‘ਵਾੜ ਹੀ ਖੇਤ ਨੂੰ ਰਹੀ ਖਾ’, ‘ਸੁਰੱਖਿਆ ਮੁਲਾਜ਼ਮ ਜੇਲਾਂ ’ਚ ਪਹੁੰਚਾ ਰਹੇ ਨਸ਼ੇ’
Thursday, Mar 13, 2025 - 05:22 AM (IST)

ਭਾਰਤੀ ਜੇਲਾਂ ’ਚ ਬੰਦ ਕੈਦੀਆਂ ਕੋਲੋਂ ਮੋਬਾਈਲ ਫੋਨਾਂ ਅਤੇ ਨਸ਼ਿਆਂ ਆਦਿ ਦੀ ਬਰਾਮਦਗੀ ਅੱਜ ਆਮ ਗੱਲ ਹੋ ਗਈ ਹੈ, ਜਿਸ ’ਚ ਜੇਲਾਂ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਪਾਈ ਜਾ ਰਹੀ ਹੈ। ਇਹ ਸਮੱਸਿਆ ਕਿੰਨਾ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਇਹ ਪਿਛਲੇ 6 ਮਹੀਨਿਆਂ ਦੀਆਂ ਹੇਠ ਲਿਖੀਆਂ ਮਿਸਾਲਾਂ ਤੋਂ ਸਪੱਸ਼ਟ ਹੈ :
* 5 ਅਗਸਤ, 2024 ਨੂੰ ‘ਅਲਵਰ’ (ਰਾਜਸਥਾਨ) ਸੈਂਟਰਲ ਜੇਲ ’ਚ ਡਿਊਟੀ ’ਤੇ ਤਾਇਨਾਤ ਮੁਲਾਜ਼ਮ ‘ਮਨੀਸ਼ ਯਾਦਵ’ ਨੂੰ ਜੇਲ ’ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਪਾਬੰਦੀਸ਼ੁਦਾ ਵਸਤੂਆਂ ਸਪਲਾਈ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕਰ ਕੇ ਉਸ ਦੇ ਬੈਗ ’ਚੋਂ 3 ‘ਮੋਬਾਈਲ ਫੋਨ’, 64 ਗ੍ਰਾਮ ‘ਗਾਂਜਾ’, 83 ਬੰਡਲ ‘ਬੀੜੀਆਂ’, 10 ‘ਪੁੜੀਆਂ ਗੁਟਕਾ’, ‘ਜਰਦਾ’ ਅਤੇ 4 ‘ਤੰਬਾਕੂ ਦੇ ਬੰਡਲ’ ਬਰਾਮਦ ਕੀਤੇ ਗਏ।
ਅਧਿਕਾਰੀਆਂ ਅਨੁਸਾਰ ਜੇਲ ’ਚ 4 ਗ੍ਰਾਮ ‘ਗਾਂਜੇ’ ਦੀ ਕੀਮਤ 3000 ਰੁਪਏ, ਬੀੜੀ ਦੇ ਇਕ ਬੰਡਲ ਦੀ ਕੀਮਤ 1000 ਰੁਪਏ, ਛੋਟਾ ਮੋਬਾਈਲ ਫੋਨ 20,000 ਰੁਪਏ, ਤੰਬਾਕੂ ਦੀ ਪੁੜੀ 300 ਤੋਂ 500 ਰੁਪਏ ਜਾਂ ਉਸ ਤੋਂ ਵੀ ਵੱਧ ਲਈ ਜਾਂਦੀ ਹੈ।
* 11 ਅਕਤੂਬਰ, 2024 ਨੂੰ ‘ਦੌਸਾ’ (ਰਾਜਸਥਾਨ) ਸਥਿਤ ਹਾਈ ਸਕਿਓਰਿਟੀ ਜੇਲ ’ਚ ਤਲਾਸ਼ੀ ਲਈ ਪੁਲਸ ਦੇ ਪਹੁੰਚਣ ਦੀ ਭਿਣਕ ਲੱਗਣ ’ਤੇ ਜੇਲ ’ਚ ਤਾਇਨਾਤ ਗਾਰਡ ‘ਰਾਮ ਨਾਥ’ ਨੇ ਨਸ਼ਾ ਸਪਲਾਈ ਕਰਨ ਆਏ ਆਪਣੇ 2 ਸਾਥੀ ਸਮੱਗਲਰਾਂ ਨੂੰ ਸਾਵਧਾਨ ਕਰ ਦਿੱਤਾ ਜਿਸ ’ਤੇ ਉਹ ਜੇਲ ਕੰਪਲੈਕਸ ’ਚ ਹੀ 243 ਗ੍ਰਾਮ ਅਫੀਮ ਅਤੇ ਹੋਰ ਪਾਬੰਦੀਸ਼ੁਦਾ ਸਾਮਾਨ ਸੁੱਟ ਕੇ ਭੱਜ ਗਏ ਜਿਸ ਨੂੰ ਜੇਲ ’ਚ ਛਾਪਾ ਮਾਰਨ ਆਈ ਪੁਲਸ ਨੇ ਜ਼ਬਤ ਕਰਨ ਪਿਛੋਂ ‘ਗਾਰਡ ਰਾਮਨਾਥ’ ਨੂੰ ਗ੍ਰਿਫਤਾਰ ਕਰ ਲਿਆ।
