ਔੌਰੰਗਜ਼ੇਬ ਦੀ ਵਿਰਾਸਤ ਇਕ ਗੁੰਝਲਦਾਰ ਤੇ ਵਿਵਾਦਗ੍ਰਸਤ ਅਧਿਆਏ

Thursday, Oct 24, 2024 - 06:47 PM (IST)

ਔੌਰੰਗਜ਼ੇਬ ਦੀ ਵਿਰਾਸਤ ਇਕ ਗੁੰਝਲਦਾਰ ਤੇ ਵਿਵਾਦਗ੍ਰਸਤ ਅਧਿਆਏ

ਔਰੰਗਜ਼ੇਬ ਦਾ ਅਕਸ ਭਾਰਤ ਦੇ ਸਮਕਾਲੀ ਸਿਆਸੀ ਅਤੇ ਸੱਭਿਆਚਾਰਕ ਦ੍ਰਿਸ਼ ’ਚ ਕਾਫੀ ਡੂੰਘਾ ਸਮਾਇਆ ਹੋਇਆ ਹੈ, ਜੋ ਇਤਿਹਾਸਕ ਯਾਦਗਾਰ, ਮਿਥਕ ਅਤੇ ਆਧੁਨਿਕ ਸਿਆਸੀ ਬਿਆਨਬਾਜ਼ੀ ਦਾ ਮਿਸ਼ਰਨ ਦਰਸਾਉਂਦਾ ਹੈ। ਉਨ੍ਹਾਂ ਦਾ ਨਾਂ ਅਕਸਰ ਚੋਣ ਮੁਹਿੰਮਾਂ ਅਤੇ ਜਨਤਕ ਬਹਿਸਾਂ ’ਚ ਸਾਹਮਣੇ ਆਉਂਦਾ ਹੈ ਜੋ ਉਨ੍ਹਾਂ ਦੇ ਸ਼ਾਸਨਕਾਲ ਦੇ ਸਦੀਆਂ ਬਾਅਦ ਵੀ ਭਾਵਨਾਵਾਂ ਅਤੇ ਵਿਵਾਦਾਂ ਨੂੰ ਜਨਮ ਦਿੰਦਾ ਹੈ।

ਜਦ ਨੇਤਾ ਔਰੰਗਜ਼ੇਬ ਦੇ ਸਬੰਧ ’ਚ ਇਕ-ਦੂਜੇ ਦੀ ਆਲੋਚਨਾ ਕਰਦੇ ਹਨ ਤਾਂ ਇਹ ਦਰਸਾਉਂਦਾ ਹੈ ਕਿ ਉਨ੍ਹਾਂ ਦੀ ਵਿਰਾਸਤ ਰਾਸ਼ਟਰੀ ਰਾਜਨੀਤੀ ਨੂੰ ਕਿਵੇਂ ਆਕਾਰ ਦੇ ਰਹੀ ਹੈ। ਆਧੁਨਿਕ ਬਿਰਤਾਂਤ ’ਚ ਔਰੰਗਜ਼ੇਬ ਨੂੰ ਅਕਸਰ ਇਕ ਜ਼ਾਲਿਮ ਤਾਨਾਸ਼ਾਹ ਦੇ ਰੂਪ ’ਚ ਦਰਸਾਇਆ ਜਾਂਦਾ ਹੈ, ਇਕ ਅਜਿਹਾ ਵਿਅਕਤੀ ਜਿਸ ਦੀ ਤੁਲਨਾ ਹਿਟਲਰ ਜਾਂ ਕੱਟੜਪੰਥੀ ਵਿਚਾਰਧਾਰਾਵਾਂ ਵਰਗੇ ਗੈਰ-ਸਹਿਣਸ਼ੀਲਤਾ ਦੇ ਬਦਨਾਮ ਪ੍ਰਤੀਕਾਂ ਨਾਲ ਕੀਤੀ ਜਾਂਦੀ ਹੈ।

