦੇ ਚੋਣਵੇ ਹਿੱਸਿਆਂ ਦੀ ਵਰਤੋਂ ਕਰ ਰਹੀ ਹੈ। ਭਗਵਾ ਪਾਰਟੀ ਉਨ੍ਹਾਂ ਦੀ ਜਿਸ ਟਿੱਪਣੀ ਨੂੰ ਦੁਹਰਾਉਣ ਤੋਂ ਬਚ ਰਹੀ ਹੈ ਉਹ ਇਹ ਕਿ ਭਾਜਪਾ ਪੱਛਮੀ ਬੰਗਾਲ ’ਚ 100 ਸੀਟਾਂ ਦੇ ਅੰਕੜੇ ਨੂੰ ਪਾਰ ਨਹੀਂ ਕਰੇਗੀ?

ਕੂਚ ਬਿਹਾਰ ’ਚ ਵੋਟਾਂ ਪੈਣ ਦੇ ਚੌਥੇ ਪੜਾਅ ਦੌਰਾਨ ਸੀ. ਆਰ. ਪੀ. ਐੱਫ. ਵੱਲੋਂ ਕੀਤੀ ਗਈ ਗੋਲੀਬਾਰੀ ’ਚ 4 ਪੇਂਡੂਆਂ ਦੀ ਮੌਤ ਹੋ ਗਈ। ਅਜਿਹਾ ਦੱਸਿਆ ਜਾਂਦਾ ਹੈ ਕਿ ਸੁਰੱਖਿਆ ਬਲਾਂ ਨੇ ਉਦੋਂ ਗੋਲੀਆਂ ਚਲਾਈਆਂ ਜਦੋਂ ਇਹ ਅਫਵਾਹ ਫੈਲਣ ਦੇ ਬਾਅਦ ਕਿ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਨੇ ਇਕ 12 ਸਾਲਾ ਲੜਕੇ ਦੀ ਕੁੱਟ-ਮਾਰ ਕੀਤੀ ਹੈ, ਸੁਰੱਖਿਆ ਬਲਾਂ ਨੂੰ ਘੇਰ ਲਿਆ ਸੀ। ਪੱਛਮੀ ਬੰਗਾਲ ’ਚ ਰਵਾਇਤੀ ਸੂਤੀ ਕੁੜਤਾਧਾਰੀ ‘ਭੱਦਰ ਲੋਕ’ ’ਚ ਆਉਂਦੀ ਤਬਦੀਲੀ ਦਰਮਿਆਨ ਸੂਬੇ ’ਚ ਅਫਵਾਹਾਂ ਜ਼ਮੀਨੀ ਹਕੀਕਤਾਂ ਦੇ ਨਾਲ-ਨਾਲ ਚੱਲਦੀਆਂ ਹਨ।

ਸਾਲਾਂ ਦੇ ਦੌਰਾਨ ਸੱਤਾ ਦੇ ਸਿਖਰ ’ਤੇ ਪਹੁੰਚਣ ਲਈ ਟੀ. ਐੱਮ. ਸੀ. ਨੇ ਸਾਵਧਾਨੀ ਨਾਲ ਸਿਤਾਰਿਆਂ ਨੂੰ ਆਪਣੇ ਖੇਮੇ ’ਚ ਸ਼ਾਮਲ ਕੀਤਾ। ਇਸ ਵਾਰ ਭਾਜਪਾ ਨੇ ਉਹੀ ਰਸਤਾ ਅਪਣਾਇਆ ਹੈ। ਇਸ ਨੇ ਟੀ. ਐੱਮ. ਸੀ. ਦੇ ਕੁਝ ਸੀਨੀਅਰ ਨੇਤਾਵਾਂ ਨੂੰ ਆਪਣੇ ਖੇਮੇ ’ਚ ਸ਼ਾਮਲ ਕਰ ਲਿਆ ਹੈ। ਇਹ ਵੱਖਰੀ ਗੱਲ ਹੈ ਕਿ ਇਨ੍ਹਾਂ ’ਚੋਂ ਕੁਝ ਟੀ. ਐੱਮ. ਸੀ. ਨੇਤਾਵਾਂ ’ਤੇ ਭਾਜਪਾ ਨੇ ਕਿਸੇ ਸਮੇਂ ਭ੍ਰਿਸ਼ਟ ਹੋਣ ਦਾ ਦੋਸ਼ ਲਗਾਇਆ ਸੀ। ਹੁਣ ਉਹ ਉਨ੍ਹਾਂ ਨੂੰ ਭਗਵਾ ਪਾਰਟੀ ਦੇ ਬੈਨਰ ਹੇਠ ਲਿਆਉਣ ਲਈ ਮਾਣ ਮਹਿਸੂਸ ਕਰਦੇ ਹਨ। ਅਸੀਂ ਇਸ ਤਰ੍ਹਾਂ ਬੰਗਾਲ ਦੀ ਸਿਆਸਤ ’ਚ ਇਕ ਨਵਾਂ ਮੋੜ ਦੇਖ ਰਹੇ ਹਾਂ।

