ਦਿੱਲੀ ਜਿਮਖਾਨਾ ਕਲੱਬ ਦਾ ਇਕ ਅਜੀਬ ਕਦਮ

Tuesday, Aug 06, 2024 - 05:14 PM (IST)

ਦਿੱਲੀ ਜਿਮਖਾਨਾ ਕਲੱਬ ਨੇ ਆਪਣੇ ਮੈਂਬਰਾਂ ਲਈ ਇਕ ਅਜੀਬੋ-ਗਰੀਬ ਅਤੇ ਅਪਮਾਨਜਨਕ ਕਦਮ ਚੁੱਕਦਿਆਂ ਫੈਸਲਾ ਕੀਤਾ ਹੈ ਕਿ ਮੈਂਬਰਾਂ ਨੂੰ ਭੋਜਨ ਆਦਿ ਲਈ ਪਹਿਲਾਂ ਤੋਂ ਹੀ ਪੈਸੇ ਜਮ੍ਹਾ ਕਰਵਾਉਣੇ ਪੈਣਗੇ। ਕਲੱਬ ’ਚ ਭੋਜਨ ਕਰਨ ਜਾਂ ਬਾਰ ਦੀਆਂ ਸੇਵਾਵਾਂ ਲਈ ਉਨ੍ਹਾਂ ਕੋਲ ‘ਪਾਜ਼ੇਟਿਵ ਕ੍ਰੈਡਿਟ ਬੈਲੇਂਸ’ ਹੋਣਾ ਜ਼ਰੂਰੀ ਹੈ।

ਜੇ ਤੁਸੀਂ ਕਿਸੇ ਕਲੱਬ ਦੇ ਮੈਂਬਰ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਇਹ ਖਾਸ ਹੈ। ਰਾਜ ਵੱਲੋਂ ਸ਼ੁਰੂ ਕੀਤੇ ਗਏ ਇਹ ਅਜਿਹੇ ਸੰਗਠਨ ਹਨ ਜਿੱਥੇ ਬਰਾਬਰ ਦਰਜੇ ਦੇ ਲੋਕ ਮਿਲ ਸਕਦੇ ਹਨ ਅਤੇ ਆਰਾਮ ਕਰ ਸਕਦੇ ਹਨ, ਬਿਨਾਂ ਇਸ ਡਰ ਦੇ ਕਿ ਉਹ ਜੋ ਕਹਿੰਦੇ ਜਾਂ ਕਰਦੇ ਹਨ, ਉਸ ਨੂੰ ਜਨਤਕ ਕਰ ਦਿੱਤਾ ਜਾਵੇਗਾ। ਪਰਿਭਾਸ਼ਾ ਅਨੁਸਾਰ, ਕਲੱਬ ਨਿੱਜੀ ਅਤੇ ਅੰਤ੍ਰਿੰਗ ਹੁੰਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਮੈਂਬਰ ਉਨ੍ਹਾਂ ਨੂੰ ਪਿਆਰ ਕਰਨ ਲੱਗਦੇ ਹਨ ਅਤੇ ਅਕਸਰ ਉਨ੍ਹਾਂ ਪ੍ਰਤੀ ਬੇਹੱਦ ਵਫਾਦਾਰ ਹੁੰਦੇ ਹਨ।

ਇਸ ਦਾ ਮਤਲਬ ਹੈ ਕਿ ਕਲੱਬ ਦੇ ਮੈਂਬਰਾਂ ਨੂੰ ‘ਸੱਜਣ’ ਮੰਨਿਆ ਜਾਂਦਾ ਹੈ। ਇਹ ਔਰਤਾਂ ਲਈ ਵੀ ਸੱਚ ਹੈ! ਇਕ ਅਣਲਿਖਿਆ ਪਰ ਮੰਨਿਆ-ਪ੍ਰਮੰਨਿਆ ਜ਼ਾਬਤਾ ਪ੍ਰਚਲਿਤ ਹੈ। ਇਸ ਦੇ ਮੂਲ ’ਚ ਇਹ ਧਾਰਨਾ ਹੈ ਕਿ ਮੈਂਬਰ ਹਮੇਸ਼ਾ ਸਨਮਾਨਜਨਕ ਵਤੀਰਾ ਕਰਨਗੇ। ਉਨ੍ਹਾਂ ’ਤੇ ਸੱਭਿਅਕ ਵਿਹਾਰ ਕਰਨ ਲਈ ਭਰੋਸਾ ਕੀਤਾ ਜਾ ਸਕਦਾ ਹੈ।

