ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਲਗਾਤਾਰ ਗਿਰਾਵਟ ਵੱਲ ਹੈ ਸਿੱਖ ਕੌਮ

07/27/2023 1:40:05 PM

ਪੰਜਾਬ ਗੁਰੂਆਂ ਦੀ ਧਰਤੀ ਹੈ ਤੇ ਉਨ੍ਹਾਂ ਦੇ ਨਾਂ ਨਾਲ ਜਿਊਂਦੀ ਹੈ, ਭਾਵ ਗੁਰੂਆਂ ਦੇ ਉਪਦੇਸ਼ ਤੇ ਆਦੇਸ਼ ਪੰਜਾਬੀ ਜੀਵਨ ਦੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ।

ਗੁਰੂ ਸਾਹਿਬਾਨ ਨੇ ‘ਜੇ ਜੀਵੈ ਪਤਿ ਲਥੀ ਜਾਏ। ਸਭੁ ਹਰਾਮ ਜੇਤਾ ਕਿਛੁ ਖਾਇ।।’, ‘ਜਉ ਤਉ ਪ੍ਰੇਮ ਖੇਲਣ ਕਾ ਚਾਉ। ਸਿਰੁ ਧਰਿ ਤਲੀ ਗਲੀ ਮੇਰੀ ਆਉ।।’, ‘ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ।।’, ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।’ ਤੇ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਦੇ ਹੁਕਮਾਂ ਨਾਲ ਸੰਤ ਸਿਪਾਹੀ ਦਾ ਸੁਮੇਲ ਮਨੁੱਖ, ਅਣਖੀਲੇ ਸ਼ੇਰ ਭਾਵ ਸਿੰਘ ਤੋਂ ਦੇਵਤੇ ਬਣਾ ਦਿੱਤੇ ਜੋ ਦੁਨੀਆ ਭਰ ਵਿਚ ਲੰਗਰ ਲਾਈ ਬੈਠੇ ਤੇ ਹਰ ਤਰ੍ਹਾਂ ਮਨੁੱਖਤਾ ਦੀ ਸੇਵਾ ਕਰਦੇ ਵੇਖੇ ਜਾਂਦੇ ਹਨ।

ਦੇਸ਼ ਕੌਮ ਦੀ ਅਣਖ ਤੇ ਆਜ਼ਾਦੀ ਲਈ ਇਹ ਸਵਾ ਲੱਖ ਨਾਲ ਇਕ ਵੀ ਲੜ ਜਾਂਦਾ ਹੈ, ਇਸ ਗੱਲ ਦਾ ਵੀ ਇਤਿਹਾਸ ਗਵਾਹੀ ਭਰਦਾ ਹੈ। ਰਾਜ ਸੰਕਲਪ ਵੀ ‘ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ’ ਨਾਲ ਸਪੱਸ਼ਟ ਹੈ।

ਇੰਨੇ ਚੰਗੇ ਗੁਣਾਂ ਦੀ ਧਾਰਨੀ ਪੰਜਾਬੀ ਕੌਮ ਸੰਨ 1839 ਈ. ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਲਗਾਤਾਰ ਗਿਰਾਵਟ ਵੱਲ ਹੈ ਤੇ ਅੱਜ ਸਥਿਤੀ ਇਹ ਹੈ ਕਿ ਆਰਥਿਕ ਤੌਰ ’ਤੇ ਦੀਵਾਲੀਏ, ਸਿਆਸੀ ਰੂਪ ਹਾਰੇ ਹੋਏ, ਸਮਾਜਿਕ ਤੌਰ ’ਤੇ ਜਾਤ-ਪਾਤ ਵਿਚ ਵੰਡੇ ਹੋਏ, ਮਨੁੱਖੀ ਵਿਕਾਸ ਲਈ ਕੇਵਲ ਵਿਦੇਸ਼ਾਂ ਵੱਲ ਤੱਕਦੇ ਤੇ ਪੂਰਨ ਰੂਪ ਵਿਚ ਨਸ਼ਿਆਂ ਵਿਚ ਗਲਤਾਨ ਨਜ਼ਰ ਆਉਂਦੇ ਹਨ। ਚੋਰੀਆਂ, ਡਕੈਤੀਆਂ, ਫਿਰੌਤੀਆਂ ਲਈ ਅਗਵਾ ਤੇ ਕਤਲਾਂ ਦੀ ਭਰਮਾਰ ਕਾਰਨ ਗੁਰੂਆਂ ਦੀ ਧਰਤੀ ਪੂਰੀ ਤਰ੍ਹਾਂ ਅਸੁਰੱਖਿਅਤ ਬਣੀ ਹੋਈ ਹੈ।