ਇਹ ਧਾਰਨਾ ਉਨ੍ਹਾਂ ਨੂੰ ਅਜਿਹੇ ਵਿਅਕਤੀ ਦੇ ਰੂਪ ’ਚ ਚਿਤਰਣ ਕਰਦੀ ਹੈ ਜਿਸ ਨੇ ਆਪਣਾ ਜੀਵਨ ਹਿੰਦੂ ਧਰਮ ਨੂੰ ਖਤਮ ਕਰਨ ਅਤੇ ਹਿੰਦੂਆਂ ’ਤੇ ਅੱਤਿਆਚਾਰ ਕਰਨ ਲਈ ਸਮਰਪਿਤ ਕਰ ਦਿੱਤਾ ਹੈ। ਨਤੀਜਾ, ਇਕ ਪ੍ਰਚਲਿਤ ਧਾਰਨਾ ਹੈ ਕਿ ਸਮਕਾਲੀ ਭਾਰਤੀ ਮੁਸਲਮਾਨ ਕਿਸੇ ਨਾ ਕਿਸੇ ਤਰ੍ਹਾਂ ਨਾਲ ਵੰਸ਼ ਜਾਂ ਵਿਚਾਰਧਾਰਾ ਨਾਲ ਮੁਗਲ ਸਮਰਾਟ ਦੀ ਵਿਰਾਸਤ ਨਾਲ ਜੁੜੇ ਹੋਏ ਹਨ, ਜਿਸ ’ਤੇ ਭਾਰਤ ਦੀ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ।

ਇਹ ਦ੍ਰਿਸ਼ਟੀਕੋਣ ਵੀ. ਐੱਸ. ਨਾਯਪਾਲ ਦੀ ਭਾਰਤ ਦੀ ਧਾਰਨਾ ’ਤੇ ਆਧਾਰਿਤ ਹੈ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਭਾਰਤ ਇਕ ‘ਜ਼ਖਮੀ ਸੱਭਿਅਤਾ’ ਹੈ, ਜਿਸ ਨੇ ਸਦੀਆਂ ਤਕ ਵਿਦੇਸ਼ੀ ਹਮਲਾਵਰਾਂ ਰਾਹੀਂ ਗੁਲਾਮੀ ਝੱਲੀ ਹੈ, ਜਿਸ ’ਚ ਮੁਸਲਿਮ ਰਾਜੇ ਵੀ ਸ਼ਾਮਲ ਹਨ, ਜਿਨ੍ਹਾਂ ਨੇ ਕਥਿਤ ਤੌਰ ’ਤੇ ਦੇਸ਼ ਦੇ ਮਾਣਮੱਤੇ ਅਤੀਤ ਨੂੰ ਖਤਮ ਕਰ ਦਿੱਤਾ।

ਫਿਰ ਵੀ, ਮੁਸਲਮਾਨ ਜੇਤੂਆਂ ਵਲੋਂ ਜਾਣਬੁੱਝ ਕੇ, ਵਿਵਸਥਿਤ ਵਿਨਾਸ਼ ’ਚ ਭਰੋਸਾ ਇਕ ਨਿਰੰਤਰ ਇਤਿਹਾਸਕ ਯਾਦਗਾਰ ਨਹੀਂ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਨਾਲ ਪ੍ਰਮਾਣਿਤ ਇਤਿਹਾਸਕ ਲੇਖਾਂ ’ਤੇ ਆਧਾਰਤ ਹੈ, ਇਸ ਦੀ ਬਜਾਏ ਇਹ ਡੂੰਘੇ ਭਾਵਨਾਤਮਕ ਅਤੇ ਸੱਭਿਆਚਾਰਕ ਜ਼ਖਮਾਂ ਨੂੰ ਦਰਸਾਉਂਦਾ ਹੈ ਜੋ ਅਕਸਰ ਮੌਜੂਦਾ ਮੁਸਲਿਮ ਵਿਰੋਧੀ ਭਾਵਨਾਵਾਂ ਤੋਂ ਪ੍ਰੇਰਿਤ ਹੁੰਦੇ ਹਨ।

ਇਤਿਹਾਸਕ ਤੌਰ ’ਤੇ, ਔਰੰਗਜ਼ੇਬ ਆਖਰੀ ਮਹੱਤਵਪੂਰਨ ਮੁਗਲ ਰਾਜਾ ਸੀ, ਜਿਸ ਨੇ ਲਗਭਗ 5 ਦਹਾਕਿਆਂ ਤਕ ਭਾਰਤੀ ਉੱਪ ਮਹਾਦੀਪ ਦੇ ਜ਼ਿਆਦਾਤਰ ਹਿੱਸੇ ’ਤੇ ਰਾਜ ਕੀਤਾ। ਉਸ ਦੇ ਸ਼ਾਸਨ ਕਾਲ ’ਚ ਆਪਣੇ ਪਿਤਾ ਸ਼ਾਹਜਹਾਂ ਨੂੰ ਕੈਦ ਕਰਨਾ, ਉਸ ਦਾ ਕਥਿਤ ਰੂੜੀਵਾਦ ਅਤੇ ਦੱਖਣ ਨੂੰ ਮੁਗਲ ਸਾਮਰਾਜ ’ਚ ਸ਼ਾਮਲ ਕਰਨ ’ਚ ਅਸਮੱਰਥਤਾ ਵਰਗੇ ਵਿਵਾਦ ਰਹੇ।