ਰਵਾਇਤੀ ਤੌਰ ’ਤੇ, ਕਲੱਬ ਦੇ ਮੈਂਬਰ ਆਪਣੀਆਂ ਸੇਵਾਵਾਂ ਲਈ ਹਸਤਾਖਰ ਕਰਦੇ ਹਨ ਅਤੇ ਬਿੱਲ ਆਉਣ ’ਤੇ ਭੁਗਤਾਨ ਕਰਦੇ ਹਨ। ਭਾਵੇਂ ਬਾਰ ’ਚ ਸ਼ਰਾਬ ਹੋਵੇ, ਡਾਈਨਿੰਗ ਹਾਲ ’ਚ ਭੋਜਨ ਹੋਵੇ ਜਾਂ ਖੇਡ ਸਹੂਲਤਾਂ ਲਈ ਫੀਸ ਹੋਵੇ, ਇਸ ਵਿਚ ਕਦੇ ਕੋਈ ਸ਼ੱਕ ਨਹੀਂ ਹੈ ਕਿ ਇਕ ਵਾਰ ਇਨ੍ਹਾਂ ਦਾ ਸੇਵਨ ਕਰਨ ਜਾਂ ਵਰਤੋਂ ਕਰਨ ਪਿੱਛੋਂ ਇਨ੍ਹਾਂ ਦਾ ਤੁਰੰਤ ਅਤੇ ਪੂਰਾ ਭੁਗਤਾਨ ਕੀਤਾ ਜਾਵੇਗਾ। ਆਖਿਰਕਾਰ, ਸੱਜਣ ਲੋਕ ਆਪਣੇ ਰਿਣਾਂ ਦਾ ਸਨਮਾਨ ਕਰਦੇ ਹਨ।

ਅਫਸੋਸ, ਅਜਿਹਾ ਲੱਗਦਾ ਹੈ ਕਿ ਦਿੱਲੀ ਜਿਮਖਾਨਾ ਕਲੱਬ, ਜੋ ਰਾਜਧਾਨੀ ’ਚ ਹੁਣ ਤੱਕ ਦੀ ਸਭ ਤੋਂ ਮੰਨੀ-ਪ੍ਰਮੰਨੀ ਅਤੇ ਹਰਮਨਪਿਆਰੀ ਕਲੱਬ ਹੈ, ਹੁਣ ਅਜਿਹਾ ਨਹੀਂ ਮੰਨਦੀ। ਇਕ ਅਜਿਹੇ ਕਦਮ ਵਿਚ ਜੋ ਅਜੀਬ ਅਤੇ ਆਪਣੇ ਮੈਂਬਰਾਂ ਲਈ ਅਪਮਾਨਜਨਕ ਦੋਵੇਂ ਹੈ, ਇਸ ਨੇ ਫੈਸਲਾ ਲਿਆ ਹੈ ਕਿ ਮੈਂਬਰਾਂ ਨੂੰ ਅਗਾਊਂ ਰਾਸ਼ੀ ਜਮ੍ਹਾ ਕਰਵਾਉਣੀ ਹੋਵੇਗੀ। ਜਿਵੇਂ ਕਿ ਪ੍ਰਬੰਧਨ ਕਹਿੰਦਾ ਹੈ, ਮੈਂਬਰਾਂ ਨੂੰ ਬਾਰ ’ਚ ਪੀਣ ਜਾਂ ਕਲੱਬ ’ਚ ਭੋਜਨ ਕਰਨ ’ਚ ਸਮਰੱਥ ਹੋਣ ਲਈ ‘ਇਕ ਸਕਾਰਾਤਮਕ ਕ੍ਰੈਡਿਟ ਬੈਲੇਂਸ’ ਬਣਾਈ ਰੱਖਣਾ ਚਾਹੀਦਾ ਹੈ। ਇਹ ਤੱਥ ਕਿ ਤੁਸੀਂ ਸਾਲਾਨਾ ਮੈਂਬਰਸ਼ਿਪ ਦਾ ਭੁਗਤਾਨ ਕਰਦੇ ਹੋ, ਹੁਣ ਕਾਫੀ ਨਹੀਂ ਹੈ।