ਕੌਮਾਂ ਦੇ ਆਗੂ ਹੀਰੋ ਹੁੰਦੇ ਸਨ। ਅੱਜ ਇਹ ਨਾਇਕ ਫਿਲਮੀ ਜਾਂ ਅਪਰਾਧੀ ਬਣੇ ਹੋਏ ਹਨ, ਇਨ੍ਹਾਂ ਦੇ ਪਿੱਛੇ ਤੁਰਿਆ ਇਸੇ ਤਰ੍ਹਾਂ ਦਾ ਸਰਕਾਰੀ ਤੰਤਰ ਨਜ਼ਰ ਆਉਂਦਾ ਹੈ। ਰਾਜਾ ਪੋਰਸ ਤੋਂ ਬਾਅਦ ਗੁਰੂ ਸਾਹਿਬਾਨ ਦੇ ਹੁਕਮ ਨਾਲ ਖਾਲਸਾ ਰਾਜ ਕਾਇਮ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜਤ ਸਿੰਘ, ਬਾਬਾ ਦੀਪ ਸਿੰਘ, ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਬਘੇਲ ਸਿੰਘ ਤੇ ਫਿਰ ਮਹਾਰਾਜਾ ਰਣਜੀਤ ਸਿੰਘ, ਸਰਦਾਰ ਹਰੀ ਸਿੰਘ ਨਲਵਾ, ਅਕਾਲੀ ਫੂਲਾ ਸਿੰਘ, ਰਾਜਾ ਸ਼ੇਰ ਸਿਘ ਅਟਾਰੀਵਾਲਾ ਆਦਿ ਅਜਿਹੇ ਆਗੂਆਂ ਵਲੋਂ ਦਰਾ ਖੈਬਰ ਤੋਂ ਦਿੱਲੀ ਤੱਕ ਝੰਡੇ ਬੁਲੰਦ ਕਰਨ ਦੀ ਵਿਰਾਸਤ ਨੂੰ ਲੋਕ ਭੁੱਲ ਰਹੇ ਹਨ।

ਅਣਖ ਜਾਂ ਗੈਰਤ ਦੀ ਜਨਮ-ਘੁੱਟੀ ਨਾਲ ਪੈਦਾ ਹੋਈ ਇਸ ਕੌਮ ਵਿਚ ਵੰਡ ਪਾਉਣ ਲਈ ਵਿਰੋਧੀਆਂ ਨੇ ਇਨ੍ਹਾਂ ਨੂੰ ਸੱਚ ਦੁਆਲੇ ਝੂਠ ਦੇ ਧੂੰਏਂ ਦਾ ਭੰਬਲਭੂਸਾ ਖੜ੍ਹਾ ਕਰ ਕੇ ਕੌਮ ਨੂੰ ਦੋਫਾੜ ਕਰ ਕੇ ਇਕ-ਦੂਜੇ ਵਿਰੁੱਧ ਹੀ ਖੜ੍ਹੇ ਕਰ ਰੱਖਿਆ ਹੈ। ਮੁਗਲ, ਅਫਗਾਨੀ ਤੇ ਅੰਗਰੇਜ਼ਾਂ ਨੇ ਵੀ ਇਸੇ ਤਰ੍ਹਾਂ ਹੀ ਕੌਮ ਨੂੰ ਵੰਡਿਆ ਤੇ ਬੰਦਈ ਖਾਲਸਾ-ਤੱਤ ਖਾਲਸਾ, ਘੱਲੂਘਾਰਿਆਂ ਸਮੇਂ ਇਕ ਮਿਸਲ ਦਾ ਅਬਦਾਲੀ ਹਮਾਇਤੀ ਹੋਣਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਲੀ ਫਤਿਹ ਤੋਂ ਰੋਕਣ ਲਈ ਅੰਗਰੇਜ਼ ਨੂੰ ਕਲਕੱਤੇ ਤੋਂ ਸੱਦਣਾ। ਕਿਵੇਂ ਅੰਗਰੇਜ਼ ਪ੍ਰਸਤ ਆਜ਼ਾਦ ਭਾਰਤ ਵਿਚ ਵੀ ਪਹਿਲੇ ਵਜ਼ੀਰ ਬਣ ਗਏ।

ਗੈਰਤ ਤੇ ਅਣਖ ਜਗਾਉਣ ਲਈ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨਾ ਤੇ ਕੌਮ ਅੱਗੇ ਪੰਥ ’ਤੇ ਝੂਠੇ ਹਮਲੇ ਦਾ ਖੌਫ ਖੜ੍ਹਾ ਕਰ ਕੇ ਲੜਨ-ਮਰਨ ਨੂੰ ਤਿਆਰ ਕਰਨ ਦਾ ਇਤਿਹਾਸ ਸਭ ਦੇ ਸਾਹਮਣੇ ਹੈ।

ਅਸਲੀ ਸਿੱਖ ਨਾਇਕਾਂ ਦੇ ਚਰਿੱਤਰ ਤੇ ਜੀਵਨ ’ਤੇ ਦੋਸ਼ ਲਾ ਕੇ ਕੌਮ ਨੂੰ ਦਿਸ਼ਾਹੀਣ ਕਰ ਦਿੱਤਾ ਗਿਆ ਤੇ ਇਸ ਖਲਾਅ ਵਿਚ ਨਿੱਜੀ ਮੁਫ਼ਾਦ ਲਈ ਕੌਮ ਨੂੰ ਕੁਰਾਹੇ ਪਾ ਕੇ ਆਪਣਾ ਲਾਭ ਲੈਣ ਵਾਲੇ ਆਗੂ ਬਣਦੇ ਰਹੇ ਹਨ।