* 16 ਜਨਵਰੀ, 2025 ਨੂੰ ‘ਤ੍ਰਿਚੂਰ’ (ਕੇਰਲ) ਵਿਚ ‘ਵਿਯੂਰ ਹਾਈ ਸਕਿਓਰਿਟੀ ਜੇਲ’ ਦੇ ਸਹਾਇਕ ਜੇਲਰ ‘ਸ਼ਮਸੂਦੀਨ’ ਨੂੰ ਜੇਲ ’ਚ ਸਜ਼ਾ ਕੱਟ ਰਹੇ ਕੈਦੀਆਂ ਨੂੰ ਬੀੜੀਆਂ ਵੇਚਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ‘ਸ਼ਮਸੂਦੀਨ’ 200 ਰੁਪਏ ਕੀਮਤ ਵਾਲਾ ਬੀੜੀਆਂ ਦਾ ਬੰਡਲ ਕੈਦੀਆਂ ਨੂੰ 4000 ਰੁਪਏ ’ਚ ਵੇਚ ਰਿਹਾ ਸੀ।
* 1 ਫਰਵਰੀ, 2025 ਨੂੰ ਬਠਿੰਡਾ (ਪੰਜਾਬ) ਦੀ ਕੇਂਦਰੀ ਜੇਲ ’ਚ ਕੈਦੀਆਂ ਨੂੰ ਹੈਰੋਇਨ ਸਪਲਾਈ ਕਰਨ ਦੇ ਦੋਸ਼ ’ਚ ਉਥੇ ਤਾਇਨਾਤ ‘ਤਸਵੀਰ ਸਿੰਘ’ ਨਾਂ ਦੇ ਇਕ ਸੀਨੀਅਰ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 15 ਗ੍ਰਾਮ ਹੈਰੋਇਨ ਅਤੇ ਤੰਬਾਕੂ ਦੀਆਂ 4 ਪੁੜੀਆਂ ਬਰਾਮਦ ਕੀਤੀਆਂ ਗਈਆਂ।
* 5 ਫਰਵਰੀ, 2025 ਨੂੰ ‘ਪਣਜੀ’ ਵਿਚ ਗੋਆ ਪੁਲਸ ਅਤੇ ਜੇਲ ਅਧਿਕਾਰੀਆਂ ਨੇ ‘ਕੋਲਵਾਲੇ ਜੇਲ’ ਦੇ ਡਿਪਟੀ ਸੁਪਰਡੈਂਟ ‘ਕ੍ਰਿਸ਼ਣਾ ਉਸਗਾਂਵਕਰ’ ਅਤੇ ‘ਇੰਡੀਅਨ ਰਿਜ਼ਰਵ ਬਟਾਲੀਅਨ’ ਦੇ ਸਹਾਇਕ ਸਬ-ਇੰਸਪੈਕਟਰ ‘ਸੂਰਤ ਤੋਰਾਸਕਰ’ ਨੂੰ ਕੈਦੀਆਂ ਨੂੰ ਜੇਲ ਅੰਦਰ ਨਸ਼ੀਲੇ ਪਦਾਰਥ ਸਪਲਾਈ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 5 ਮਾਰਚ, 2025 ਨੂੰ ਅਧਿਕਾਰੀਆਂ ਨੇ ‘ਅੰਮ੍ਰਿਤਸਰ ਕੇਂਦਰੀ ਜੇਲ’ ਵਿਚ ਤਾਇਨਾਤ ਮੁਲਾਜ਼ਮ ‘ਹੀਰਾ ਸਿੰਘ’ ਦੇ ਕਬਜ਼ੇ ’ਚੋਂ ਬੀੜੀਆਂ ਦੇ 24 ਬੰਡਲ ਬਰਾਮਦ ਕੀਤੇ।
* 6 ਮਾਰਚ, 2025 ਨੂੰ ਪੰਜਾਬ ਸਰਕਾਰ ਨੇ ਹੁਸ਼ਿਆਰਪੁਰ ਸੈਂਟਰਲ ਜੇਲ ਦੇ ‘ਸੁਪਰਡੈਂਟ ਬਲਜੀਤ ਸਿੰਘ ਘੁੰਮਣ’ ਨੂੰ ਜੇਲ ’ਚ ਚੱਲ ਰਹੀ ਨਸ਼ਾ ਸਮੱਗਲਿੰਗ ਅਤੇ ਹੋਰ ਨਾਜਾਇਜ਼ ਸਰਗਰਮੀਆਂ ’ਚ ਸ਼ਾਮਲ ਹੋਣ ਦੇ ਦੋਸ਼ ’ਚ ਮੁਅੱਤਲ ਕੀਤਾ।