ਸ਼ੁਰੂਆਤ ਲਈ, ਇਹ ਇਕ ਕਲੱਬ ਦੇ ਕੇਂਦਰੀ ਮੰਤਵ ਨੂੰ ਕਮਜ਼ੋਰ ਕਰਦਾ ਹੈ, ਜਿੱਥੇ ਤੁਸੀਂ ਜਦ ਚਾਹੋ ਜਾ ਸਕਦੇ ਹੋ। ਹੁਣ, ਜੇ ਤੁਸੀਂ ਜਮ੍ਹਾ ਰਾਸ਼ੀ ਨਹੀਂ ਰੱਖੀ ਹੈ ਤਾਂ ਤੁਸੀਂ ਖਾ-ਪੀ ਨਹੀਂ ਸਕਦੇ। ਸਭ ਤੋਂ ਵਧੀਆ ਗੱਲ ਜੋ ਤੁਸੀਂ ਕਰ ਸਕਦੇ ਹੋ, ਉਹ ਹੈ ਕਿਸੇ ਹੋਰ ਕੋਲੋਂ ਪੈਸੇ ਲੈਣੇ!

ਪਰ ਇਹ ਹੋਰ ਵੀ ਬੁਰਾ ਹੈ। ਕਲੱਬ ਅਜਿਹੀ ਜਗ੍ਹਾ ਹੈ ਜਿੱਥੋਂ ਦਾ ਮਿਲਣਸਾਰ ਮਾਹੌਲ ਤੁਹਾਨੂੰ ਦੂਜਿਆਂ ਲਈ ਡ੍ਰਿੰਕ ਖਰੀਦਣ ਜਾਂ ਉਨ੍ਹਾਂ ਨਾਲ ਭੋਜਨ ਕਰਨ ਲਈ ਉਤਸ਼ਾਹਿਤ ਕਰਦਾ ਹੈ। ਤੁਸੀਂ ਇਕੱਲੇ ਆ ਸਕਦੇ ਹੋ ਪਰ ਅਕਸਰ ਤੁਸੀਂ ਇਕ ਖੁਸ਼ ਸਮੂਹ ਦਾ ਹਿੱਸਾ ਬਣ ਜਾਂਦੇ ਹੋ ਪਰ ਜੇ ਤੁਸੀਂ ਜੋ ਅਗਾਊਂ ਰਾਸ਼ੀ ਜਮ੍ਹਾ ਕੀਤੀ ਹੈ, ਉਹ ਕਾਫੀ ਨਹੀਂ ਹੈ ਤਾਂ ਤੁਸੀਂ ਡ੍ਰਿੰਕ ਨਹੀਂ ਲੈ ਸਕਦੇ ਜਾਂ ਕਿਸੇ ਮਿੱਤਰ ਦੇ ਖਾਣੇ ਦਾ ਬਿੱਲ ਨਹੀਂ ਚੁਕਾ ਸਕਦੇ।