ਇਨ੍ਹਾਂ ਕਾਰਨਾਂ ਕਰ ਕੇ ਕੌਮ ਦਿਸ਼ਾਹੀਣ ਹੋਈ ਤੇ ਨਿਸ਼ਾਨੇ ਤੋਂ ਕੋਹਾਂ ਦੂਰ ਚਲੀ ਗਈ। ਸੰਨ 1947 ਈ. ਤੱਕ ਅੰਗਰੇਜ਼ ਰਾਜ ਦੇ ਚਹੇਤੇ ਬਣੇ ਅਸੂਲ ਰਹਿਤ ਰਾਜਕੁਮਾਰ, ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ ਪਰਿਵਾਰ ਵੀ, ਸਿਰ ਗੁੰਮ ਬਣ ਸਲਾਮੀਆਂ ਲੈਂਦੇ ਰਹੇ ਹਨ, ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦੇ ਵਾਰਿਸ ਮਹਾਰਾਜਾ ਦਲੀਪ ਸਿੰਘ ਨੂੰ ਮੁੜ ਸਿੱਖ ਧਰਮ ਵੱਲ ਮੁੜਨ ਲਈ ਆਖਣ ਵਾਲੀ ਮਾਂ ਮਹਾਰਾਣੀ ਜਿੰਦ ਕੌਰ ਤੋਂ ਬਾਅਦ ਉਸਦੇ ਪੋਤਰੇ-ਪੋਤਰੀਆਂ ਨੂੰ ਸਿੱਖ ਧਰਮ ਵੱਲ ਲੈ ਕੇ ਆਉਣ ਵਾਲਾ ਕੋਈ ਨਹੀਂ ਸੀ।

ਇਸ ਦੌਰ ਵਿਚ ਗੈਰਤਮੰਦ ਤੇ ਬਹਾਦਰ ਸਿੱਖਾਂ ਨੂੰ ਦੁਨੀਆ ਭਰ ਵਿਚ ਕੇਵਲ ਲੜਨ-ਮਰਨ ਲਈ ਅੰਗਰੇਜ਼ਾਂ ਨੇ ਵਰਤਿਆ ਜਾਂ ਫਿਰ ਮਜ਼ਦੂਰੀ ਕਰਾਉਣ ਲਈ ਕੀਨੀਆ, ਫਿਜੀ, ਹਾਂਗਕਾਂਗ ਆਦਿ ਦੇਸ਼ਾਂ ਵੱਲ ਤੋਰ ਦਿੱਤਾ, ਨਾ ਧਰਮ ਦਾ ਅਸੂਲ ਰਹਿਣ ਦਿੱਤਾ ਤੇ ਨਾ ਸਿੱਖੀ ਦਾ ਪ੍ਰਚਾਰ ਕਰਨ ਦਿੱਤਾ।

ਗੁਰੂਘਰਾਂ ’ਤੇ ਵੀ ਪ੍ਰਬੰਧਕਾਂ ਰਾਹੀਂ ਕਬਜ਼ਾ ਕਰ ਲਿਆ। ਕਦੇ ਕਿਸੇ ਸੋਚਿਆ ਹੈ ਕਿ ਅੰਗਰੇਜ਼ ਰਾਜ ਸਮੇਂ ਪੰਜਾਬ ਵਿਚ ਹੀ ਕਿਉਂ ਮੁੜ ਆਪਣੇ ਬਜ਼ੁਰਗਾਂ ਦੇ ਧਰਮ ਵੱਲ ਮੁੜਨ ਦੀ ਮੁਹਿੰਮ ਚਲਾਈ ਗਈ ਸੀ?

ਸਵਾਮੀ ਵਿਵੇਕਾਨੰਦ ਤੇ ਪੰਡਿਤ ਮਦਨ ਮੋਹਨ ਮਾਲਵੀਆ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਅਸੂਲਾਂ ’ਤੇ ਚੱਲਣ ਲਈ ਹਰ ਹਿੰਦੂ ਪਰਿਵਾਰ ਨੂੰ ਇਕ ਪੁੱਤਰ ਸਿੱਖ ਬਣਾਉਣ ਲਈ ਆਖ ਰਹੇ ਸਨ। ਕੁਝ ਪੰਜਾਬੀ ਨੌਜਵਾਨ ਤਾਂ ਫਰਾਂਸ ਤੇ ਰੂਸ ਦੀ ਕ੍ਰਾਂਤੀ ਤੋਂ ਪ੍ਰਭਾਵਿਤ ਸਿੱਖ ਸਰੂਪ ਵਿਚ ਹੋ ਕੇ ਵੀ ਸਿੱਖ ਧਰਮ ਦੇ ਅਸੂਲਾਂ ਤੋਂ ਬਾਗੀ ਹੋ ਗਏ ਸਨ ਤੇ ਅਜਿਹੇ ਅੱਜ ਵੀ ਬਹੁਤ ਤੁਰੇ ਫਿਰਦੇ ਹਨ।

