‘ਔਰਤ ਦਿਵਸ ’ਤੇ ਦੇਸ਼ ਹੋਇਆ ਸ਼ਰਮਸਾਰ’, ‘ਔਰਤਾਂ ਨਾਲ ਜਬਰ-ਜ਼ਨਾਹ ਅਤੇ ਹੱਤਿਆਵਾਂ’
Tuesday, Mar 11, 2025 - 05:28 AM (IST)

ਹਰ ਸਾਲ 8 ਮਾਰਚ ਨੂੰ ਦੁਨੀਆ ਭਰ ਵਿਚ ਔਰਤਾਂ ਦੀ ਸਥਿਤੀ ਵੱਲ ਹੋਰ ਲੋਕਾਂ ਦਾ ਧਿਆਨ ਦਿਵਾਉਣ ਲਈ ‘ਕੌਮਾਂਤਰੀ ਔਰਤ ਦਿਵਸ’ ਮਨਾਇਆ ਜਾਂਦਾ ਹੈ। ਇਸ ਦੌਰਾਨ ਔਰਤਾਂ ਦੇ ਅਧਿਕਾਰਾਂ, ਉਨ੍ਹਾਂ ਦੀ ਸੁਰੱਖਿਆ ਅਤੇ ਉਨ੍ਹਾਂ ਵਿਚ ਚੇਤਨਾ ਲਿਆਉਣ ਵਰਗੇ ਮੁੱਦਿਆਂ ਨੂੰ ਉਭਾਰਨ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਂਦਾ ਹੈ।
ਇਸ ਤੋਂ ਵਧ ਕੇ ਤ੍ਰਾਸਦੀ ਕੀ ਹੋਵੇਗੀ ਕਿ ਨਾਰੀ ਦਿਵਸ ’ਤੇ ਵੀ ਭਾਰਤ ਵਿਚ ਕਈ ਔਰਤਾਂ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ ਹੋਈਆਂ ਅਤੇ ਕਈ ਔਰਤਾਂ ਦੀ ਹੱਤਿਆ ਕਰ ਦਿੱਤੀ ਗਈ, ਜਿਨ੍ਹਾਂ ਦੀਆਂ ਮਿਸਾਲਾਂ ਜੋ ਸਾਹਮਣੇ ਆਈਆਂ, ਹੇਠਾਂ ਦਰਜ ਹਨ :
* 8 ਮਾਰਚ ਨੂੰ ਸਾਂਗਾਨੇਰ (ਰਾਜਸਥਾਨ) ਵਿਚ ਪੁਲਸ ਦਾ ਇਕ ਸਿਪਾਹੀ ‘ਭਾਗਾ ਰਾਮ’ ਇਕ ਗਰਭਵਤੀ ਔਰਤ ਨੂੰ ਉਸ ਦੇ ਘਰ ਤੋਂ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਥਾਣੇ ਵਿਚ ਉਸ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਸਿਲਸਿਲੇ ਵਿਚ ਉਸ ਦਾ ਬਿਆਨ ਦਰਜ ਕਰਨਾ ਹੈ ਪਰ ਥਾਣੇ ਲਿਜਾਣ ਦੀ ਥਾਂ ਉਹ ਉਸ ਨੂੰ ਇਕ ਹੋਟਲ ਵਿਚ ਲੈ ਗਿਆ ਅਤੇ ਉਥੇ ਉਸ ਦੇ ਬੇਟੇ ਦੇ ਸਾਹਮਣੇ ਜਬਰ-ਜ਼ਨਾਹ ਕੀਤਾ।
* 8 ਮਾਰਚ ਨੂੰ ਹੀ ਦਿੱਲੀ ਪੁਲਸ ਦੀ ਇਕ ਔਰਤ ਕਾਂਸਟੇਬਲ ਨੇ ਆਪਣੇ ਇਕ ਸਾਥੀ ਕਾਂਸਟੇਬਲ ’ਤੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਵਜ਼ੀਰਪੁਰ ਪੁਲਸ ਥਾਣੇ ਵਿਚ ਰਿਪੋਰਟ ਦਰਜ ਕਰਵਾਈ।