ਮੁੱਖ ਮੰਤਰੀ ਮਮਤਾ ਬੈਨਰਜੀ ਕਹਿੰਦੀ ਹੈ, ‘‘ਇਹ ਚੋਣਾਂ ਲੋਕਾਂ ਨੂੰ ਬੰਗਾਲ ਨੂੰ ਗੁਜਰਾਤ ’ਚ ਬਦਲਣ ਤੋਂ ਰੋਕਣ ਦੇ ਲਈ ਹਨ।’’ ਸਾਨੂੰ ਇਹ ਦੇਖਣ ਲਈ ਉਡੀਕ ਕਰਨੀ ਹੋਵੇਗੀ ਕਿ ਕਿਵੇਂ ਗੁਜਰਾਤ ਦੇ ਲੋਕ ਸ਼ਕਤੀਸ਼ਾਲੀ ਵਿਅਕਤੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਬੰਗਾਲ ’ਚ ਧਾਰਾ ਬਦਲਣ ’ਚ ਸਫਲ ਹੁੰਦੇ ਹਨ। ਆਪਣੇ ਹਾਈ ਪ੍ਰੋਫਾਈਲ ਪ੍ਰਚਾਰ ਅਤੇ ਰੋਡ ਸ਼ੋਅਜ਼ ਲਈ ਉਨ੍ਹਾਂ ਕੋਲ ਬੇਸ਼ੁਮਾਰ ਧਨ ਅਤੇ ਸਰੋਤ ਹਨ। ਕੋਈ ਹੈਰਾਨੀ ਨਹੀਂ ਕਿ ਮਮਤਾ ਬੈਨਰਜੀ ਅਮਿਤ ਸ਼ਾਹ ਤੋਂ ਪੁੱਛਦੀ ਹੈ ਕਿ ‘‘ਤੁਹਾਡੇ ਕੋਲ ਕਿੰਨਾ ਧਨ ਹੈ... ਤੁਸੀਂ ਕਰੋੜਾਂ ਖਰਚ ਕਰ ਰਹੇ ਹੋ... ਤੁਹਾਨੂੰ ਕਿੱਥੋਂ ਇੰਨਾ ਜ਼ਿਆਦਾ ਧਨ ਪ੍ਰਾਪਤ ਹੋਇਆ?’’

ਅਜਿਹੇ ਵੱਡੇ ਸਵਾਲਾਂ ਦਾ ਕੋਈ ਤਿਆਰ ਉੱਤਰ ਨਹੀਂ ਹੈ। ਅਮਿਤ ਬਸ ਇੰਨਾ ਹੀ ਕਹਿੰਦੇ ਹਨ ਕਿ, ‘‘ਮੁੱਖ ਮੰਤਰੀ ਮਮਤਾ ਬੈਨਰਜੀ ਸੂਬੇ ’ਚ ਅਰਾਜਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’’ ਪੱਛਮੀ ਬੰਗਾਲ ਕਾਂਗਰਸ ਪ੍ਰਧਾਨ ਅਧੀਰ ਰੰਜਨ ਚੌਧਰੀ ਦਾ ਕਹਿਣਾ ਹੈ, ‘‘ਵੋਟਰਾਂ ਨੂੰ ਸਾਡਾ ਸੰਦੇਸ਼ ਫੁੱਟਪਾਊ ਤਾਕਤਾਂ ਵਿਰੁੱਧ ਵੋਟ ਪਾਉਣ ਦਾ ਹੈ ਜੋ ਉਨ੍ਹਾਂ ਕਦਰਾਂ-ਕੀਮਤਾਂ ਲਈ ਖਤਰਾ ਹਨ ਜੋ ਪੱਛਮੀ ਬੰਗਾਲ ਦੇ ਸੱਭਿਆਚਾਰ ਦਾ ਆ
ਧਾਰ ਹਨ।’’