1885 ਈ. ਵਿਚ ਓ. ਹਿਊਮ ਨੇ ਕਾਂਗਰਸ ਪਾਰਟੀ ਅੰਗਰੇਜ਼ ਰਾਜ ਨੂੰ ਇਖਲਾਕੀ ਮਾਨਤਾ ਦੇਣ ਲਈ ਬਣਾਈ ਸੀ ਤਾਂ ਜੋ ਲੋਕ ਆਪਣੀਆਂ ਸਮੱਸਿਆਵਾਂ ਅੰਗਰੇਜ਼ ਅਫਸਰਾਂ ਕੋਲ ਲੈ ਕੇ ਜਾਣ ਤੇ ਇਹ ਚਰਚਾ ਹੋਵੇ ਕਿ ਅੰਗਰੇਜ਼ ਚੰਗੇ ਇਨਸਾਨ ਤੇ ਨਿਆਕਾਰੀ ਪ੍ਰਬੰਧਕ ਹਨ ਤੇ ਲੰਬੇ ਸਮੇਂ ਤੱਕ ਕਾਂਗਰਸ ਪਾਰਟੀ ਇਸ ਦਿਸ਼ਾ ਵੱਲ ਕੰਮ ਕਰਦੀ ਰਹੀ।

1920 ਤੋਂ 1925 ਈ. ਤੱਕ ਗੁਰਦੁਆਰਾ ਪ੍ਰਬੰਧ ਵਿਚ ਸੁਧਾਰ ਲਈ ਲੜਦੇ ਨਵੇਂ ਬਣੇ ਸਿੱਖ ਯੋਧੇ ਕਾਂਗਰਸ ਦੀ ਝੋਲੀ ਪੈ ਗਏ ਤੇ ਕਦੇ ਕਾਂਗਰਸ ਨਾਲ ਤੇ ਕਦੇ ਦੂਰ ਹੁੰਦੇ 1958-59 ਈ. ਤੱਕ ਆ ਗਏ। ਅੰਗਰੇਜ਼ ਪੱਖੀ ਅਮੀਰ ਤਾਂ ਆਜ਼ਾਦੀ ਤੋਂ ਤੁਰੰਤ ਬਾਅਦ ਬਾਗੀ ਕਾਂਗਰਸੀ ਬਣ ਗਏ ਸਨ। ਜਦੋਂ 1959 ਈ. ਵਿਚ ਕਾਂਗਰਸ ਨੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰਨ ਤੇ ਮਾਸਟਰ ਤਾਰਾ ਸਿੰਘ ਵਰਗੇ ਸਿਰੜੀ ਸਿੱਖ ਨੂੰ ਰਾਜਨੀਤੀ ਵਿਚੋਂ ਖਤਮ ਕਰਨ ਦੀ ਵਿਊਂਤਬੰਦੀ ਕੀਤੀ ਤਾਂ ਗੁਰਦੁਆਰਾ ਸਾਹਿਬਾਨ ’ਤੇ ਡੇਰੇਦਾਰ ਬਾਬਿਆਂ ਦਾ ਕਬਜ਼ਾ ਕਰਾਉਣਾ ਆਰੰਭ ਹੋਇਆ, ਜਿਸ ਨਾਲ ਅੱਜ ਗੁਰਦੁਆਰਾ ਦੁਬਾਰਾ 1920 ਦੀ ਮਹੰਤਾਂ ਤੇ ਸਰਵਰਾਹਾਂ ਵਾਲੀ ਸਥਿਤੀ ਵਿਚ ਪਹੁੰਚ ਚੁੱਕਾ ਹੈ।

ਸਿਆਸੀ ਤੌਰ ’ਤੇ 1967 ਈ. ਵਿਚ ਅਕਾਲੀ ਦਲ ਪੰਜਾਬ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਵਿਰੋਧੀਆਂ ਦੇ ਨਾਲ ਜੁੜਿਆ ਤੇ ਸਰਕਾਰ ਬਣਾਈ ਪਰ ਸਿੱਖ ਧਾਰਮਿਕ ਮਸਲੇ ਅਣਦੇਖੇ ਕਰਨ, ਗੁਰਦੁਆਰਾ ਪ੍ਰਬੰਧ ਵਿਚ ਭ੍ਰਿਸ਼ਟਾਚਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਸਿੱਖ ਨੌਜਵਾਨਾਂ ਨੂੰ ਮਰਵਾਉਣ ਤੇ ਕਤਲ ਕਰਨ ਵਾਲੇ ਅਫਸਰਾਂ ਦੇ ਨਾਲ ਖੜ੍ਹੇ ਹੋਣ ਕਾਰਨ ਹਾਸ਼ੀਏ ’ਤੇ ਜਾ ਚੁੱਕਾ ਹੈ।