ਔਰੰਗਜ਼ੇਬ ’ਤੇ ਬਹਿਸ ਦਾ ਕੇਂਦਰ ਉਸ ਦੀਆਂ ਪ੍ਰੇਰਨਾਵਾਂ ਅਤੇ ਨੀਤੀਆਂ ਦਾ ਸਵਾਲ ਹੈ। ਸਰ ਜਦੁਨਾਥ ਸਰਕਾਰ ਵਰਗੇ ਕੁਝ ਇਤਿਹਾਸਕਾਰਾਂ ਦਾ ਤਰਕ ਹੈ ਕਿ ਉਸ ਦਾ ਮੁੱਢਲਾ ਮਕਸਦ ਸ਼ਰੀਆ ਕਾਨੂੰਨ ਲਾਗੂ ਕਰ ਕੇ ਅਤੇ ਆਬਾਦੀ ਦਾ ਧਰਮ ਤਬਦੀਲ ਕਰ ਕੇ ਭਾਰਤ ’ਚ ਇਕ ਇਸਲਾਮਿਕ ਰਾਜ ਸਥਾਪਿਤ ਕਰਨਾ ਸੀ। ਪਾਕਿਸਤਾਨੀ ਇਤਿਹਾਸਕਾਰ ਇਸ਼ਤਿਆਕ ਹੁਸੈਨ ਕੁਰੈਸ਼ੀ ਦਾ ਦਾਅਵਾ ਹੈ ਕਿ ਔਰੰਗਜ਼ੇਬ ਦੀਆਂ ਨੀਤੀਆਂ ਦਾ ਮਕਸਦ ਮੁਸਲਿਮ ਦਬਦਬੇ ਨੂੰ ਬਣਾਈ ਰੱਖਣਾ ਅਤੇ ਸਾਮਰਾਜ ਦੀ ਏਕਤਾ ਨੂੰ ਬਣਾਏ ਰੱਖਣਾ ਸੀ।

ਇਸ ’ਚ ਧਾਰਮਿਕ ਵਿਭਿੰਨਤਾ ਨੂੰ ਖਤਮ ਕਰਨਾ ਸ਼ਾਮਲ ਸੀ, ਜੋ ਸੂਬੇ ’ਚ ਮੁਸਲਿਮ ਦਬਦਬੇ ਨੂੰ ਕਮਜ਼ੋਰ ਕਰ ਸਕਦਾ ਸੀ, ਜਿੱਥੇ ਉਹ ਰੱਖਿਆ ਅਤੇ ਪ੍ਰਸ਼ਾਸਨ ਲਈ ਜ਼ਿੰਮੇਦਾਰ ਸਨ। ਹਾਲਾਂਕਿ ਔਰੰਗਜ਼ੇਬ ਦੀਆਂ ਹਰਕਤਾਂ ਇਸਲਾਮੀ ਰਾਜ ਲਾਗੂ ਕਰਨ ਦੇ ਵਿਚਾਰ ਦੇ ਅਨੁਸਾਰ ਨਹੀਂ ਸਨ।

ਉਦਾਹਰਣ ਲਈ, ਜਦ ਕਿ ਉਸ ਨੇ ਬਨਾਰਸ ’ਚ ਵਿਸ਼ਵਨਾਥ ਮੰਦਰ ਸਮੇਤ ਕੁਝ ਹਿੰਦੂ ਮੰਦਰਾਂ ਨੂੰ ਨਸ਼ਟ ਕਰ ਦਿੱਤਾ ਸੀ, ਮੰਦਰ ਵਿਨਾਸ਼ ਦੇ ਵਿਆਪਕ, ਵਿਵਸਥਿਤ ਮੁਹਿੰਮ ਦੇ ਦਾਅਵੇ ਦਾ ਸਮਰਥਨ ਵਾਲੇ ਬਹੁਤ ਘੱਟ ਸਬੂਤ ਹਨ। ਵਰਿੰਦਾਵਨ ਦੇ ਕਈ ਮੰਦਰਾਂ ਨੂੰ ਸ਼ਾਹੀ ਸਰਪ੍ਰਸਤੀ ਮਿਲਦੀ ਰਹੀ।