* 8 ਮਾਰਚ ਨੂੰ ਹੀ ‘ਹੰਪੀ’ (ਕਰਨਾਟਕ) ਵਿਚ ਝੀਲ ਕਿਨਾਰੇ ਇਕ 27 ਸਾਲਾ ਇਜ਼ਰਾਈਲੀ ਸੈਲਾਨੀ ਔਰਤ, ਉਸ ਦੀ ਸਾਥਣ ਅਤੇ 3 ਮਿੱਤਰਾਂ ਨਾਲ 3 ਗੁੰਡਿਆਂ ਵੱਲੋਂ ਜਬਰ-ਜ਼ਨਾਹ ਅਤੇ ਮਾਰ-ਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੀੜਤ ਇਜ਼ਰਾਈਲੀ ਔਰਤ ਅਨੁਸਾਰ ਜਦੋਂ ਉਹ ਲੋਕ ਝੀਲ ਕਿਨਾਰੇ ਬੈਠੇ ਸਨ, ਉਸੇ ਸਮੇਂ 3 ਮੋਟਰਸਾਈਕਲ ਸਵਾਰ ਗੁੰਡੇ ਉਨ੍ਹਾਂ ਕੋਲ ਆਏ। ਉਨ੍ਹਾਂ ਨੇ ਉਨ੍ਹਾਂ ਕੋਲੋਂ ਪੈਸਿਆਂ ਦੀ ਮੰਗ ਕੀਤੀ ਅਤੇ ਉਨ੍ਹਾਂ ਦੇ 3 ਮਰਦ ਸਾਥੀਆਂ ਨੂੰ ਝੀਲ ਵਿਚ ਧੱਕਾ ਦੇ ਦਿੱਤਾ।
ਝੀਲ ਵਿਚ ਡੁੱਬਣ ਨਾਲ ਉਨ੍ਹਾਂ ਦੇ ਇਕ ਸਾਥੀ ਦੀ ਮੌਤ ਹੋ ਗਈ, ਜਦੋਂ ਕਿ ਦੂਜੇ ਦੋਵੇਂ ਸਾਥੀ ਉਥੋਂ ਜਾਨ ਬਚਾ ਕੇ ਭੱਜ ਗਏ। ਫਿਰ ਤਿੰਨਾਂ ਦੋਸ਼ੀਆਂ ਨੇ ਇਨ੍ਹਾਂ ਦੋਵਾਂ ਔਰਤਾਂ ਨਾਲ ਜਬਰ-ਜ਼ਨਾਹ ਕਰਨ ਪਿੱਛੋਂ ਉਨ੍ਹਾਂ ਕੋਲ ਜਿੰਨੇ ਪੈਸੇ ਸਨ, ਉਹ ਸਭ ਲੈ ਕੇ ਭੱਜ ਗਏ।
* 8 ਮਾਰਚ ਨੂੰ ਹੀ ‘ਬੀਡ’ (ਮਹਾਰਾਸ਼ਟਰ) ਜ਼ਿਲੇ ਦੇ ‘ਪਾਟੋਦਾ’ ਥਾਣੇ ਦੇ ਪੁਲਸ ਅਧਿਕਾਰੀ ‘ਉਧਵ ਗੜਕਰ’ ਨੇ ‘ਔਰਤ ਦਿਵਸ’ ’ਤੇ ਆਯੋਜਿਤ ਪ੍ਰੋਗਰਾਮ ਵਿਚ ਸੱਦੀ ਗਈ ਇਕ ਔਰਤ ਨੂੰ ਕਮਰੇ ਵਿਚ ਲਿਜਾ ਕੇ ਉਸ ਨੂੰ ਚੋਰੀ ਦੇ ਦੋਸ਼ ਵਿਚ ਫਸਾਉਣ ਦੀ ਧਮਕੀ ਦੇ ਕੇ ਉਸ ਨਾਲ ਜਬਰ-ਜ਼ਨਾਹ ਕੀਤਾ।
* 8 ਮਾਰਚ ਨੂੰ ਹੀ ‘ਜਮਸ਼ੇਦਪੁਰ’ (ਝਾਰਖੰਡ) ਵਿਚ ਇਕ 13 ਸਾਲਾ ਬੱਚੀ ਜਦੋਂ ਆਪਣੀ ਸਹੇਲੀ ਦੇ ਘਰ ਗਈ ਤਾਂ ਉਥੇ ਉਸ ਦੀ ਸਹੇਲੀ ਦੇ 48 ਸਾਲਾ ਚਾਚੇ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਸਬੰਧ ਵਿਚ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
* 8 ਮਾਰਚ ਨੂੰ ਹੀ ‘ਬੁਢਲਾਡਾ’ (ਪੰਜਾਬ) ਜ਼ਿਲੇ ਦੇ ‘ਗਾਮੀਵਾਲਾ’ ਪਿੰਡ ਵਿਚ ਪਲਾਟ ਨੂੰ ਲੈ ਕੇ ਝਗੜੇ ਕਾਰਨ ‘ਭਾਰਤੀ ਕਮਿਊਨਿਸਟ ਪਾਰਟੀ’ (ਭਾਕਪਾ) ਦੀ ਸਟੇਟ ਕੌਂਸਲ ਦੀ ਮੈਂਬਰ ਅਤੇ ਇਸਤਰੀ ਸਭਾ ਦੀ ਜ਼ਿਲਾ ਪ੍ਰਧਾਨ ‘ਪ੍ਰਭਜੋਤ ਕੌਰ’ ਦੀ ਉਨ੍ਹਾਂ ਦੇ ਘਰ ਦੇ ਨੇੜੇ ਤੇਜ਼ਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ।