ਰਾਜਨੀਤੀ ਵਿਚ ਲੋਕਾਂ ਨੂੰ ਆਪਣੇ ਵੱਲ ਕਰਨ ਲਈ ਸਿਆਸੀ ਲਾਮਬੰਦੀ ਤੇ ਸਰਕਾਰ ਦਾ ਵਿਰੋਧ ਕਰਨਾ ਤੇ ਮੋਰਚੇ ਲਾਉਣੇ ਜਾਂ ਅੰਦੋਲਨ ਕਰਨੇ ਮਜਬੂਰੀ ਹੁੰਦੀ ਹੈ, ਜਿਸ ਕਾਰਨ ਹੀ ਪੰਜਾਬ ਵਿਚ ਹਮੇਸ਼ਾ ਸ਼ਾਂਤੀਪੂਰਵਕ ਮੋਰਚੇ ਲੱਗਦੇ ਰਹੇ ਹਨ ਪਰ ਕਾਂਗਰਸ ਸਰਕਾਰ ਨੇ ਇਸਨੂੰ ਦਿਸ਼ਾ ਬਦਲ ਕੇ ਹਿੰਸਾ ਵੱਲ ਤੋਰਨ ਦਾ ਕੰਮ ਕੀਤਾ, ਜਿਸਦੀ ਗਵਾਹੀ ਸਰਦਾਰ ਜੀ. ਬੀ. ਐੱਸ. ਸਿੱਧੂ, ਸ਼੍ਰੀ ਐੱਮ. ਕੇ. ਧਰ ਆਦਿ ਦੀਆਂ ਲਿਖਤਾਂ ਵੀ ਭਰਦੀਆਂ ਹਨ। ਬਲਦੀ ’ਤੇ ਤੇਲ ਪਾਕਿਸਤਾਨ ਨੇ ਆਪਣੀ ਖੁਫੀਆ ਏਜੰਸੀ ਰਾਹੀਂ ਪਾ ਦਿੱਤਾ। ਇਸ ਮੱਕੜਜਾਲ ਵਿਚ ਫਸੇ ਸਿੱਖਾਂ ਨੂੰ ਨਿਕਲਣ ਦਾ ਰਸਤਾ ਚਾਹੀਦਾ ਹੈ।

1970-71 ਈ. ਵਿਚ ਬਣੀ ਅਕਾਲੀ ਸਰਕਾਰ ਨੇ ਚੁੱਲ੍ਹੀ ਟੈਕਸ, ਜ਼ਮੀਨ ਦਾ ਮਾਮਲਾ ਮੁਆਫ ਕਰਨ ਆਦਿ ਦੇ ਹੁਕਮਾਂ ਨਾਲ ਮੁਫ਼ਤ ਦੀਆਂ ਰਿਉੜੀਆਂ ਵੰਡਣ ਦੀ ਪਿਰਤ ਪਾਈ ਤੇ ਗੈਰਤ-ਅਣਖ ਨਾਲ ‘ਘਾਲਿ ਖਾਇ ਕਿਛੁ ਹਥਹੁ ਦੇਇ’ ਵਾਲੇ ਹੱਥ ਵਿਚ ਠੂਠਾ ਫੜ ਲਾਈਨਾਂ ਵਿਚ ਖੜ੍ਹੇ ਆਉਣ ਲੱਗ ਪਏ। ਪਹਿਲਾਂ ਪੰਜਾਬ ਦਾ ਨਾ ਕੋਈ ਗਰੀਬ ਭੁੱਖਾ ਮਰਦਾ ਸੀ, ਨਾ ਕਿਸੇ ਦੀ ਧੀ ਵਿਆਹੁਣ ਤੋਂ ਰਹਿੰਦੀ, ਨਾ ਹੀ ਕੋਈ ਬੱਚਾ ਪੜ੍ਹਾਈ ਤੋਂ ਵਾਂਝਾ ਰਹਿੰਦਾ ਸੀ। ਇਹ ਰਿਉੜੀਆਂ ਵੰਡਣ ਦੇ ਕੰਮ ਨੇ ਪੰਜਾਬ ਨੂੰ ਆਰਥਿਕ ਤੌਰ ’ਤੇ ਕੰਗਾਲ ਬਣਾ ਕੇ ਲੋਕਾਂ ਨੂੰ ਖੁਦਕੁਸ਼ੀਆਂ ਦੇ ਰਾਹ ਪਾ ਦਿੱਤਾ। ਨੌਜਵਾਨ ਕੰਮ ਕਰਨਾ ਭੁੱਲ ਚੁੱਕਾ ਹੈ, ਇਸੇ ਲਈ ਨਸ਼ੇ ਤੇ ਅਪਰਾਧ ਵਧ ਰਹੇ ਹਨ।

