ਭਾਜਪਾ ਦੇ ਸੰਕਟਮੋਚਕ ਸਨ ਅਰੁਣ ਜੇਤਲੀ

08/26/2019 6:52:31 AM

ਰਾਹਿਲ ਨੋਰਾ ਚੋਪੜਾ

ਭਾਜਪਾ ਦੇ ਸੰਕਟਮੋਚਕ, ਤੇਜ਼-ਤਰਾਰ ਵਕੀਲ, ਰਾਜਨੇਤਾ, ਕ੍ਰਿਕਟ ਪ੍ਰਸ਼ਾਸਕ, ਮੰਤਰੀ ਅਤੇ ਇਕ ਸੱਚੇ ਦੋਸਤ ਅਰੁਣ ਜੇਤਲੀ ਦਾ 66 ਸਾਲਾਂ ਦੀ ਉਮਰ ’ਚ 24 ਅਗਸਤ ਨੂੰ ਏਮਜ਼ ਵਿਚ ਦੁਪਹਿਰ 12.07 ਵਜੇ ਦਿਹਾਂਤ ਹੋ ਗਿਆ। ਉਨ੍ਹਾਂ ਨੂੰ 7 ਅਗਸਤ ਨੂੰ ਸਾਹ ਲੈਣ ਵਿਚ ਤਕਲੀਫ ਦੀ ਸ਼ਿਕਾਇਤ ਤੋਂ ਬਾਅਦ ਏਮਜ਼ ਵਿਚ ਦਾਖਲ ਕਰਵਾਇਆ ਗਿਆ ਸੀ। ਜੇਤਲੀ ਨੇ 1973 ’ਚ ਸ਼੍ਰੀ ਰਾਮ ਕਾਲਜ ਤੋਂ ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਅਤੇ 1974 ’ਚ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ ਦੇ ਪ੍ਰਧਾਨ ਬਣੇ। 1980 ’ਚ ਉਹ ਭਾਜਪਾ ਵਿਚ ਸ਼ਾਮਿਲ ਹੋਏ ਅਤੇ ਉਦੋਂ ਤੋਂ ਭਾਜਪਾ ਦੀ ਸਿਆਸਤ ਵਿਚ ਸਰਗਰਮ ਰਹੇ। ਸ਼ੁਰੂ ਤੋਂ ਹੀ ਉਨ੍ਹਾਂ ਨੇ ਆਪਣੇ ਸੰਗਠਨ ਲਈ ਅਦਾਲਤ, ਸੰਸਦ ਅਤੇ ਸਿਆਸਤ ਦੇ ਮੈਦਾਨ ’ਚ ਸਰਗਰਮ ਭੂਮਿਕਾ ਨਿਭਾਈ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਅਭਾਵਿਪ) ਦੇ ਇਕ ਵਰਕਰ ਦੇ ਸਮੇਂ ਤੋਂ ਲੈ ਕੇ ਅੰਤ ਤਕ ਉਹ ਮੀਡੀਆ ਲਈ ਹਰਮਨਪਿਆਰੇ ਬਣੇ ਰਹੇ ਅਤੇ ਪਾਰਟੀ ਦੇ ਮੁੱਖ ਬੁਲਾਰੇ ਸਨ ਅਤੇ ਹਮੇਸ਼ਾ ਪਾਰਟੀ ਦੇ ਫਰੰਟ ’ਤੇ ਰਹਿੰਦੇ ਸਨ।

