ਡਿਪੋਰਟ ਦੀ ਪੀੜ ਨਾਲ ਜੂਝਦਾ ਅੰਤਰਮਨ
Sunday, Feb 09, 2025 - 02:07 PM (IST)
![ਡਿਪੋਰਟ ਦੀ ਪੀੜ ਨਾਲ ਜੂਝਦਾ ਅੰਤਰਮਨ](https://static.jagbani.com/multimedia/2025_2image_14_07_160316276deport.jpg)
ਹੱਥ ’ਚ ਹੱਥਕੜੀ, ਪੈਰਾਂ ’ਚ ਬੇੜੀਆਂ, ਅੱਖਾਂ ’ਚ ਹੰਝੂ, ਚਿਹਰੇ ’ਤੇ ਬੇਵੱਸੀ, ਇਹ ਤਸਵੀਰ ਹੈ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਗੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਦੀ, ਜੋ ਹਾਲ ਹੀ ’ਚ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲੈ ਕੇ ਰਾਸ਼ਟਰਪਤੀ ਟਰੰਪ ਵਲੋਂ ਕੀਤੀ ਗਈ ਸਖਤੀ ਕਾਰਨ ਅਮਰੀਕੀ ਫੌਜੀ ਜਹਾਜ਼ ਸੀ-17 ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ’ਤੇ ਉਤਾਰੇ ਗਏ।
ਪਹਿਲੀ ਨਜ਼ਰੇ ਜਾਰੀ 205 ਵਿਅਕਤੀਆਂ ਦੀ ਸੂਚੀ ’ਚੋਂ ਵਤਨ ਤੱਕ ਪਹੁੰਚ ਬਣਾ ਚੁੱਕੇ 104 ਵਿਅਕਤੀਆਂ ਦੇ ਇਸ ਪਹਿਲੇ ਗਰੁੱਪ ’ਚ 4 ਸਾਲਾ ਬੱਚਾ ਵੀ ਸ਼ਾਮਲ ਹੈ। ਆਪਣੀ ਕਿਸਮ ਦੀ ਇਹ ਪਹਿਲੀ ਕੋਸ਼ਿਸ਼ ਨਹੀਂ, ਪਹਿਲਾਂ ਵੀ ਕਈ ਅਮਰੀਕੀ ਰਾਸ਼ਟਰਪਤੀ ਇਸ ਨੂੰ ਅੰਜਾਮ ਦੇ ਚੁੱਕੇ ਹਨ। ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਕਾਰਜਕਾਲ ਦੌਰਾਨ 4 ਲੱਖ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਿਆ ਸੀ ਜਿਨ੍ਹਾਂ ’ਚ ਕੁਝ ਭਾਰਤੀ ਵੀ ਸ਼ਾਮਲ ਸਨ।