ਹੱਥ ਨਾਲ ਮਿਹਨਤ ਕਰਨੀ ਛੱਡ ਚੁੱਕੇ, ਨਸ਼ਿਆਂ, ਬੇਰੋਜ਼ਗਾਰੀ, ਬੇਇਨਸਾਫੀ ਤੇ ਵਧ ਰਹੇ ਜ਼ੁਲਮਾਂ ਵਿਚ ਫਸੇ ਪੰਜਾਬੀ ਨੌਜਵਾਨਾਂ ਨੂੰ ਹਾਲਾਤ ਨੇ ਆਪਣਾ ਘਰ ਛੱਡਣ ਲਈ ਮਜਬੂਰ ਕਰ ਦਿੱਤਾ। ਜਾਇਜ਼ ਤੇ ਨਾਜਾਇਜ਼ ਤਰੀਕੇ ਨਾਲ ਬਾਹਰ ਭੱਜਦਾ ਉਹ ਵੀਜ਼ਾ ਲਈ ਦੁਕਾਨਾਂ ਖੋਲ੍ਹੀ ਬੈਠੇ ਜਾਂ ਪੈਸੇ ਲੈ ਕੇ ਸਿਆਸੀ ਸ਼ਰਨ ਵਿਚ ਮਦਦ ਕਰਨ ਵਾਲੇ ਦੁਕਾਨਦਾਰਾਂ ਦੇ ਹੱਥ ਚੜ੍ਹਿਆ ਭਾਰਤ ਵਿਰੋਧੀ ਵਿਦੇਸ਼ੀ ਏਜੰਸੀਆਂ ਦੀ ਝੋਲੀ ਜਾ ਡਿੱਗਦਾ ਹੈ, ਜਿਸ ਕਾਰਨ ਰਾਜਸੀ ਸ਼ਰਨ ਪ੍ਰਾਪਤੀ ਲਈ ਲੱਗਿਆ ਖਾਲਿਸਤਾਨੀ ਨਾਅਰੇ ਮਾਰਦਾ ਨਜ਼ਰ ਆਉਂਦਾ ਹੈ। ਇਹੀ ਰੁਝਾਨ ਪੰਜਾਬ ਤੇ ਸਿੱਖ ਕੌਮ ਲਈ ਅਤਿ ਖ਼ਤਰਨਾਕ ਹੈ।

ਵੱਡੀ ਗਿਣਤੀ ਵਿਚ ਸਿੱਖ ਪੰਜਾਬ ਸਮੇਤ ਦੇਸ਼ ਦੇ ਹਰ ਸੂਬੇ ਵਿਚ ਵੱਸਦੇ ਹਨ। ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਸਿੱਖਾਂ ਦੀ ਗਿਣਤੀ ਬਹੁਤ ਘੱਟ ਹੈ। ਇਨ੍ਹਾਂ ਵਿਦੇਸ਼ ਵੱਸਦੇ ਪੰਜਾਬੀਆਂ ਵਿਚੋਂ ਵੀ ਭਾਰਤ ਵਿਰੋਧੀ ਵਿਦੇਸ਼ੀ ਏਜੰਟਾਂ ਦੀ ਗਿਣਤੀ ਤਾਂ ਮੁੱਠੀ ਭਰਨ ਦੇ ਬਰਾਬਰ ਵੀ ਨਹੀਂ ਪਰ ਸਮੱਸਿਆ ਬਣ ਜਾਂਦੀ ਹੈ ਜਦੋਂ ਭਲੇ ਲੋਕ ਡਰਦੇ ਚੁੱਪ ਹੋ ਜਾਂਦੇ ਹਨ ਤੇ ਇਨ੍ਹਾਂ ਵਿਰੁੱਧ ਲਾਮਬੰਦ ਨਹੀਂ ਹੁੰਦੇ ਜਾਂ ਕੁਝ ਡਰਦੇ ਭਾਰਤੀ ਮੂਲ ਦੇ ਲੋਕ ਇਨ੍ਹਾਂ ਏਜੰਟਾਂ ਨਾਲ ਖੜ੍ਹੇ ਹੋ ਜਾਂਦੇ ਹਨ।

ਕੀ ਕੋਈ ਅਜਿਹਾ ਦੇਸ਼ ਦੱਸ ਸਕਦਾ ਹੈ, ਜਿੱਥੇ ਨਸਲ ਤੇ ਧਰਮ ਕਾਰਨ ਭੇਦਭਾਵ ਨਾ ਹੋਵੇ ਪਰ ਕੇਵਲ ਭਾਰਤ ਵਿਚ ਹੋਈ ਇਕ ਕਾਲੀ ਘਟਨਾ ਨੂੰ ਹੀ ਦੁਨੀਆ ਭਰ ਵਿਚ ਕਿਉਂ ਭੰਡਿਆ ਜਾਂਦਾ ਹੈ? ਵਿਦੇਸ਼ ਵਿਚ ਬੈਠਾ ਪ੍ਰਵਾਸੀ ਕਿਉਂ ਸੱਚ ਜਾਣਨ ਜਾਂ ਪੀੜਤ ਨਾਲ ਖੜ੍ਹੇ ਹੋਣ ਦੀ ਥਾਂ, ਭਾਰਤ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਗੀਤ ਗਾਉਣ ਲੱਗ ਜਾਂਦਾ ਹੈ?