ਕੁਝ ਮੰਦਰਾਂ ਦਾ ਵਿਨਾਸ਼ ਧਾਰਮਿਕ ਕਾਰਨਾਂ ਤੋਂ ਪ੍ਰੇਰਿਤ ਹੋਣ ਦੇ ਮੁਕਾਬਲੇ ’ਚ ਸਿਆਸਤ ਤੋਂ ਪ੍ਰੇਰਿਤ ਜ਼ਿਆਦਾ ਪ੍ਰਤੀਤ ਹੁੰਦਾ ਹੈ, ਜੋ ਅਕਸਰ ਸਥਾਨਕ ਬਾਗੀਆਂ ਜਾਂ ਬਾਗੀ ਸ਼ਾਸਕਾਂ ਦੇ ਵਿਰੁੱਧ ਸਜ਼ਾਯੋਗ ਕਾਰਵਾਈਆਂ ਦੇ ਨਾਲ ਜੁੜਿਆ ਹੁੰਦਾ ਹੈ। 1679 ’ਚ ਔਰੰਗਜ਼ੇਬ ਵਲੋਂ ਜਜੀਆ ਕਰ ਨੂੰ ਫਿਰ ਤੋਂ ਲਾਗੂ ਕਰਨਾ ਜੋ ਗੈਰ-ਮੁਸਲਮਾਨਾਂ ’ਤੇ ਲਗਾਇਆ ਜਾਣ ਵਾਲਾ ਕਰ ਸੀ, ਉਸ ਦੀਆਂ ਨੀਤੀਆਂ ਦੀ ਵਿਆਖਿਆ ਨੂੰ ਹੋਰ ਗੁੰਝਲਦਾਰ ਬਣਾਉਂਦਾ ਹੈ। ਜਦ ਕਿ ਸਰਕਾਰ ਵਰਗੇ ਕੁਝ ਵਿਦਵਾਨ ਇਸ ਨੂੰ ਹਿੰਦੂਆਂ ’ਤੇ ਧਰਮ ਤਬਦੀਲੀ ਲਈ ਦਬਾਅ ਪਾਉਣ ਦੀਆਂ ਕੋਸ਼ਿਸ਼ਾਂ ਦੇ ਰੂਪ ’ਚ ਦੇਖਦੇ ਹਨ।

ਹੋਰ ਲੋਕ ਤਰਕ ਦਿੰਦੇ ਹਨ ਕਿ ਕਰ ਦਾ ਮਕਸਦ ਰੂੜੀਵਾਦੀ ਮੁਸਲਿਮ ਧਿਰਾਂ ਤੋਂ ਸਮਰਥਨ ਜੁਟਾਉਣ ਲਈ ਇਕ ਸਿਆਸੀ ਮਸ਼ੀਨਰੀ ਦੇ ਰੂਪ ’ਚ ਸੀ। ਸ਼ਾਸਨ ਦੇ ਦੋ ਦਹਾਕਿਆਂ ਬਾਅਦ ਇਸ ਨੂੰ ਫਿਰ ਤੋਂ ਲਾਗੂ ਕਰਨਾ ਇਹ ਦਰਸਾਉਂਦਾ ਹੈ ਕਿ ਇਹ ਸਿਰਫ ਧਾਰਮਿਕ ਉਤਸ਼ਾਹ ਤੋਂ ਪ੍ਰੇਰਿਤ ਪਹਿਲ ਨਹੀਂ ਸੀ, ਸਗੋਂ ਸੰਘਰਸ਼ ਦੇ ਸਮੇਂ ਖਾਸ ਤੌਰ ’ਤੇ ਰਾਜਪੂਤਾਂ ਅਤੇ ਮਰਾਠਿਆਂ ਵਿਰੁੱਧ ਸੱਤਾ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਇਕ ਉਪਾਅ ਸੀ।