ਪੱਛਮੀ ਦੇਸ਼ਾਂ ਪ੍ਰਤੀ ਭਾਰਤੀਆਂ ਦਾ ਖਾਸ ਲਗਾਅ ਜਗ-ਜ਼ਾਹਿਰ ਹੈ। ਦੁਨੀਆਵੀ ਸੁੱਖ-ਸਹੂਲਤਾਂ ਦੀ ਰੀਝ ਕੁਝ ਲੋਕਾਂ ਨੂੰ ਇੰਨਾ ਭਰਮਾਉਂਦੀ ਹੈ ਕਿ ਉਹ ਬਿਨਾਂ ਸੋਚੇ-ਸਮਝੇ ਠੱਗ ਏਜੰਟਾਂ ਦੇ ਝਾਂਸੇ ’ਚ ਆ ਜਾਂਦੇ ਹਨ।
ਬੱਚਿਆਂ ਦੇ ਵਧੀਆ ਭਵਿੱਖ ਦੀ ਆਸ ’ਚ ਕਈ ਮਾਪੇ ਆਪਣੀ ਜ਼ਮੀਨ-ਜਾਇਦਾਦ, ਘਰ-ਬਾਰ ਦਾਅ ’ਤੇ ਲਗਾ ਦਿੰਦੇ ਹਨ। ਲੋੜ ਪੈਣ ’ਤੇ ਕਰਜ਼ਾ ਲੈਣ ਤੱਕ ਵੀ ਨਹੀਂ ਪਿੱਛੇ ਹਟਦੇ। ਵੱਧ ਕਮਾਉਣ ਦੀ ਲਾਲਸਾ ਸਮੇਤ ਵਿਦੇਸ਼ ਜਾਣ ਦਾ ਇਕ ਵੱਡਾ ਕਾਰਨ ਦੇਸ਼ ’ਚ ਆਸ ਅਨੁਸਾਰ ਰੁਜ਼ਗਾਰ ਨਾ ਮਿਲਣਾ ਵੀ ਹੈ।
ਜਿਵੇਂ-ਕਿਵੇਂ ਵਿਦੇਸ਼ਾਂ ਤੱਕ ਪਹੁੰਚ ਬਣਾਉਣ ਦੀ ਰੀਝ ਇਕ ਹਨੇਰੇ ਭਰੇ ਰਾਹ ਵੱਲ ਧੱਕ ਦਿੰਦੀ ਹੈ, ਜਿਸ ਨੂੰ ਪੰਜਾਬੀ ਭਾਸ਼ਾ ’ਚ ‘ਡੰਕੀ ਰੂਟ’ ਵਜੋਂ ਜਾਣਿਆ ਜਾਂਦਾ ਹੈ। ਇਸ ਗੈਰ-ਕਾਨੂੰਨੀ ਦਾਖਲੇ ਨੂੰ ਅੰਜਾਮ ਦਿੰਦਾ ਹੈ ਦੇਸ਼ ਭਰ ’ਚ ਖੁੰਬਾਂ ਵਾਂਗ ਫੈਲੇ ਏਜੰਟਾਂ ਦਾ ਗੱਠਜੋੜ। ਇਨ੍ਹਾਂ ’ਚ ਵਧੇਰੇ ਅਪਰਾਧੀ ਅਕਸ ਦੇ ਲੋਕ ਹਨ ਜੋ ਹਰ ਸਾਲ ਹਜ਼ਾਰਾਂ ਦੀ ਗਿਣਤੀ ’ਚ ਨੌਜਵਾਨਾਂ ਨੰੂ ਨਾਜਾਇਜ਼ ਢੰਗ ਨਾਲ ਵਿਦੇਸ਼ ਭੇਜ ਕੇ ਆਪਣੇ ਖਜ਼ਾਨੇ ਭਰਦੇ ਹਨ। ਗੁਜਰਾਤ, ਹਰਿਆਣਾ, ਪੰਜਾਬ ਵਰਗੇ ਖੁਸ਼ਹਾਲ ਸੂਬਿਆਂ ’ਚ ਪ੍ਰਸ਼ਾਸਨ ਦੇ ਨੱਕ ਹੇਠ ਜਾਲਸਾਜ਼ ਏਜੰਟਾਂ ਦਾ ਧੰਦਾ ਬੜਾ ਵਧ-ਫੁੱਲ ਰਿਹਾ ਹੈ। ਦੇਸ਼ ਭਰ ’ਚ ਨਾਜਾਇਜ਼ ਟ੍ਰੈਵਲ ਏਜੰਟਾਂ ਦੀ ਗਿਆਤ ਗਿਣਤੀ 3,094 ਹੈ, ਜੋ ਕਿ 30 ਅਕਤੂਬਰ 2023 ਤੱਕ 2925 ਸੀ।