ਇਹ ਵੀ ਕੁਝ ਹੱਦ ਤਕ ਸੱਚ ਹੋ ਸਕਦਾ ਹੈ ਕਿ ਵਿਦੇਸ਼ਾਂ ਵਿਚ ਵੱਸਦੇ ਚੰਗੇ ਲੋਕਾਂ ਦੀ ਸਹਾਇਤਾ ਲਈ ਸਫ਼ਾਰਤਖ਼ਾਨਿਆਂ ਅੰਦਿਰ ਮਜ਼ਬੂਤ ਭਾਰਤੀ ਸਰਕਾਰੀ ਤੰਤਰ ਦੀ ਲੋੜ ਹੈ।

ਇਸ ਕੌਮ ਦੀ ਅਣਖ-ਗੈਰਤ ਨੂੰ ਲਲਕਾਰ ਦਾ ਝੂਠਾ ਬਹਾਨਾ ਘੜ ਕੇ ਕੌਮ ਨੂੰ ਬੇਲੋੜੀ ਲੜਾਈ ਵੱਲ ਪ੍ਰੇਰਿਤ ਕਰ ਕੇ, ਜਾਨ-ਮਾਲ ਦਾ ਨੁਕਸਾਨ ਕਰਵਾ ਕੇ ਰਾਜਸੀ ਲਾਹਾ ਲੈਣ ਵਾਲਿਆਂ ਬਾਰੇ ਕੌਮ ਨੂੰ ਸੁਚੇਤ ਕੌਣ ਕਰੇ?

ਖ਼ਾਸ ਕਰ ਜਦੋਂ ਪੰਜਾਬ ਦੇ ਪਿਛਲੇ 50-52 ਸਾਲ ਵਿਚ ਬਣੇ ਬਹੁਤੇ ਮੁੱਖ ਮੰਤਰੀਆਂ ਜਾਂ ਮੰਤਰੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਹੋਣ। ਇਸੇ ਕਾਰਨ ਰਾਜਸੀ ਤਾਕਤ ਮਿਲਣ ’ਤੇ ਇਹ ਆਪਣੀ ਜਾਨ ਬਚਾਉਣ ਲਈ ਵਿਰੋਧੀਆਂ ’ਤੇ ਦੋਸ਼ ਲਾ ਕੇ ਬਦਨਾਮ ਕੇ ਰਾਜਸੀ ਪਿੜ ਖਾਲੀ ਕਰਾਉਣ ਲਈ ਪੁਲਸ ਤੇ ਸਰਕਾਰੀ ਤੰਤਰ ਦਾ ਇਨਸਾਫ ਕਰਨ ਲਈ ਗਾਈਡ ਬਣਨ ਦੀ ਥਾਂ ਅਧਿਕਾਰੀਆਂ ਦੇ ਤੋਤੇ ਬਣ ਜਾਂਦੇ ਰਹੇ ਹਨ ਜਾਂ ਆਪੇ ਮੁੱਦਈ, ਤਫਤੀਸ਼ੀ, ਗਵਾਹ ਤੇ ਜੱਜ ਬਣ ਪੇਸ਼ ਹੁੰਦੇ ਹਨ। ਅੱਜ ਪੰਜਾਬ ਨੂੰ ਈਮਾਨਦਾਰ, ਇਨਸਾਫਪਸੰਦ, ਗੁਰਮੁੱਖ, ਸੁਰੱਖਿਆ ਤੇ ਵਿਕਾਸ ਦਾ ਹੀਰੋ ਬਣ ਕੇ ਲੋਕਾਂ ਦੀ ਸੇਵਾ ਕਰਨ ਵਾਲੇ ਕਰਨੀ ਤੇ ਕਥਨੀ ਵਾਲੇ ਗੁਰਮੁੱਖ ਆਗੂਆਂ ਦੀ ਲੋੜ ਮਹਿਸੂਸ ਹੁੰਦੀ ਹੈ।

ਪੰਜਾਬ ਨੂੰ ਇਸ ਭੰਬਲਭੂਸੇ ਵਿਚੋਂ ਕੌਣ ਕੱਢੇ? ਇਸ ਲਈ ਉੱਦਮ ਕਰਨ ਦੀ ਜ਼ਰੂਰਤ ਹੈ।

ਦੂਜੇ ਪਾਸੇ ਮੁੱਠੀ ਭਰ ਲੋਕ ਜੋ ਭਾਰਤ ਦੇ ਨਾ ਸ਼ਹਿਰੀ ਹਨ ਨਾ ਵੋਟਰ, ਉਹ ਕਦੇ ਵਿਦੇਸ਼ੀ ਸ਼ਹਿ ’ਤੇ ਜਨਮਤ ਕਰਾਉਣ ਦੀ ਗੱਲ ਕਰਦੇ ਹਨ, ਕਦੇ ਭਾਰਤੀ ਸਫ਼ਾਰਤਖਾਨਿਆਂ ’ਤੇ ਹਮਲਾ ਕਰਨ ਦੀ।