* 8 ਮਾਰਚ ਨੂੰ ਹੀ ‘ਮੋਗਾ’ (ਪੰਜਾਬ) ਦੀ ‘ਧਰਮਕੋਟ’ ਸਬ-ਡਵੀਜ਼ਨ ਦੇ ‘ਜਲਾਲਾਬਾਦ’ ਪਿੰਡ ਵਿਚ 5 ਮਰਲੇ ਦੇ ਪਲਾਟ ਨੂੰ ਲੈ ਕੇ ਇਕ ਕਲਯੁੱਗੀ ਬੇਟੇ ਨੇ ਆਪਣੀ ਪਤਨੀ ਅਤੇ ਹੋਰਾਂ ਨਾਲ ਮਿਲ ਕੇ ਆਪਣੀ ਮਾਂ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਉਸ ਦੀ ਲਾਸ਼ ’ਤੇ ਤੇਲ ਪਾ ਕੇ ਅੱਗ ਲਾ ਦਿੱਤੀ।
* 8 ਮਾਰਚ ਨੂੰ ਹੀ ਸਵੇਰ ਵੇਲੇ ‘ਪਟਿਆਲਾ’ (ਪੰਜਾਬ) ਦੇ ਸਮਾਣਿਆ ਗੇਟ ਇਲਾਕੇ ਵਿਚ ਅਣਪਛਾਤੇ ਹਮਲਾਵਰਾਂ ਨੇ ਕਿਰਾਏ ਦੇ ਮਕਾਨ ਵਿਚ ਰਹਿਣ ਵਾਲੀ 45 ਸਾਲਾ ਔਰਤ ਸੁਮਨ ਦੀ ਹੱਤਿਆ ਅਤੇ ਉਸ ਦੇ ਬੇਟੇ ‘ਮਨਜੋਤ’ ਨੂੰ ਜ਼ਖ਼ਮੀ ਕਰ ਦਿੱਤਾ।
* 8 ਮਾਰਚ ਨੂੰ ਹੀ ‘ਧਨਬਾਦ’ (ਝਾਰਖੰਡ) ਦੇ ‘ਹਰਿਆਡੀਹ’ ਪਿੰਡ ਵਿਚ ਦਿਲੀਪ ਨਾਂ ਦੇ ਇਕ ਨੌਜਵਾਨ ਨੇ ਆਪਣੀ ਮਾਂ ਅਤੇ ਮਾਸੀ ਦੀ ਇੱਟਾਂ ਮਾਰ ਕੇ ਹੱਤਿਆ ਅਤੇ ਬੇਟੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਔਰਤਾਂ ਨਾਲ ਇਸ ਤਰ੍ਹਾਂ ਦੇ ਜ਼ੁਲਮ, ਖਾਸ ਕਰ ਕੇ ਉਸ ਦਿਨ, ਜਦੋਂ ਔਰਤਾਂ ਦੇ ਅਧਿਕਾਰਾਂ ਨੂੰ ਲੈ ਕੇ ਪੂਰੀ ਦੁਨੀਆ ਵਿਚ ਆਯੋਜਨ ਕੀਤੇ ਜਾ ਰਹੇ ਸਨ, ਕਾਨੂੰਨ ਵਿਵਸਥਾ ’ਤੇ ਇਕ ਕਾਲਾ ਧੱਬਾ ਹਨ। ਭਾਰਤ ਵਿਚ ਤਾਂ ਪ੍ਰਾਹੁਣੇ ਨੂੰ ਦੇਵਤਾ ਸਮਾਨ ਪੂਜਨੀਕ (ਅਤਿਥੀ ਦੇਵੋ ਭਵਹ) ਮੰਨਿਆ ਜਾਂਦਾ ਹੈ ਪਰ ਜੇ ਵਿਦੇਸ਼ੀ ਪ੍ਰਾਹੁਣੇ ਔਰਤਾਂ ਨਾਲ ਇਸ ਤਰ੍ਹਾਂ ਦੀ ਬਰਬਰਤਾ ਕੀਤੀ ਜਾਵੇਗੀ ਤਾਂ ਫਿਰ ਕੌਣ ਸਾਡੇ ਦੇਸ਼ ਵਿਚ ਸੈਰ-ਸਪਾਟੇ ਲਈ ਆਵੇਗਾ?
ਇਸ ਲਈ, ਇਸ ਤਰ੍ਹਾਂ ਦੀਆਂ ਘਟਨਾਵਾਂ ਵਿਚ ਸ਼ਾਮਲ ਪਾਏ ਜਾਣ ਵਾਲਿਆਂ ਨੂੰ ਤੁਰੰਤ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ਅਤੇ ਦੂਜਿਆਂ ਨੂੰ ਨਸੀਹਤ ਮਿਲੇ ਤੇ ਦੇਸ਼ ਦੀ ਬਦਨਾਮੀ ਨਾ ਹੋਵੇ।
-ਵਿਜੇ ਕੁਮਾਰ