ਉਹ ਪਾਰਟੀ ’ਚ ਕਈ ਬੁਲਾਰਿਆਂ ਨੂੰ ਲੈ ਕੇ ਆਏ ਅਤੇ ਅਸ਼ੋਕ ਰੋਡ ਸਥਿਤ ਉਨ੍ਹਾਂ ਦੀ ਅਧਿਕਾਰਤ ਰਿਹਾਇਸ਼ ਸਾਲਾਂ ਤਕ ਮੀਡੀਆ ਰੂਮ ਦੇ ਰੂਪ ’ਚ ਰਹੀ, ਜਦਕਿ ਉਹ ਖ਼ੁਦ ਆਪਣੇ ਕੈਲਾਸ਼ ਕਾਲੋਨੀ ਸਥਿਤ ਬੰਗਲੇ ਵਿਚ ਰਹਿੰਦੇ ਸਨ। ਉਨ੍ਹਾਂ ਨੇ ਇਕ ਅਜਿਹੇ ਨੇਤਾ ਵਜੋਂ ਪ੍ਰਸਿੱਧੀ ਖੱਟੀ, ਜਿਨ੍ਹਾਂ ਨੇ 2004 ਅਤੇ 2014 ਵਿਚਾਲੇ ਕਈ ਅਹਿਮ ਚੋਣਾਂ ਵਿਚ ਪਾਰਟੀ ਨੂੰ ਜਿੱਤ ਦਿਵਾਈ। ਉਨ੍ਹਾਂ ਨੂੰ ਗੁਜਰਾਤ, ਮੱਧ ਪ੍ਰਦੇਸ਼, ਬਿਹਾਰ ਅਤੇ ਕਰਨਾਟਕ ’ਚ ਪਾਰਟੀ ਦਾ ਸੂਬਾ ਇੰਚਾਰਜ ਬਣਾਇਆ ਗਿਆ ਸੀ। 2009 ਤੋਂ 2014 ਤਕ ਉਹ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਹੇ। ਸੰਸਦ ਵਿਚ ਹੋਣ ਵਾਲੇ ਮਹੱਤਵਪੂਰਨ ਚਰਚਿਆਂ ਵਿਚ ਭਾਜਪਾ ਵਲੋਂ ਉਹੀ ਸ਼ੁਰੂਆਤ ਕਰਦੇ ਸਨ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਗੇ ਦੋਸਤ ਸਨ ਅਤੇ ਉਨ੍ਹਾਂ ਨੇ ਮੋਦੀ ਦੇ ਗੁਜਰਾਤ ਵਿਚ ਮੁੱਖ ਮੰਤਰੀ ਹੋਣ ਤੋਂ ਲੈ ਕੇ ਬਾਅਦ ਦੇ ਸਮੇਂ ਤਕ ਜਨਤਕ ਖੇਤਰ ’ਚ ਅਤੇ ਅਦਾਲਤਾਂ ਵਿਚ ਮੋਦੀ ਦਾ ਬਚਾਅ ਕੀਤਾ।

ਵਿੱਤ ਮੰਤਰੀ ਦੇ ਤੌਰ ’ਤੇ ਜਦੋਂ ਜੇਤਲੀ ਨੇ ਕੰਮਕਾਜ ਸੰਭਾਲਿਆ ਤਾਂ ਵਿਕਾਸ ਦਰ ਡਿੱਗ ਰਹੀ ਸੀ। ਅਜਿਹੇ ਸਮੇਂ ਵਿਚ ਉਨ੍ਹਾਂ ਨੇ ਜੀ. ਐੱਸ. ਟੀ. ਅਤੇ ਇਨਸਟਾਲਵੈਂਸੀ ਐਂਡ ਬੈਂਕਰਪਸੀ ਕਾਨੂੰਨ ਲਾਗੂ ਕਰ ਕੇ ਅਰਥ ਵਿਵਸਥਾ ਨੂੰ ਨਵੀਂ ਦਿਸ਼ਾ ਦਿੱਤੀ। ਜੇਤਲੀ ਦੀ ਇਕ ਵੱਡੀ ਪ੍ਰਾਪਤੀ ਜੀ. ਐੱਸ. ਟੀ. ਕੌਂਸਲ ਦਾ ਜਮਹੂਰੀ ਰੂਪ ਨਾਲ ਸੰਚਾਲਨ ਸੀ, ਜਿਸ ਵਿਚ ਵਿਰੋਧੀ ਧਿਰ ਵਲੋਂ ਸ਼ਾਸਿਤ ਸੂਬਿਆਂ ਦੇ ਵਿੱਤ ਮੰਤਰੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ। ਵਿਰੋਧੀ ਧਿਰ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਜਨਤਕ ਖੇਤਰ ਵਿਚ ਇਕ ਚੰਗਾ ਵਿਅਕਤੀ, ਇਕ ਨਿਮਰ ਇਨਸਾਨ, ਇਕ ਸਨਮਾਨਿਤ ਪ੍ਰੋਫੈਸ਼ਨਲ, ਰਾਜਨੀਤੀ ਦਾ ਇਕ ਵਿਦਿਆਰਥੀ, ਇਕ ਵਰਣਨਯੋਗ ਕਮਿਊਨੀਕੇਟਰ ਅਤੇ ਇਕ ਨਜ਼ਦੀਕੀ ਦੋਸਤ ਗੁਆ ਦਿੱਤਾ ਹੈ।