ਜੇਕਰ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਆਸਟ੍ਰੇਲੀਆ ਆਦਿ ਦੇਸ਼ਾਂ ਦੀ ਧਰਤੀ ’ਤੇ ਖਾਲਿਸਤਾਨ ਬਣਾਉਣਾ ਹੈ ਤਾਂ ਉੱਥੋਂ ਦੇ ਲੋਕਾਂ ਦੀ ਸੇਵਾ ਕਰੋ, ਜੇਕਰ ਖਾਲਸਾ ਦੀ ਰਾਜਧਾਨੀ ਲਾਹੌਰ ਫ਼ਤਿਹ ਕਰਨੀ ਹੈ ਤਾਂ ਉੱਥੋਂ ਦੇ ਲੋਕਾਂ ਨਾਲ ਗੱਲ ਕਰੋ। ਜੋ 1947 ਵਿਚ ਦੇਸ਼ ਦੀ ਵੰਡ ਸਮੇਂ ਜ਼ਮੀਨ ਨਾਲ ਜੁੜੇ ਰਹਿਣ ਲਈ ਆਪਣਾ ਧਰਮ ਛੱਡ ਗਏ ਹਨ, ਸ਼ਾਇਦ ਉਹ ਮੁੜ ਸਿੰਘ ਬਣ ਜਾਣ

ਪਰ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਕਿ ਪੰਜਾਬ ’ਚ ਵੱਸਦੇ ਲੋਕਾਂ ਦੇ ਨਾਂ ’ਤੇ ਵਿਦੇਸ਼ੀ ਏਜੰਟ ਬਣ ਕੇ ਭਾਰਤ ਦਾ ਨੁਕਸਾਨ ਕਰੋ। ਜੇਕਰ ਹਿੰਮਤ ਹੈ ਤਾਂ ਵਿਦੇਸ਼ੀ ਨਾਗਰਿਕਤਾ ਛੱਡ ਕੇ ਭਾਰਤ ਆ ਕੇ ਪੰਜਾਬੀਆਂ ਦੀ ਸੇਵਾ ਕਰੋ। ਲੋਕ ਜੇਕਰ ਤੁਹਾਡੀ ਸੇਵਾ ਪ੍ਰਵਾਨ ਕਰਨਗੇ ਤਾਂ ਤੁਹਾਨੂੰ ਚੁਣ ਕੇ ਵਿਧਾਨ ਸਭਾ ਤੇ ਲੋਕ ਸਭਾ ਵਿਚ ਭੇਜ ਦੇਣਗੇ, ਜਿੱਥੇ ਖੜ੍ਹੇ ਹੋ ਕੇ ਪੰਜਾਬ ਦੇ ਵਿਕਾਸ ਦੀ ਗੱਲ ਕਰੋ।

ਗੁਰੂ ਸਾਹਿਬਾਨ ਨੇ ‘ਭੈ ਕਾਹੂ ਕਉ ਦੇਤਿ ਨਹਿ ਨਹਿ ਭੈ ਮਾਨਤ ਆਨ’ ਦਾ ਹੁਕਮ ਦਿੱਤਾ ਹੈ ਪਰ ਕੌਮ ਨੂੰ ਅਣਖ ਦੇ ਨਾਂ ’ਤੇ ਗੁੰਮਰਾਹ ਕਰਨ ਵਾਲਿਆਂ ਨੇ ਤਾਂ ਸੰਤ ਸਿਪਾਹੀ ਦਾ ਤਖ਼ੱਲਸ ਹੀ ਉਗਰਵਾਦੀ ਬਣਾ ਕੇ ਦੇਸ਼-ਵਿਦੇਸ਼ ਵਿਚ ਬਦਨਾਮ ਕਰ ਦਿੱਤਾ ਹੈ।

ਪੰਜਾਬ ਡਰ ਰਹਿਤ ਤੇ ਵਿਚਾਰ ਪ੍ਰਧਾਨ, ਦੂਰਅੰਦੇਸ਼ ਤੇ ਜਾਗ੍ਰਿਤ ਸਮਾਜ ਦੀ ਮਿਸਾਲ ਕਿਵੇਂ ਬਣੇ?

ਇਸ ਲਈ ਪੰਜਾਬੀਆਂ ਨੂੰ ਵਿਰੋਧੀਆਂ ਵਲੋਂ ਪੈਦਾ ਕੀਤੇ ਜਾ ਰਹੇ ਅਣਖ-ਗੈਰਤ ’ਤੇ ਹੋ ਰਹੇ ਝੂਠੇ ਡਰ ਦੇ ਭਰਮ ਦੀਆਂ ਉਲਝਣਾਂ ਵਿਚੋਂ ਨਿਕਲ ਸੱਚ ਤੇ ਕੇਵਲ ਸੱਚ ਦਾ ਸਾਥ ਦੇਣਾ ਚਾਹੀਦਾ ਹੈ। ਵਿਕਾਸ ਦਾ ਮਾਰਗ ਫੜਨਾ ਚਾਹੀਦਾ ਹੈ। ਇਸ ਧਰਤੀ ’ਤੇ ਧਰਮ ਜਾਂ ਸਿੱਖ ਕੌਮ ਨੂੰ ਕੋਈ ਖ਼ਤਰਾ ਨਹੀ ਹੈ।

ਇਕਬਾਲ ਸਿੰਘ ਲਾਲਪੁਰਾ 


Rakesh

Content Editor

Related News