ਪੰਜਾਬ ਵਿਧਾਨ ਸਭਾ ’ਚ ਸਾਲ 2019 ਦੌਰਾਨ ਪੇਸ਼ ਕੀਤੇ ਗਏ ਰਿਕਾਰਡ ਦੇ ਅਨੁਸਾਰ 17 ਮਾਰਚ 2017 ਤੋਂ 10 ਅਕਤੂਬਰ 2019 ਤੱਕ ਸੂਬੇ ’ਚ ਨਾਜਾਇਜ਼ ਏਜੰਟਾ ਦੇ ਵਿਰੁੱਧ 2,140 ਅਪਰਾਧਿਕ ਮਾਮਲੇ ਦਰਜ ਕੀਤੇ ਗਏ। ਕਾਨੂੰਨੀ ਦਾਅਪੇਚਾਂ ਜਾਂ ਦੇਸ਼ ’ਚ ਪੱਸਰੇ ਭ੍ਰਿਸ਼ਟਤੰਤਰ ਦਾ ਸਹਾਰਾ ਲੈ ਕੇ ਇਨ੍ਹਾਂ ਦਾ ਸਾਫ ਬਚ ਨਿਕਲਣਾ ਇਸ ਭੈੜੇ ਚੱਕਰ ਨੂੰ ਤੋੜਨ ’ਚ ਸਭ ਤੋਂ ਵੱਡੀ ਰੁਕਾਵਟ ਹੈ।
30-35 ਲੱਖ ਤੋਂ 60-65 ਲੱਖ ਤੱਕ ਏਜੰਟਾਂ ਨੂੰ ਦਿੱਤੀ ਜਾਣ ਵਾਲੀ ਆਮ ਰਕਮ ਵਿਦੇਸ਼ੀ ਧਰਤੀ ’ਤੇ ਸਿੱਧੇ ਉਤਾਰਨ ਦੇ ਲਾਲਚ ’ਚ 1 ਕਰੋੜ ਤੱਕ ਵੀ ਪਹੁੰਚ ਬਣਾ ਸਕਦੀ ਹੈ, ਬੇੇਸ਼ੱਕ ਅਸਲ ਸਥਿਤੀ ਸਭ ਤੋਂ ਉਲਟ ਹੋ ਗਈ। ‘ਡੰਕੀ ਰੂਟ’ ਦਾ ਇਹ ਸਫਰ ਕਿੰਨਾ ਦੁਖਦਾਈ ਹੋ ਸਕਦਾ ਹੈ, ਜ਼ਲਾਲਤ ਅਤੇ ਡਿਪੋਰਟ ਕੀਤੇ 104 ਲੋਕਾਂ ਕੋਲੋਂ ਪੁੱਛ ਕੇ ਦੇਖੋ ਬੜੀ ਹੀ ਲੂ-ਕੰਡੇ ਖੜ੍ਹੇ ਕਰਨ ਵਾਲੀ ਆਪ-ਬੀਤੀ ਦਿਲ ਕੰਬਾਅ ਦੇਵੇਗੀ।
ਡੋਨਾਲਡ ਟਰੰਪ ਦੇ ਸੱਤਾ ’ਚ ਆਉਣ ਉਪਰੰਤ 1,700 ਗੈਰ-ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਹਿਰਾਸਤ ’ਚ ਲੈਣ ਦੀ ਖਬਰ ਹੈ। ਅਮਰੀਕਾ ਨੇ ਫਿਲਹਾਲ ਵੱਖ-ਵੱਖ ਦੇਸ਼ਾਂ ਨਾਲ ਸੰਬੰਧਤ 15 ਲੱਖ ਵਿਅਕਤੀਆਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਜਾਵੇਗਾ। ਨਾਜਾਇਜ਼ ਢੰਗ ਨਾਲ ਪ੍ਰਵੇਸ਼ ਕਰਨ ਵਾਲਿਆਂ, ਵੀਜ਼ਾ ਖਤਮ ਹੋਣ ਦੇ ਬਾਅਦ ਵੀ ਅਮਰੀਕਾ ’ਚ ਟਿਕੇ ਰਹਿਣ ਵਾਲਿਆਂ ਸਮੇਤ ਅਜਿਹੇ ਵਿਅਕਤੀ ਵੀ ਡਿਪੋਰਟ ਕਰਨ ਦੀ ਪ੍ਰਕਿਰਿਆ ਅਧੀਨ ਆਉਂਦੇ ਹਨ, ਜਿਨ੍ਹਾਂ ਦੇ ਗ੍ਰੀਨ ਕਾਰਡ ਦਾ ਨਵੀਨੀਕਰਨ ਨਾ ਹੋਇਆ ਹੋਵੇ।