ਦਿਲਚਸਪ ਗੱਲ ਇਹ ਹੈ ਕਿ ਸਾਲ 2016 ਦੀਆਂ ਵਿਧਾਨ ਸਭਾ ਚੋਣਾਂ ਦੀ ਤੁਲਨਾ ’ਚ 4 ਸੂਬਿਆਂ ਤਾਮਿਲਨਾਡੂ, ਅਸਾਮ, ਕੇਰਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਜਿੱਥੇ 2021 ਦੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਅਪ੍ਰੈਲ ਦੇ ਸ਼ੁਰੂ ’ਚ ਪੈ ਗਈਆਂ ਹਨ, ’ਚ 530 ਸੀਟਾਂ ਲਈ ਵੋਟਰਾਂ ਦੀ ਗਿਣਤੀ ’ਚ 90 ਫੀਸਦੀ ਦੀ ਗਿਰਾਵਟ ਆਈ ਹੈ।

ਅਜਿਹਾ ਹੀ ਤਾਮਿਲਨਾਡੂ ’ਚ 86 ਫੀਸਦੀ, ਕੇਰਲ ’ਚ 95 ਫੀਸਦੀ, ਅਸਾਮ ’ਚ 90 ਫੀਸਦੀ ਅਤੇ ਪੁੱਡੂਚੇਰੀ ’ਚ ਸਾਰੀਆਂ ਸੀਟਾਂ ’ਤੇ ਹੋਇਆ ਜਿੱਥੇ 2016 ਦੇ ਮੁਕਾਬਲੇ ਵੋਟਰਾਂ ਦੀ ਗਿਣਤੀ ’ਚ ਕਮੀ ਦਰਜ ਕੀਤੀ ਗਈ। ਵੋਟਰਾਂ ਦੀ ਕਮੀ ਦੇ ਬਾਵਜੂਦ ਅਸਾਮ ਅਤੇ ਪੁੱਡੂਚੇਰੀ ’ਚ ਸਾਰੀਆਂ ਸੀਟਾਂ ’ਤੇ 60 ਸੀਟਾਂ ਤੋਂ ਵੱਧ ਵੋਟਾਂ ਪਈਆਂ। ਦੂਜੇ ਪਾਸੇ ਤਾਮਿਲਨਾਡੂ ਅਤੇ ਕੇਰਲ ’ਚ ਕ੍ਰਮਵਾਰ : ਸਿਰਫ 17 ਫੀਸਦੀ ਅਤੇ 6 ਫੀਸਦੀ ਸੀਟਾਂ ’ਤੇ 80 ਫੀਸਦੀ ਤੋਂ ਵੱਧ ਵੋਟਿੰਗ ਦਰਜ ਕੀਤੀ ਗਈ, ਜ਼ਿਆਦਾਤਰ ਸ਼ਹਿਰੀ ਇਲਾਕਿਆਂ ’ਚ। ਇਕ ਪ੍ਰਮੁੱਖ ਅਖਬਾਰ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਵੋਟਿੰਗ 60 ਫੀਸਦੀ ਤੋਂ ਘੱਟ ਸੀ।