ਇਥੋਂ ਤੱਕ ਕਿ ਕਾਰੋਬਾਰੀ ਰੇਸਤਰਾਂ ਵੀ ਆਪਣੇ ਮਹਿਮਾਨਾਂ ਨਾਲ ਵੱਧ ਸਨਮਾਨ ਅਤੇ ਵਿਚਾਰ ਨਾਲ ਪੇਸ਼ ਆਉਂਦੇ ਹਨ। ਉਹ ਤਦ ਭੁਗਤਾਨ ਕਰਦੇ ਹਨ ਜਦ ਉਹ ਖਾਣਾ ਖਾ ਕੇ ਜਾਣ ਲਈ ਤਿਆਰ ਹੁੰਦੇ ਹਨ। ਉਨ੍ਹਾਂ ਨੂੰ ਪਹਿਲਾਂ ਤੋਂ ਪੈਸੇ ਜਮ੍ਹਾ ਕਰਵਾਉਣ ਦੀ ਲੋੜ ਨਹੀਂ ਹੁੰਦੀ ਅਤੇ ਜਦ ਤੱਕ ਤੁਸੀਂ ਖਾਸ ਕਰ ਕੇ ਬਦਨਾਮ ਅਤੇ ਭਰੋਸੇਯੋਗ ਦਿਖਾਈ ਨਾ ਦੇਵੋ, ਕੋਈ ਵੀ ਰੇਸਤਰਾਂ ਦਾਖਲ ਹੋਣ ਸਮੇਂ ਤੁਹਾਡੇ ਕੋਲੋਂ ਇਹ ਨਹੀਂ ਪੁੱਛੇਗਾ ਕਿ ਕੀ ਤੁਹਾਡੇ ਕੋਲ ਖਾਣ ਲਈ ਪੈਸੇ ਹਨ! ਫਿਰ ਵੀ, ਅਸਲ ’ਚ, ਜਿਮ- ਜਿਵੇਂ ਕਿ ਇਸ ਦੇ ਮੈਂਬਰ ਇਸ ਨੂੰ ਪਿਆਰ ਨਾਲ ਕਹਿੰਦੇ ਹਨ, ਅੱਗੇ ਤੋਂ ਅਜਿਹਾ ਕਰਨ ਦਾ ਪ੍ਰਸਤਾਵ ਰੱਖਦਾ ਹੈ।

ਕਲੱਬ ਆਪਣੇ ਮੈਂਬਰਾਂ ਨਾਲ ਇਸ ਅਸੱਭਿਅਕ ਵਿਹਾਰ ਲਈ ਬਹਾਨਾ ਬਣਾਉਂਦਾ ਹੈ ਕਿ ਕੁਝ ਲੋਕ ਆਪਣੇ ਬਿੱਲ ਦਾ ਭੁਗਤਾਨ ਨਹੀਂ ਕਰਦੇ। ਦੁੱਖ ਦੀ ਗੱਲ ਹੈ ਕਿ ਇਹ ਸੱਚ ਹੈ। ਇਥੋਂ ਤੱਕ ਕਿ ਡਿਫਾਲਟਰਾਂ ਦੀ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਸੂਚੀ ਵੀ ਉਨ੍ਹਾਂ ਨੂੰ ਸ਼ਰਮਿੰਦਾ ਕਰਨ ਲਈ ਕਾਫੀ ਨਹੀਂ ਹੈ। ਹਸਤਾਖਰ ਕਰਨ ਦੇ ਅਧਿਕਾਰ ਵਾਲੇ ਲੋਕਾਂ ਦੀ ਸੂਚੀ ’ਚ, ਜੋ ਸੰਭਵ ਤੌਰ ’ਤੇ 10,000 ਤੋਂ ਵੱਧ ਹੈ, ਆਦਤਨ ਅਤੇ ਸੁਧਰਨ ਵਾਲੇ ਡਿਫਾਲਟਰਾਂ ਦੀ ਗਿਣਤੀ 100 ਤੋਂ ਵੱਧ ਹੋਣ ਦੀ ਸੰਭਾਵਨਾ ਨਹੀਂ ਹੈ। ਮੈਂ ਜਾਣਬੁੱਝ ਕੇ ਉਨ੍ਹਾਂ ਲੋਕਾਂ ਨੂੰ ਸ਼ਾਮਲ ਨਹੀਂ ਕਰ ਰਿਹਾ ਹਾਂ ਜਿਹੜੇ ਅਕਸਰ ਜਾਇਜ਼ ਅਤੇ ਮੰਨੇ ਜਾਣ ਵਾਲੇ ਕਾਰਨਾਂ ਕਾਰਨ ਸਿਰਫ ਭੁਗਤਾਨ ’ਚ ਦੇਰੀ ਕਰਦੇ ਹਨ। ਹੁਣ, ਕੀ ਬਾਕੀ ਸਾਰੇ ਲੋਕਾਂ, ਮਾਣਯੋਗ ਅਤੇ ਪ੍ਰਮੁੱਖ ਬਹੁਮਤ ’ਤੇ ਬੇਭਰੋਸਗੀ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਕਲੱਬ ਉਨ੍ਹਾਂ ਨੂੰ ਜਵਾਬ ਦੇਣ ਦਾ ਬਿਹਤਰ ਅਤੇ ਜ਼ਿਆਦਾ ਪ੍ਰਭਾਵਸ਼ਾਲੀ ਤਰੀਕਾ ਨਹੀਂ ਲੱਭ ਸਕਦਾ ਹੈ?