ਅਮਰੀਕਾ ’ਚ 7.25 ਲੱਖ ਗੈਰ-ਕਾਨੂੰਨੀ ਭਾਰਤੀ ਹੋਣ ਦਾ ਅੰਦਾਜ਼ਾ ਹੈ ਜਿਨ੍ਹਾਂ ’ਚੋਂ 18,000 ਦੀ ਪਛਾਣ ਹੋ ਚੁੱਕੀ ਹੈ। ਭਾਰਤੀ ਵਿਦੇਸ਼ ਮੰਤਰਾਲਾ ਦੇ ਹਵਾਲੇ ਨਾਲ, ਨਾਜਾਇਜ਼ ਇਮੀਗ੍ਰੇਸ਼ਨ ਵਿਰੋਧੀ ਭਾਰਤ ਡਿਪੋਰਟ ਭਾਰਤੀਆਂ ਨੂੰ ਵਾਪਸ ਲਵੇਗਾ, ਬਸ਼ਰਤੇ ਉਨ੍ਹਾਂ ਦੀ ਰਾਸ਼ਟਰੀਅਤਾ ਤਸਦੀਕ ਹੋਵੇ।
ਇਸ ਿਡਪੋਰਟਿੰਗ ’ਚ ਸਭ ਤੋਂ ਵਿਚਾਰਨਯੋਗ ਮੁੱਦਾ ਹੈ ਅਮਰੀਕੀ ਪ੍ਰਸ਼ਾਸਨ ਦਾ ਬੜਾ ਹੀ ਘਟੀਆ ਵਤੀਰਾ, ਜਿਸ ਦੀ ਇਜਾਜ਼ਤ ਨਾ ਮਨੁੱਖੀ ਕਦਰਾਂ-ਕੀਮਤਾਂ ਦਿੰਦੀਆਂ ਹਨ, ਨਾ ਹੀ ਭਾਰਤ-ਅਮਰੀਕਾ ਦੇ ਕੂਟਨੀਤਕ ਸੰਬੰਧ। ਬਿਨਾਂ ਸ਼ੱਕ, ਨਾਜਾਇਜ਼ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਕਿਸੇ ਵੀ ਦੇਸ਼ ਦਾ ਆਜ਼ਾਦ ਹੱਕ ਹੈ ਪਰ ਇਸ ਪ੍ਰਕਿਰਿਆ ’ਚ ਮਨੁੱਖਤਾ ਦੀ ਅਣਦੇਖੀ ਕਰਨੀ ਕਿਸੇ ਵੀ ਤਰ੍ਹਾ ਮੰਨਣਯੋਗ ਨਹੀਂ। ਇਸ ਿਵਸ਼ੇ ’ਚ ਜਿੱਥੇ ਵਿਦੇਸ਼ ਮੰਤਰਾਲਾ ਦਾ ਨੋਟਿਸ ਲੈਣਾ ਜ਼ਰੂਰੀ ਹੈ, ਉਥੇ ਇਹ ਵਿਚਾਰਨਾ ਵੀ ਲਾਜ਼ਮੀ ਹੈ ਕਿ ਅਪਰਾਧੀਆਂ ਵਾਂਗ ਬੇੜੀਆਂ ’ਚ ਜਕੜ ਕੇ ਭੇਜੇ ਗਏ ਭਾਰਤੀਆਂ ਰਾਹੀਂ ਟਰੰਪ ਪ੍ਰਸ਼ਾਸਨ ਭਾਰਤ ’ਚ ਸਰਗਰਮ ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਤੇ ਟ੍ਰੈਵਲ ਏਜੰਟਾਂ ਵਿਰੁੱਧ ਸਖਤ ਸੰਦੇਸ਼ ਭੇਜਣ ਸਮੇਤ ਕਿਤੇ ਕੁਝ ਹੋਰ ਤਾਂ ਨਹੀਂ ਕਹਿਣਾ ਚਾਹੁੰਦਾ?