* 8 ਮਾਰਚ ਨੂੰ ‘ਅੰਮ੍ਰਿਤਸਰ ਸੈਂਟਰਲ ਜੇਲ’ ਦੇ ਅਧਿਕਾਰੀਆਂ ਨੇ ਕੈਦੀਆਂ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਨ ਦੇ ਦੋਸ਼ ’ਚ ਜੇਲ ਵਾਰਡਨ ‘ਜਗਦੀਪ ਸਿੰਘ’ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਮਰੇ ਦੀ ਤਲਾਸ਼ੀ ਦੌਰਾਨ ਉਥੋਂ ਨਕਦ 63,650 ਰੁਪਇਆਂ ਤੋਂ ਇਲਾਵਾ, 217 ਬੰਡਲ ‘ਬੀੜੀ’, 260 ਗ੍ਰਾਮ ‘ਨਸ਼ੀਲਾ ਪਾਊਡਰ’, 50 ਗ੍ਰਾਮ ‘ਚਰਸ’, 960 ‘ਨਸ਼ੇ ਦੀਆਂ ਗੋਲੀਆਂ’ ਆਦਿ ਬਰਾਮਦ ਕੀਤੀਆਂ।
* 11 ਮਾਰਚ ਨੂੰ ‘ਅੰਮ੍ਰਿਤਸਰ ਸੈਂਟਰਲ ਜੇਲ’ ਵਿਚ ਤਲਾਸ਼ੀ ਮੁਹਿੰਮ ਦੌਰਾਨ ‘ਜਗਦੀਪ ਸਿੰਘ’ ਨਾਂ ਦੇ ਇਕ ਮੁਲਾਜ਼ਮ ਨੂੰ ਚਾਹ ਦੀ ਖਾਲੀ ਕੇਤਲੀ ’ਚ 2 ਮੋਬਾਈਲ ਫੋਨ ਅਤੇ ਚਾਰਜਰ ਲੁਕੋ ਕੇ ਜੇਲ ਦੇ ਅੰਦਰ ਲਿਜਾਂਦੇ ਹੋਏ ਗ੍ਰਿਫਤਾਰ ਕੀਤਾ ਗਿਆ ਜੋ ਉਹ ਕੈਦੀਆਂ ਅਤੇ ਹਵਾਲਾਤੀਆਂ ਨੂੰ ਦੇਣ ਵਾਲਾ ਸੀ।
ਜ਼ਿਕਰਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਦੇਸ਼ ’ਚ ਜੇਲਾਂ ਦੇ ਸੁਧਾਰ ਲਈ ਕਈ ਕਮੇਟੀਆਂ ਗਠਿਤ ਕੀਤੀਆਂ ਗਈਆਂ ਪਰ ਲਗਭਗ ਸਾਰੇ ਸੁਝਾਅ ਠੰਢੇ ਬਸਤੇ ’ਚ ਪਾ ਦਿੱਤੇ ਜਾਣ ਕਾਰਨ ਜੇਲਾਂ ਦਾ ਹਾਲ ਲਗਾਤਾਰ ਬੁਰਾ ਹੁੰਦਾ ਚਲਾ ਗਿਆ।
ਇਸ ਲਈ ਜਿਥੇ ਜੇਲਾਂ ’ਚ ਸੁਧਾਰ ਸੰਬੰਧੀ ਸਿਫਾਰਸ਼ਾਂ ਨੂੰ ਤੁਰੰਤ ਲਾਗੂ ਕਰਨ ਦੀ ਲੋੜ ਹੈ, ਉਥੇ ਹੀ ਇਨ੍ਹਾਂ ’ਚ ਨਸ਼ੇ ਦੀ ਸਮੱਗਲਿੰਗ ਆਦਿ ਰੋਕਣ ਲਈ ਬਿਹਤਰ ਸੁਰੱਖਿਆ ਪ੍ਰਬੰਧਾਂ, ਕੈਦੀਆਂ ’ਤੇ ਨਜ਼ਰ ਰੱਖਣ ਲਈ ਸੀ. ਸੀ. ਟੀ. ਵੀ. ਕੈਮਰੇ ਲਾਉਣ, ਮੋਬਾਈਲ ਆਦਿ ਲਿਜਾਣ ਅਤੇ ਇਨ੍ਹਾਂ ਦੀ ਵਰਤੋਂ ਰੋਕਣ ਲਈ ਤੁਰੰਤ ਜੈਮਰ ਲਾਉਣ ਅਤੇ ਜੇਲਾਂ ’ਚ ਕੈਦੀਆਂ ਨੂੰ ਨਸ਼ਾ ਅਤੇ ਪਾਬੰਦੀਸ਼ੁਦਾ ਵਸਤੂਆਂ ਪਹੁੰਚਾਉਣ ਲਈ ਜ਼ਿੰਮੇਵਾਰ ਮੁਲਾਜ਼ਮਾਂ ਨੂੰ ਸਖਤ ਸਜ਼ਾ ਦੇਣ ਦੀ ਲੋੜ ਹੈ।
–ਵਿਜੇ ਕੁਮਾਰ