ਅਜਿਹਾ ਲੱਗਦਾ ਹੈ ਕਿ ਕਲੱਬ ਦਾ ਜਵਾਬ ਹਾਂ ਹੈ। ਇਹ, ਆਪਣੇ ਆਪ ’ਚ, ਪ੍ਰਬੰਧਨ ਬਾਰੇ ਚਿੰਤਤ ਹੋਣ ਦਾ ਕਾਰਨ ਹੈ। ਇਹ ਨਹੀਂ ਸਮਝਦਾ ਕਿ ਇਕ ਕਲੱਬ ਕੀ ਹੈ ਅਤੇ ਉਸ ਨੂੰ ਹਮੇਸ਼ਾ ਕੀ ਬਣਨਾ ਚਾਹੀਦਾ ਹੈ।

ਹਾਲਾਂਕਿ, ਇਕ ਹੋਰ ਹੱਲ ਹੈ ਜਿਸ ਨੂੰ ਬਿਨਾਂ ਵਜ੍ਹਾ ਅਣਡਿੱਠ ਕੀਤਾ ਗਿਆ ਹੈ। ਜੇ ਪ੍ਰਬੰਧਨ ਸੱਚਮੁਚ ਚਿੰਤਤ ਹੈ ਕਿ ਵਧਦੀ ਗਿਣਤੀ ’ਚ ਲੋਕ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਤੋਂ ਇਨਕਾਰ ਕਰ ਰਹੇ ਹਨ, ਤਾਂ ਉਹ ਮੈਂਬਰਾਂ ਨੂੰ ਜਾਣ ਤੋਂ ਪਹਿਲਾਂ ਆਪਣੀ ਡ੍ਰਿੰਕ ਅਤੇ ਭੋਜਨ ਲਈ ਭੁਗਤਾਨ ਕਰਨ ਲਈ ਕਹਿ ਸਕਦੇ ਹਨ, ਜਿਉਂ ਹੀ ਉਹ ਭੋਜਨ ਖਤਮ ਕਰ ਲੈਂਦੇ ਹਨ। ਅਸਲ ’ਚ, ਲੰਡਨ ’ਚ ਕਈ ਕਲੱਬ ਇਹੀ ਕਰਦੇ ਹਨ। ਇਹ ਵੱਧ ਭਰੋਸੇਮੰਦ ਅਤੇ ਨਿਮਰਤਾ, ਦੋਵੇਂ ਗੱਲਾਂ ਹੋਣਗੀਆਂ। ਹੁਣ ਪ੍ਰਬੰਧਨ ਨੇ ਅਜਿਹਾ ਕਿਉਂ ਨਹੀਂ ਸੋਚਿਆ?

(ਲੇਖਕ ਡੈਵਿਲਜ਼ ਐਡਵੋਕੇਟ, ਦ ਅਨਟੋਲਡ ਸਟੋਰੀ ਦੇ ਲੇਖਕ ਹਨ। ਪ੍ਰਗਟਾਏ ਗਏ ਵਿਚਾਰ ਨਿੱਜੀ ਹਨ।) ਕਰਨ ਥਾਪਰ


Rakesh

Content Editor

Related News