ਡਿਪੋਰਟ ਕਰਨ ਦੀ ਇਹ ਸਜ਼ਾ ਨਿੱਜੀ ਤੌਰ ’ਤੇ ਬੇਸ਼ੱਕ ਹੀ ਬੜੀ ਦੁਖਦਾਇਕ ਹੋਵੇ ਪਰ ਨਾਜਾਇਜ਼ ਰੂਟ ਅਪਣਾਉਣ ਵਾਲੇ ਲੋਕਾਂ ਲਈ ਇਕ ਬੜਾ ਵੱਡਾ ਸਬਕ ਵੀ ਹੈ। ਚੱਲ-ਅਚੱਲ ਜਾਇਦਾਦ ਲੁਟਾ ਕੇ ਜਾਂ ਕਰਜ਼ਾ ਚੁੱਕ ਕੇ ਨਾਜਾਇਜ਼ ਤੌਰ ’ਤੇ ਬਾਹਰ ਜਾਣ ਨਾਲੋਂ ਹਜ਼ਾਰ ਦਰਜੇ ਚੰਗਾ ਹੈ ਦੇਸ਼ ’ਚ ਰਹਿ ਕੇ ਸਵੈ-ਰੋਜ਼ਗਾਰ ਦੀ ਸਿਰਜਣਾ ਕਰਨੀ।
ਅਖੀਰ ’ਚ ਸਭ ਤੋਂ ਵੱਧ ਧੁੱਖਦਾ ਸਵਾਲ, ਕੀ ਦੇਸ਼ ਕੋਲ ਅਮਰੀਕਾ ਤੋਂ ਡਿਪੋਰਟ ਕਰਨ ਲਈ ਚੁਣੇ ਆਪਣੇ ਲਗਭਗ 18,000 ਕਥਿਤ ਗੈਰ-ਕਾਨੂੰਨੀ ਪ੍ਰਵਾਸੀ ਨਾਗਰਿਕਾਂ ਦੇ ਮੁੜ-ਵਸੇਬੇ ਨੂੰ ਲੈ ਕੇ ਕੋਈ ਯੋਜਨਾ ਹੈ? ਅਮਰੀਕੀ ਧਰਤੀ ਤੋਂ ਧੱਕੇ ਨਾਲ ਕੱਢੇ ਗਏ ਲੋਕਾਂ ਨੂੰ ਸਾਰੀ ਜ਼ਿੰਦਗੀ ਖੂਨ ਦੇ ਅੱਥਰੂ ਪੀਂਦੇ ਹੋਏ ਇਹ ਤਾਂ ਨਹੀਂ ਕਹਿਣਾ ਪਵੇਗਾ-
ਨਾ ਖੁਦਾ ਹੀ ਮਿਲਾ ਨਾ ਵਿਸਾਲ-ਏ-ਸਨਮ, ਨਾ ਇਧਰ ਕੇ ਹੂਏ ਨਾ ਉਧਰ ਕੇ ਹੂਏ,
ਰਹੇ ਦਿਲ ਮੇਂ ਹਮਾਰੇ ਯੇ ਰੰਜ-ਓ-ਆਲਮ, ਨਾ ਇਧਰ ਕੇ ਹੂਏ ਨਾ ਉਧਰ ਕੇ ਹੂਏ।
ਦੀਪਿਕਾ ਅਰੋੜਾ