ਕੇਰਲ ’ਚ ਵੋਟਾਂ ਪੈਣ ਵਾਲੇ ਦਿਨ ਸਬਰੀਮਾਲਾ ਮੰਦਰ ਦਾ ਮੁੱਦਾ ਪ੍ਰਮੁੱਖਤਾ ਨਾਲ ਸਾਹਮਣੇ ਆਇਆ। ਇਸ ਸੰਦਰਭ ’ਚ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਕਿਹਾ ਕਿ ਦੇਵਤਾ ‘ਸੱਤਾਧਾਰੀ’ (ਮਾਕਪਾ) ਵਾਲੀ ਐੱਲ. ਡੀ. ਐੱਫ. ਦੇ ਨਾਲ ਹਨ। ਸਬਰੀਮਾਲਾ ਸਥਿਤ ਦੇਵਤਾ ਅਯੱਪਾ ਇਸ ਲਈ ਐੱਲ. ਡੀ. ਐੱਫ. ਦੇ ਨਾਲ ਹਨ ਕਿਉਂਕਿ ਇਹ ਸਰਕਾਰ ਸੰਕਟ ਦੇ ਸਮੇਂ ਲੋਕਾਂ ਦੇ ਨਾਲ ਖੜ੍ਹੀ ਰਹੀ। ਓਧਰ ਹੜ੍ਹਾਂ ਅਤੇ ਕੋਵਿਡ ਲਾਕਡਾਊਨ ਨਾਲ ਸੂਬਾ ਸਰਕਾਰ ਦੇ ਭਲਾਈ ਵਾਲੇ ਕਦਮਾਂ ਦੀ ਗੱਲ ਕਰ ਰਹੇ ਸਨ।

ਮਾਰਕਸਵਾਦੀਆਂ ਵੱਲੋਂ ਭਗਵਾਨ ਦੇ ਨਾਂ ’ਤੇ ਪੱਤੇ ਖੇਡਣਾ ਜ਼ਰੂਰ ਭਾਜਪਾ ਅਤੇ ਕਾਂਗਰਸ ਲਈ ਇਕ ਝਟਕੇ ਦੇ ਤੌਰ ’ਤੇ ਆਇਆ ਹੋਵੇਗਾ। ਸਾਨੂੰ 2 ਮਈ ਨੂੰ ਪਤਾ ਲੱਗ ਜਾਵੇਗਾ ਕਿ ਦੇਵਤਾ ਕੇਰਲ, ਜੋ ਦੇਵਤਿਆਂ ਦੀ ਹੀ ਧਰਤੀ ਹੈ, ’ਚ ਕਿਸ ਵੱਲ ਹੁੰਦੇ ਹਨ।

ਜਿੱਥੋਂ ਤੱਕ ਜ਼ਮੀਨੀ ਹਕੀਕਤਾਂ ਦੀ ਗੱਲ ਹੈ, ਸਾਰੇ ਸੂਬਿਆਂ ’ਚ ਲੋਕ ਨੌਕਰੀਆਂ, ਚੰਗਾ ਰਹਿਣ-ਸਹਿਣ, ਸਿਹਤ ਸੇਵਾਵਾਂ ਚਾਹੁੰਦੇ ਹਨ ਨਾ ਕਿ ਵੱਡੇ-ਵੱਡੇ ਵਾਅਦੇ, ਜਦਕਿ ਭਾਰਤ ’ਚ ਸਿਆਸਤ ਇਕ ਸਿਰੇ ਤੋਂ ਦੂਸਰੇ ਸਿਰੇ ਤੱਕ ਡੋਲਦੀ ਰਹਿੰਦੀ ਹੈ। ਕੋਈ ਹੈਰਾਨੀ ਨਹੀਂ ਕਿ ਸਾਡੀ ਇਕ ਬਹੁ-ਅਾਯਾਮੀ ਸਿਆਸਤ ਹੈ ਜੋ ਸਾਰੀਆਂ ਸਿਆਸੀ ਪਾਰਟੀਆਂ ਦੀ ਸੱਤਾ ਲਈ ਇੱਛਾਵਾਂ ਨੂੰ ਜ਼ਿੰਦਾ ਰੱਖਦੀ ਹੈ।


Bharat Thapa

Content Editor Bharat Thapa