ਅਖਿਲੇਸ਼-ਰਾਜਭਰ ਗੱਠਜੋੜ

ਲੋਕ ਸਭਾ ਚੋਣਾਂ ਤੋਂ ਬਾਅਦ ਮਾਇਆਵਤੀ ਨੇ ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ਨਾਲੋਂ ਗੱਠਜੋੜ ਤੋੜ ਲਿਆ, ਜਿਸ ਤੋਂ ਬਾਅਦ ਬਹੁਤ ਸਾਰੇ ਨੇਤਾ ਅਤੇ ਵਰਕਰ ਸਮਾਜਵਾਦੀ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ। ਹੁਣ ਸਪਾ ਮੁਖੀ ਅਖਿਲੇਸ਼ ਯਾਦਵ ਛੋਟੀਆਂ ਪਾਰਟੀਆਂ ਨਾਲ ਗੱਠਜੋੜ ਕਰਨ ਦਾ ਯਤਨ ਕਰ ਰਹੇ ਹਨ ਤਾਂ ਕਿ ਉਨ੍ਹਾਂ ਦੇ ਨੇਤਾ ਅਤੇ ਵਰਕਰ ਪਾਰਟੀ ਛੱਡ ਕੇ ਨਾ ਜਾਣ ਅਤੇ ਉਨ੍ਹਾਂ ਦਾ ਉਤਸ਼ਾਹ ਬਰਕਰਾਰ ਰਹੇ। ਸ਼ੁੱਕਰਵਾਰ ਨੂੰ ਅਖਿਲੇਸ਼ ਯਾਦਵ ਨੇ ਓਮ ਪ੍ਰਕਾਸ਼ ਰਾਜਭਰ ਨਾਲ ਮੁਲਾਕਾਤ ਕੀਤੀ ਅਤੇ ਇਹ ਫੈਸਲਾ ਕੀਤਾ ਕਿ ਦੋਵੇਂ ਦਲ 13 ਵਿਧਾਨ ਸਭਾ ਉਪ-ਚੋਣਾਂ ਇਕੱਠਿਆਂ ਲੜਨਗੇ। ਇਹ ਬੈਠਕ ਸਪਾ ਦਫਤਰ ਲਖਨਊ ਵਿਚ ਹੋਈ। ਰਾਜਭਰ ਦੀ ਪਾਰਟੀ ਨੇ ਪੂਰਬੀ ਉੱਤਰ ਪ੍ਰਦੇਸ਼ ’ਚ 12 ਲੋਕ ਸਭਾ ਸੀਟਾਂ ’ਤੇ ਚੋਣ ਲੜੀ ਸੀ ਅਤੇ ਹਰੇਕ ਲੋਕ ਸਭਾ ਖੇਤਰ ’ਚ 20,000 ਤੋਂ ਲੈ ਕੇ 40,000 ਤਕ ਵੋਟਾਂ ਹਾਸਿਲ ਕੀਤੀਆਂ ਸਨ। ਰਾਜਭਰ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਅਗਲੀਆਂ ਵਿਧਾਨ ਸਭਾ ਉਪ-ਚੋਣਾਂ ਵਿਚ ਜਲਾਲਪੁਰ, ਘੋਸੀ ਅਤੇ ਬਾਲਹਾ ਸੀਟ ਤੋਂ ਚੋਣ ਲੜਨ। ਇਨ੍ਹਾਂ ਤਿੰਨਾਂ ਸੀਟਾਂ ’ਤੇ ਰਾਜਭਰ ਵੋਟਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ ਅਤੇ ਯਾਦਵਾਂ ਤੇ ਮੁਸਲਮਾਨਾਂ ਦੀ ਸਹਾਇਤਾ ਨਾਲ ਉਹ ਇਹ ਸੀਟਾਂ ਜਿੱਤ ਸਕਦੇ ਹਨ। ਇਸੇ ਤਰ੍ਹਾਂ ਅਖਿਲੇਸ਼ ਯਾਦਵ ਇਨ੍ਹਾਂ ਵਿਧਾਨ ਸਭਾ ਉਪ-ਚੋਣਾਂ ਦੇ ਨਤੀਜਿਆਂ ਤੋਂ ਗੱਠਜੋੜ ਦੀ ਸ਼ਕਤੀ ਦਾ ਅੰਦਾਜ਼ਾ ਲਗਾ ਸਕਦੇ ਹਨ ਅਤੇ ਜੇਕਰ ਇਹ ਗੱਠਜੋੜ ਸਫਲ ਰਹਿੰਦਾ ਹੈ ਤਾਂ ਉਹ ਇਸ ਨੂੰ ਉੱਤਰ ਪ੍ਰਦੇਸ਼ ਵਿਚ ਜਾਰੀ ਰੱਖ ਸਕਦੇ ਹਨ।

