ਦੁਸ਼ਮਣ ਨੂੰ ਮੂੰਹ-ਤੋੜ ਜਵਾਬ ਦੇਣ ਲਈ ਅਰਬਾਂ ਰੁਪਏ ਦੇ ਅਤਿਆਧੁਨਿਕ ਹਥਿਆਰਾਂ ਨਾਲ ਲੈਸ ਹੋਵੇਗੀ ਫੌਜ
Thursday, Sep 05, 2024 - 04:12 AM (IST)
![ਦੁਸ਼ਮਣ ਨੂੰ ਮੂੰਹ-ਤੋੜ ਜਵਾਬ ਦੇਣ ਲਈ ਅਰਬਾਂ ਰੁਪਏ ਦੇ ਅਤਿਆਧੁਨਿਕ ਹਥਿਆਰਾਂ ਨਾਲ ਲੈਸ ਹੋਵੇਗੀ ਫੌਜ](https://static.jagbani.com/multimedia/2024_9image_04_06_042217223indianarmy.jpg)
ਪਾਕਿਸਤਾਨ ਅਤੇ ਚੀਨ ਦੇ ਨਾਲ ਭਾਰਤ ਦੇ ਸੰਬੰਧ ਸ਼ੁਰੂ ਤੋਂ ਹੀ ਤਣਾਅਪੂਰਨ ਚੱਲੇ ਆ ਰਹੇ ਹਨ। ਜਿਥੇ ਜੰਮੂ-ਕਸ਼ਮੀਰ ’ਚ ਪਾਕਿਸਤਾਨ ਆਪਣੇ ਪਾਲੇ ਹੋਏ ਅੱਤਵਾਦੀਆਂ ਵਲੋਂ ਹਿੰਸਾ ਕਰਵਾਉਂਦਾ ਆ ਰਿਹਾ ਹੈ, ਉਥੇ ਹੀ ਉੱਤਰ-ਪੂਰਬ ਦੇ ਸੂਬਿਆਂ ਮਣੀਪੁਰ, ਨਾਗਾਲੈਂਡ ਅਤੇ ਤ੍ਰਿਪੁਰਾ ਆਦਿ ਵੀ ਲੰਬੇ ਸਮੇਂ ਤੋਂ ਅਸ਼ਾਂਤ ਚੱਲੇ ਆ ਰਹੇ ਹਨ।
ਇਸ ਤਰ੍ਹਾਂ ਦੇ ਹਾਲਾਤ ਦਰਮਿਆਨ ਭਾਰਤ ਸਰਕਾਰ ਦੀ ‘ਰਕਸ਼ਾ ਖਰੀਦ ਪਰਿਸ਼ਦ’ ਨੇ ਹਥਿਆਰਬੰਦ ਫੌਜਾਂ ਦੀ ਸਮਰੱਥਾ ਵਧਾਉਣ ਅਤੇ ਉਨ੍ਹਾਂ ਦੇ ਆਧੁਨਿਕੀਕਰਨ ਲਈ ਲਗਭਗ 1 ਲੱਖ 45 ਹਜ਼ਾਰ ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ ਦਿੱਤੀ ਹੈ।
ਇਨ੍ਹਾਂ ਸੌਦਿਆਂ ਦੀ ਕੁਲ ਲਾਗਤ ਦਾ 99 ਫੀਸਦੀ ਡਿਜ਼ਾਈਨ, ਵਿਕਾਸ ਅਤੇ ਨਿਰਮਾਣ ਸਵਦੇਸ਼ੀ ਹੋਵੇਗਾ। ਇਨ੍ਹਾਂ ’ਚ ਫੌਜ ਦੇ ਟੈਂਕ ਬੇੜੇ ਦੇ ਆਧੁਨਿਕੀਕਰਨ ਲਈ ‘ਫਿਊਚਰ ਰੈਡੀ ਕਾਂਬੈਟ ਵਹੀਕਲਸ’ ਦੀ ਖਰੀਦ ਵੀ ਸ਼ਾਮਲ ਹੈ। ਇਹ ਸਾਰੇ ਇਲਾਕਿਆਂ ’ਚ ਕੰਮ ਕਰਨ ’ਚ ਸਮਰੱਥ, ਬਹੁ-ਪੱਧਰੀ ਸੁਰੱਖਿਆ, ਸਟੀਕ ਅਤੇ ਖਤਰਨਾਕ ਲੋਕਾਂ ’ਤੇ ਕਾਬੂ ਪਾਉਣ ਵਾਲੇ ਉਪਕਰਨਾਂ ਨਾਲ ਲੈਸ ਬਿਹਤਰ ਗਤੀਸ਼ੀਲਤਾ ਨਾਲ ਯੁਕਤ ਮੁੱਖ ਜੰਗੀ ਟੈਂਕ ਹੋਵੇਗਾ।
‘ਰਕਸ਼ਾ ਖਰੀਦ ਪਰਿਸ਼ਦ’ ਨੇ ਹਵਾਈ ਟੀਚੇ ਦਾ ਪਤਾ ਲਗਾਉਣ ਅਤੇ ਟ੍ਰੈਕ ਕਰਨ ਦੇ ਨਾਲ-ਨਾਲ ਫਾਇਰਿੰਗ ਕਰਨ ’ਚ ਵੀ ਸਮਰੱਥ ਏਅਰ ਡਿਫੈਂਸ ਫਾਇਰ ਕੰਟ੍ਰੋਲ ਰਾਡਾਰ ਦੀ ਖਰੀਦ ਲਈ ਵੀ ਮਨਜ਼ੂਰੀ ਦੇਣ ਤੋਂ ਇਲਾਵਾ ਭਾਰਤੀ ਤੱਟ ਰੱਖਿਅਕ ਬਲ ਦੀ ਸਮਰੱਥਾ ਵਧਾਉਣ ਲਈ ਖਰੀਦ ਦੇ ਤਿੰਨ ਪ੍ਰਸਤਾਵ ਵੀ ਸਵੀਕਾਰ ਕੀਤੇ ਹਨ।
ਖਰਾਬ ਮੌਸਮ ਦੀ ਸਥਿਤੀ ’ਚ ਉੱਚ ਆਪ੍ਰੇਟਿੰਗ ਸਹੂਲਤਾਂ ਅਤੇ ਉੱਨਤ ਤਕਨੀਕ ਅਤੇ ਲੰਬੀ ਦੂਰੀ ਦੇ ਸੰਚਾਲਨ ਵਾਲੇ ਅਗਲੀ ਪੀੜ੍ਹੀ ਦੇ ਸਮੁੰਦਰੀ ਕਿਨਾਰੇ ਤੋਂ ਦੂਰ (ਆਫਸ਼ੋਰ) ਦੇ ਗਸ਼ਤੀ ਜਹਾਜ਼ਾਂ ਦੀ ਖਰੀਦ ਨਾਲ ਤੱਟ ਰੱਖਿਅਕ ਬਲ ਦੀ ਨਿਗਰਾਨੀ, ਖੋਜ ਅਤੇ ਬਚਾਅ ਅਤੇ ਆਫਤ ਰਾਹਤ ਮੁਹਿੰਮ ਚਲਾਉਣ ਦੀ ਸਮਰੱਥਾ ’ਚ ਵਾਧਾ ਹੋਵੇਗਾ।
ਦੇਸ਼ ਦੀ ਸੁਰੱਖਿਆ ਨੂੰ ਦਰਪੇਸ਼ ਖਤਰਿਆਂ ਨੂੰ ਦੇਖਦੇ ਹੋਏ ਸਰਕਾਰ ਵਲੋਂ ਹਥਿਆਰਬੰਦ ਫੌਜੀਆਂ ਦੀ ਸਮਰੱਥਾ ਵਧਾਉਣ ਅਤੇ ਉਨ੍ਹਾਂ ਦੇ ਆਧੁਨਿਕੀਕਰਨ ਲਈ ਜਿੰਨੀ ਜਲਦੀ ਹੋ ਸਕੇ ਇਨ੍ਹਾਂ ਹਥਿਆਰਾਂ ਨੂੰ ਭਾਰਤੀ ਫੌਜ ਦਾ ਹਿੱਸਾ ਬਣਾਇਆ ਜਾਵੇ, ਓਨਾ ਹੀ ਚੰਗਾ ਹੋਵੇਗਾ ਤਾਂਕਿ ਦੇਸ਼ ਦੀ ਸੁਰੱਖਿਆ ਯਕੀਨੀ ਹੋ ਸਕੇ।
–ਵਿਜੇ ਕੁਮਾਰ