ਜ਼ਿਮਨੀ ਚੋਣਾਂ ਵਾਲੇ ਦਿਨ ਵੱਡੀ ਵਾਰਦਾਤ! ਲੁੱਟ ਦੀ ਨੀਅਤ ਨਾਲ ਟੈਕਸੀ ਡਰਾਈਵਰ ਦਾ ਕੀਤਾ ਕਤਲ
Monday, Jun 23, 2025 - 09:33 PM (IST)

ਹਲਵਾਰਾ (ਲਾਡੀ) : ਲੁਧਿਆਣਾ ਵਿੱਚ ਜਿੱਥੇ ਇਕ ਪਾਸੇ ਜ਼ਿਮਨੀ ਚੋਣ ਦੀ ਗਿਣਤੀ ਚਲ ਰਹੀ ਸੀ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ, ਉਥੇ ਹੀ ਦੂਜੇ ਪਾਸੇ ਟੈਕਸੀ ਲੁੱਟ ਕੇ ਡਰਾਈਵਰ ਦਾ ਕਤਲ ਕਰਨ ਦੀ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਹੋ ਗਈ ਹੈ।
ਗ੍ਰੈਂਡ ਵਾਕ ਮਾਲ ਲੁਧਿਆਣਾ ਤੋਂ ਸੋਮਵਾਰ ਤੜਕੇ ਪੌਣੇ ਤਿੰਨ ਵਜੇ ਦੇ ਕਰੀਬ ਭਾੜੇ 'ਤੇ ਟੈਕਸੀ ਲੈ ਕੇ ਮੁੱਲਾਂਪੁਰ ਵੱਲ ਨਿਕਲੇ ਨੌਜਵਾਨਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ, ਡਰਾਈਵਰ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ ਹੈ। ਸੁਧਾਰ ਪੁਲਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਸ ਨੇ ਖੂਨ ਨਾਲ ਲੱਥ-ਪੱਥ ਸਵਿਫਟ ਡਿਜ਼ਾਇਰ ਕਾਰ ਮੋਹੀ ਪਿੰਡ ਦੇ ਸਰਕਾਰੀ ਹਸਪਤਾਲ ਨਾਲ ਲੱਗਦੇ ਖਾਲੀ ਪਲਾਟ ਤੋਂ ਬਰਾਮਦ ਕਰ ਲਈ ਹੈ। ਟੈਕਸੀ ਦੇ ਮਾਲਕ ਅਤੇ ਡਰਾਈਵਰ ਗੁਰਮੀਤ ਸਿੰਘ ਪੁੱਤਰ ਜੋਗਿੰਦਰ ਸਿੰਘ (56) ਵਾਸੀ ਬਾੜੇਵਾਲ ਲੁਧਿਆਣਾ ਦਾ ਕਤਲ ਕਰਕੇ ਅਬੋਹਰ ਬ੍ਰਾਂਚ ਨਹਿਰ ਵਿੱਚ ਸੁੱਟੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਕਾਰ ਦੀਆਂ ਸੀਟਾਂ ਅਤੇ ਹੋਰ ਥਾਵਾਂ 'ਤੇ ਖੂਨ ਖਿੱਲਰਿਆ ਹੋਇਆ ਸੀ ਅਤੇ ਕਿਰਾਏ 'ਤੇ ਕਾਰ ਲੈਣ ਵਾਲੇ ਨੌਜਵਾਨਾਂ ਨੇ ਹਮਲਾ ਕਰਕੇ ਗੁਰਮੀਤ ਸਿੰਘ ਦਾ ਕਤਲ ਕਰਨ ਤੋਂ ਬਾਅਦ ਕਾਰ ਲੁੱਟ ਕੇ ਫਰਾਰ ਹੋ ਗਏ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਰਾਤ ਪੌਣੇ ਤਿੰਨ ਵਜੇ ਤਿੰਨ ਨੌਜਵਾਨਾਂ ਨੇ ਗ੍ਰੈਂਡ ਵਾਕ ਮਾਲ ਤੋਂ ਗੁਰਮੀਤ ਸਿੰਘ ਦੀ ਟੈਕਸੀ ਲਈ ਅਤੇ ਮੁੱਲਾਂਪੁਰ ਵੱਲ ਨਿਕਲੇ, ਰਸਤੇ ਵਿੱਚ ਗੁਰਮੀਤ ਸਿੰਘ ਨੂੰ ਸ਼ੱਕ ਹੋਇਆ ਤਾਂ ਉਸਨੇ ਆਪਣੇ ਡਰਾਈਵਰ ਸਾਥੀਆਂ ਨੂੰ ਫੋਨ ਕਰਕੇ ਖਤਰੇ ਦੀ ਗੱਲ ਕਹੀ। ਜਿਸ ਤੋਂ ਬਾਅਦ ਕਈ ਟੈਕਸੀ ਡਰਾਈਵਰ ਮੁੱਲਾਂਪੁਰ ਵੱਲ ਗਏ। ਮੁੱਲਾਂਪੁਰ ਰਾਏਕੋਟ ਰਾਜ ਮਾਰਗ 'ਤੇ ਪਿੰਡ ਰਕਬਾ ਦੇ ਨੇੜੇ ਇੱਕ ਸਵਿਫਟ ਡਿਜ਼ਾਇਰ ਕਾਰ ਬਹੁਤ ਤੇਜ਼ ਰਫ਼ਤਾਰ ਨਾਲ ਜਾਂਦੀ ਦਿਖਾਈ ਦਿੱਤੀ। ਹਾਲਾਂਕਿ ਉਸ ਕਾਰ ਦੀ ਨੰਬਰ ਪਲੇਟ ਉਤਾਰ ਦਿੱਤੀ ਗਈ ਸੀ ਪਰ ਟੈਕਸੀ ਡਰਾਈਵਰਾਂ ਨੇ ਗੁਰਮੀਤ ਸਿੰਘ ਦੀ ਕਾਰ ਪਛਾਣ ਲਈ ਅਤੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਲੁਟੇਰੇ ਕਾਰ ਨੂੰ ਹਿੱਸੋਵਾਲ ਪਿੰਡ ਤੋਂ ਹੁੰਦੇ ਹੋਏ ਮੋਹੀ ਵੱਲ ਲੈ ਗਏ। ਲੁਟੇਰਿਆਂ ਨੂੰ ਪਤਾ ਲੱਗ ਚੁੱਕਾ ਸੀ ਕਿ ਕਈ ਵਾਹਨ ਉਨ੍ਹਾਂ ਦਾ ਪਿੱਛਾ ਕਰ ਰਹੇ ਹਨ। ਲੁਟੇਰਿਆਂ ਨੇ ਕਾਰ ਮੋਹੀ ਦੇ ਖਾਲੀ ਪਲਾਟ ਵਿੱਚ ਖੜ੍ਹੀ ਕੀਤੀ ਅਤੇ ਥੋੜ੍ਹੀ ਦੂਰ ਜਾ ਕੇ ਛਿਪ ਗਏ ਜਦੋਂ ਸਾਰੇ ਵਾਹਨ ਉੱਥੋਂ ਗੁਜ਼ਰ ਗਏ ਤਾਂ ਲੁਟੇਰੇ ਗੁਰਮੀਤ ਦੀ ਕਾਰ ਲੈਣ ਪਲਾਟ ਵੱਲ ਜਾਣ ਲੱਗੇ ਤਦ ਤੱਕ ਹੋਰ ਟੈਕਸੀ ਡਰਾਈਵਰ ਉੱਥੇ ਪਹੁੰਚ ਗਏ ਅਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਲੁਟੇਰੇ ਖੇਤਾਂ ਵੱਲ ਭੱਜ ਕੇ ਫਰਾਰ ਹੋ ਗਏ। ਡੀਐੱਸਪੀ ਦਾਖਾ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਬਲਜਿੰਦਰ ਸਿੰਘ, ਗੁਰਤੇਜਪ੍ਰੀਤ ਸਿੰਘ ਉਰਫ਼ ਗੁਰੀ ਪੁੱਤਰ ਗੁਰਬੀਰ ਸਿੰਘ ਮਾਨ (ਦੋਵੇਂ ਵਾਸੀ ਮੋਹੀ ਅਤੇ ਗੁਰਵੰਤ ਸਿੰਘ ਬੰਟੀ ਪੁੱਤਰ ਲਖਬੀਰ ਸਿੰਘ ਵਾਸੀ ਦਾਖਾ ਵਜੋਂ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e