ਪੱਛਮੀ ਬੰਗਾਲ ’ਚ ਕਾਂਗਰਸ-ਲੈਫਟ ਗੱਠਜੋੜ

ਪੱਛਮੀ ਬੰਗਾਲ ਦੇ ਕਾਂਗਰਸ ਪ੍ਰਧਾਨ ਸੋਮਨ ਮਿੱਤਰਾ ਨੇ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰ ਕੇ ਸੰਗਠਨ ਦੇ ਵੱਖ-ਵੱਖ ਮਸਲਿਆਂ ’ਤੇ ਚਰਚਾ ਕੀਤੀ ਹੈ, ਜਿਨ੍ਹਾਂ ਵਿਚ ਸੂਬੇ ’ਚ ਹੋਣ ਵਾਲੀਆਂ ਵਿਧਾਨ ਸਭਾ ਉਪ-ਚੋਣਾਂ ਵੀ ਸ਼ਾਮਿਲ ਹਨ। ਸੋਨੀਆ ਗਾਂਧੀ ਨੇ ਸੂਬੇ ਵਿਚ ਲੋਕ ਸਭਾ ਚੋਣਾਂ ਦੇ ਦੌਰਾਨ ਪਾਰਟੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇਖਦੇ ਹੋਏ ਸੂਬੇ ਵਿਚ ਵਿਧਾਨ ਸਭਾ ਉਪ-ਚੋਣਾਂ ਲਈ ਕਾਂਗਰਸ-ਲੈਫਟ ਫਰੰਟ ਗੱਠਜੋੜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਬੇ ’ਚ ਭਾਜਪਾ ਦੇ ਜੇਤੂ ਰੱਥ ਨੂੰ ਰੋਕਣ ਲਈ ਟੀ. ਐੱਮ. ਸੀ. ਵਲੋਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕੱਠੀਆਂ ਆਉਣ ਦੇ ਸੱਦੇ ਨੂੰ ਦੇਖਦੇ ਹੋਏ ਇਹ ਗੱਠਜੋੜ ਸਿਆਸੀ ਤੌਰ ’ਤੇ ਕਾਫੀ ਅਹਿਮ ਹੋਵੇਗਾ। ਦੋਵਾਂ ਪਾਰਟੀਆਂ ਦੀ ਸੂਬਾਈ ਲੀਡਰਸ਼ਿਪ ਨੇ ਫੈਸਲਾ ਲਿਆ ਹੈ ਕਿ ਕਾਂਗਰਸ ਉੱਤਰ ਦੀਨਾਜਪੁਰ ਜ਼ਿਲੇ ਦੀ ਕਾਲੀਆਗੰਜ ਸੀਟ ਅਤੇ ਪੱਛਮੀ ਮਿਦਨਾਪੁਰ ਜ਼ਿਲੇ ਦੀ ਖੜਗਪੁਰ ਸੀਟ ਤੋਂ ਚੋਣ ਲੜੇਗੀ, ਜਦਕਿ ਸੀ. ਪੀ. ਆਈ. (ਐੱਮ) ਦੀ ਅਗਵਾਈ ਵਾਲਾ ਲੈਫਟ ਫਰੰਟ ਨਾਦੀਆ ਜ਼ਿਲੇ ਦੀ ਕਰੀਮਪੁਰ ਸੀਟ ਤੋਂ ਚੋਣ ਲੜੇਗਾ।