ਕੁਰੈਸ਼ੀ ਦਾ ਤਰਕ ਹੈ ਕਿ ਔਰੰਗਜ਼ੇਬ ਨੇ ਅਕਬਰ ਦੀ ਜ਼ਿਆਦਾ ਨਰਮ ਨੀਤੀਆਂ ਦੇ ਕਾਰਨ ਹੋਏ ਨੁਕਸਾਨ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੇ ਹਿੰਦੂਆਂ ਨੂੰ ਪ੍ਰਸ਼ਾਸਨਿਕ ਭੂਮਿਕਾਵਾਂ ’ਚ ਇਕੱਠਾ ਕੀਤਾ ਸੀ। ਤ੍ਰਾਸਦੀ ਇਹ ਹੈ ਕਿ ਔਰੰਗਜ਼ੇਬ ਦੇ ਸ਼ਾਸਨ ਕਾਲ ਦੌਰਾਨ ਸਰਕਾਰੀ ਸੇਵਾ ’ਚ ਹਿੰਦੂਆਂ ਦੀ ਗਿਣਤੀ ’ਚ ਵਾਧਾ ਹੋਇਆ ਜੋ ਧਾਰਮਿਕ ਅਸਹਿਣਸ਼ੀਲਤਾ ਦੇ ਰਾਜੇ ਦੇ ਵੱਕਾਰ ਦੇ ਬਾਵਜੂਦ 1689 ਤਕ 33 ਫੀਸਦੀ ਤਕ ਪਹੁੰਚ ਗਈ।

ਡਾ. ਆਰ. ਪੀ. ਤ੍ਰਿਪਾਠੀ ਔਰੰਗਜ਼ੇਬ ਦੇ ਕਾਰਜਾਂ ਨੂੰ ਮੁੱਖ ਤੌਰ ’ਤੇ ਸਿਆਸਤ ਤੋਂ ਪ੍ਰੇਰਿਤ ਮੰਨਦੇ ਹਨ, ਜਿਸਦਾ ਮਕਸਦ ਇਕ ਵਿਭਿੰਨ ਅਤੇ ਵੱਡੇ ਸਾਮਰਾਜ ’ਚ ਸੱਤਾ ਨੂੰ ਮਜ਼ਬੂਤ ਕਰਨਾ ਸੀ। ਉਨ੍ਹਾਂ ਦੀਆਂ ਨੀਤੀਆਂ, ਹਾਲਾਂਕਿ ਕਦੇ-ਕਦੇ ਸਖਤ ਹੁੰਦੀਆਂ ਸਨ ਪਰ ਜ਼ਰੂਰੀ ਨਹੀਂ ਕਿ ਉਹ ਹਿੰਦੂਆਂ ਦੇ ਪ੍ਰਤੀ ਡੂੰਘੀ ਦੁਸ਼ਮਣੀ ਤੋਂ ਪੈਦਾ ਹੋਈਆਂ ਹੋਣ।

ਔਰੰਗਜ਼ੇਬ ਸ਼ਾਸਨਕਾਲ ਨੂੰ ਉਸ ਸਮੇਂ ਦੇ ਸਮਾਜਿਕ-ਆਰਥਿਕ, ਸੱਭਿਆਚਾਰਕ ਅਤੇ ਸਿਆਸੀ ਗਤੀਸ਼ੀਲਤਾ ਦੇ ਵਿਆਪਕ ਸਬੰਧ ’ਚ ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ ਜਦ ਕਿ ਉਨ੍ਹਾਂ ਦੇ ਰੂੜੀਵਾਦੀ ਝੁਕਾਅ ਅਤੇ ਸੱਤਾਵਾਦੀ ਆਦਤਾਂ ਨੇ ਉਨ੍ਹਾਂ ਦੀਆਂ ਕੁਝ ਨੀਤੀਆਂ ਨੂੰ ਆਕਾਰ ਦਿੱਤਾ। ਉਸ ਦੇ ਕੰਮਾਂ ਨੇ ਇਕ ਅਧੂਰੇ ਅਤੇ ਅਸ਼ਾਂਤ ਉੱਪ ਮਹਾਦੀਪ ’ਤੇ ਸ਼ਾਸਨ ਕਰਨ ਦੀਆਂ ਚੁਣੌਤੀਆਂ ਨੂੰ ਵੀ ਦਰਸਾਇਆ ਹੈ।

ਇਸ ਤਰ੍ਹਾਂ ਔਰੰਗਜ਼ੇਬ ਦੀ ਵਿਰਾਸਤ ਭਾਰਤੀ ਇਤਿਹਾਸ ’ਚ ਇਕ ਗੁੰਝਲਦਾਰ ਅਤੇ ਵਿਵਾਦਗ੍ਰਸਤ ਅਧਿਆਏ ਬਣੀ ਹੋਈ ਹੈ।

ਨਿਹਾਰੀਕਾ ਦਿਵੇਦੀ


author

Rakesh

Content Editor

Related News