ਵਿਰੋਧੀ ਦਲਾਂ ਨੇ ਕੀਤਾ ਟੀ. ਵੀ. ਡੀਬੇਟ ਦਾ ਬਾਈਕਾਟ

ਲੋਕ ਸਭਾ ਚੋਣਾਂ ਤੋਂ ਬਾਅਦ ਲੱਗਭਗ ਸਾਰੀਆਂ ਵਿਰੋਧੀ ਪਾਰਟੀਆਂ ਨੇ ਟੀ. ਵੀ. ਚੈਨਲਾਂ ’ਤੇ ਹੋਣ ਵਾਲੀ ਸਿਆਸੀ ਡੀਬੇਟ ਵਿਚ ਆਪਣੇ ਪ੍ਰਤੀਨਿਧੀਆਂ ਨੂੰ ਭੇਜਣਾ ਬੰਦ ਕਰ ਦਿੱਤਾ ਹੈ। ਕਾਂਗਰਸ ਦੇ ਕੁਝ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਟੀ. ਵੀ. ਐਂਕਰ ਸਰਕਾਰ ਦਾ ਪੱਖ ਲੈਂਦੇ ਹਨ ਅਤੇ ਸਰਕਾਰ ਦਾ ਸਿਆਸੀ ਏਜੰਡਾ ਤੈਅ ਕਰਦੇ ਹਨ ਅਤੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾਂਦੀ। ਇਸ ਸਥਿਤੀ ਤੋਂ ਪਾਰ ਪਾਉਣ ਲਈ ਚੈਨਲਾਂ ਨੇ ਵੱਖ-ਵੱਖ ਪਾਰਟੀਆਂ ਦੇ ਸਮਰਥਕਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਵਿਰੋਧ ਕਰਦੇ ਹੋਏ ਮੀਸਾ ਭਾਰਤੀ ਅਤੇ ਰਾਸ਼ਟਰੀ ਜਨਤਾ ਦਲ ਨੇ ਚੈਨਲਾਂ ਨੂੰ ਲਿਖਿਆ ਹੈ ਕਿ ਉਹ ਲੋਕ ਇਸ ਗੱਲ ਦਾ ਫੈਸਲਾ ਨਹੀਂ ਕਰ ਸਕਦੇ ਕਿ ਰਾਜਗ ਦੀ ਪ੍ਰਤੀਨਿਧਤਾ ਕੌਣ ਕਰੇਗਾ? ਕੁਝ ਦਿਨ ਪਹਿਲਾਂ ਇਕ ਟੀ. ਵੀ. ਟਾਕ ਸ਼ੋਅ ’ਚ ਇਕ ਮਹਿਮਾਨ ਨੂੰ ਆਰ. ਐੱਸ. ਐੱਸ. ਵਿਚਾਰਕ ਕਹਿ ਕੇ ਸੰਬੋਧਿਤ ਕੀਤਾ ਜਾ ਰਿਹਾ ਸੀ। ਆਰ. ਐੱਸ. ਐੱਸ. ਨੇ ਵੀ ਇਸ ਗੱਲ ਦਾ ਵਿਰੋਧ ਕਰਦੇ ਹੋਏ ਟੀ. ਵੀ. ਐਂਕਰਾਂ ਨੂੰ ਸਲਾਹ ਦਿੱਤੀ ਕਿ ਇਨ੍ਹਾਂ ਲੋਕਾਂ ਦੀ ਜਾਣ-ਪਛਾਣ ਆਰ. ਐੱਸ. ਐੱਸ. ਵਿਚਾਰਕ ਦੀ ਬਜਾਏ ਸਿਆਸੀ ਵਿਸ਼ਲੇਸ਼ਕ ਦੇ ਤੌਰ ’ਤੇ ਕਰਵਾਈ ਜਾਵੇ।

nora_chopra@yahoo.com


Bharat Thapa

Content Editor

Related News